ਧੌਲਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਧੌਲਾ. ਦੇਖੋ, ਧਉਲਾ। ੨ ਸੰਗ੍ਯਾ—ਰਿਆਸਤ ਨਾਭਾ , ਨਜਾਮਤ ਫੂਲ, ਤਸੀਲ ਥਾਣਾ ਧਨੌਲਾ ਵਿੱਚ ਇੱਕ ਪਿੰਡ ਹੈ. ਇਸ ਤੋਂ ਉੱਤਰ ਪੱਛਮ ਦੋ ਮੀਲ ਦੇ ਕ਼ਰੀਬ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਕੱਚੀ ਮੰਜੀ ਸਾਹਿਬ ਪਾਸ ਇੱਕ ਰਹਾਇਸ਼ੀ ਮਕਾਨ ਹੈ. ਪੁਜਾਰੀ ਸਿੰਘ ਹੈ. ਦੋ ਹਲ ਦੀ (੭੦ ਘੁਮਾਉਂ) ਜ਼ਮੀਨ ਰਿਆਸਤ ਨਾਭੇ ਵੱਲੋਂ ਗੁਰਦ੍ਵਾਰੇ ਦੇ ਨਾਮ ਹੈ. ਰੇਲਵੇ ਸਟੇਸ਼ਨ ਹੰਢਿਆਏ ਤੋਂ ੩ ਮੀਲ ਦੱਖਣ ਪੱਛਮ ਹੈ. ਦੇਖੋ, ਸੋਹੀਵਾਲ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5583, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-01, ਹਵਾਲੇ/ਟਿੱਪਣੀਆਂ: no
ਧੌਲਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਧੌਲਾ (ਪਿੰਡ): ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਬਰਨਾਲਾ ਨਗਰ ਤੋਂ 11 ਕਿ.ਮੀ. ਦੱਖਣ-ਪੂਰਬ ਵਲ ਸਥਿਤ ਇਕ ਪਿੰਡ , ਜਿਥੇ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਧਰਮ- ਪ੍ਰਚਾਰ ਫੇਰੀ ਦੌਰਾਨ ਚਰਣ ਪਾਏ ਸਨ। ਸਥਾਨਕ ਰਵਾਇਤ ਅਨੁਸਾਰ ਗੁਰੂ ਜੀ ਹਡਿਆਇਆ ਤੋਂ ਧੌਲੇ ਪਿੰਡ ਆ ਰਹੇ ਸਨ ਕਿ ਪਿੰਡੋਂ ਦੋ ਕਿ.ਮੀ. ਪਹਿਲਾਂ ਘੋੜੇ ਨੇ ਅਗੇ ਚਲਣੋਂ ਅੜੀ ਕਰ ਲਈ। ਜਦ ਕਾਫ਼ੀ ਯਤਨ ਕਰਨ’ਤੇ ਵੀ ਘੋੜਾ ਨ ਤੁਰਿਆ ਤਾਂ ਗੁਰੂ ਜੀ ਨੇ ਘੋੜੇ ਨੂੰ ਪੱਛਮ ਵਾਲੇ ਪਾਸੇ ਮੋੜ ਲਿਆ ਅਤੇ ਪਿੰਡ ਸੋਹੀਵਾਲ ਦੇ ਹਲਕੇ ਦੀ ਇਕ ਢਾਬ ਉਤੇ ਉਤਾਰਾ ਕੀਤਾ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਉਥੇ ਦੋ ਗੁਰੂ-ਧਾਮ ਬਣੇ ਹੋਏ ਹਨ।
ਇਕ, ‘ਗੁਰਦੁਆਰਾ ਅੜੀਸਰ’, ਜੋ ਧੌਲੇ ਪਿੰਡ ਤੋਂ 2 ਕਿ.ਮੀ. ਉਤਰ ਵਲ ਹੈ, ਜਿਥੇ ਗੁਰੂ ਜੀ ਦੇ ਘੋੜੇ ਨੇ ਅਗੇ ਚਲਣੋ ਅੜੀ ਕੀਤੀ ਸੀ। ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ ਅਤੇ ਇਸ ਦੀ ਵਿਵਸਥਾ ਹਡਿਆਇਆ ਪਿੰਡ ਵਿਚਲੇ ‘ਗੁਰਦੁਆਰਾ ਗੁਰੂ ਸਰ ਪੱਕਾ ’ ਦੀ ਕਮੇਟੀ ਕਰਦੀ ਹੈ। ਹਰ ਪੂਰਣਮਾਸੀ ਵਾਲੇ ਦਿਨ ਇਥੇ ਬਹੁਤ ਵੱਡਾ ਦੀਵਾਨ ਸਜਦਾ ਹੈ।
ਦੂਜਾ, ‘ਗੁਰਦੁਆਰਾ ਸਾਹਿਬ ਪਾਤਿਸ਼ਾਹੀ ਨੌਮੀ ਸੋਹੀਵਾਲ’ ਹੈ, ਜੋ ‘ਸੋਹੀਆਣਾ ਸਾਹਿਬ’ ਦੇ ਨਾਂ ਨਾਲ ਵੀ ਪ੍ਰਸਿੱਧ ਹੈ। ਘੋੜੇ ਦੇ ਅੜੀ ਕਰਨ’ਤੇ ਗੁਰੂ ਜੀ ਇਥੇ ਢਾਬ ਦੇ ਕੰਢੇ ਆ ਕੇ ਰੁਕੇ ਸਨ। ਹੁਣ ਉਸ ਢਾਬ ਨੂੰ ਸੁੰਦਰ ਸਰੋਵਰ ਬਣਾ ਦਿੱਤਾ ਗਿਆ ਹੈ। ਇਸ ਗੁਰੂ-ਧਾਮ ਦੀ ਵਿਵਸਥਾ ਵੀ ਹਡਿਆਇਆ ਵਾਲੀ ਕਮੇਟੀ ਹੀ ਕਰਦੀ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5559, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਧੌਲਾ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਧੌਲਾ : ਇਹ ਪਿੰਡ ਸੰਗਰੂਰ ਜ਼ਿਲ੍ਹੇ ਦੀ ਬਰਨਾਲਾ ਤਹਿਸੀਲ ਵਿਚ ਰੇਲਵੇ ਸਟੇਸ਼ਨ ਹੰਡਿਆਇਆ ਤੋਂ 4 ਕਿ. ਮੀ. ਦੀ ਦੂਰੀ ਤੇ ਸਥਿਤ ਹੈ ।
ਇਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਬਣਿਆ ਹੋਇਆ ਹੈ । ਰਿਆਸਤੀ ਸਮਿਆਂ ਵਿਚ ਰਿਆਸਤ ਨਾਭਾ ਨੇ ਗੁਰਦੁਆਰੇ ਦੇ ਨਾਂ 70 ਘੁਮਾਂ ਜ਼ਮੀਨ ਲਗਵਾਈ ਸੀ ।
ਸ. ਸੰਪੂਰਨ ਸਿੰਘ ਧੌਲਾ (ਸਾਬਕਾ ਵਜ਼ੀਰ), ਸ. ਸੁਰਜੀਤ ਸਿੰਘ ਬਰਨਾਲਾ (ਸਾਬਕਾ ਮੁਖ ਮੰਤਰੀ,ਪੰਜਾਬ) ਤੇ ਸ੍ਰੀ ਰਾਮ ਸਰੂਪ ਅਣਖੀ (ਪ੍ਰਸਿੱਧ ਸਾਹਿਤਕਾਰ) ਦਾ ਇਹ ਜੱਦੀ ਪਿੰਡ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3958, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-30-11-40-51, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ; ਤ. ਗਾ. ਗੁ.
ਵਿਚਾਰ / ਸੁਝਾਅ
ਸੋਧਾਂ:
1.ਪਹਿਲਾਂ ਧੌਲਾ ਪਿੰਡ ਸੰਗਰੂਰ ਜ਼ਿਲ੍ਹੇ ਵਿਚ ਸੀ ਹੁਣ ਬਰਨਾਲਾ ਜ਼ਿਲ੍ਹਾ ਬਣਨ ਤੋਂ ਬਾਅਦ ਇਸ ਜ਼ਿਲ੍ਹੇ ਵਿਚ ਪੈਂਦਾ ਹੈ।
2. ਗੁਰਦੁਆਰਾ ਸੋਹੀਆਣਾ ਸਾਹਿਬ ਦੀ ਵਿਵਸਥਾ ਲਈ ਹੰਡਿਆਇਆ ਤੋਂ ਵੱਖਰੀ ਕਮੇਟੀ ਹੈ।
Gursewak Singh Dhaula,
( 2021/08/31 01:2740)
Please Login First