ਨਗੇਂਦ੍ਰ ਸਰੋਤ : 
    
      ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
      
           
     
      
      
      
        ਨਗੇਂਦ੍ਰ (1915–1999): ਹਿੰਦੀ  ਆਲੋਚਨਾ  ਵਿਸ਼ੇਸ਼ਕਰ ਅਚਾਰੀਆ ਸ਼ੁਕਲ  ਦੇ ਬਾਅਦ ਦੀ ਆਲੋਚਨਾ ਵਿੱਚ ਡਾ. ਨਗੇਂਦ੍ਰ ਇੱਕ ਉੱਚ-ਕੋਟੀ ਦਾ ਆਲੋਚਕ ਹੈ। ਉਸ ਨੇ ਭਾਰਤੀ ਤੇ ਪੱਛਮੀ ਕਾਵਿ-ਸ਼ਾਸਤਰ ਤੋਂ ਹਿੰਦੀ ਪਾਠਕਾਂ ਨੂੰ ਜਾਣੂ  ਕਰਾਇਆ। ਰਸ-ਸਿਧਾਂਤ ਦੀ ਨਵੀਂ ਵਿਆਖਿਆ ਕੀਤੀ। ਸਧਾਰਨੀਕਰਨ, ਉਦਾਤ ਅਤੇ  ਅਰਸਤੂ  ਦੇ ਕਾਵਿ-ਸ਼ਾਸਤਰ ਦੀ ਹਿੰਦੀ ਆਲੋਚਨਾ ਦੀ ਵਡਮੁੱਲੀ ਦੇਣ ਦਾ ਗੌਰਵ ਪ੍ਰਾਪਤ ਕੀਤਾ। ਨਗੇਂਦ੍ਰ ਨੂੰ ਹਿੰਦੀ, ਅੰਗਰੇਜ਼ੀ ਅਤੇ ਸੰਸਕ੍ਰਿਤ  ਦਾ ਚੰਗਾ ਗਿਆਨ  ਸੀ। ਇਸ ਲੇਖਕ ਨੇ ਭਾਸ਼ਾ  ਦੀ ਤ੍ਰਿਵੇਣੀ ਦਾ ਸੰਗਮ ਕਰ ਕੇ ਹਿੰਦੀ ਆਲੋਚਨਾ ਵਿੱਚ ਇੱਕ ਨਵੀਂ ਸ਼ੁਰੂਆਤ ਕੀਤੀ। ਜ਼ਿਆਦਾ ਸਮਾਂ ਦਿੱਲੀ  ਰਿਹਾ ਅਤੇ ਹਿੰਦੀ ਖੋਜ ਨੂੰ ਵਿਸਤਾਰ ਦੇਣ ਵਾਲੇ  ਵਿਦਵਾਨਾਂ ਵਿੱਚ ਉਸ ਦਾ ਨਾਂ ਬੜੇ ਹੀ ਆਦਰ  ਨਾਲ  ਲਿਆ ਜਾਂਦਾ ਹੈ।
	     ਨਗੇਂਦ੍ਰ ਦਾ ਜਨਮ 9 ਮਾਰਚ 1915 ਵਿੱਚ ਜ਼ਿਲ੍ਹਾ ਅਲੀਗੜ੍ਹ ਤੇ ਅਤਰੌਲੀ ਕਸਬੇ ਵਿੱਚ ਨਗਾਇਚ ਪਰਿਵਾਰ  ਵਿੱਚ ਹੋਇਆ। ਉਸ ਦੇ ਪਿਤਾ  ਦਾ ਨਾਂ ਰਾਜੇਂਦ੍ਰ ਸੀ। ਸ਼ੁਰੂ ਵਿੱਚ ਉਸ ਨੂੰ ਪੜ੍ਹਨਾ ਚੰਗਾ ਨਹੀਂ ਸੀ ਲੱਗਦਾ ਅਤੇ ਸਕੂਲੋਂ ਭੱਜ ਕੇ ਆ ਜਾਂਦਾ ਸੀ। ਬਾਅਦ ਵਿੱਚ ਪੰਡਤ  ਗਧਾਵੱਲਭ ਅਤੇ ਮੁਨਸ਼ੀ ਕਿਸ਼ਨ ਲਾਲ  ਹੋਰਾਂ ਦੀ ਪ੍ਰੇਰਨਾ  ਨਾਲ ਉਸ ਦੀ ਰੁਚੀ ਪੜ੍ਹਾਈ ਪ੍ਰਤਿ ਹੋ ਗਈ। ਉਸ ਨੇ ਅਠਵੀਂ ਤੱਕ ਸਿੱਖਿਆ  ਅਤਰੌਲੀ ਵਿੱਚ ਪ੍ਰਾਪਤ ਕੀਤੀ। 9 ਸਾਲ ਦੀ ਉਮਰ  ਵਿੱਚ ਉਸ ਦੇ ਪਿਤਾ ਅਕਾਲ  ਚਲਾਣਾ ਕਰ ਗਏ। ਉਸ ਨੇ ਦਸਵੀਂ  ਅਨੂਪ ਸ਼ਹਿਰ  ਤੋਂ ਕੀਤੀ। ਉਸ ਦੀ ਵਿਸ਼ੇਸ਼ ਰੁਚੀ ਹਿੰਦੀ ਅਤੇ ਸੰਸਕ੍ਰਿਤ ਵਿੱਚ ਸੀ। ਉਸ ਨੇ ਬਚਪਨ ਤੋਂ ਹੀ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। 1936 ਵਿੱਚ ਐਮ.ਏ. ਅੰਗਰੇਜ਼ੀ ਦੀ ਡਿਗਰੀ  ਪ੍ਰਾਪਤ ਕੀਤੀ। ਇਸ ਤੋਂ ਬਾਅਦ ਦਿੱਲੀ ਕਾਮਰਸ ਕਾਲਜ ਵਿਖੇ ਅੰਗਰੇਜ਼ੀ ਦਾ ਅਧਿਆਪਕ ਨਿਯੁਕਤ  ਹੋਇਆ। 1937 ਵਿੱਚ ਨਾਗਪੁਰ ਯੂਨੀਵਰਸਿਟੀ ਤੋਂ ਐਮ.ਏ. ਹਿੰਦੀ ਕੀਤੀ।
	     ਨਗੇਂਦ੍ਰ ਦਾ ਪਹਿਲਾ ਕਵਿਤਾ-ਸੰਗ੍ਰਹਿ ਬਨਮਾਲਾ ਪ੍ਰਕਾਸ਼ ਵਿੱਚ ਆਇਆ। ਬਾਅਦ ਵਿੱਚ ਉਸ ਦੀ ਰੁਚੀ ਕਵਿਤਾ ਦੀ ਅਪੇਖਿਆ ਆਲੋਚਨਾ ਵੱਲ  ਵਧੇਰੇ ਹੋਈ।
	     1938 ਵਿੱਚ ਉਸ ਦੀ ਪਹਿਲੀ ਆਲੋਚਨਾ ਪੁਸਤਕ ਸੁਮ੍ਰਿਤਾ ਨੰਦਨ ਪੰਤ ਪ੍ਰਕਾਸ਼ ਵਿੱਚ ਆਈ। ਮੈਥਿਲੀਸ਼ਰਣ ਗੁਪਤ ਦੇ ਮਹਾਕਾਵਿ ਸਾਕੇਤ ਉੱਤੇ ਇੱਕ ਆਲੋਚਨਾ ਪੁਸਤਕ ਸਾਕੇਤ ਏਕ ਅਧਿਐਨ (1936) ਪ੍ਰਕਾਸ਼ਿਤ ਹੋਈ।
	     ਨਗੇਂਦ੍ਰ ਨੇ 1947 ਵਿੱਚ ਅਧਿਆਪਨ ਕਾਰਜ  ਛੱਡ ਕੇ ਆਕਾਸ਼ਵਾਣੀ ਵਿੱਚ ਨੌਕਰੀ ਕੀਤੀ। ਉਸ ਨੇ ਆਗਰਾ  ਯੂਨੀਵਰਸਿਟੀ ਤੋਂ ‘ਰੀਤੀ-ਕਾਵਿ ਕੀ ਭੂਮਿਕਾ  ਮੇਂ ਦੇਵੇ ਦਾ ਸਥਾਨ` ਤੇ ਡੀ. ਲਿਟ ਦੀ ਉਪਾਧੀ ਪ੍ਰਾਪਤ ਕੀਤੀ। ਇਹਨਾਂ ਦਾ ਦੂਜਾ  ਕਾਵਿ-ਸੰਗ੍ਰਹਿ ਛੰਦਮਯੀ ਛਪਿਆ। ਆਕਾਸ਼ਵਾਣੀ ਦੇ ਡਾਇਰੈਕਟਰ  ਵਜੋਂ ਨੌਕਰੀ ਪ੍ਰਾਪਤ ਹੁੰਦੇ ਹੋਇਆਂ ਵੀ ਉਸ ਨੇ ਦਿੱਲੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ  ਵਿੱਚ ਰੀਡਰ ਵਜੋਂ ਕਾਰਜ ਕਰਨਾ ਪਸੰਦ ਕੀਤਾ। ਉਸ ਦੀ ਦੇਖ-ਰੇਖ ਵਿੱਚ ਦਿੱਲੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਨੂੰ ਵਿਸ਼ੇਸ਼ ਨਾਂ ਪ੍ਰਾਪਤ ਹੋਇਆ। ਇਹ ਇੱਕ ਤਰ੍ਹਾਂ ਨਾਲ ਹਿੰਦੀ ਦਾ ਸਮਰਾਟ ਪ੍ਰੋਫ਼ੈਸਰ ਮੰਨਿਆ ਜਾਣ ਲੱਗ ਪਿਆ। ਉਸ ਨੂੰ ਦਿੱਲੀ ਰਹਿੰਦਿਆਂ ਵੱਡੀਆਂ-ਵੱਡੀਆਂ ਸਮਿਤੀਆਂ ਵਿੱਚ ਮਨੋਨੀਤ ਕੀਤਾ ਗਿਆ। ਉਸ ਨੂੰ ਹਿੰਦੀ ਸੇਵਾ  ਕਰ ਕੇ ਅਨੇਕਾਂ  ਪੁਰਸਕਾਰਾਂ ਨਾਲ ਸਨਮਾਨਿਆ ਗਿਆ।
	     ਨਗੇਂਦ੍ਰ ਇੱਕ ਬਹੁਪੱਖੀ ਵਿਅਕਤਿਤਵ  ਦਾ ਧਾਰਨੀ ਸੀ। ਜੋ ਇੱਕ ਵਾਰੀ ਉਸ ਦੇ ਸੰਪਰਕ  ਵਿੱਚ ਆ ਜਾਂਦਾ ਸੀ ਉਹ ਕਿਸੇ ਨਾ ਕਿਸੇ ਰੂਪ  ਵਿੱਚ ਉਸ ਤੋਂ ਪ੍ਰਭਾਵਿਤ ਜ਼ਰੂਰ ਹੁੰਦਾ ਸੀ। ਇਹ ਇੱਕ ਕੁਸ਼ਲ ਅਧਿਆਪਕ, ਪਾਰਖੀ ਮੁਖੀ ਅਤੇ ਇੱਕ ਕੁਸ਼ਲ ਪ੍ਰਸ਼ਾਸਕ ਸੀ। ਉਸ ਨੇ ਹਿੰਦੀ ਆਲੋਚਨਾ ਵਿਸ਼ੇਸ਼ ਕਰ ਨਵੀਂ ਆਲੋਚਨਾ ਦੀ ਪ੍ਰਤਿਮਾਨਕ ਪਛਾਣ  ਕੀਤੀ। ਉਸ ਦੀਆਂ ਪ੍ਰਕਾਸ਼ਿਤ ਰਚਨਾਵਾਂ ਇਸ ਤਰ੍ਹਾਂ ਹਨ-ਰੀਤੀ-ਕਾਵਿ ਭੂਮਿਕਾ, ਭਾਰਤੀਯ ਕਾਵਿ-ਸ਼ਾਸਤਰ ਕੀ ਭੂਮਿਕਾ, ਰਸ-ਸਿਧਾਂਤ, ਭਾਰਤੀਯ ਸੌਂਦਰਯ-ਸ਼ਾਸਤਰ ਕੀ ਭੂਮਿਕਾ, ਹਿੰਦੀ ਧਵਨਯਲੋਕ, ਹਿੰਦੀ ਕਾਵਿਯਲੰਕਾਰ, ਸੂਤਰ, ਹਿੰਦੀ ਵਕ੍ਰੋਗਤ ਜੀਵਿਤ, ਅਰਸਤੂ ਕਾ ਕਾਵਿ-ਸ਼ਾਸਤਰ, ਕਾਵਿ ਮੇਂ ਓੁਦਾਤ ਤਤਵ ਆਦਿ। ਇਹਨਾਂ ਦੀ ਵਿਹਾਰਿਕ ਸਮੀਖਿਆ ਦੇ ਵਿੱਚ ਸੁਮਿਤ੍ਰਾ ਨੰਦਨ ਪੰਤ, ਸਾਕੇਤ ਏਕ ਅਧਿਐਨ, ਆਧੁਨਿਕ ਹਿੰਦੀ ਨਾਟਕ, ਦੇਵ  ਔਰ ਉਨਕੀ ਕਵਿਤਾ, ਨਯੀਂ ਸਮੀਖਿਆ: ਨਯੇ ਸੰਦਰਭ, ਭਾਰਤੀਯ ਵਾਡਮਯ ਪਾਸ਼ਚਾਤਯ ਕਾਵਿ ਕੀ ਪਰੰਪਰਾ, ਨਿਬੰਧ  ਸੰਕਲਨ, ਆਸਥਾ ਕੇ ਚਰਣ, ਆਦਿ ਰਚਨਾਵਾਂ ਸ਼ਾਮਲ ਹਨ।
	     ਨਗੇਂਦ੍ਰ ਮੂਲ ਰੂਪ ਵਿੱਚ ਇੱਕ ਖੋਜੀ  ਸੀ। ਸਾਰੀ   ਉਮਰ ਖ਼ੁਦ  ਵੀ ਖੋਜ ਕਰਦਾ ਰਿਹਾ ਅਤੇ ਆਪਣੇ ਖੋਜ ਵਿਦਿਆਰਥੀਆਂ ਅਤੇ ਆਪਣੇ ਸਹਿਕਰਮੀਆਂ ਨੂੰ ਇਸ ਲਈ ਪ੍ਰੇਰਦਾ ਵੀ ਰਿਹਾ। ਇਸ ਤਰ੍ਹਾਂ ਨਗੇਂਦ੍ਰ ਦਾ ਆਪਣਾ ਇੱਕ ਸਕੂਲ  ਬਣ ਗਿਆ। ਉਸ ਦੀਆਂ ਸਾਹਿਤ ਸੰਬੰਧੀ ਕੁਝ ਧਾਰਨਾਵਾਂ ਇਸ ਤਰ੍ਹਾਂ ਹਨ-ਉਸ ਨੇ ਕਾਵਿ ਦੇ ਸਰੂਪ, ਸੌਂਦਰਯ ਕਲਾ  ਦਾ ਸਰੂਪ, ਸਾਹਿਤ ਦਾ ਮੂਲ ਧਰ, ਕਾਵਿ ਮੁੱਲ, ਕਾਵਿ ਦੀ ਪ੍ਰੇਰਨਾ, ਸਾਹਿਤ ਦੇ ਜੀਵਨ, ਕਾਵਿ ਦੇ ਮਾਨਦੰਡ, ਕਾਵਿ ਦੇ ਹੇਤੁ, ਕਾਵਿ ਦੇ ਮੂਲ ਤਤਵ, ਕਾਵਿ ਵਿੱਚ ਕਲਪਨਾ ਅਨੁਭੂਤੀ ਅਤੇ ਅਭਿਵਿਅਕਤੀ, ਕਾਵਿ ਬਿੰਬ, ਸਾਹਿਤ ਦਾ ਸਤਰ, ਸਾਹਿਤ ਦੇ ਰੂਪ-ਭੇਦ  ਆਦਿ ਦੀ ਵਿਆਖਿਆ ਕਰਦੇ ਹੋਇਆਂ ਆਪਣੇ ਮੌਲਿਕ ਵਿਚਾਰਾਂ ਨੂੰ ਪ੍ਰਸਤੁਤ ਕੀਤਾ ਹੈ। ਸਾਹਿਤ ਦਾ ਸ਼ਾਇਦ ਹੀ ਅਜਿਹਾ ਪੱਖ  ਹੋਵੇ ਜਿਸ ਬਾਰੇ ਨਗੇਂਦ੍ਰ ਨੇ ਆਪਣੇ ਨਿਜੀ ਵਿਚਾਰ ਪ੍ਰਸਤੁਤ ਨਾ ਕੀਤੇ। ਇਸਨੇ ਇੱਕ ਸੂਝਵਾਨ ਸਮੀਖਿਅਕ ਦੀ ਪਛਾਣ ਦਿੱਤੀ ਹੈ। ਨਗੇਂਦ੍ਰ ਦੀ ਖ਼ੂਬੀ ਇਹ ਹੈ ਕਿ ਉਹ ਆਪਣੀਆਂ ਧਾਰਨਾਵਾਂ ਨੂੰ ਤਰਕ  ਤੇ ਪ੍ਰਸਤੁਤ ਕਰਦਾ ਹੈ ਅਤੇ ਪ੍ਰਭਾਵਸ਼ਾਲੀ ਤੇ ਸੁਬੋਧ ਸ਼ੈਲੀ  ਦੀ ਵਰਤੋਂ  ਕਰਦਾ ਹੈ। ਉਸ ਦੇ ਵਿਚਾਰ ਉਸ ਦੇ ਅਨੁਭਵ ਤੇ ਅਨੁਭੂਤੀ ਤੇ ਆਧਾਰਿਤ ਹਨ। ਉਹ ਹਰ ਗੱਲ  ਦਾ ਇੱਕ ਵਿਗਿਆਨਿਕ  ਆਧਾਰ ਪ੍ਰਸਤੁਤ ਕਰਦਾ ਹੈ। ਸਾਹਿਤ ਵਿੱਚ ਆਧੁਨਿਕਤਾ  ਦੀ ਚਰਚਾ ਕਰਦੇ ਹੋਏ ਲੇਖਕ ਨੇ ਕੁਝ ਇਸ ਤਰ੍ਹਾਂ ਦੀਆਂ ਧਾਰਨਾਵਾਂ ਪ੍ਰਸਤੁਤ ਕੀਤੀਆਂ ਹਨ ਜੋ ਅੱਜ  ਵੀ ਸਹੀ ਹਨ। ਉਹ ਆਧੁਨਿਕ ਆਲੋਚਨਾ ਨੂੰ ਭਾਰਤੀ ਤੇ ਪੱਛਮੀ ਆਧਾਰ ਤੇ ਸਹੀ ਪਛਾਣ ਦਾ ਵਡਮੁੱਲਾ ਆਧਾਰ ਪ੍ਰਸਤੁਤ ਕਰਦਾ ਹੈ। ਵਿਸ਼ੇ ਦੇ ਅਨੁਰੂਪ ਉਸ ਦੀ ਭਾਸ਼ਾ ਅਤੇ ਸ਼ੈਲੀ ਵਿੱਚ ਬਦਲਾਵ ਵੇਖਿਆ ਜਾ ਸਕਦਾ ਹੈ।
    
      
      
      
         ਲੇਖਕ : ਹੁਕਮ ਚੰਦ ਰਾਜਪਾਲ, 
        ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4343, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
      
      
   
   
      ਨਗੇਂਦ੍ਰ  ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
        ਨਗੇਂਦ੍ਰ  ਸੰ. ਸੰਗ੍ਯਾ—ਨਗ-ਇੰਦ੍ਰ. ਨਗਰਾਜ. ਪਰਬਤਾਂ ਦਾ ਰਾਜਾ  ਹਿਮਾਲਯ। ੨ ਸੁਮੇਰੁ। ੩ ਪਹਾੜ ਦਾ ਰਾਜਾ.
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3971, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First