ਨਾਂਵ ਵਾਕੰਸ਼ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਨਾਂਵ ਵਾਕੰਸ਼: ਕਿਸੇ ਵਾਕਾਤਮਕ ਬਣਤਰ ਵਿਚ ਜੋ ਇਕਾਈ ਨਾਂਵ ਦੇ ਕਾਰਜ ਨੂੰ ਪੂਰਿਆਂ ਕਰਦੀ ਹੈ ਅਤੇ ਨਾਂਵ ਦੇ ਸਥਾਨ ’ਤੇ ਵਿਚਰਦੀ ਹੈ, ਉਸ ਇਕਾਈ ਨੂੰ ਨਾਂਵ ਵਾਕੰਸ਼ ਆਖਿਆ ਜਾਂਦਾ ਹੈ। ਪੰਜਾਬੀ ਨਾਂਵ ਵਾਕੰਸ਼ ਦੀ ਬਣਤਰ ਵਿਚ ਲਾਜ਼ਮੀ ਤੱਤ ਅਤੇ ਗੈਰ-ਲਾਜ਼ਮੀ ਤੱਤ ਵਿਚਰਦੇ ਹਨ। ਲਾਜ਼ਮੀ ਤੱਤਾਂ ਦੁਆਰਾ ਨਾਂਵ ਵਾਕੰਸ਼ ਦੀ ਸਿਰਜਨਾ ਹੁੰਦੀ ਹੈ ਅਤੇ ਗੈਰ-ਲਾਜ਼ਮੀ ਤੱਤਾਂ ਦੁਆਰਾ ਲਾਜ਼ਮੀ ਤੱਤ ਦੇ ਅਰਥਾਂ ਵਿਚ ਪਰਿਵਰਤਨ ਵਾਪਰਦਾ ਹੈ। ਪੰਜਾਬੀ ਨਾਂਵ ਵਾਕੰਸ਼ ਦੀ ਬਣਤਰ ਵਿਚ ਨਾਂਵ ਸ਼ਰੇਣੀ ਦੇ ਸ਼ਬਦ ਕੇਂਦਰੀ ਤੱਤਾਂ ਵਜੋਂ ਕਾਰਜ ਕਰਦੇ ਹਨ। ਨਾਂਵ ਵਾਕੰਸ਼ ਦੀ ਬਣਤਰ ਵਿਚ ਕੇਵਲ ਕੇਂਦਰੀ ਤੱਤ ਹੀ ਵਿਚਰਦਾ ਹੈ ਪਰ ਕੇਂਦਰੀ ਤੱਤਾਂ ਦੇ ਮੈਂਬਰਾਂ ਦੀ ਗਿਣਤੀ ਇਕ ਤੋਂ ਵਧੇਰੇ ਵੀ ਹੋ ਸਕਦੀ ਹੈ, ਜਿਵੇਂ : ‘ਮੈਂ, ਤੂੰ ਤੇ ਉਹ ਸੈਰ ਲਈ ਜਾਵਾਂਗੇ’ ਵਿਚ ਕੇਂਦਰੀ ਤੱਤਾਂ (ਸ਼ਬਦਾਂ) ਦੀ ਗਿਣਤੀ ਚਾਰ ਹੈ। ਇਹ ਤੱਤ ਕੇਂਦਰੀ ਤੱਤਾਂ ਵਜੋਂ ਵਿਚਰਦੇ ਹਨ ਅਤੇ ਕੇਂਦਰੀ ਤੱਤ ਦੇ ਸਰੂਪ ਨੂੰ ਨਿਰਧਾਰਤ ਕਰਦੇ ਹਨ ਅਤੇ ਸਾਰੇ ਸ਼ਬਦ ਮਿਲ ਕੇ ਇਕ ਤੱਤ ਨੂੰ ਉਜਾਗਰ ਕਰਦੇ ਹਨ। ਦੂਜੇ ਸ਼ਬਦਾਂ ਵਿਚ ਕੇਂਦਰੀ ਤੱਤ ਇਕ ਸ਼ਬਦੀ ਵੀ ਹੋ ਸਕਦੇ ਹਨ ਅਤੇ ਇਕ ਤੋਂ ਵਧੇਰੇ ਸ਼ਬਦ ਰੂਪ-ਕੇਂਦਰੀ ਤੱਤ ਦੇ ਮੈਂਬਰ ਵੀ ਹੋ ਸਕਦੇ ਹਨ। ਇਹ ਸਾਰੇ ਰੂਪ ਮਿਲ ਕੇ ਇਕ ਕੇਂਦਰੀ ਤੱਤ ਦੀ ਸਿਰਜਨਾ ਕਰਦੇ ਹਨ। ਨਾਂਵ ਵਾਕੰਸ਼ ਦੀ ਬਣਤਰ ਵਿਚ ਭਾਵੇਂ ਕੇਂਦਰੀ ਤੱਤਾਂ ਦੀ ਗਿਣਤੀ ਇਕ ਹੋਵੇ ਤੇ ਭਾਵੇਂ ਇਕ ਤੋਂ ਵੱਧ, ਇਨ੍ਹਾਂ ਨੂੰ ਇਕ-ਸ਼ਬਦੀ ਵਾਕੰਸ਼ ਹੀ ਕਿਹਾ ਜਾਂਦਾ ਹੈ। ਦੂਜੇ ਪਾਸੇ ਜਦੋਂ ਕੇਂਦਰੀ ਤੱਤਾਂ ਦੇ ਨਾਲ ਨਾਲ ਬਾਹਰੀ ਤੱਤ ਵੀ ਨਾਂਵ ਵਾਕੰਸ਼ ਦੀ ਸਿਰਜਨਾ ਵਿਚ ਸ਼ਾਮਲ ਹੁੰਦੇ ਹਨ ਉਨ੍ਹਾਂ ਨੂੰ ਬਹੁ-ਸ਼ਬਦੀ ਨਾਂਵ ਵਾਕੰਸ਼ ਕਿਹਾ ਜਾਂਦਾ ਹੈ, ਜਿਵੇਂ : ‘ਬਹੁਤ ਸੋਹਣਾ ਮੁੰਡਾ’। ਨਾਂਵ ਵਾਕੰਸ਼ ਦਾ ਸਰੂਪ ਨਾਂਵ ਸ਼ਰੇਣੀ ਦੇ ਸ਼ਬਦ ’ਤੇ ਅਧਾਰਤ ਹੁੰਦਾ ਹੈ ਭਾਵ ਜਿਸ ਵਾਕੰਸ਼ ਦਾ ਕੇਂਦਰੀ ਤੱਤ ਨਾਂਵ ਹੋਵੇ ਉਸ ਵਾਕੰਸ਼ ਨੂੰ ਨਾਂਵ ਵਾਕੰਸ਼ ਆਖਿਆ ਜਾਂਦਾ ਹੈ। ਬਣਤਰ ਦੇ ਪੱਖ ਤੋਂ ਪੰਜਾਬੀ ਨਾਂਵ ਵਾਕੰਸ਼ ਵਿਚ ਇਕ ਤੋਂ ਲੈ ਕੇ ਛੇ ਤੱਕ ਸ਼ਬਦ ਆ ਸਕਦੇ ਹਨ ਜਿਵੇਂ : ‘ਇਕ ਬਹੁਤ ਹੀ ਸੋਹਣੇ ਮੁੰਡੇ ਨੇ’ ਪਰ ਇਸ ਤੋਂ ਇਲਾਵਾ ‘ਦਾ’ ਵਰਗ ਦੇ ਸਬੰਧਕਾਂ ਦੀ ਵਰਤੋਂ ਨਾਲ ਨਾਂਵ ਵਾਕੰਸ਼ ਨੂੰ ਇਸ ਤੋਂ ਵੀ ਲੰਮਾ ਕੀਤਾ ਜਾ ਸਕਦਾ ਹੈ ਜਿਵੇਂ : ‘ਸਾਡੇ ਪਿੰਡ ਦੇ ਮੁੰਡਿਆਂ ਦੇ ਮਾਪਿਆਂ ਦੀ....’। ਨਾਂਵ ਵਾਕੰਸ਼ ਦੀ ਬਣਤਰ ਵਿਚ ‘ਨਾਂਵ, ਪੜਨਾਂਵ, ਕਿਰਿਆ, ਵਿਸ਼ੇਸ਼ਣ, ਸਬੰਧਕ, ਯੋਜਕ, ਪਾਰਟੀਕਲਜ਼’ ਆਦਿ ਸ਼ਰੇਣੀਆਂ ਦੇ ਮੈਂਬਰ ਵਿਚਰ ਸਕਦੇ ਹਨ। ਨਾਂਵ\ਪੜਨਾਂਵ ਤੋਂ ਬਿਨਾਂ ਸਾਰੇ ਸ਼ਬਦਾਂ ਨੂੰ ਵਿਸ਼ੇਸ਼ਕ (Modifier) ਆਖਿਆ ਜਾਂਦਾ ਹੈ। ਵਿਚਰਨ ਸਥਾਨ ਦੇ ਪੱਖ ਤੋਂ ਨਾਂਵ ਵਾਕੰਸ਼ ਦੀ ਬਣਤਰ ਵਿਚ ਨਾਂਵ ਦਾ ਸਥਾਨ ਵਾਕੰਸ਼ ਦੇ ਸੱਜੇ ਪਾਸੇ ਹੁੰਦਾ ਹੈ ਜਿਵੇਂ : ‘ਇਕ ਬਹੁਤ ਹੀ ਛੋਟਾ ਕਾਲਾ ਸੱਪ’ ਅਤੇ ਇਸ ਤੋਂ ਪਿਛੋਂ ਕੇਵਲ ਨੇ, ਨੂੰ, ਤੋਂ ਆਦਿ ਸਬੰਧਕ ਹੀ ਵਿਚਰ ਸਕਦੇ ਹਨ। ਪੰਜਾਬੀ ਨਾਂਵ ਵਾਕੰਸ਼ ਦੀ ਪਛਾਣ ਦੇ ਤਿੰਨ ਅਧਾਰ ਹਨ : (i) ਸ਼ਬਦ ਦੀ ਸ਼ਰੇਣੀ, (ii) ਸਬੰਧਕ ਅਤੇ (iii) ਕਾਰਜ। ਨਾਂਵ ਵਾਕੰਸ਼ ਦਾ ਮੁੱਖ ਸ਼ਬਦ ਨਾਂਵ\ਪੜਨਾਂਵ ਹੁੰਦਾ ਹੈ। ਪੜਨਾਂਵ ਸ਼ਬਦ ਨਾਂਵ ਦਾ ਵਿਕਲਪੀ ਹੁੰਦਾ ਹੈ, ਜਿਵੇਂ : ਮੁੰਡੇ\ ਉਹ ਸ਼ਹਿਰ ਗਏ’। ਪੜਨਾਂਵ ਦੀ ਵਰਤੋਂ ਇਕ ਸ਼ਬਦੀ ਵਾਕੰਸ਼ ਵਿਚ ਹੀ ਹੁੰਦੀ ਹੈ ਜਿਵੇਂ : ‘ਉਹ ਆਇਆ’ ‘ਕਲਾਸ ਦੇ ਸਾਰੇ ਉਹ (ਮੁੰਡੇ)’। ਇਸ ਪਛਾਣ-ਵਿਧੀ ਦਾ ਇਕ ਅਪਵਾਦ ਵੀ ਹੈ ਜਿਵੇਂ : ‘ਉਹ ਸ਼ਹਿਰ ਗਿਆ’ ਵਿਚ ‘ਸ਼ਹਿਰ’ ਸਥਾਨ-ਸੂਚਕ ਸ਼ਬਦ ਹੈ ਅਤੇ ਨਾਂਵ ਸ਼ਰੇਣੀ ਦਾ ਮੈਂਬਰ ਹੁੰਦਾ ਹੋਇਆ ਵੀ ਨਾਂਵ ਵਾਕੰਸ਼ ਵਜੋਂ ਕਾਰਜ ਨਹੀਂ ਕਰਦਾ। ਨਾਂਵ ਵਾਕੰਸ਼ ਦੀ ਦੂਜੀ ਪਛਾਣ-ਵਿਧੀ ਸਬੰਧਕਾਂ ’ਤੇ ਅਧਾਰਤ ਹੈ। ਪੰਜਾਬੀ ਨਾਂਵ ਵਾਕੰਸ਼ ਜਦੋਂ ਸਬੰਧਕੀ ਰੂਪ ਵਿਚ ਵਿਚਰਦੇ ਹਨ ਤਾਂ ਇਨ੍ਹਾਂ ਤੋਂ ਪਿਛੋਂ ‘ਨੇ, ਨੂੰ, ਤੋਂ, ਨਾਲ, ਰਾਹੀਂ’ ਆਦਿ ਸਬੰਧਕ ਵਿਚਰਦੇ ਹਨ। ਇਹ ਸਬੰਧਕ ਵਾਕੰਸ਼ ਮਾਰਕਰ ਵੀ ਹਨ ਅਤੇ ਕਾਰਕ-ਸੂਚਕ ਵੀ। ਇਨ੍ਹਾਂ ਸਬੰਧਕਾਂ ਤੋਂ ਪਿਛੋਂ ਦੂਜਾ ਵਾਕੰਸ਼ ਸ਼ੁਰੂ ਹੋ ਜਾਂਦਾ ਹੈ। ਤੋਂ, ਸਬੰਧਕ ਸਥਾਨ-ਸੂਚਕ ਹੁੰਦਾ ਹੈ ਪਰ ਕੁਝ ਹਾਲਤਾਂ ਵਿਚ ਇਹ ਨਾਂਵ ਵਾਕੰਸ਼ ਦਾ ਮਾਰਕਰ ਵੀ ਹੁੰਦਾ ਹੈ ਜਿਵੇਂ : ‘ਇਹ ਪੈਸਾ ਸ਼ਾਮ ਤੋਂ ਮਿਲਿਆ’। ‘ਕਾਰਜ’ ਤੀਜੀ ਪਰਕਾਰ ਦੀ ਪਛਾਣ-ਵਿਧੀ ਹੈ। ਕਾਰਜ ਦੇ ਪੱਖ ਤੋਂ ਪੰਜਾਬੀ ਨਾਂਵ ਵਾਕੰਸ਼ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ : (i) ਕਰਤਾ ਨਾਂਵ ਵਾਕੰਸ਼ (ਮਾਂ ਨੇ) (ii) ਕਰਮ ਨਾਂਵ ਵਾਕੰਸ਼ (ਦੁੱਧ), (ਮਾਂ ਨੇ (ਬੱਚੇ ਨੂੰ) ਦੁੱਧ ਪਿਆਇਆ।) ਕਰਮ ਨਾਂਵ ਵਾਕੰਸ਼ ਨੂੰ ਅੱਗੋਂ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ : (ਪਰਧਾਨ ਕਰਮ (ਦੁੱਧ) ਅਤੇ (ii) ਅਪਰਧਾਨ ਕਰਮ (ਬੱਚੇ ਨੂੰ)। ਇਕ ਸਧਾਰਨ ਬਿਆਨੀਆ ਵਾਕ ਵਿਚ ਨਾਂਵ ਵਾਕੰਸ਼ਾਂ ਦੀ ਗਿਣਤੀ ਤਿੰਨ ਤੱਕ ਹੋ ਸਕਦੀ ਹੈ ਪਰ ਪਰੇਰਨਾਰਥਕ ਕਿਰਿਆ ਵਾਲੇ ਵਾਕਾਂ ਵਿਚ ਇਨ੍ਹਾਂ ਦੀ ਗਿਣਤੀ ਚਾਰ ਤੱਕ ਹੋ ਸਕਦੀ ਹੈ। ਇਸ ਪਰਕਾਰ ਦੇ ਵਾਕਾਂ ਵਿਚ ਅਪਰਧਾਨ ਕਰਮ ਦੇ ਦੋਵੇਂ ‘ਰੂਪ’ ਲੈਣ ਵਾਲਾ ਅਤੇ ਦੇਣ ਵਾਲਾ ਸ਼ਾਮਲ ਹੁੰਦੇ ਹਨ : ‘ਸਰਕਾਰ ਨੇ ਲੋਕਾਂ ਨੂੰ ਸ਼ਾਹੂਕਾਰਾਂ ਤੋਂ ਕਰਜਾ ਦਿਵਾਇਆ’। ਪੰਜਾਬੀ ਐਸ. ਓ. ਵੀ ਗਰੁੱਪ ਦੀ ਭਾਸ਼ਾ ਹੈ। ਸਧਾਰਨ ਬਿਆਨੀਆ ਵਾਕਾਂ ਦੀ ਟਕਸਾਲੀ ਤਰਤੀਬ (ਕਰਤਾ)+(ਅਪਰਧਾਨ ਕਰਮ)+(ਪਰਧਾਨ ਕਰਮ) ਵਾਲੀ ਹੁੰਦੀ ਹੈ। ‘ਮਾਂ ਨੇ ਬੱਚੇ ਨੂੰ ਦੁੱਧ ਦਿੱਤਾ। ਪੰਜਾਬੀ ਵਿਚ ਇਕ ਵਾਕੰਸ਼ ਨੂੰ ਦੂਜੀ ਥਾਂ ’ਤੇ ਵਰਤਿਆ ਜਾ ਸਕਦਾ ਹੈ ‘ਬੱਚੇ ਨੂੰ ਮਾਂ ਨੇ ਦੁੱਧ ਦਿੱਤਾ, ਦੁੱਧ ਦਿੱਤਾ ਮਾਂ ਨੇ ਬੱਚੇ ਨੂੰ’ ਪਰ ਵਾਕੰਸ਼ ਦੀ ਅੰਦਰੂਨੀ ਤਰਤੀਬ ਨੂੰ ਅੱਗੇ ਪਿਛੇ ਨਹੀਂ ਕੀਤਾ ਜਾ ਸਕਦਾ। ਨਾਂਵ ਵਾਕੰਸ਼ ਦੀ ਬਣਤਰ ਵਿਚ ਵਿਸ਼ੇਸ਼ਣ ਅਤੇ ਹੋਰ ਸ਼ਬਦ-ਸ਼ਰੇਣੀਆਂ ਦੇ ਮੈਂਬਰ ਇਕ ਖਾਸ ਤਰਤੀਬ ਵਿਚ ਵਿਚਰਦੇ ਹਨ ਜਿਵੇਂ : ਵਿਸ਼ੇਸ਼+ਨਾਂਵ (ਸੋਹਣਾ ਮੁੰਡਾ) ਵਿਸ਼ੇਸ਼+ਵਿਸ਼ੇਸ਼+ਨਾਂਵ (ਬਹੁਤ ਸੋਹਣਾ ਮੁੰਡਾ), ਇਕ ਬਹੁਤ ਸੋਹਣਾ ਮੁੰਡਾ), (ਪਹਿਲੇ ਦਸ ਮੁੰਡੇ) ਕਿਰਦੰਤ+ਨਾਂਵ (ਭੱਜੇ ਜਾਂਦੇ ਮੁੰਡੇ), ਨਾਂਵ+ਦਾ (ਤੇ) ਅਤੇ +ਨਾਂਵ (ਉਸ ਆਦਮੀ ਦਾ ਮੁੰਡਾ), (ਸੋਹਣਾ ਤੇ ਗੀਤਾ ਦਾ ਮੁੰਡਾ)। ਨਾਂਵ ਵਾਕੰਸ਼ ਦੀ ਬਣਤਰ ਵਿਚ ਵਿਚਰਨ ਵਾਲੇ ਸ਼ਬਦਾਂ ਦਾ ਮੁੱਖ ਨਾਂਵ ਨਾਲ ਵਿਆਕਰਨਕ ਮੇਲ ਹੁੰਦਾ ਹੈ। ਇਨਾਂ ਦੀ ਤਰਤੀਬ ਬੁਲਾਰੇ ਜਾਂ ਲੇਖਕ ਦੀ ਤਰਜੀਹ ਵਿਕਲਪ ਦੇ ਅਧਾਰ ’ਤੇ ਹੁੰਦੀ ਹੈ ਪਰ ਨਿਸ਼ਚਤ ਨੇਮਾਂ ਤੋਂ ਉਲਟ ਨਹੀਂ ਹੁੰਦੀ ਜਿਵੇਂ : ਇਕ ਬਹੁਤ ਸੋਹਣਾ ਮੁੰਡਾ, ‘ਬਹੁਤ ਸੋਹਣਾ ਇਕ ਮੁੰਡਾ, ਸੋਹਣਾ ਬਹੁਤ ਇਕ ਮੁੰਡਾ, ਬਹੁਤ ਇਕ ਸੋਹਣਾ ਮੁੰਡਾ।’
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 24454, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First