ਨਸ਼ੇ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਨਸ਼ੇ: ਨਸ਼ਿਆਂ ਦਾ ਸੇਵਨ ਮਨੁੱਖ ਦੇ ਸਦਾਚਾਰੀ ਜੀਵਨ ਨੂੰ ਕਲੰਕਿਤ ਕਰਨ ਵਿਚ ਨਕਾਰਾਤਮਕ ਭੂਮਿਕਾ ਨਿਭਾਉਣ ਵਾਲੀ ਬਿਰਤੀ ਹੈ। ਇਨ੍ਹਾਂ ਦੇ ਸੇਵਨ ਨਾਲ ਮਨੁੱਖ ਆਪਣਾ ਦਿਮਾਗ਼ੀ ਸੰਤੁਲਨ ਖ਼ਤਮ ਕਰ ਲੈਂਦਾ ਹੈ ਅਤੇ ਫਿਰ ਅਨੇਕ ਪ੍ਰਕਾਰ ਦੇ ਕੁਕਰਮਾਂ ਵਲ ਰੁਚਿਤ ਹੁੰਦਾ ਹੈ। ਨਸ਼ਾ ਕਰਨ ਦੀ ਸਮਸਿਆ ਮਨੁੱਖ ਦੇ ਇਤਿਹਾਸ ਜਿਤਨੀ ਹੀ ਪੁਰਾਣੀ ਹੈ। ਸਮੇਂ ਸਮੇਂ ਇਨ੍ਹਾਂ ਦਾ ਪਰਹੇਜ ਕਰਨ ਲਈ ਧਰਮ-ਸਾਧਕ ਅਤੇ ਸਮਾਜ-ਸੁਧਾਰਕ ਤਾਕੀਦ ਕਰਦੇ ਆਏ ਹਨ।
ਸਿੱਖ ਧਰਮ ਵਿਚ ਨਸ਼ਿਆਂ ਦੇ ਸੇਵਨ ਉਤੇ ਗੁਰੂ ਸਾਹਿਬਾਨ ਵਲੋਂ ਪੂਰੀ ਮਨਾਹੀ ਹੈ। ਨਸ਼ਿਆਂ ਵਿਚੋਂ ਸਭ ਤੋਂ ਅਧਿਕ ਚਰਚਿਤ ਅਤੇ ਪੰਜਾਬ ਵਿਚ ਸਭ ਪ੍ਰਾਂਤਾਂ ਤੋਂ ਅਧਿਕ ਵਰਤਿਆ ਜਾਣ ਵਾਲਾ ਨਸ਼ਾ ਸ਼ਰਾਬ ਹੈ। ਸਮੁੰਦਰ ਰਿੜਕਣ ਦੀ ਪੌਰਾਣਿਕ ਕਥਾ ਵਿਚ ਇਸ ਨੂੰ ਚੌਦਾਂ ਰਤਨਾਂ ਵਿਚ ਸ਼ਾਮਲ ਕੀਤਾ ਗਿਆ। ਇਸ ਨੂੰ ਹੋਸ਼ਿਆਰੀ ਨਾਲ ਦੇਵਤਿਆਂ ਨੇ ਦੈਂਤਾਂ ਦੇ ਪੇਟੇ ਪਾ ਦਿੱਤਾ ਅਤੇ ਆਪ ਅੰਮ੍ਰਿਤ ਲੈ ਲਿਆ। ਇਸ ਤਰ੍ਹਾਂ ਸਮੁੰਦਰ ਮੰਥਨ ਦੀ ਰੂਪਕਾਤਮਕ ਸ੍ਰਿਸ਼ਟੀ ਦੁਆਰਾ ਸ਼ਰਾਬ ਦਾ ਸੇਵਨ ਦੈਂਤ ਪ੍ਰਵ੍ਰਿੱਤੀਆਂ ਨੂੰ ਵਿਕਸਿਤ ਕਰਨ ਵਾਲਾ ਨਸ਼ਾ ਸਿੱਧ ਹੁੰਦਾ ਹੈ। ਸ਼ਾਕਤ ਮਤ ਵਿਚ ਇਸ ਨੂੰ ਪੰਜ ਮਕਾਰਾਂ ਵਿਚ ਪਹਿਲਾ ਸਥਾਨ ਦਿੱਤਾ ਗਿਆ ਹੈ। ਸ਼ਰਾਬ ਦਾ ਸੇਵਨ ਦਿਲ , ਜਿਗਰ ਅਤੇ ਦਿਮਾਗ਼ ਉਤੇ ਮਾਰੂ ਅਸਰ ਪਾਉਂਦਾ ਹੈ। ਸਪੱਸ਼ਟ ਹੈ ਕਿ ਇਸ ਦਾ ਸੇਵਨ ਮਨੁੱਖ ਦੇ ਸ਼ਰੀਰ, ਸੋਚ ਅਤੇ ਆਚਾਰ-ਵਿਚਾਰ ਲਈ ਹਾਨੀਕਾਰਕ ਹੈ।
ਗੁਰਬਾਣੀ ਵਿਚ ਸ਼ਰਾਬ ਪੀਣਾ ਵਰਜਿਤ ਹੈ। ਗੁਰੂ ਅਮਰਦਾਸ ਜੀ ਨੇ ਕਿਹਾ ਹੈ ਕਿ ਜਿਸ ਦੇ ਪੀਣ ਨਾਲ ਮਤਿ ਵਿਗੜਦੀ ਹੈ, ਆਪਣੇ ਪਰਾਏ ਦੀ ਪਛਾਣ ਖ਼ਤਮ ਹੋ ਜਾਂਦੀ ਹੈ ਅਤੇ ਪਰਮਾਤਮਾ ਦੇ ਨਾਮ ਨੂੰ ਭੁਲ ਜਾਣ ਕਾਰਣ ਸਚੀ ਦਰਗਾਹ ਵਿਚ ਅਪਮਾਨਿਤ ਹੋਈਦਾ ਹੈ, ਅਜਿਹੇ ਝੂਠੇ ਮਦ ਦਾ ਕਦੇ ਵੀ ਸੇਵਨ ਨਹੀਂ ਕਰਨਾ ਚਾਹੀਦਾ :
ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ।
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ।
ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ।
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰ ਵਸਾਇ।
(ਗੁ.ਗ੍ਰੰ.554)
ਭਗਤ ਰਵਿਦਾਸ ਨੇ ਗੰਗਾ-ਜਲ ਦੀ ਬਣੀ ਸ਼ਰਾਬ ਨੂੰ ਵੀ ਸੰਤਾਂ ਲਈ ਵਰਜਿਤ ਮੰਨਿਆ ਹੈ—ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ ਸੰਤ ਜਨ ਕਰਤ ਨਹੀ ਪਾਨੰ। (ਗੁ. ਗ੍ਰੰ.1293)।
ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਸੰਤ ਕਬੀਰ ਜੀ ਦੀ ਬਾਣੀ ਵਿਚ ਲਿਖਿਆ ਹੈ ਕਿ ਨਸ਼ਿਆਂ ਦੇ ਸੇਵਨ ਨਾਲ ਸਾਰੇ ਅਧਿਆਤਮਿਕ ਕਰਮ ਅਤੇ ਅਨੁਸ਼ਠਾਨ ਨਿਸਫਲ ਹੋ ਜਾਂਦੇ ਹਨ— ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ। ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ। (ਗੁ.ਗ੍ਰੰ.1377)। ਗੁਰੂ ਨਾਨਕ ਦੇਵ ਜੀ ਨੇ ਆਸਾ ਰਾਗ ਵਿਚ ਸ਼ਰਾਬ ਕੱਢਣ ਵਿਚ ਸਾਰੇ ਸਹਾਇਕ ਤੱਤ੍ਵਾਂ ਨੂੰ ਨਵੇਂ ਪਰਿਭਾਸ਼ਿਕ ਅਰਥ ਦੇ ਕੇ ਸਾਧਕ ਨੂੰ ਸਚੀ ਸਮਾਧੀ ਲਗਾਉਣ ਲਈ ਪ੍ਰੇਰਿਆ ਹੈ—ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ। ਭਾਟੀ ਭਵਨੁ ਪ੍ਰੇਮ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ। (ਗੁ. ਗ੍ਰੰ.360)।
ਸਿੱਖ ਰਹਿਤਨਾਮਿਆਂ ਵਿਚ ਨਸ਼ਿਆਂ ਨੂੰ ਨ ਵਰਤਣ ਲਈ ਬਹੁਤ ਤਾਕੀਦ ਕੀਤੀ ਗਈ ਹੈ। ਨਮੂਨੇ ਵਜੋਂ ਭਾਈ ਦੇਸਾ ਸਿੰਘ ਨੇ ਲਿਖਿਆ ਹੈ—
ਪਰ ਨਾਰੀ ਜੂਆ ਅਸਤਿ ਚੋਰੀ ਮਦਰਾ ਜਾਨ।
ਪਾਂਚ ਐਬ ਇਹ ਜਗਤ ਮਹਿ ਤਜੇ ਸੋ ਸਿੰਘ ਸੁਜਾਨ।...
ਕੁਠਾ ਹੁੱਕਾ ਚਰਸ ਤਮਾਕੂ। ਗਾਂਜਾ ਟੋਪੀ ਤਾੜੀ ਖਾਕੂ।
ਇਨਕੀ ਓਰ ਨ ਕਬਹੂੰ ਦੇਖੈ। ਰਹਿਤਵੰਤ ਸੋ ਸਿੰਘ ਵਿਸੇਖੈ।
ਗੁਰੂ ਗ੍ਰੰਥ ਸਾਹਿਬ ਵਿਚ ਨਸ਼ਿਆਂ ਦੀ ਵਰਜਨਾ ਅਤੇ ਰਹਿਤਨਾਮਿਆਂ ਵਿਚ ਹੋਈ ਇਨ੍ਹਾਂ ਦੇ ਸੇਵਨ ਪ੍ਰਤਿ ਤਾੜਨਾ ਨੂੰ ਮੁਖ ਰਖਦਿਆਂ ਸਹਿਜ ਹੀ ਇਹ ਕਿਹਾ ਜਾ ਸਕਦਾ ਹੈ ਕਿ ਹਰ ਸਿੱਖ ਲਈ ਲਾਜ਼ਮੀ ਹੈ ਕਿ ਉਹ ਨਸ਼ਿਆਂ ਦੀ ਵਰਤੋਂ ਨ ਕਰੇ। ਪਰ ਸਹੀ ਪ੍ਰਚਾਰ ਦੇ ਅਭਾਵ ਅਤੇ ਧਰਮ ਲਈ ਪ੍ਰਤਿਬੱਧਤਾ ਦੀ ਘਾਟ ਕਾਰਣ ਅਨੇਕ ਸਿੱਖ ਨਸ਼ਿਆਂ ਦੀ ਬੇਦਰੇਗ਼ ਵਰਤੋਂ ਕਰਦੇ ਹਨ। ਅਜਿਹਾ ਕਰਨ ਵਿਚ ਪ੍ਰਚਾਰਕ ਅਤੇ ਧਰਮ-ਆਗੂ ਵੀ ਪਿਛੇ ਨਹੀਂ। ਫਲਸਰੂਪ ਨਵੀਂ ਪੀੜ੍ਹੀ ਕੁਰਾਹੇ ਪੈ ਰਹੀ ਹੈ, ਜਿਸ ਬਾਰੇ ਸਿੱਖ ਕੌਮ ਨੂੰ ਸਾਵਧਾਨ ਹੋਣ ਦੀ ਲੋੜ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12153, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First