ਨਾਂਦੇੜ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਨਾਂਦੇੜ (ਨਗਰ): ਮਹਾਰਾਸ਼ਟਰ ਪ੍ਰਦੇਸ਼ ਦਾ ਇਕ ਜ਼ਿਲ੍ਹਾ ਨਗਰ ਜੋ ਗੋਦਾਵਰੀ ਨਦੀ ਦੇ ਖਬੇ ਕੰਢੇ ਉਤੇ ਵਸਿਆ ਹੋਇਆ ਹੈ। ਇਥੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਆਏ ਸਨ। ਇਸ ਨਗਰ ਨੂੰ ਸਿੱਖ ਜਗਤ ਵਿਚ ‘ਹਜ਼ੂਰ ਸਾਹਿਬ’ (ਵੇਖੋ) ਵੀ ਕਿਹਾ ਜਾਂਦਾ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਇਥੇ ਸਮਾਏ ਸਨ ਅਤੇ ਇਥੇ ਹੀ ਉਨ੍ਹਾਂ ਨੇ ਗ੍ਰੰਥ ਸਾਹਿਬ ਨੂੰ ਗੁਰੂ-ਪਦ ਪ੍ਰਦਾਨ ਕੀਤਾ ਸੀ। ਇਸ ਨੂੰ ਤਖ਼ਤ ਸਾਹਿਬਾਂ ਵਿਚ ਵੀ ਗਿਣਿਆ ਜਾਂਦਾ ਹੈ। ਇਸ ਨਗਰ ਨਾਲ ਸੰਬੰਧਿਤ ਕਈ ਗੁਰੂ-ਧਾਮ ਹਨ ਜਿਨ੍ਹਾਂ ਬਾਰੇ ਸੰਖੇਪ ਪਰਿਚਯ ਇਸ ਪ੍ਰਕਾਰ ਹੈ :

ਤਖ਼ਤ ਸਚਖੰਡ ਹਜੂਰ ਸਾਹਿਬ ਜਿਥੇ ਗੁਰੂ ਗੋਬਿੰਦ ਸਿੰਘ ਜੀ ਮੁਗ਼ਲ ਸਮ੍ਰਾਟ ਬਹਾਦਰ ਸ਼ਾਹ ਨਾਲ ਸੰਨ 1708 ਈ. ਦੇ ਅਗਸਤ ਮਹੀਨੇ ਦੇ ਆਖੀਰ ਵਿਚ ਪਹੁੰਚੇ ਸਨ। ਬਾਦਸ਼ਾਹ ਗੋਦਾਵਰੀ ਨਦੀ ਪਾਰ ਕਰਕੇ ਗੋਲਕੁੰਡਾ ਵਲ ਚਲਾ ਗਿਆ ਅਤੇ ਗੁਰੂ ਜੀ ਨਾਂਦੇੜ ਵਿਚ ਹੀ ਰਹੇ। ਇਥੇ ਠਹਿਰ ਦੌਰਾਨ ਗੁਰੂ ਜੀ ਨੇ ਇਕ ਬੈਰਾਗੀ ਮਾਧੋਦਾਸ (ਨਾਮਾਂਤਰ ਲਛਮਣ ਦੇਵ) ਨੂੰ ਅੰਮ੍ਰਿਤ ਪਾਨ ਕਰਾ ਕੇ ਸਿੰਘ ਸਜਾਇਆ ਅਤੇ ਉਸ ਦਾ ਨਾਂ ਗੁਰਬਖ਼ਸ਼ ਸਿੰਘ ਰਖਿਆ ਪਰ ਆਮ ਤੌਰ ’ਤੇ ਪ੍ਰਚਲਿਤ ਬੰਦਾ ਸਿੰਘ ਬਹਾਦਰ ਹੋਇਆ। ਬੰਦਾ ਬਹਾਦਰ ਨੂੰ ਪੰਜ ਸਿੰਘਾਂ ਸਹਿਤ ਪੰਜਾਬ ਵਲ ਭੇਜਿਆ ਕਿ ਜ਼ਾਲਮਾਂ ਨੂੰ ਸੋਧਿਆ ਜਾਏ। ਗੁਰੂ ਗੋਬਿੰਦ ਸਿੰਘ ਜੀ ਅਤੇ ਬਹਾਦੁਰ ਸ਼ਾਹ ਵਿਚ ਵਧਦੀ ਦੋਸਤੀ ਤੋਂ ਘਬਰਾਉਂਦੇ ਹੋਏ ਸਰਹਿੰਦ ਦੇ ਸੂਬੇ ਵਜ਼ੀਰਖ਼ਾਨ ਨੇ ਗੁਰੂ ਜੀ ਨੂੰ ਮਾਰਨ ਲਈ ਦੋ ਪਠਾਣ ਨਾਂਦੇੜ ਭੇਜੇ। ਇਹ ਦੋਵੇਂ ਪਠਾਣ ਗੁਰੂ ਜੀ ਦੀ ਠਹਿਰ ਵਾਲੀ ਥਾਂ ਉਤੇ ਬੜੇ ਅਦਬ ਅਤੇ ਸ਼ਰਧਾ ਨਾਲ ਨਿਤ ਆਉਂਦੇ ਰਹੇ। ਇਕ ਦਿਨ ਮੌਕਾ ਤਾੜ ਕੇ ਤੰਬੂ ਵਿਚ ਗੁਰੂ ਜੀ ਨੂੰ ਇਕੱਲੇ ਬੈਠੇ ਵੇਖ ਕੇ ਉਨ੍ਹਾਂ ਨੇ ਛੁਰਾ ਮਾਰ ਦਿੱਤਾ। ਉਨ੍ਹਾਂ ਵਿਚੋਂ ਇਕ ਨੂੰ ਗੁਰੂ ਜੀ ਨੇ ਖ਼ੁਦ ਹੀ ਕਟਾਰ ਨਾਲ ਪਾਰ ਬੁਲਾਇਆ ਅਤੇ ਦੂਜੇ ਨੂੰ ਬਾਹਰ ਵਲ ਭਜਦਿਆਂ ਸਿੰਘਾਂ ਨੇ ਮਾਰ ਦਿੱਤਾ। ਗੁਰੂ ਜੀ ਦਾ ਜ਼ਖ਼ਮ ਸੀਤਾ ਗਿਆ ਅਤੇ ਉਹ ਸੁਅਸਥ ਹੋ ਚਲੇ। ਪਰ ਇਕ ਦਿਨ ਨਵੀਂ ਆਈ ਕਿਸੇ ਕਮਾਨ ਦਾ ਚਿੱਲਾ ਚੜ੍ਹਾਉਣ ਵੇਲੇ ਜ਼ਖ਼ਮ ਖੁਲ੍ਹ ਗਿਆ ਅਤੇ ਖ਼ੂਨ ਦੇ ਅਧਿਕ ਵਹਿ ਜਾਣ ਕਾਰਣ ਸ਼ਰੀਰ ਦੀ ਸਥਿਤੀ ਸੁਧਰ ਨ ਸਕੀ। ਗੁਰੂ ਜੀ ਨੇ ਗ੍ਰੰਥ ਸਾਹਿਬ ਨੂੰ ਗੁਰੂ-ਪਦ ਪ੍ਰਦਾਨ ਕਰਦੇ ਹੋਇਆਂ 7 ਅਕਤੂਬਰ 1708 ਈ. ਨੂੰ ਪ੍ਰਾਣਾਂ ਦਾ ਮੋਹ ਤਿਆਗ ਦਿੱਤਾ। ਪਿਛੇ ‘ਗੁਰੂ ਕਾ ਲਿੰਗਰ’ ਦੀ ਵਿਵਸਥਾ ਚਲਾਈ ਰਖਣ ਲਈ ਭਾਈ ਸੰਤੋਖ ਸਿੰਘ ਨੂੰ ਜ਼ਿੰਮੇਵਾਰੀ ਸੌਂਪ ਦਿੱਤੀ। ਸੰਨ 1823 ਈ. ਦੇ ਨੇੜੇ-ਤੇੜੇ ਗੁਰੂ-ਧਾਮ ਦੀ ਵਿਵਸਥਾ ਹੈਦਰਾਬਾਦ ਰਿਆਸਤ ਦੇ ਦੀਵਾਨ ਰਾਜਾ ਚੰਦੂ ਲਾਲ ਨੇ ਉਦਾਸੀ ਸਾਧਾਂ ਦੇ ਹਵਾਲੇ ਕੀਤੀ ਅਤੇ 525 ਏਕੜ ਜ਼ਮੀਨ ਗੁਰਦੁਆਰੇ ਦੇ ਨਾਂ ਲਗਵਾਈ। ਸੰਨ 1832 ਈ. ਵਿਚ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਤੋਂ ਮਿਸਤਰੀ ਭੇਜ ਕੇ ਗੁਰੂ-ਧਾਮ ਦੀ ਨਵੀਂ ਇਮਾਰਤ ਉਸਰਵਾਈ। ਉਨ੍ਹਾਂ ਮਿਸਤਰੀਆਂ ਵਿਚੋਂ ਬਹੁਤੇ ਉਥੇ ਹੀ ਰਹਿਣ ਲਗ ਗਏ। ਉਧਰ ਰਿਆਸਤ ਦੀ ਫ਼ੌਜ ਵਿਚ ਵੀ ਸਿੱਖਾਂ ਦੀ ਇਕ ਪਲਟਨ ਬਣਾਈ ਗਈ। ਇਸ ਤਰ੍ਹਾਂ ਸਿੱਖ ਸਾਧਕਾਂ ਅਤੇ ਅਨੁਯਾਈਆਂ ਦੀ ਆਬਾਦੀ ਵਧ ਗਈ। ਗੁਰੂ-ਧਾਮ ਦੀ ਵਿਵਸਥਾ ਵੀ ਸਿੱਖ ਖ਼ੁਦ ਕਰਨ ਲਗ ਗਏ, ਪਰ ਗੁਰੂ-ਧਾਮ ਦਾ ਸਮੁੱਚਾ ਪ੍ਰਬੰਧ ਰਿਆਸਤ ਕੋਲ ਰਿਹਾ। 20 ਸਤੰਬਰ 1956 ਈ. ਨੂੰ ‘ਨਾਂਦੇੜ ਸਿੱਖ ਗੁਰਦੁਆਰਾ ਐਕਟ’ ਪਾਸ ਕਰਕੇ 17 ਮੈਂਬਰਾਂ ਦਾ ਇਕ ‘ਗੁਰਦੁਆਰਾ ਬੋਰਡ ’ ਸਥਾਪਿਤ ਕੀਤਾ ਗਿਆ ਅਤੇ ਪੰਜ ਮੈਂਬਰਾਂ ਦੀ ਮੈਨੇਜਿੰਗ ਕਮੇਟੀ ਵੀ ਬਣਾ ਦਿੱਤੀ ਗਈ। ਇਸ ਗੁਰੂ-ਧਾਮ (ਤਖ਼ਤ ਸਾਹਿਬ) ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਇਕ ਚਕ੍ਰ , ਇਕ ਚੌੜਾ ਤੇਗਾ , ਫੌਲਾਦ ਦੀ ਕਮਾਨ, ਗੁਰਜ , ਤੀਰ , ਸੁਨਹਿਰੀ ਕ੍ਰਿਪਾਨ ਅਤੇ ਪੰਜ ਸੁਨਹਿਰੀ ਸ੍ਰੀ ਸਾਹਿਬਾਂ ਆਦਿ ਯਾਦਗਾਰੀ ਵਸਤੂਆਂ ਸੰਭਾਲੀਆਂ ਹੋਈਆਂ ਹਨ।

            ਗੁਰਦੁਆਰਾ ਹੀਰਾ ਘਾਟ ਜੋ ਗੋਦਾਵਰੀ ਨਦੀ ਦੇ ਖੱਬੇ ਕੰਢੇ ਉਤੇ ਨਾਂਦੇੜ ਨਗਰ ਤੋਂ 9 ਕਿ.ਮੀ. ਉਤਰ- ਪੂਰਬ ਵਲ ਸਥਿਤ ਹੈ। ਨਾਂਦੇੜ ਪਹੁੰਚਣ’ਤੇ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਥੇ ਡੇਰਾ ਲਗਾਇਆ ਸੀ। ਕਹਿੰਦੇ ਹਨ ਮੁਗ਼ਲ ਸਮ੍ਰਾਟ ਬਹਾਦੁਰ ਸ਼ਾਹ ਨੇ ਇਥੇ ਗੁਰੂ ਜੀ ਨੂੰ ਇਕ ਹੀਰਾ ਭੇਂਟ ਕੀਤਾ, ਪਰ ਗੁਰੂ ਜੀ ਨੇ ਉਹ ਹੀਰਾ ਨਦੀ ਵਿਚ ਸੁਟ ਦਿੱਤਾ। ਹੈਰਾਨ ਅਤੇ ਪਰੇਸ਼ਾਨ ਹੋਏ ਬਾਦਸ਼ਾਹ ਨੂੰ ਗੁਰੂ ਜੀ ਨੇ ਜਲ ਵਿਚ ਅਣਗਿਣਤ ਹੀਰੇ ਵਿਖਾ ਕੇ ਸਹਿਜ ਕੀਤਾ।

            ਗੁਰਦੁਆਰਾ ਮਾਤਾ ਸਾਹਿਬ ਦੇਵਾਂ ਜੋ ਗੁਰਦੁਆਰਾ ਹੀਰਾ ਘਾਟ ਦੇ ਨੇੜੇ ਦੱਖਣ-ਪੂਰਬ ਵਲ ਸਥਿਤ ਹੈ। ਇਥੇ ਮਾਤਾ ਜੀ ਨੇ ਗੁਰੂ ਜੀ ਨਾਲ ਆ ਕੇ ਕੁਝ ਸਮੇਂ ਲਈ ਨਿਵਾਸ ਕੀਤਾ ਸੀ ਅਤੇ ‘ਗੁਰੂ ਕਾ ਲਿੰਗਰ’ ਦੀ ਵਿਵਸਥਾ ਕੀਤੀ ਸੀ। ਗੁਰੂ ਜੀ ਦੇ ਮਹਾਪ੍ਰਸਥਾਨ ਤੋਂ ਪਹਿਲਾਂ ਹੀ ਉਹ ਉਥੋਂ ਦਿੱਲੀ ਚਲੇ ਗਏ ਸਨ। ਇਸ ਗੁਰੂ-ਧਾਮ ਦੀ ਇਮਾਰਤ ਸੰਨ 1977 ਈ. ਵਿਚ ਮੁਕੰਮਲ ਹੋਈ ਹੈ। ਇਸ ਦੀ ਸੇਵਾ ਸੰਭਾਲ ਨਿਹੰਗ ਸਿੰਘ ਕਰਦੇ ਹਨ।

            ਗੁਰਦੁਆਰਾ ਸ਼ਿਕਾਰ ਘਾਟ ਜੋ ਗੋਦਾਵਰੀ ਨਦੀ ਦੇ ਖਬੇ ਕੰਢੇ ਉਤੇ ਕੁਝ ਹਟਵੀਂ ਇਕ ਪਹਾੜੀ ਉਪਰ ਬਣਿਆ ਹੋਇਆ ਹੈ। ਗੁਰੂ ਜੀ ਇਥੇ ਸ਼ਿਕਾਰ ਦੌਰਾਨ ਠਹਿਰਦੇ ਸਨ। ਇਸ ਦੀ ਨਵੀਂ ਇਮਾਰਤ ਬਾਬਾ ਜੀਵਨ ਸਿੰਘ ਅਤੇ ਬਾਬਾ ਦਲੀਪ ਸਿੰਘ ਨੇ ਸੰਨ 1971 ਈ. ਵਿਚ ਮੁਕੰਮਲ ਕਰਵਾਈ ਸੀ। ਇਸ ਦੀ ਵਿਵਸਥਾ ‘ਗੁਰਦੁਆਰਾ ਬੋਰਡ’ ਵਲੋਂ ਕੀਤੀ ਜਾਂਦੀ ਹੈ।

            ਗੁਰਦੁਆਰਾ ਨਗੀਨਾ ਘਾਟ ਤਖ਼ਤ ਸਾਹਿਬ ਦੇ ਨੇੜੇ ਗੋਦਾਵਰੀ ਨਦੀ ਦੇ ਕੰਢੇ ਉਪਰ ਬਣਿਆ ਹੋਇਆ ਹੈ। ਇਸ ਗੁਰੂ-ਧਾਮ ਦਾ ਪਿਛੋਕੜ ਗੁਰਦੁਆਰਾ ਹੀਰਾ ਘਾਟ ਨਾਲ ਮਿਲਦਾ ਜੁਲਦਾ ਹੈ। ਇਥੇ ਇਕ ਵਣਜਾਰੇ ਸਿੱਖ ਵਲੋਂ ਭੇਂਟ ਕੀਤਾ ਨਗੀਨਾ ਗੁਰੂ ਜੀ ਨੇ ਨਦੀ ਵਿਚ ਸੁਟ ਕੇ ਉਸ ਨੂੰ ਢੇਰਾਂ ਨਗੀਨੇ ਨਦੀ ਵਿਚ ਪਏ ਵਿਖਾ ਦਿੱਤੇ। ਇਸ ਗੁਰਦੁਆਰੇ ਦੀ ਉਸਾਰੀ ਰਾਜਾ ਗੁਲਾਬ ਸਿੰਘ ਸੇਠੀ , ਦਿੱਲੀ ਵਾਲੇ ਨੇ ਕਰਵਾਈ ਅਤੇ ਇਹ ਸੰਨ 1968 ਈ. ਵਿਚ ਮੁਕੰਮਲ ਹੋਇਆ ਸੀ। ਇਸ ਦੀ ਵਿਵਸਥਾ ‘ਗੁਰਦੁਆਰਾ ਬੋਰਡ ਤਖ਼ਤ ਸਚਖੰਡ’ ਵਲੋਂ ਕੀਤੀ ਜਾਂਦੀ ਹੈ।

            ਗੁਰਦੁਆਰਾ ਬਾਬਾ ਬੰਦਾ ਬਹਾਦਰ ਘਾਟ ਸਾਹਿਬਉਸ ਥਾਂ ਉਸਰਿਆ ਹੋਇਆ ਹੈ, ਜਿਥੇ ਗੋਦਾਵਾਰੀ ਨਦੀ ਦੇ ਕੰਢੇ ਉਤੇ ਮਾਧੋ ਦਾਸ ਬੈਰਾਗੀ ਦੀ ਕੁਟੀਆ ਸੀ। ਗੁਰੂ ਜੀ ਨੇ ਬੈਰਾਗੀ ਦੇ ਮੰਜੇ ਉਤੇ ਬੈਠ ਕੇ ਉਸ ਦੀ ਜਾਦੂਈ ਸ਼ਕਤੀ ਦਾ ਹੰਕਾਰ ਤੋੜਿਆ ਅਤੇ ਅੰਮ੍ਰਿਤ ਦੀ ਦਾਤ ਬਖ਼ਸ਼ ਕੇ ਪੰਜ ਸਿੰਘਾਂ ਸਹਿਤ 5 ਅਕਤੂਬਰ 1708 ਈ. ਨੂੰ ਪੰਜਾਬ ਵਲ ਤੋਰਿਆ। ਇਸ ਦੀ ਵਿਵਸਥਾ ‘ਗੁਰਦੁਆਰਾ ਬੋਰਡ ਤਖ਼ਤ ਸਚਖੰਡ’ ਵਲੋਂ ਕੀਤੀ ਜਾਂਦੀ ਹੈ।

            ਗੁਰਦੁਆਰਾ ਮਾਲਟੇਕਰੀ ਸਾਹਿਬ ਉਸ ਥਾਂ ਉਤੇ ਉਸਰਿਆ ਹੋਇਆ ਹੈ ਜਿਥੇ ਗੁਰੂ ਨਾਨਕ ਦੇਵ ਜੀ ਆਪਣੀ ਦੱਖਣ ਦੀ ਉਦਾਸੀ ਦੌਰਾਨ ਪਧਾਰੇ ਸਨ ਅਤੇ ਇਕ ਮੁਸਲਮਾਨ ਫ਼ਕੀਰ ਲਕੜਸ਼ਾਹ ਨਾਲ ਗੋਸਟਿ ਕੀਤੀ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਇਥੋਂ ਗੁਪਤ ਖ਼ਜ਼ਾਨਾ ਪ੍ਰਗਟ ਕਰਕੇ ਉਸ ਵਿਚੋਂ ਆਪਣੇ ਸੈਨਿਕਾਂ ਨੂੰ ਗੁਰਦੁਆਰਾ ਸੰਗਤ ਸਾਹਿਬ ਵਾਲੇ ਸਥਾਨ ਉਤੇ ਤਨਖ਼ਾਹ ਵੰਡੀ ਸੀ ਅਤੇ ਬਾਕੀ ਬਚਦਾ ਧਨ ਇਥੇ ਹੀ ਦਬ ਦਿੱਤਾ ਸੀ। ਫ਼ਕੀਰ ਲਕੜਸ਼ਾਹ ਦੀ ਕਬਰ ਵੀ ਨੇੜੇ ਹੀ ਬਣੀ ਹੋਈ ਹੈ। ਇਹ ਗੁਰੂ-ਧਾਮ ‘ਗੁਰਦੁਆਰਾ ਬੋਰਡ ਸਚਖੰਡ ਤਖ਼ਤ’ ਨਾਲ ਸੰਬੰਧਿਤ ਹੈ।

            ਗੁਰਦੁਆਰਾ ਸੰਗਤ ਸਾਹਿਬ ਗੁਰੂ ਗੋਬਿੰਦ ਸਿੰਘ ਦੀ ਆਮਦ ਤੋਂ ਪਹਿਲਾਂ ਬਣੀ ‘ਸੰਗਤ ’ ਵਾਲੀ ਥਾਂ ਉਸਰਿਆ ਹੋਇਆ ਹੈ। ਇਹ ਨਾਂਦੇੜ ਦੇ ਪੁਰਾਣੇ ਨਗਰ ਦੀ ਪੂਰਬੀ ਬਾਹੀ ਵਾਲੇ ਪਾਸੇ ਗੋਦਾਵਰੀ ਨਦੀ ਦੇ ਕੰਢੇ ਬਣਿਆ ਹੋਇਆ ਹੈ। ਦਸਮ ਗੁਰੂ ਜੀ ਨੇ ਗੁਰਦੁਆਰਾ ਮਾਲਟੇਕਰੀ ਤੋਂ ਕਢੇ ਹੋਏ ਧਨ ਨੂੰ ਆਪਣੇ ਸਿਪਾਹੀਆਂ ਵਿਚ ਤਨਖ਼ਾਹ ਵਜੋਂ ਇਥੇ ਹੀ ਵੰਡਿਆ ਸੀ।

            ਉਪਰੋਕਤ ਗੁਰੂ-ਧਾਮ ਤੋਂ ਇਲਾਵਾ ਸਿੱਖ ਇਤਿਹਾਸ ਨਾਲ ਸੰਬੰਧਿਤ ਕੁਝ ਹੋਰ ਧਰਮ-ਧਾਮ ਵੀ ਨਾਂਦੇੜ ਵਿਚ ਮਿਲਦੇ ਹਨ। ਉਨ੍ਹਾਂ ਵਿਚੋਂ ਇਕ ਹੈ ‘ਬੁੰਗਾ ਮਾਈ ਭਾਗੋ ਜੀ’ ਜੋ ‘ਗੁਰਦੁਆਰਾ ਤਖ਼ਤ ਸਚਖੰਡ’ ਦੇ ਪਰਿਸਰ ਵਿਚ ਉਸ ਥਾਂ’ਤੇ ਬਣਿਆ ਹੋਇਆ ਹੈ ਜਿਥੇ ਮਾਈ ਭਾਗੋ ਰਹਿੰਦੀ ਸੀ। ਦੂਜਾ ਹੈ ‘ਅੰਗੀਠਾ ਭਾਈ ਦਯਾ ਸਿੰਘ ਅਤੇ ਧਰਮ ਸਿੰਘ’ ਜੋ ‘ਬੁੰਗਾ ਮਾਈ ਭਾਗੋ ਜੀ’ ਦੇ ਪਿਛਲੇ ਪਾਸੇ ‘ਗੁਰਦੁਆਰਾ ਤਖ਼ਤ ਸਚਖੰਡ’ ਦੇ ਪਰਿਸਰ ਵਿਚ ਬਣਿਆ ਹੋਇਆ ਹੈ। ਇਥੇ ਗੁਰੂ ਜੀ ਦੁਆਰਾ ਵਰਸਾਏ ਪੰਜ ਪਿਆਰਿਆਂ ਵਿਚੋਂ ਭਾਈ ਦਯਾ ਸਿੰਘ ਅਤੇ ਭਾਈ ਧਰਮ ਸਿੰਘ ਦਾ ਸਸਕਾਰ ਕੀਤਾ ਗਿਆ ਸੀ। ਤੀਜਾ ਹੈ ‘ਗੁਰਦੁਆਰਾ ਲਿੰਗਰ ਸਾਹਿਬ’ ਜਿਸ ਨੂੰ ਗੁਰਦੁਆਰਾ ਬਾਬਾ ਨਿਧਾਨ ਸਿੰਘ ਵੀ ਕਹਿੰਦੇ ਹਨ। ਇਹ ਗੁਰਦੁਆਰਾ ਸੰਤ ਨਿਧਾਨ ਸਿੰਘ ਨੇ 20ਵੀਂ ਸਦੀ ਦੇ ਤੀਜੇ ਦਹਾਕੇ ਵਿਚ ਉਸਾਰਿਆ ਸੀ ਅਤੇ ਇਸ ਦੀ ਉਸਾਰੀ ਦਾ ਮੁੱਖ ਉਦੇਸ਼ ਯਾਤ੍ਰੀਆਂ ਲਈ ਲੰਗਰ ਦੀ ਸੇਵਾ ਕਰਨੀ ਸੀ। ਇਸ ਦੀ ਸੇਵਾ ਸੰਭਾਲ ਸੰਤ ਨਿਧਾਨ ਸਿੰਘ ਦੇ ਸੇਵਕ ਹੀ ਕਰਦੇ ਹਨ। ਚੌਥਾ ਹੈ ‘ਗੁਰਦੁਆਰਾ ਨਾਨਕਸਰ’ ਜੋ ਗੁਰਦੁਆਰਾ ਲਿੰਗਰ ਸਾਹਿਬ ਵਾਲਿਆਂ ਨੇ ਗੋਦਾਵਰੀ ਨਦੀ ਦੇ ਪਰਲੇ ਪਾਸੇ ਲਗਭਗ ਦਸ ਕਿ.ਮੀ. ਦੀ ਦੂਰੀ ਉਤੇ ਉਸਰਿਆ ਹੈ। ਸਥਾਨਕ ਰਵਾਇਤ ਅਨੁਸਾਰ ਗੁਰੂ ਨਾਨਕ ਦੇਵ ਜੀ ਨਾਂਦੇੜ ਤੋਂ ਬਿਦਰ ਨੂੰ ਜਾਂਦਿਆਂ ਇਥੇ ਰੁਕੇ ਸਨ। ਪੰਜਵਾਂ ਹੈ ‘ਗੁਰਦੁਆਰਾ ਰਤਨਗੜ੍ਹ ਸਾਹਿਬ’ ਜੋ ਗੁਰਦੁਆਰਾ ਲਿੰਗਰ ਸਾਹਿਬ ਵਾਲਿਆਂ ਦੁਆਰਾ ਨਵਾਂ ਬਣਾਇਆ ਗਿਆ ਹੈ। ਇਸ ਪਿਛੇ ਇਹ ਮਿਥ ਪ੍ਰਚਲਿਤ ਹੈ ਕਿ ਦਸਮ ਗੁਰੂ ਜੀ ਆਪਣੇ ਮਹਾਪ੍ਰਸਥਾਨ ਤੋਂ ਤਿੰਨ ਦਿਨ ਬਾਦ ਸੇਠ ਉੱਤਮ ਸ੍ਰਸ਼ਠਾ ਨੂੰ ਇਥੇ ਮਿਲੇ ਸਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6032, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.