ਧਾਤੂ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਧਾਤੂ: ‘ਧਾਤੂ’ ਸੰਕਲਪ ਦੀ ਵਰਤੋਂ ਸ਼ਬਦਾਂ ਦੀ ਬਣਤਰ ਵਿਚਲੇ ਤੱਤਾਂ ਦਾ ਵਿਸ਼ਲੇਸ਼ਣ ਕਰਨ ਵੇਲੇ ਕੀਤੀ ਜਾਂਦੀ ਹੈ। ਇਸ ਸੰਕਲਪ ਦੀ ਵਰਤੋਂ ਇਤਿਹਾਸਕ ਭਾਸ਼ਾਵਾਂ ਦੇ ਸ਼ਬਦ ਬਣਤਰ ਦਾ ਅਧਿਅਨ ਕਰਨ ਲਈ ਵੀ ਕੀਤੀ ਜਾਂਦੀ ਹੈ। ਧਾਤੂ ਸ਼ਬਦ ਦਾ ਮੂਲ ਹੈ, ਇਸ ਮੂਲ ਦੇ ਨਾਲ ਹੋਰ ਤੱਤ ਵਿਚਰ ਸਕਦੇ ਹਨ ਪਰ ਇਸ ਨੂੰ ਹੋਰ ਅਗਾਂਹ ਵੰਡਿਆ ਨਹੀਂ ਜਾ ਸਕਦਾ। ਇਸ ਦੀ ਹੋਰ ਵੰਡ ਕਰਨ ਨਾਲ ਇਸ ਦਾ ਸਰੂਪ ਅਤੇ ਅਰਥ ਖਤਮ ਹੋ ਜਾਂਦੇ ਹਨ, ਜਿਵੇਂ : ਮਰਦਾ, ਮਰਦੇ, ਮਰਦਿਆਂ ਆਦਿ ਵਿਚ ‘ਮਰ’ ਧਾਤੂ ਹੈ। ਇਹ ਧਾਤੂ ਕਿਰਿਆ ਦਾ ਸੂਚਕ ਹੈ ਅਤੇ ਇਸ ਨੂੰ ਅੱਗੋਂ ਨਹੀਂ ਵੰਡਿਆ ਜਾ ਸਕਦਾ। ਇਸ ਦੀ ਹੋਰ ਵੰਡ ਧੁਨੀ-ਵਿਉਂਤ ਵਿਚ ਹੀ ਹੋ ਸਕਦੀ ਹੈ, ਭਾਵਾਂਸ਼-ਵਿਉਂਤ ਵਿਚ ਨਹੀਂ ਜਿਵੇਂ : kar—k (c) a (v) r (c) (ਕ+ਅ+ਰ)। ਜਿਸ ਤੱਤ ਉਤੇ ਸ਼ਬਦ-ਬਣਤਰ ਦੇ ਨਿਯਮ ਲਾਗੂ ਹੁੰਦੇ ਹੋਣ ਉਸ ਨੂੰ ਮੂਲ ਰੂਪ ਜਾਂ ਧਾਤੂ ਕਿਹਾ ਜਾਂਦਾ ਹੈ ਜਿਸ ਸ਼ਬਦ ਦੀ ਰੂਪਾਵਲੀ ਬਣਦੀ ਹੈ ਉਸ ਦੇ ਸਾਰੇ ਰੂਪਾਂ ਵਿਚ ਧਾਤੂੁ ਦਾ ਦੁਹਰਾ ਹੁੰਦਾ ਹੈ, ਜਿਵੇਂ : ਪੀ, ਪੀਂਦਾ, ਪੀਂਦੀ, ਪੀਂਦੇ, ਪੀਂਦੀਆਂ। ਧਾਤੂ ਦੀ ਪਛਾਣ ਸਥਾਪਤੀ ਲਈ ਇਹ ਵੀ ਕਿਹਾ ਜਾਂਦਾ ਹੈ ਜਦੋਂ ਕਿਸੇ ‘ਰੂਪ’ ਨਾਲੋਂ ਸਾਰੇ ਵਧੇਤਰ (ਅਗੇਤਰ, ਪਿਛੇਤਰ) ਹਟਾ ਲਏ ਜਾਣ ਤਾਂ ਉਹ ਬਚਦਾ ਰੂਪ ਧਾਤੂ ਹੁੰਦਾ ਹੈ। ਰੂਪ ਦੇ ਪੱਖ ਤੋਂ ਸ਼ਬਦਾਂ ਨੂੰ ਵਿਕਾਰੀ ਅਤੇ ਅਵਿਕਾਰੀ ਸ਼ਰੇਣੀ ਵਿਚ ਵੰਡਿਆ ਜਾਂਦਾ ਹੈ। ਜਿਨ੍ਹਾਂ ਦੀ ਰੂਪਾਵਲੀ ਬਣਦੀ ਹੈ ਉਨ੍ਹਾਂ ਨੂੰ ਵਿਕਾਰੀ ਦੀ ਲਿਸਟ ਵਿਚ ਅਤੇ ਜਿਨ੍ਹਾਂ ਦੀ ਰੂਪਾਵਲੀ ਨਹੀਂ ਬਣਦੀ ਉਨ੍ਹਾਂ ਨੂੰ ਅਵਿਕਾਰੀ ਦੀ ਲਿਸਟ ਵਿਚ ਰੱਖਿਆ ਜਾਂਦਾ ਹੈ। ਰੂਪਾਵਲੀ ਵਾਲੇ ਸ਼ਬਦਾਂ ਦਾ ਮੂਲ ਧਾਤੂ ਹੁੰਦਾ ਹੈ। ਦੂਜੇ ਪਾਸੇ ਰੂਪਾਵਲੀ ਰਹਿਤ ਸ਼ਬਦਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ : (i) ਧਾਤੂ ਰੂਪੀ ਸ਼ਬਦ ਅਤੇ (ii) ਗੈਰ-ਧਾਤੂ ਰੂਪੀ ਸ਼ਬਦ। ਧਾਤੂ ਰੂਪੀ ਸ਼ਬਦਾਂ ਵਿਚ ਉਨ੍ਹਾਂ ਸਾਰੇ ਸ਼ਬਦਾਂ ਨੂੰ ਰੱਖਿਆ ਜਾਂਦਾ ਹੈ ਜੋ ਵਾਕੰਸ਼ ਬਣਤਰ ਦੇ ਅੰਦਰ ਕੰਮ ਕਰਦੇ ਹਨ, ਜਿਵੇਂ : ਲਾਲ, ਕੁਝ, ਸ਼ਰਮ ਆਦਿ ਅਵਿਕਾਰੀ ਵਿਸ਼ੇਸ਼ਣ ਅਤੇ ਉਹ ਸ਼ਬਦ ਜੋ ਧਾਤੂ ਰੁਪ ਵਿਚ ਹੀ ਵਿਚਰਦੇ ਹਨ ਜਿਵੇਂ : ‘ਪੀ, ਖਾ, ਲਿਖ, ਜਾ’ ਆਦਿ। ਗੈਰ-ਧਾਤੂ ਰੂਪੀ ਸ਼ਬਦਾਂ ਵਿਚ ਵਾਕਾਤਮਕ ਪੱਧਰ ’ਤੇ ਕਾਰਜ ਕਰਨ ਵਾਲੇ ਸ਼ਬਦਾਂ (ਸਬੰਧਕ, ਯੋਜਕ, ਪਾਰਟੀਕਲਜ਼) ਨੂੰ ਰੱਖਿਆ ਜਾਂਦਾ ਹੈ । ਧਾਤੂ ਸੁਤੰਤਰ ਭਾਵਾਂਸ਼ ਹੁੰਦੇ ਹਨ ਅਤੇ ਬੰਧੇਜੀ ਵੀ। ਸ਼ਬਦ ਦੀ ਬਣਤਰ ਵਿਚ ਵਿਚਰਨ ਦੇ ਅਧਾਰ ਤੇ ਸ਼ਬਦਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ : (i) ਇਕ ਧਾਤੂ ਅਧਾਰਤ ਸ਼ਬਦ ਅਤੇ (ii) ਦੋ ਧਾਤੂ ਅਧਾਰਤ ਸ਼ਬਦ। ਇਕ ਧਾਤੂ ਅਧਾਰਤ ਸ਼ਬਦ ਜਾਂ ਤਾਂ ਧਾਤੂ ਰੂਪ ਵਿਚ ਹੀ ਵਿਚਰਦਾ ਹੈ ਜਿਵੇਂ ‘ਦੋ, ਛੱਤ, ਲਿਖ’ ਆਦਿ ਅਤੇ ਜਾਂ ਇਸ ਦੀ ਬਣਤਰ ਵਿਚ ਹੋਰ ਵਧੇਤਰ ਵਿਚਰਦੇ ਹਨ ਜਿਵੇਂ : ਅਨਪੜ੍ਹਤਾ=ਅਨ+ਪੜ੍ਹ+ਤਾ, ਬੇਅਕਲੀ=ਬੇ+ਅਕਲ+ਈ। ਦੂਜੇ ਪਾਸੇ ਕੁਝ ਸ਼ਬਦ ਅਜਿਹੇ ਹੁੰਦੇ ਹਨ ਜਿਨ੍ਹਾਂ ਦੀ ਬਣਤਰ ਵਿਚ ਦੋ ਧਾਤੂ ਵਿਚਰਦੇ ਹਨ ਜਿਵੇਂ : ਅਖੰਡਪਾਠ=ਅਖੰਡ+ਪਾਠ, ਗੱਠਜੋੜ=ਗੱਠ+ਜੋੜ, ਘੋੜਸਵਾਰ=ਘੋੜ (ਬੰਧੇਜੀ)+ਸਵਾਰ (ਮੁਕਤ)। ਅਰਥ ਦੇ ਪੱਖ ਤੋਂ ਸ਼ਬਦ ਦੀ ਬਣਤਰ ਵਿਚ ‘ਧਾਤੂ’ ਸ਼ਬਦ ਦੇ ਅਰਥਾਂ ਨੂੰ ਨਿਰਧਾਰਤ ਕਰਦਾ ਹੈ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 21774, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਧਾਤੂ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਧਾਤੂ. ਦੇਖੋ, ਧਾਤੁ ੫. “ਵਿਚਿ ਦੇਹੀ ਦੋਖ ਅਸਾਧ ਪੰਚ ਧਾਤੂ, ਹਰਿ ਕੀਏ ਖਿਨਿ ਪਰਲੇ.” (ਨਟ ਮ: ੪)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21418, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-01, ਹਵਾਲੇ/ਟਿੱਪਣੀਆਂ: no
ਧਾਤੂ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਧਾਤੂ (ਸੰ.। ਦੇਖੋ , ਧਾਤ) ਵਿਖ਼ਯ। ਤਨ ਮਾਤ੍ਰਾਂ ਜੋ ਪੰਜ ਹਨ- ਸ਼ਬਦ ਸਪਰਸ ਰੂਪ ਰਸ ਗੰਧ। ਯਥਾ-‘ਵਿਚਿ ਧਾਤੂ ਪੰਚ ਆਪਿ ਪਾਵੈ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 21363, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First