ਨਵੀਂ ਨਸਲ ਦੀ ਉਪਜ ਚ ਅਲਿਹਦਗੀ ਦੀ ਭੂਮਿਕਾ ਸਰੋਤ :
ਡਾ.ਸੁਰਜੀਤ ਸਿੰਘ ਢਿੱਲੋਂ, ਸਾਬਕਾ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਨਰ ਪ੍ਰਾਣੀ ਕਿੰਨੇ ਵੀ ਤਕੜੇ ਹੋਣ ਅਤੇ ਗੁਣਵਾਣ ਹੋਣ, ਪਰ ਜੇਕਰ ਉਨ੍ਹਾਂ ਨੂੰ ਇਕ ਮਦੀਨ ਨਾਲ ਸੰਭੋਗ ਦਾ ਅਵਸਰ ਨਹੀਂ ਮਿਲਦਾ, ਤਦ ਇਨ੍ਹਾਂ ਦੇ ਜੀਨ ਨਸਲ ਦੇ ਜੀਨ-ਪੂਲ 'ਚ ਨਹੀਂ ਰਲਦੇ। ਨਵੀਂ ਨਸਲ ਦੀ ਉਪਜ ਲਈ ਕੇਵਲ ਉਹ ਜੀਨ ਮਹੱਤਵ ਹਨ, ਜਿਹੜੇ ਕਿ ਜੀਨ-ਪੂਲ 'ਚ ਸ਼ਾਮਲ ਹਨ। ਹੋਰ ਜੀਨ, ਚੰਗੇ ਵੀ ਅਤੇ ਮਾੜੇ ਵੀ, ਇਸ ਪੱਖੋਂ ਬੇਕਾਰ ਹਨ।
ਡਾਰਵਿਨ ਨੇ ਆਪਣੀ ਪੁਸਤਕ ਦਾ ਨਾਮ ‘ਜੀਵ-ਨਸਲ ਦੀ ਉਤਪਤੀ’ ਰੱਖਿਆ ਸੀ। ‘ਕੁਦਰਤੀ ਚੋਣ ’ ਦੁਆਰਾ ਨਵੀਂ ਨਸਲ ਦੇ ਹੋਂਦ 'ਚ ਆਉਣ ਬਾਰੇ ਇਸ 'ਚ ਚਰਚਾ ਹੈ। ਅੱਜ ਵੀ ਵਿਗਿਆਨਕ ਖੇਤਰਾਂ’ਚ ਇਸੇ ਗੱਲ ਦੀ ਆਮ ਚਰਚਾ ਹੈ ਕਿ ਨਵੀਂ ਜੀਵ-ਨਸਲ ਕਿਨ੍ਹਾਂ ਕਿਨ੍ਹਾਂ ਪਰਿਸਥਤਿਆਂ ਦੀ ਉਪਜ ਹੈ ? ਮੁੱਢ ਤੋਂ ਨਵੀਆਂ–ਨਵੀਆਂ ਨਸਲਾਂ ਹੋਂਦ 'ਚ ਆਉਂਦੀਆਂ ਰਹੀਆਂ ਹਨ।
ਇਹ ਸਹੀ ਹੈ ਕਿ ਵਿਕਾਸ ਦੇ ਵਿਸਥਾਰ ਬਾਰੇ ਜਾਣ ਸਕਣਾ ਸੰਭਵ ਨਹੀਂ ਅਤੇ ‘ਜੀਵ-ਨਸਲ’ ਦੀ ਉਚਿਤ ਪ੍ਰਰੀਭਾਸ਼ਾ ਵੀ ਅਸੀਂ ਹੁਣ ਤੱਕ ਨਹੀਂ ਉਲੀਕ ਸਕੇ। ਪਰ ਜੀਵ-ਨਸਲ ਦੀ ਉਚਿਤ ਪ੍ਰਰੀਭਾਸ਼ਾ ਨਾ ਉਲੀਕ ਸਕਣ ਦਾ ਕਾਰਨ ਵੀ ਇਹ ਹੈ ਕਿ ਜੀਵਾਂ ਦਾ ਵਿਕਾਸ ਹੋਇਆ ਹੈ ਅਤੇ ਹੋ ਰਿਹਾ ਹੈ। ਇਕ ਪ੍ਰਕਾਰ, ਇਹ ਕਠਿਨਾਈ ਵਿਕਾਸ ਦਾ ਪ੍ਰਮਾਣ ਵੀ ਹੈ। ਜੀਵ-ਨਸਲਾਂ ਇਕ ਦੂਜੀ ਨਾਲੋਂ ਭਿੰਨ ਭਾਵੇਂ ਹਨ, ਪਰ ਇਨ੍ਹਾਂ ਦੀ, ਕਈ ਵਾਰ , ਇਕ ਦੂਜੀ ਨਾਲੋਂ ਪਛਾਣ ਕਰ ਸਕਣੀ ਸਹਿਲ ਨਹੀਂ। ਕੁੱਤੇ ਦੀ ਬਿੱਲੀ ਨਾਲੋਂ ਪਛਾਣ ਕਰਨ 'ਚ ਕੋਈ ਔਖ ਨਹੀਂ; ਪਰ ਬਿੱਲੀਆਂ ਦੀਆਂ ਨਸਲਾਂ ਨੂੰ ਇਕ ਦੂਜੀ ਨਾਲੋਂ ਵੱਖ ਪਛਾਣ ਸਕਣਾ ਸਹਿਲ ਨਹੀਂ। ‘ਜੀਵ-ਨਸਲ’ ਕੀ ਹੈ? ਅਰਨਸਟ ਮਾਇਰ ਨੇ ਜੀਵ-ਨਸਲ ਨੂੰ ਕੁਝ ਇਸ ਪ੍ਰਕਾਰ ਪ੍ਰਰਿਭਾਸ਼ਾ ਕੀਤਾ ਹੈ।
‘‘ਉਹ ਜੀਵ ਇਕ ਨਸਲ ਦੇ ਹੁੰਦੇ ਹਨ, ਜਿਹੜੇ ਆਪਸੀ ਸੰਭੋਗ ਦੁਆਰਾ ਸੰਤਾਨ ਉਪਜਾਉਣ ਯੋਗ ਹਨ।’’
ਇਸ ਪ੍ਰਰਿਭਾਸ਼ਾ ਦਾ ਮੂਲ ਲਿੰਗੀ ਪ੍ਰਜਣਨ ਹੈ।
ਜਦ ਇਕ ਜੀਵ-ਨਸਲ ਦੋ ਜਾਂ ਦੋ ਤੋਂ ਵੱਧ ਟੁਕੜੀਆਂ 'ਚ ਵਟ ਕੇ ਫਿਰ ਵੱਖ ਵੱਖ ਵਿਚਰਨ ਲਗਦੀ ਹੈ, ਤਦ ਇਹੋ ਸਥਿਤੀ ਨਵੀਆਂ ਨਸਲਾਂ ਦੇ ਹੋਂਦ’ਚ ਆਉਣ ਦੀ ਭੂਮਿਕਾ ਬਣ ਜਾਂਦੀ ਹੈ।
ਡਾਰਵਿਨ ਤੋਂ ਪਹਿਲਾਂ ਆਮ ਅਨੁਭਵ ਸੀ ਕਿ ਮਾਂ-ਪਿਓ ਨਾਲ ਮਿਲਦੀ-ਜੁਲਦੀ ਹੋਈ ਵੀ ਸੰਤਾਨ, ਇਨ੍ਹਾਂ ਨਾਲੋਂ ਕੁਝ ਵਿਸ਼ੇਸ਼ਤਾਵਾਂ 'ਚ ਭਿੰਨ ਹੁੰਦੀ ਹੈ। ਇਸੇ ਜਾਣਕਾਰੀ ਨੂੰ ਮੁੱਖ ਰੱਖਕੇ ਪਾਲਤੂ ਪ੍ਰਾਣੀਆਂ ਦੀਆਂ ਨਵੀਆਂ ਕਿਸਮਾਂ ਉਪਜਾਈਆਂ ਜਾਂਦੀਆਂ ਰਹੀਆਂ ਹਨ ਅਤੇ ਉਪਜਾਈਆਂ ਜਾ ਰਹੀਆਂ ਹਨ। ਇਸ ਮੰਤਵ ਨਾਲ, ਉਪਯੋਗੀ ਵਿਸ਼ੇਸ਼ਤਾ ਵਾਲੇ ਪ੍ਰਾਣੀਆਂ ਨੂੰ, ਆਪਸੀ ਸੰਭੋਗ ਦੁਆਰਾ ਸੰਤਾਨ ਉਪਜਾਉਣ ਲਈ ਇਨ੍ਹਾਂ ਦੇ ਸਾਥੀਆਂ ਨਾਲੋਂ ਵੱਖ ਕਰ ਦਿੱਤਾ ਜਾਂਦਾ ਹੈ। ਅਸੀਂ, ਜੇਕਰ, ਆਪਣੀ ਇੱਛਾ ਅਨੁਕੂਲ ਜੀਵਾਂ ਦੀਆਂ ਨਵੀਂਆਂ ਉਪਯੋਗੀ ਨਸਲਾਂ ਉਪਜਾਉਣ 'ਚ ਸਫਲ ਹੋਏ ਹਾਂ ਤਾਂ ਕੀ ਕੁਦਰਤ 'ਚ ਅਜਿਹਾ ਹੋਣਾ ਸੰਭਵ ਨਹੀਂ ? ਇਹੋ ਫੁਰਨਾ ਡਾਰਵਿਨ ਨੂੰ ਫੁਰਿਆ ਸੀ ਅਤੇ ਪਹਿਲੀ ਵਾਰ ਫੁਰਿਆ ਸੀ।
ਕੁਦਰਤ 'ਚ ਜੀਵ-ਨਸਲਾਂ, ਕਿਸੇ ਨਾ ਕਿਸੇ ਕਾਰਨ, ਟੁਕੜੀਆਂ 'ਚ ਆਪਣੇ-ਆਪ ਵੱਖ ਹੁੰਦੀਆਂ ਰਹਿੰਦੀਆਂ ਹਨ। ਕੋਈ ਨਾ ਕੋਈ ਵਿਘਨਕਾਰੀ ਵਿਵਸਥਾ ਇਨ੍ਹਾਂ ਨੂੰ ਇਕ ਦੂਜੀ ਨਾਲ ਮਿਲਣ ਨਹੀਂ ਦਿੰਦੀ। ਇਕ ਦੂਜੀ ਨਾਲੋਂ ਵੱਖ ਹੋਈਆਂ ਇਨ੍ਹਾਂ ਟੁਕੜੀਆਂ ਦਾ ਵਿਕਾਸ ਵੱਖ ਵੱਖ ਦਿਸ਼ਾਵਾਂ 'ਚ ਹੋਣ ਲੱਗਦਾ ਹੈ। ਲੰਬੇ ਸਮੇਂ ਤੱਕ ਇਕ ਦੂਜੇ ਨਾਲੋਂ ਵੱਖ ਰਹਿਣ ਉਪਰੰਤ, ਇਹ ਫਿਰ ਜੇਕਰ ਕਿਧਰੇ ਇਕ ਦੂਜੇ ਨੂੰ ਮਿਲ ਵੀ ਜਾਣ, ਤਦ ਵੀ ਇਨ੍ਹਾਂ 'ਚ ਸੰਭੋਗੀ ਸਬੰਧ ਕਾਇਮ ਨਹੀਂ ਹੋ ਸਕਦੇ।
ਇਕ ਨਸਲ ਦੇ ਦੋ ਜਾਂ ਦੋ ਤੋਂ ਵੀ ਵਧ ਨਸਲਾਂ 'ਚ ਇਸ ਢੰਗ ਨਾਲ ਵਿਕਸਿਤ ਹੋਣ ਦੀਆਂ ਉਦਾਹਰਣਾਂ ਆਮ ਹਨ। ਇਕ ਨਸਲ ਦੇ ਟੁਕੜੀਆਂ 'ਚ ਵੱਖ ਹੋ ਕੇ, ਫਿਰ ਅਲਹਿਦਗੀ 'ਚ ਵਿਚਰਨ ਕਾਰਨ, ਅਜਿਹਾ ਹੋ ਜਾਂਦਾ ਰਿਹਾ ਹੈ। ਪੈਨੈਮਾਂ ਥਲ-ਜੋੜ ਜਦ ਹੋਂਦ 'ਚ ਆਇਆ ਤਾਂ ਇਸ ਦੁਆਲੇ ਦੇ ਸਾਗਰ ਵਿਖੇ ਵਿਚਰਦੀਆਂ ਭਿੰਨ–ਭਿੰਨ ਨਸਲਾਂ ਦੇ ਜੀਵ, ਥਲ-ਜੋੜ ਦੇ ਆਸੀਂ-ਪਾਸੀਂ, ਇਕ ਦੂਜੇ ਨਾਲੋਂ ਵੱਖ ਹੋ ਗਏ ਸਨ। ਇਸ ਉਪਰੰਤ, ਇਹ ਵੱਖਰੀਆਂ ਦਿਸ਼ਾਵਾਂ 'ਚ ਵਿਕਸਿਤ ਹੋਏ। ਇਹ ਥਲ-ਜੋੜ ਅੱਜ ਤੋਂ ਲਗਭਗ 30 ਲੱਖ ਸਾਲ ਪਹਿਲਾਂ ਹੋਂਦ 'ਚ ਆ ਗਿਆ ਸੀ। ਇਕੋ ਨਸਲ ਦੇ ਤਦ ਵੱਖ ਹੋਏ ਜੀਵਾਂ ਨੂੰ ਮੁੜ ਕੇ ਜੇਕਰ ਅੱਜ ਇਕੱਠਿਆਂ ਕਰ ਦਿੱਤਾ ਜਾਵੇ, ਤਦ ਵੀ ਇਨ੍ਹਾਂ ਦੇ ਆਪਸ’ਚ ਸੰਭੋਗੀ ਸਬੰਧ ਮੁੜ ਕਾਇਮ ਹੋਣ ਦੀ ਕੋਈ ਸੰਭਾਵਨਾਂ ਨਹੀਂ। ਅਲਹਿਦਗੀ 'ਚ ਵਿਚਰਦੇ ਜੀਵਾਂ ਦਾ ਵਿਕਾਸ, ਦੁਆਲੇ ਵਿਅਪਕ ਹਾਲਾਤ ਅਨੁਕੂਲ, ਵੱਖਰੀਆਂ ਵੱਖਰੀਆਂ ਦਿਸ਼ਾਵਾਂ 'ਚ ਹੁੰਦਾ ਰਹਿੰਦਾ ਹੈ। ਅਲਹਿਦਗੀ’ਚ ਵਿਚਰਨਾਂ ਵੀ ਜੀਵਾਂ ਦੇ ਵਿਕਾਸ ਦਾ ਮੁੱਖ ਕਾਰਨ ਬਣਦਾ ਰਿਹਾ ਹੈ ਅਤੇ ਇਸ ਦੀਆਂ ਉਦਾਹਰਣਾਂ ਵੀ ਥਾਂ-ਪਰ-ਥਾਂ ਮਿਲ ਰਹੀਆਂ ਹਨ। ਅਮਰੀਕਾ, ਅਫ਼ਰੀਕਾ ਅਤੇ ਭਾਰਤ 'ਚ ਵਿਚਰਦੇ ਭਿੰਨ–ਭਿੰਨ ਪ੍ਰਾਣੀਆਂ ਦਾ ਅਤੇ ਮਨੁੱਖ ਦਾ ਵਿਕਾਸ ਇਹੋ ਦਰਸਾ ਰਿਹਾ ਹੈ।
ਜੇਕਰ ਅਫ਼ਰੀਕਾ ਦੇ ਵਾਸੀ ਯੂਰਪੀਨਾਂ ਨਾਲੋਂ ਭਿੰਨ ਦਿੱਸਦੇ ਹਨ ਤਾਂ ਇਸ ਲਈ ਕਿਉਂਕਿ ਇਹ ਲੰਬੇ ਸਮੇਂ ਤੋਂ ਵੱਖਰੇ ਵੱਖਰੇ ਦੁਆਲਿਆਂ 'ਚ ਵਿਚਰਦੇ ਰਹੇ ਹਨ। 40, 50 ਲੱਖ ਵਰ੍ਹੇ ਹੋਰ ਜੇਕਰ ਇਨ੍ਹਾਂ ਦੀ ਅਲਹਿਦਗੀ ਪਹਿਲਾਂ ਵਾਂਗ ਬਣੀ ਰਹਿ ਜਾਂਦੀ, ਤਦ ਸੰਭਵ ਸੀ ਕਿ ਇਹ ਦੋਵੇਂ ਕੌਮਾਂ ਦੋ ਨਸਲਾਂ 'ਚ ਵਟ ਜਾਂਦੀਆਂ। ਪਰ ਆਵਾਜਾਈ ਦੇ ਆਧੁਨਿਕ ਸਾਧਨਾਂ ਨੇ ਸੰਸਾਰ ਦੇ ਕਿਸੇ ਵੀ ਖੇਤਰ ਨੂੰ ਨਿਵੇਕਲਾ ਨਹੀਂ ਰਹਿਣ ਦਿੱਤਾ। ਸੰਸਾਰ ਭਰ ਦੀਆਂ ਲਗਭਗ ਸਾਰੀਆਂ ਕੌਮਾਂ ਇਕ-ਮਿਕ ਹੋਈ ਜਾ ਰਹੀਆਂ ਹਨ। ਸਮੁੱਚਾ ਸੰਸਾਰ ਮੱਕੀ , ਕਣਕ ਅਤੇ ਚੌਲਾਂ ਉਪਰ ਨਿਰਭਰ ਜੀਵਨ ਭੋਗ ਰਿਹਾ ਹੈ। ਜੋ ਅੱਜ ਜਾਪਾਨ 'ਚ ਮਿਲ ਰਿਹਾ ਹੈ, ਉਹ ਕੁਝ ਖਾਣ ਨੂੰ ਇਟਲੀ ਅਤੇ ਜਰਮਨੀ 'ਚ ਵੀ ਮਿਲ ਰਿਹਾ ਹੈ। ਸਭਨੀਂ ਥਾਵੀਂ ਏਅਰਕੰਡੀਸ਼ਨਰ ਤਾਪਮਾਨ ਨੂੰ ਇਕਸਾਰ ਬਣਾਈ ਰੱਖ ਰਹੇ ਹਨ। ਵੱਖ–ਵੱਖ ਕੌਮਾਂ ਦੇ ਵਿਅਕਤੀਆਂ ਵਿਚਕਾਰ ਸੰਭੋਗੀ ਸਬੰਧ ਕਾਇਮ ਹੋ ਰਹੇ ਹਨ, ਜਿਸ ਕਾਰਨ ਵੱਖ–ਵੱਖ ਦਿਸ਼ਾਵਾਂ ਅਪਣਾ ਚੁੱਕਾ ਕੌਮਾਂ-ਕਬੀਲਿਆਂ ਦਾ ਵਿਕਾਸ, ਅੱਜ, ਪਿਛਲੇ ਪੈਰੀਂ ਪਰਤ ਰਿਹਾ ਹੈ।
ਇਕ ਥਾਵੇਂ ਵਿਚਰਦੇ ਇਕ ਨਸਲ ਦੇ ਜੀਵ ਵੀ, ਕਈ ਵਾਰ, ਕਿਸੇ ਕਾਰਨ, ਟੁਕੜੀਆਂ 'ਚ ਵੱਖ ਹੋ ਜਾਂਦੇ ਹਨ ਅਤੇ ਫਿਰ ਇਹ ਵੱਖਰੀ ਦਿਸ਼ਾ 'ਚ ਵਿਕਸਿਤ ਹੋਣ ਲੱਗਦੇ ਹਨ। ਇਸ ਦੀ ਉਦਾਹਰਣ ਮਨੁੱਖ ਆਪ ਵੀ ਹੈ ਅਤੇ ਭਾਰਤ 'ਚ ਤਾਂ ਇਹ ਸਥਿਤੀ ਵਿਸ਼ੇਸ਼ ਵਿਆਪਕ ਹੈ, ਜਿਥੇ ਸਮਾਜ ਵਰਣਾਂ ਅਤੇ ਜ਼ਾਤਾਂ’ਚ ਵੰਡਿਆ ਵਿਚਰ ਰਿਹਾ ਹੈ। ਭਾਰਤ ਵਿਖੇ, ਸਦੀਆਂ ਤੋਂ, ਬਰਾਹਮਣ ਦਾ ਵਿਆਹ ਬਰਾਹਮਣ ਘਰਾਣੇ 'ਚ ਹੀ ਹੁੰਦਾ ਆ ਰਿਹਾ ਹੈ, ਦਲਿਤ ਨਾਲ ਨਹੀਂ, ਅਤੇ ਦਲਿਤ ਦਾ ਵਿਆਹ ਵੀ ਆਪਣੇ ਵਰਣ ਤੋਂ ਬਾਹਰ ਨਹੀਂ ਹੁੰਦਾ। ਗੋਤਰਾਂ, ਵਰਣਾਂ 'ਚ ਵਟੇ ਭਾਰਤੀ ਸਮਾਜ ਅੰਦਰਲੀ ਇਹ ਤਫਰੀਕ ਜੇਕਰ ਹੋਰ ਲੱਖਾਂ ਵਰ੍ਹੇ ਬਣੀ ਰਹਿ ਜਾਂਦੀ, ਜਿਹੜੀ ਕਿ ਵਿਆਪਕ ਸਥਿਤੀ 'ਚ ਸੰਭਵ ਨਹੀਂ ਜਾਪਦੀ, ਤਦ ਇਹ, ਇਕੋ ਥਾਵੇਂ ਵਿਚਰਦੀ ਇਕ ਨਸਲ ਦੇ ਭਿੰਨ–ਭਿੰਨ ਦਿਸ਼ਾਵਾਂ 'ਚ ਵਿਕਸਿਤ ਹੋਣ ਦੀ ਉਦਾਹਰਣ ਬਣ ਜਾਣੀ ਸੀ।
ਕਿਸੇ ਨਾ ਕਿਸੇ ਕਾਰਨ, ਇਕੋ ਥਾਵੇਂ ਵਿਚਰਦੇ ਪ੍ਰਾਣੀਆਂ ਨੂੰ ਸੰਭੋਗ ਲਈ ਆਪ-ਮੁਹਾਰਾ ਸਾਥ ਨਹੀਂ ਮਿਲਦਾ ਅਤੇ ਜੇਕਰ ਸਾਥ ਮਿਲ ਵੀ ਜਾਂਦਾ ਹੈ, ਤਦ, ਕਈ ਵਾਰ ਇਸ ਦਾ ਸਿੱਟਾ ਸੰਤਾਨ ਦੀ ਉਪਜ 'ਚ ਨਹੀਂ ਨਿਕਲਦਾ। ਅਜਿਹਾ, ਪ੍ਰਾਣੀਆਂ ਦੀ ਜੀਨਾਂ ਦੀ ਪੱਧਰ ਉਪਰ ਅਸੰਗਤੀ ਕਾਰਨ ਹੋ ਜਾਂਦਾ ਹੈ। ਕਈ ਵਾਰ, ਜੀਨਾਂ ਦੀ ਅਸੰਗਤੀ ਕਾਰਨ ਸੰਤਾਨ ਤਾਂ ਉਤਪੰਨ ਹੋ ਜਾਂਦੀ ਹੈ, ਪਰ ਉਤਪੰਨ ਹੋਈ ਸੰਤਾਨ ਦੀ ਫਿਰ ਅਗੋਂ ਸੰਤਾਨ ਉਤਪੰਨ ਨਹੀਂ ਹੁੰਦੀ। ਜੀਨਾਂ 'ਚ ਆਏ ਅੰਤਰ, ਛੇਕੜ ਅੰਗਾਂ ਦੇ ਅੰਤਰ ਬਣ ਜਾਂਦੇ ਹਨ ਅਤੇ ਜੇਕਰ ਅਜਿਹਾ ਸੰਭੋਗੀ ਅੰਗ ਨਾਲ ਵਾਪਰੇ ਤਾਂ ਇਸ ਕਾਰਨ ਵੀ ਇਕ ਥਾਵੇਂ ਵਿਚਰਦੇ ਜੀਵਾਂ ਦੇ ਆਪਸ 'ਚ ਸੰਭੋਗੀ ਸਬੰਧ ਨਹੀਂ ਬਣਦੇ। ਇਕੋ ਥਾਵੇਂ ਵਿਚਰਦੇ ਇਕ ਨਸਲ ਦੇ ਜੀਵਾਂ 'ਚ, ਇਸ ਪ੍ਰਕਾਰ, ਜੀਨਾਂ ਦਾ ਬਹਾਓ ਰੁੱਕ ਜਾਂਦਾ ਹੈ ਅਤੇ ਸਮੇਂ ਨਾਲ ਇਹ ਨਸਲ ਦੋ ਨਸਲਾਂ 'ਚ ਵੱਖ ਹੋ ਜਾਂਦੀ ਹੈ। ਬਾਵਜੂਦ ਇਸ ਦੇ ਕਿ ਇਹ ਜੀਵ ਵਿਚਰਦੇ ਇਕ ਥਾਵੇਂ ਹਨ ਅਤੇ ਇਕੋ ਜਿਹੇ ਹਾਲਾਤ ਅਧੀਨ ਵਿਚਰਦੇ ਹਨ, ਫਿਰ ਵੀ ਇਹ ਟੁੱਕੜੀਆਂ 'ਚ ਵੱਖ ਹੋਕੇ , ਵੱਖਰੀਆਂ ਦਿਸ਼ਾਵਾਂ 'ਚ ਵਿਕਸਿਤ ਹੋਣ ਲੱਗਦੇ ਹਨ।
ਸਾਡੇ ਪਿੰਡਾਂ ਦੀ ਵੀ ਇਹ ਸਥਿਤੀ ਹੈ ਕਿ ਜੱਟ ਅਤੇ ਬਾਣੀਆ ਰਹਿੰਦੇ ਇਕ ਪਿੰਡ 'ਚ ਹਨ, ਪਰ ਇਹ ਵਿਚਰਦੇ ਵੱਖਰੇ ਢੰਗ ਨਾਲ ਹਨ। ਜੱਟ ਵਪਾਰ ਨਹੀਂ ਕਰ ਸਕਦਾ ਅਤੇ ਬਾਣੀਆ ਹੱਲ ਨਹੀਂ ਵਾਹ ਸਕਦਾ ਅਤੇ ਨਾ ਹੀ ਇਕ ਦਾ ਵਿਆਹ ਦੂਜੇ ਦੇ ਟੱਬਰ 'ਚ ਹੋਣ ਦੀ ਸੰਭਾਵਨਾਂ ਹੁੰਦੀ ਹੈ। ਇਹ ਵਿਕਾਸ ਦੀ ਨਹੀਂ, ਇਕ ਭਾਈਚਾਰੇ ਦੇ ਦੋ 'ਚ ਵੰਡੇ ਜਾਣ ਦੀ ਉਦਾਹਰਣ ਹੈ। ਇਸ ਪ੍ਰਕਾਰ ਦੀ ਵੰਡ ਨਵੀਂ ਨਸਲ ਦੇ ਵਿਕਾਸ ਦੀ ਭੂਮਿਕਾ ਤਦ ਸਿੱਧ ਹੋ ਸਕਦੀ ਹੈ, ਜੇਕਰ ਇਹ ਲੱਖਾਂ ਵਰ੍ਹਿਆਂ ਤੱਕ ਬਣੀ ਰਹਿ ਜਾਵੇ। ਗੱਲ ਕੇਵਲ ਇੰਨੀ ਹੈ ਕਿ ਸਮੇਂ ਨਾਲ ਇਕ ਨਸਲ ਦਾ ਦੋ ਜਾਂ ਦੋ ਤੋਂ ਵੱਧ ਨਸਲਾਂ 'ਚ ਵਟ ਜਾਣ ਦਾ ਕਾਰਨ, ਇਸ ਦਿਆਂ ਜੀਵਾਂ ਦੇ ਸੰਭੋਗੀ ਸਬੰਧਾਂ ਦਾ ਬਣਿਆ ਨਾ ਰਹਿਣਾ ਹੈ, ਜਿਸ ਦਾ ਦਿਖਾਈ ਦਿੰਦਾ ਜਾਂ ਨਾ ਦਿਖਾਈ ਦਿੰਦਾ ਕੋਈ ਵੀ ਕਾਰਨ ਹੋ ਸਕਦਾ ਹੈ।
ਲੇਖਕ : ਡਾ. ਸੁਰਜੀਤ ਸਿੰਘ ਢਿੱਲੋਂ,
ਸਰੋਤ : ਡਾ.ਸੁਰਜੀਤ ਸਿੰਘ ਢਿੱਲੋਂ, ਸਾਬਕਾ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1836, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-17, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First