ਧੁਨੀ ਵਿਗਿਆਨ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਧੁਨੀ ਵਿਗਿਆਨ: ਧੁਨੀ ਵਿਗਿਆਨ, ਭਾਸ਼ਾ ਵਿਗਿਆਨ ਦੀ ਇਕ ਸ਼ਾਖਾ ਹੈ। ਇਸ ਸ਼ਾਖਾ ਰਾਹੀਂ ਧੁਨੀਆਂ ਦੇ ਉਚਾਰਨ ਪੱਖ ਦਾ ਅਤੇ ਉਨ੍ਹਾਂ ਦੇ ਵਰਤੋਂ ਪੱਖ ਦਾ ਅਧਿਅਨ ਕੀਤਾ ਜਾਂਦਾ ਹੈ। ਇਹ ਵਿਗਿਆਨ ਭਾਸ਼ਾ ਦੀਆਂ ਧੁਨੀਆਂ ਦੇ ਵਰਤਾਰੇ ਨੂੰ ਸਮਝਣ ਲਈ ਸੰਦ ਵਜੋਂ ਸਹਾਈ ਹੁੰਦਾ ਹੈ। ਧੁਨੀ ਵਿਗਿਆਨ ਦਾ ਘੇਰਾ ਵਿਸ਼ਾਲ ਹੈ। ਇਸ ਦੇ ਘੇਰੇ ਵਿਚ ਧੁਨੀਆਂ ਦੇ ਪੈਦਾ ਹੋਣ ਦਾ ਢੰਗ, ਵਿਧੀ, ਧੁਨੀਆਂ ਦਾ ਸੰਚਾਰ ਅਤੇ ਧੁਨੀਆਂ ਦੀ ਸ਼੍ਰਵਣ-ਪਰਕਿਰਿਆ ਆਦਿ ਸ਼ਾਮਲ ਹੁੰਦੇ ਹਨ। ਧੁਨੀ ਵਿਗਿਆਨ ਵਿਚ ਕਿਸੇ ਵਿਸ਼ੇਸ਼ ਭਾਸ਼ਾ ਨੂੰ ਲੈ ਕੇ ਧੁਨੀਆਂ ਦਾ ਅਧਿਅਨ ਨਹੀਂ ਕੀਤਾ ਜਾਂਦਾ ਸਗੋਂ ਇਸ ਵਿਚ ਧੁਨੀਆ ਦੇ ਸਾਰੇ ਪੱਖਾਂ ਦਾ ਅਧਿਅਨ ਕੀਤਾ ਜਾਂਦਾ ਹੈ ਜਿਸ ਨੂੰ ਅੱਗੇ ਕਿਸੇ ਵਿਸ਼ੇਸ਼ ਭਾਸ਼ਾ ਦੇ ਧੁਨਾਤਮਕ ਨਿਯਮਾਂ ਨੂੰ ਉਸਾਰਨ ਲਈ ਲਾਗੂ ਕੀਤਾ ਜਾਂਦਾ ਹੈ। ਜਦੋਂ ਕਿਸੇ ਵਿਸ਼ੇਸ਼ ਭਾਸ਼ਾ ਦੀਆਂ ਧੁਨੀਆਂ ਦੇ ਵਰਤਾਰੇ ਦਾ ਅਧਿਅਨ ਕੀਤਾ ਜਾਵੇ ਤਾਂ ਉਸ ਅਧਿਅਨ ਨੂੰ ਧੁਨੀ-ਵਿਉਂਤ ਦੇ ਘੇਰੇ ਵਿਚ ਲਿਆ ਜਾਂਦਾ ਹੈ। ਦੂਜੇ ਸ਼ਬਦਾਂ ਵਿਚ ਧੁਨੀ-ਵਿਗਿਆਨ ਧੁਨੀਆਂ ਦੇ ਵਰਤਾਰੇ ਦਾ ਵਿਗਿਆਨ ਹੈ। ਇਸ ਤਰ੍ਹਾਂ ਧੁਨੀ ਵਿਗਿਆਨ ਨੂੰ ਕਿਸੇ ਵਿਸ਼ੇਸ਼ ਭਾਸ਼ਾ ਨਾਲ ਨਹੀਂ ਜੋੜਿਆ ਜਾਂਦਾ, ਜਿਵੇਂ : ਅੰਗਰੇਜ਼ੀ ਧੁਨੀ ਵਿਗਿਆਨ ਜਾਂ ਪੰਜਾਬੀ ਧੁਨੀ ਵਿਗਿਆਨ, ਸਗੋਂ ਇਸ ਪਰਕਾਰ ਦੇ ਅਧਿਅਨ ਨੂੰ ਧੁਨੀ-ਵਿਉਂਤ ਕਿਹਾ ਜਾਂਦਾ ਹੈ। ਇਸ ਲਈ ਧੁਨੀ ਵਿਗਿਆਨ, ਧੁਨੀਆਂ ਦਾ ਸਰਬਪੱਖੀ ਅਧਿਅਨ ਕਰਨ ਵਾਲਾ ਵਿਗਿਆਨ। ਧੁਨੀ ਵਿਗਿਆਨ ਦੀਆਂ ਤਿੰਨ ਸ਼ਾਖਾਵਾਂ ਹਨ : (i) ਉਚਾਰਨੀ ਧੁਨੀ ਵਿਗਿਆਨ, (ii) ਸੰਚਾਰਨੀ ਧੁਨੀ ਵਿਗਿਆਨ ਅਤੇ (iii) ਸ਼੍ਰਵਣੀ ਧੁਨੀ ਵਿਗਿਆਨ। ਉਚਾਰਨੀ ਧੁਨੀ ਵਿਗਿਆਨ ਰਾਹੀਂ ਧੁਨੀਆਂ ਦੇ ਉਚਾਰਨ ਪੱਖ ਦਾ ਅਧਿਅਨ ਕੀਤਾ ਜਾਂਦਾ ਹੈ। ਧੁਨੀਆਂ ਨੂੰ ਉਚਾਰਨ ਲਈ ਉਚਾਰਨ-ਅੰਗਾਂ, ਫੇਫੜਿਆਂ ਵਿਚ ਆਉਣ ਜਾਣ ਵਾਲੀ ਹਵਾ, ਮੂੰਹ ਪੋਲ ਅਤੇ ਨੱਕ ਪੋਲ ਵਿਚੋਂ ਨਿਕਲਣ ਵਾਲੀਆਂ ਧੁਨੀਆਂ, ਉਚਾਰਨ ਦੀ ਵਿਧੀ, ਉਚਾਰਨ ਦਾ ਸਥਾਨ ਆਦਿ ਪੱਧਰ ਦੇ ਵਰਤਾਰੇ ਦਾ ਅਧਿਅਨ ਕੀਤਾ ਜਾਂਦਾ ਹੈ। ਉਦਾਹਰਨ ਲਈ ਹਰ ਇਕ ਭਾਸ਼ਾ ਵਿਚਲੀਆਂ ਧੁਨੀਆਂ ਦਾ ਸਵਰਾਂ ਅਤੇ ਵਿਅੰਜਨਾਂ ਵਿਚ ਵਰਗੀਕਰਨ ਕੀਤਾ ਜਾਂਦਾ ਹੈ। ਇਸ ਲਈ ਹਰ ਭਾਸ਼ਾ ਵਿਚ ਦੂਜੀ ਭਾਸ਼ਾ ਦੇ ਮੁਕਾਬਲੇ ਸਵਰਾਂ\ਵਿਅੰਜਨਾਂ ਦੀ ਮਾਤਰਾ ਘੱਟ ਵੱਧ ਹੋ ਸਕਦੀ ਹੈ ਪਰ ਇਹ ਬਿਲਕੁਲ ਨਹੀਂ ਹੋ ਸਕਦਾ ਕਿ ਕਿਸੇ ਭਾਸ਼ਾ ਵਿਚ ਇਨ੍ਹਾਂ ਦੋਹਾਂ ਵਿਚੋਂ ਕਿਸੇ ਇਕ ਦੀ ਮੌਜੂਦਗੀ ਨਾ ਹੋਵੇ। ਧੁਨੀ ਵਿਗਿਆਨ ਦੀ ਦੂਜੀ ਸ਼ਾਖਾ ਨੂੰ ਸੰਚਾਰਨੀ ਧੁਨੀ ਵਿਗਿਆਨ ਕਿਹਾ ਜਾਂਦਾ ਹੈ। ਇਸ ਸ਼ਾਖਾ ਦਾ ਸਬੰਧ ਭੌਤਿਕ ਵਿਗਿਆਨ ਨਾਲ ਹੈ। ਉਚਾਰਨ-ਅੰਗਾਂ ਦੁਆਰਾ ਪੈਦਾ ਹੋਈਆਂ ਧੁਨੀਆਂ ਮੂੰਹ ਤੋਂ ਬਾਹਰ ਤਰੰਗਾਂ ਦੇ ਕੋਡ ਵਿਚ ਪਰਿਵਰਤਿਤ ਹੋ ਜਾਂਦੀਆਂ ਹਨ ਅਤੇ ਇਨ੍ਹਾਂ ਦਾ ਸਫਰ ਚਾਰੇ ਪਾਸੇ ਮਨੁੱਖ ਦੇ ਕੰਨਾਂ ਤੱਕ ਹੁੰਦਾ ਹੈ। ਕੰਨਾਂ ਤੱਕ ਪਹੁੰਚੇ ਕੋਡਾਂ ਦਾ ਅਧਿਅਨ ਭੌਤਿਕ ਵਿਗਿਆਨ ਦੇ ਯੰਤਰਾਂ ਨਾਲ ਕੀਤਾ ਜਾ ਸਕਦਾ ਹੈ। ਧੁਨੀ ਵਿਗਿਆਨ ਦੀ ਤੀਜੀ ਸ਼ਾਖਾ, ਸ਼੍ਰਵਣੀ ਧੁਨੀ ਵਿਗਿਆਨ ਹੈ। ਇਸ ਵਿਗਿਆਨ ਦਾ ਘੇਰਾ ਉਥੋਂ ਅਰੰਭ ਹੁੰਦਾ ਹੈ, ਜਿਥੇ ਸੰਚਾਰਨੀ ਧੁਨੀ ਵਿਗਿਆਨ ਦੀ ਸੀਮਾ ਖਤਮ ਹੋ ਜਾਂਦੀ ਹੈ ਭਾਵ ਕੰਨਾਂ ਤੱਕ ਪਹੁੰਚੇ ਤਰੰਗ-ਕੋਡ ਨੂੰ ਡੀ-ਕੋਡ ਕੀਤਾ ਜਾਂਦਾ ਹੈ ਅਤੇ ਡੀ-ਕੋਡ ਹੋਏ ਭਾਸ਼ਾਈ ਰੂਪਾਂ ਦਾ ਅਧਿਅਨ ਮਨੁੱਖੀ ਦਿਮਾਗ ਕਰਦਾ ਹੈ। ਇਸ ਤਰ੍ਹਾਂ ਉਚਾਰਨ ਤੋਂ ਲੈ ਕੇ ੇਸਮਝਣ ਤੱਕ ਧੁਨੀਆਂ ਦਾ ਇਕ ਚੱਕਰ ਹੈ। ਤੀਜੀ ਸ਼ਾਖਾ ਦਾ ਅਧਿਅਨ ਦਿਮਾਗ ਅਤੇ ਤੰਤੂ ਵਿਗਿਆਨ ਰਾਹੀਂ ਕੀਤਾ ਜਾਂਦਾ ਹੈ। ਇਸ ਤਰ੍ਹਾਂ ਧੁਨੀ ਵਿਗਿਆਨ ਦਾ ਘੇਰਾ ਵਿਸ਼ਾਲ ਹੈ ਅਤੇ ਇਸ ਦੇ ਅਧਿਅਨ ਲਈ ਹੋਰ ਵਿਗਿਆਨਾਂ ਦੀ ਮਦਦ ਲੈਣੀ ਪੈਂਦੀ ਹੈ। ਇਸ ਖੋਜ ਵਿਚ ਰੁੱਝੇ ਹੋਏ ਵਿਗਿਆਨੀਆਂ ਨੂੰ ਧੁਨੀ ਵਿਗਿਆਨੀ ਕਿਹਾ ਜਾਂਦਾ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 7798, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.