ਧਨੀ ਰਾਮ ਚਾਤ੍ਰਿਕ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਧਨੀ ਰਾਮ ਚਾਤ੍ਰਿਕ (1876–1954): ਪੰਜਾਬੀ ਦੇ ਇਸ ਸੁਪ੍ਰਸਿੱਧ ਕਵੀ ਦਾ ਜਨਮ 1876 ਵਿੱਚ ਲਾਲਾ ਪੋਹਲੂ ਮੱਲ ਅਰੋੜਾ ਦੇ ਘਰ ਸਿਆਲਕੋਟ (ਪਾਕਿਸਤਾਨ) ਵਿੱਚ ਪਿੰਡ ਪਸੀਆਂ ਵਾਲਾ ਵਿਖੇ ਹੋਇਆ। ਬਚਪਨ ਵਿੱਚ ਹੀ ਇਹ ਆਪਣੇ ਨਾਨਕੇ ਪਿੰਡ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਆ ਗਿਆ। ਪੰਜਾਬੀ ਅਤੇ ਉਰਦੂ ਫ਼ਾਰਸੀ ਦੀ ਮੁਢਲੀ ਵਿੱਦਿਆ ਪ੍ਰਾਪਤ ਕਰਨ ਉਪਰੰਤ 1890 ਵਿੱਚ ਅੰਮ੍ਰਿਤਸਰ ਆ ਕੇ ਕਾਤਬ ਦਾ ਕੰਮ ਸ਼ੁਰੂ ਕੀਤਾ। ਭਾਈ ਵੀਰ ਸਿੰਘ ਦੀ ਵਜ਼ੀਰ ਹਿੰਦ ਪ੍ਰੈਸ ਵਿੱਚ ਨੌਕਰੀ ਕੀਤੀ ਅਤੇ ਇਹਨਾਂ ਦੀ ਪ੍ਰੇਰਨਾ ਨਾਲ ਹੀ ਕਵਿਤਾ ਲਿਖਣੀ ਸ਼ੁਰੂ ਕੀਤੀ। ਇਸ ਸਮੇਂ ਦੌਰਾਨ ਚਾਤ੍ਰਿਕ ਦੀਆਂ ਕੁਝ ਇੱਕ ਕਵਿਤਾਵਾਂ ਖਾਲਸਾ ਸਮਾਚਾਰ ਅਤੇ ਖਾਲਸਾ ਯੰਗਮੈਨ ਮੈਗਜ਼ੀਨ ਵਿੱਚ ਛਪਣੀਆਂ ਸ਼ੁਰੂ ਹੋਈਆਂ। ਸ਼ੁਰੂ ਵਿੱਚ ਚਾਤ੍ਰਿਕ ਨੇ ਮੌਲਾਨਾ ਹਾਬੀ ਤੇ ਸੂਰਜ ਨਾਰਾਇਣ ‘ਮਿਹਰ` ਦੀਆਂ ਉਰਦੂ ਨਜ਼ਮਾਂ ਨੂੰ ਪੰਜਾਬੀ ਵਿੱਚ ਢਾਲਿਆ। ਚਾਤ੍ਰਿਕ ਨੇ ਪਹਿਲਾਂ, ‘ਹਰਧਨੀ` ਉਪ-ਨਾਮ ਹੇਠ ਕਵਿਤਾਵਾਂ ਲਿਖੀਆਂ। ਪਿੱਛੋਂ ‘ਚਾਤ੍ਰਿਕ` ਤਖ਼ਲਸ ਰੱਖ ਲਿਆ।

     1911 ਵਿੱਚ ਉਹ ਅੰਮ੍ਰਿਤਸਰ ਤੋਂ ਬੰਬਈ ਚਲਾ ਗਿਆ ਜਿੱਥੇ ਉਸ ਨੇ ਪੰਜਾਬੀ ਦਾ ਨਵਾਂ ਟਾਈਪ ਈਜਾਦ ਕੀਤਾ। 1924 ਵਿੱਚ ਅੰਮ੍ਰਿਤਸਰ ਆ ਕੇ ‘ਸਟੈਂਡਰਡ ਟਾਈਪ ਫਾਊਂਡਰੀ` ਜਾਰੀ ਕੀਤੀ ਅਤੇ ਸੁਦਰਸ਼ਨ ਪ੍ਰੈਸ ਦੀ ਸਥਾਪਨਾ ਕੀਤੀ। ਭਾਈ ਕਾਨ੍ਹ ਸਿੰਘ ਨਾਭਾ ਦਾ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਚਾਰ ਜਿਲਦਾਂ ਵਿੱਚ ਉਸ ਨੇ ਹੀ ਉਚੇਰੇ ਟਾਈਪ ਵਿੱਚ ਢਾਲ ਕੇ ਛਾਪਣ ਦਾ ਪ੍ਰਬੰਧ ਕੀਤਾ। ਪੰਜਾਬੀ ਸਾਹਿਤ ਸਭਾਵਾਂ ਦੇ ਕਾਰਜ ਵਿੱਚ ਵੀ ਉਸ ਨੇ ਵਿਸ਼ੇਸ਼ ਦਿਲਚਸਪੀ ਦਿਖਾਈ। 1926 ਵਿੱਚ ਚਾਤ੍ਰਿਕ ਪੰਜਾਬੀ ਸਭਾ ਦਾ ਪ੍ਰਧਾਨ ਬਣਿਆ।

     ਚਾਤ੍ਰਿਕ ਨੇ ਪੰਜਾਬੀ ਸਾਹਿਤ ਨੂੰ ਆਪਣੀ ਬਹੁਪੱਖੀ ਪ੍ਰਤਿਭਾ ਨਾਲ ਮਾਲਾਮਾਲ ਕੀਤਾ।

     ਸਭ ਤੋਂ ਪਹਿਲਾਂ 1905 ਵਿੱਚ ਉਸ ਨੇ ਕਿੱਸਾ ਭਰਥਰੀ ਹਰੀ ਮਗਰੋਂ ਨਲ ਦਮਯੰਤੀ (1906), ਅਤੇ ਧਰਮਵੀਰ (ਸ਼ਹੀਦਾਂ ਦੇ ਸਾਕੇ) (1908) ਬਾਅਦ ਵਿੱਚ ਪ੍ਰਕਾਸ਼ਿਤ ਹੋਏ। ਕਵਿਤਾ ਦੇ ਖੇਤਰ ਵਿੱਚ ਫੁੱਲਾਂ ਦੀ ਟੋਕਰੀ, ਚੰਦਨਵਾੜੀ, ਕੇਸਰ ਕਿਆਰੀ, ਨਵਾਂ ਜਹਾਨ, ਸੂਫ਼ੀਖਾਨਾ, ਨੂਰਜਹਾਂ, ਬਾਦਸ਼ਾਹ ਬੇਗਮ ਉਸ ਦੇ ਕਾਵਿ-ਸੰਗ੍ਰਹਿ ਅਤੇ ਰਮਈਆ ਸੇਠ ਨਾਵਲ ਪ੍ਰਕਾਸ਼ਿਤ ਹੋਏ। ਉਸ ਨੇ ਅਨੁਵਾਦ ਵੀ ਕੀਤੇ। 1931 ਵਿੱਚ ਜਦੋਂ ਉਸ ਦੀਆਂ ਲਿਖੀਆਂ ਕਵਿਤਾਵਾਂ ਦਾ ਸੰਗ੍ਰਹਿ ਚੰਦਨਵਾੜੀ ਛਪਿਆ ਜਿਸ ਦੀ ਉਸ ਦੇ ਸਾਹਿਤਕਾਰ ਮਿੱਤਰਾਂ ਨੇ ਬਹੁਤ ਤਾਰੀਫ਼ ਕੀਤੀ। ਮੋਹਨ ਸਿੰਘ ਦੀਵਾਨਾ ਨੇ ਚੰਦਨਵਾੜੀ ਨੂੰ ਸਰਬ ਸੰਗੀਤ ਸੰਗ੍ਰਹਿ ਆਖਿਆ। ਉਸ ਅਨੁਸਾਰ ‘ਧਨੀ ਰਾਮ ਚਾਤ੍ਰਿਕ` ਨਵ-ਹਿੰਦੀ ਜਾਗ੍ਰਿਤੀ ਦਾ ਅਨੁਯਾਈ, ਭਾਰਤੀ ਸੱਭਿਅਤਾ ਅਤੇ ਸਾਹਿਤ ਦਾ ਸੱਚਾ ਵਿਦਿਆਰਥੀ ਅਤੇ ਜਮਾਂਦਰੂ ਗੀਤਕਾਰ ਤੇ ਪਰੰਪਰਾਵਾਦੀ ਛੰਦਾਬੰਦੀ ਦਾ ਲੋਕ-ਪ੍ਰਿਆ ਕਵੀ ਹੈ।

     ਚੰਦਨਵਾੜੀ (1911) ਵਿੱਚੋਂ ਵੀ ਉਸ ਦੀ ‘ਰਾਧਾ ਸੰਦੇਸ਼` ਨਾਮੀ ਕਵਿਤਾ ਬਹੁਤ ਪ੍ਰਸਿੱਧ ਹੋਈ ਹੈ। ਇਹ ਕਾਵਿ-ਸੰਗ੍ਰਹਿ ਪ੍ਰਾਰਥਨਾ, ਧਾਰਮਿਕ ਭਾਵ, ਪ੍ਰੇਮ ਦੇ ਬਾਣ, ਸਮਾਜਿਕ ਭਾਵ, ਸਦਾਚਾਰ, ਗੁਲਜ਼ਾਰ, ਦੇਸ਼ ਕੌਮ ਦੇ ਤਰਾਨੇ, ਕੁਦਰਤ ਦਾ ਮੇਲ, ਸਾਹਿਤ ਬਗੀਚਾ, ਫੁਟਕਲ ਟੋਟਕੇ ਅਤੇ ਗੀਤ ਆਦਿ ਦਸ ਭਾਗਾਂ ਵਿੱਚ ਹੈ। ਚਾਤ੍ਰਿਕ ਦੀ ਸਾਰੀ ਰਚਨਾ ਵਿੱਚ ਧਾਰਮਿਕ, ਸਦਾਚਾਰਿਕ, ਦੇਸ਼ ਪਿਆਰ, ਸਮਾਜਿਕ, ਪ੍ਰਕਿਰਤੀ ਚਿਤਰਨ, ਪ੍ਰੇਮ ਰਹਸ ਆਦਿ ਵਿਸ਼ਿਆਂ ਨੂੰ ਛੁਹਿਆ ਹੈ।

     ਚਾਤ੍ਰਿਕ ਯਥਾਰਥਵਾਦੀ ਕਵੀ ਹੈ। ਉਸ ਦੁਆਰਾ ਲਿਖੀ ਕਵਿਤਾ ‘ਪੰਜਾਬ` ਨੇ ਉਸ ਨੂੰ ਪੰਜਾਬ ਦਾ ਹਰਮਨ ਪਿਆਰਾ ਕਵੀ ਬਣਾ ਦਿੱਤਾ।

ਪੰਜਾਬ ਕਰਾਂ ਕੀ ਸਿਫ਼ਤ ਤਿਰੀ

ਸ਼ਾਨਾਂ ਦੇ ਸਭ ਸਾਮਾਨ ਤਿਰੇ

ਜਲ ਪਉਣ ਤਿਰਾ, ਹਰਿਔਲ ਤਿਰੀ

ਦਰਿਆ, ਪਰਬਤ, ਮੈਦਾਨ ਤਿਰੇ

ਭਾਰਤ ਦੇ ਸਿਰ ਤੇ ਛਤਰ ਤਿਰਾ,

ਤੇਰੇ ਸਿਰ ਛਤਰ ਹਿਮਾਲਾ ਦਾ,

ਮੋਢੇ ਤੇ ਚਾਦਰ ਬਰਫ਼ਾਂ ਦੀ

          ਸੀਨੇ ਵਿੱਚ ਸੇਕ ਜੁਆਲਾ ਦਾ।

     ਇਸੇ ਤਰ੍ਹਾਂ ‘ਮੇਲੇ ਵਿੱਚ ਜੱਟ` ਉਸ ਦੀ ਬਹੁਤ ਲੋਕ- ਪ੍ਰਿਆ ਕਵਿਤਾ ਹੈ ਜੋ ਪੰਜਾਬ ਦੇ ਬੱਚੇ-ਬੱਚੇ ਦੀ ਜ਼ੁਬਾਨ ਤੇ ਹੈ:

ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ

ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ

ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ

ਮਾਲ ਟਾਂਡਾ ਸਾਂਭਣੇ ਨੂੰ ਚੂਹੜਾ ਛੱਡ ਕੇ

ਪੱਗ ਝੱਗਾ ਚਾਦਰਾ ਨਵਾ ਸਿਵਾਇ ਕੇ

ਸੰਮਾਂ ਵਾਲੀ ਡਾਂਗ ਉਤੇ ਤੇਲ ਲਾਇਕੇ

ਕੱਛੇ ਮਾਰ ਵੰਝਲੀ ਅਨੰਦ ਛਾ ਗਿਆ

          ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।

     ਉਕਤ ਸਤਰਾਂ ਤੋਂ ਸਪਸ਼ਟ ਹੈ ਕਿ ਕਵੀ ਨੇ ਟਕਸਾਲੀ ਤੇ ਠੇਠ ਪੰਜਾਬੀ ਬੋਲੀ ਵਿੱਚ ਕਵਿਤਾਵਾਂ ਲਿਖੀਆਂ। ਚਾਤ੍ਰਿਕ ਦੀਆਂ ਕਵਿਤਾਵਾਂ ਪੁਰਾਤਨ ਰਵਾਇਤੀ ਤੇ ਆਧੁਨਿਕ ਕਵਿਤਾ ਵਿਚਲੇ ਪਾੜੇ ਨੂੰ ਮੇਲਣ ਲਈ ਕੜੀ ਜਾਂ ਪੁਲ ਦਾ ਕੰਮ ਕਰਦੀਆਂ ਹਨ। ਉਸ ਦੀ ਕਵਿਤਾ ਪੰਜਾਬੀ ਸੱਭਿਆਚਾਰ ਤੇ ਕੌਮੀ ਜੀਵਨ ਦੀ ਸੁੰਦਰ ਝਲਕ ਪੇਸ਼ ਕਰਦੀ ਹੈ। 1951 ਵਿੱਚ ਉਸ ਨੂੰ ਅਭਿਨੰਦਨ ਗ੍ਰੰਥ ਭੇਂਟ ਕੀਤਾ ਗਿਆ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨਿਤ ਕੀਤਾ ਗਿਆ।18 ਦਸੰਬਰ, 1954 ਨੂੰ ਪੰਜਾਬੀ ਦੇ ਇਸ ਸੁਪ੍ਰਸਿੱਧ ਕਵੀ ਦੀ ਅੰਮ੍ਰਿਤਸਰ ਵਿਖੇ ਮੌਤ ਹੋ ਗਈ।


ਲੇਖਕ : ਵੀਰਪਾਲ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 25165, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.