ਨਾਕਾਬੰਦੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Blockade_ਨਾਕਾਬੰਦੀ: ਦੁਸ਼ਮਣ ਦੀ ਬੰਦਰਗਾਹ ਕਿਲ੍ਹੇ ਜਾਂ ਸ਼ਹਿਰ ਨਾਲ ਬਾਹਰ ਦੇ ਸਭ ਸਬੰਧ ਤੋੜ ਦੇਣ ਲਈ ਘੇਰਾਬੰਦੀ ਜੋ ਫ਼ੌਜ ਲਾ ਕੇ ਜਾਂ ਸਸ਼ਸਤਰ ਪੋਤਾਂ ਦੁਆਰਾ ਘੇਰਾ ਪਾ ਕੇ ਕੀਤੀ ਜਾਂਦੀ ਹੈ।

       ਬਲੈਕ ਦੀ ਲਾ ਡਿਕਸ਼ਨਰੀ ਅਨੁਸਾਰ ਦੁਸ਼ਮਣ ਰਾਸ਼ਟਰ ਤੋਂ ਆਵਾਜਾਈ , ਵਣਜ ਵਿਹਾਰ, ਰਾਸ਼ਨ ਪਹੁੰਚਣ ਤੋਂ ਰੋਕਣ ਲਈ ਕੀਤੀ ਗਈ ਕਾਰਵਾਈ ਨੂੰ ਨਾਕਾਬੰਦੀ ਕਿਹਾ ਜਾਂਦਾ ਹੈ। ਇਹ ਸਮੁੰਦਰੀ ਅਤੇ ਖ਼ੁਸਕੀ ਮਾਰਗ ਬੰਦ ਕਰਕੇ ਕੀਤੀ ਜਾ ਸਕਦੀ ਹੈ। ਕੌਮਾਂਤਰੀ ਕਾਨੂੰਨ ਵਿਚ ਜੰਗ ਵਿਚ ਲਗੇ ਰਾਸ਼ਟਰ ਦੁਆਰਾ ਦੁਸ਼ਮਣ ਮੁਲਕ ਤੋਂ ਜਾਂ ਤਕ ਆਵਾਜਾਈ ਅਤੇ ਬਾਹਰ ਨਾਲ ਹਰ ਪ੍ਰਕਾਰ ਦੇ ਸਬੰਧ ਤੋੜਨ ਲਈ ਪੋਤਾਂ ਦੀ ਜਾਂ ਅਤੇ ਫ਼ੌਜਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।

       ਕੌਮਾਂਤਰੀ ਨਿਆਂ-ਸ਼ਾਸਤਰ ਵਿਚ ਇਹ ਅਸੂਲ ਥਿਰ ਹੋ ਚੁੱਕਾ ਹੈ ਕਿ ਨਾਕਾਬੰਦੀ ਕਰਨ ਵਾਲੀ ਫ਼ੌਜ ਹਾਜ਼ਰ ਰਹਿਣੀ ਚਾਹੀਦੀ ਹੈ ਅਤੇ ਉਸ ਦੀ ਗਿਣਤੀ ਪ੍ਰਭਾਵੀ ਹੋਣ ਲਈ ਕਾਫ਼ੀ ਹੋਣੀ ਚਾਹੀਦੀ ਹੈ। ਕਿਸੇ ਇਕ ਜੰਗਜੂ ਮੁਲਕ ਦਾ ਇਹ ਅਧਿਸੂਚਿਤ ਕਰ ਦੇਣਾ ਕਿ ਕਿਸੇ ਦੇਸ਼ ਦੀ ਬੰਦਰਗਾਹ ਦੀ ਨਾਕਾਬੰਦੀ ਕੀਤੀ ਜਾ ਰਹੀ ਹੈ, ਕਾਨੂੰਨੀ ਨਾਕਾਬੰਦੀ ਲਈ ਕਾਫ਼ੀ ਨਹੀਂ ਹੈ ਅਤੇ ਇਸ ਨੂੰ ਕਾਗ਼ਜ਼ੀ ਨਾਕਾਬੰਦੀ ਕਿਹਾ ਜਾਂਦਾ ਹੈ। 1856 ਵਿਚ ਪੈਰਿਸ ਐਲਾਨਨਾਮੇ ਦੁਆਰਾ ਕਿਹਾ ਗਿਆ ਸੀ ਕਿ ਨਾਕਾਬੰਦੀ ਪ੍ਰਭਾਵੀ ਹੋਣੀ ਚਾਹੀਦੀ ਅਤੇ ਕਾਫ਼ੀ ਗਿਣਤੀ ਵਿਚ ਫ਼ੌਜ ਤਾਇਨਾਤ ਕੀਤੀ ਜਾਣੀ ਜ਼ਰੂਰੀ ਹੈ ਤਾਂ ਜੋ ਦੁਸ਼ਮਣ ਦੇ ਜਹਾਜ਼ ਬੰਦਰਗਾਹ ਵਿਚੋਂ ਨ ਨਿਕਲ ਸਕਣ ਅਤੇ ਨ ਉਸ ਅੰਦਰ ਜਾ ਸਕਣ। ਅਮਰੀਕਾ ਉਸ ਐਲਾਨਨਾਮੇ ਦੀ ਧਿਰ ਨਹੀਂ ਸੀ ਪਰ ਉਸ ਸਿਧਾਂਤ ਨੂੰ ਮਾਨਤਾ ਦਿੰਦਾ ਰਿਹਾ ਹੈ। ਬਾਲਟਿਕ ਤਾਕਤਾਂ ਦੀ 1801 ਅਤੇ 1871 ਵਿਚ ਹੋਈ ਕਾਨਵੈਨਸ਼ਨ ਵਿਚ ਵੀ ਇਹ ਤੈਅ ਕੀਤਾ ਗਿਆ ਕਿ ਜਿਸ ਬੰਦਰਗਾਹ ਦੀ ਨਾਕਾਬੰਦੀ ਕੀਤੀ ਜਾ ਰਹੀ ਹੋਵੇ ਉਸ ਦੇ ਨਜ਼ਦੀਕ ਕਾਫ਼ੀ ਸਾਰੇ ਜਹਾਜ਼ ਖੜੇ ਕਰਨੇ ਚਾਹੀਦੇ ਹਨ। 1871 ਵਿਚ ਇਟਲੀ ਅਤੇ ਸੰਯੁਕਤ ਰਾਜ ਅਮਰੀਕਾ ਵਿਚਕਾਰ ਹੋਈ ਸੰਧੀ ਵਿਚ ਵੀ ਸਪਸ਼ਟ ਤੌਰ ਤੇ ਕਿਹਾ ਗਿਆ ਕੇ ਕੇਵਲ ਉਨ੍ਹਾਂ ਥਾਵਾਂ ਦੀ ਨਾਕਾਬੰਦੀ ਕੀਤੀ ਸਮਝੀ ਜਾਵੇਗੀ ਜਿਨ੍ਹਾਂ ਦੇ ਦੁਆਲੇ ਵਾਸਤਵਿਕ ਤੌਰ ਤੇ ਇਤਨੀ ਨੌਸੈਨਾ ਲਾਈ ਗਈ ਹੋਵੇ ਜੋ ਨਿਰਪਖ ਦੇਸ਼ਾਂ ਦੇ ਪੋਤਾਂ ਨੂੰ ਰੋਕ ਸਕੇ , ਉਨ੍ਹਾਂ ਨੂੰ ਪਤਾ ਹੋਵੇ ਕਿ ਉਥੇ ਜਾਣ ਜਾਂ ਉਥੋਂ ਆਉਣ ਦੀ ਕੋਸ਼ਿਸ਼ ਕਰਨਾ ਖ਼ਤਰਨਾਕ ਹੈ। ਫ਼ਰਾਂਸੀਸੀ ਸਿਧਾਂਤ ਅਨੁਸਾਰ ਜਿਸ ਬੰਦਰਗਾਹ ਦੀ ਨਾਕਾਬੰਦੀ ਕੀਤੀ ਜਾਣੀ ਹੋਵੇ ਉਸ ਦੇ ਦੁਆਲੇ ਜਹਾਜ਼ਾਂ ਦੀ ਇਕ ਲੜੀ ਖੜੀ ਕਰਨੀ ਜ਼ਰੂਰੀ ਹੈ। ਪਰ ਸੰਯੁਕਤ ਰਾਜ ਅਮਰੀਕਾ, ਜਾਪਾਨ ਅਤੇ ਬਰਤਾਨੀਆਂ ਦਾ ਵਿਚਾਰ ਹੈ ਕਿ ਉਸ ਬੰਦਰਗਾਹ ਦੇ ਨੇੜੇ ਪੋਤ ਦਾ ਚਲਦਾ ਰਹਿਣਾ ਕਾਫ਼ੀ ਹੈ, ਪਰ ਉਸ ਤੋਂ ਇਹ ਸਪਸ਼ਟ ਹੋਵੇ ਕਿ ਚਲ ਰਿਹਾ ਪੋਤ ਵਾਸਤਵਿਕ ਤੌਰ ਤੇ ਖ਼ਤਰੇ ਤੋਂ ਖ਼ਾਲੀ ਨਹੀਂ। ਵਿਰੋਧੀ ਮੌਸਮ ਕਾਰਨ ਕੱਚੇ ਤੌਰ ਤੇ ਫ਼ੌਜਾਂ ਹਟਾ ਲੈਣ ਦਾ ਮਤਲਬ ਨਾਕਾਬੰਦੀ ਖ਼ਤਮ ਕਰਨ ਦਾ ਨਹੀਂ ਲਿਆ ਜਾ ਸਕਦਾ।

       ਨਿਰਪਖ ਦੇਸ਼ ਦੇ ਜਹਾਜ਼ ਵਿਰੁਧ ਕਾਰਵਾਈ ਕਰਨ ਤੋਂ ਪਹਿਲਾਂ ਜ਼ਰੂਰੀ ਹੈ ਕਿ ਉਸ ਨੂੰ ਨਾਕਾਬੰਦੀ ਦਾ ਨੋਟਿਸ ਹੋਵੇ।

       ਮਾਲ ਸਮੇਤ ਪੋਤ ਨਾਕਾਬੰਦੀ ਅਧੀਨ ਬੰਦਰਗਾਹ ਵਿਚ ਲਿਜਾਣਾ ਜਾਂ ਲਿਆਉਣਾ ਨਾਕਾਬੰਦੀ ਦੀ ਉਲੰਘਣਾ ਸਮਝੀ ਜਾਂਦੀ ਹੈ। ਬਰਤਾਨਵੀ ਪ੍ਰਾਈਜ਼ ਕੋਰਟਾਂ ਅਨੁਸਾਰ ਨਾਕਾਬੰਦੀ ਦਾ ਨੋਟਿਸ ਰਖਦੇ ਹੋਏ ਉਸ ਬੰਦਰਗਾਹ ਲਈ ਚਲਣਾ ਵੀ ਨਾਕਾਬੰਦੀ ਦੀ ਉਲੰਘਣਾ ਸਮਝੀ ਜਾ ਸਕਦੀ ਹੈ। ਇਸੇ ਤਰ੍ਹਾਂ ਨਾਕਾਬੰਦੀ ਅਧੀਨ ਬੰਦਰਗਾਹ ਦੇ ਇਤਨਾ ਨੇੜੇ ਖੜੇ ਹੋਣਾ ਕਿ ਅਖ ਬਚਾ ਕੇ ਉਸ ਬੰਦਰਗਾਹ ਦੇ ਅੰਦਰ ਦਾਖ਼ਲ ਹੋਇਆ ਜਾ ਸਕੇ, ਵੀ ਮੁਜਰਮਾਨਾ ਇਰਾਦੇ ਦਾ ਸੂਚਕ ਸਮਝਿਆ ਜਾ ਸਕਦਾ ਹੈ। ਪਰ ਮੁਸੀਬਤ ਵਿਚ ਫਸਿਆ ਨਿਰਪਖ ਪੋਤ ਨਾਕਾਬੰਦੀ ਅਧੀਨ ਬੰਦਰਗਾਹ ਵਿਚ ਜਾ ਸਕਦਾ ਹੈ।

       ਨਾਕਾਬੰਦੀ ਦੀ ਉਲੰਘਣਾ ਕਰਨ ਵਾਲਾ ਪੋਤ ਫੜਿਆ ਜਾ ਸਕਦਾ ਹੈ ਅਤੇ ਜ਼ਬਤ ਕੀਤਾ ਜਾ ਸਕਦਾ ਹੈ ਅਤੇ ਮਾਲ ਬਾਰੇ ਵੀ ਪਹਿਲੀ ਨਜ਼ਰੇ ਇਹ ਕਿਆਸ ਕੀਤਾ ਜਾਂਦਾ ਹੈ ਕਿ ਮਾਲਕ ਜਾਂ ਮਾਸਟਰ ਕਸੂਰਵਾਰ ਹੈ। ਇਸ ਕਿਆਸ ਦਾ ਖੰਡਨ ਕਰਨਾ ਕਿ ਜਹਾਜ਼ ਲੱਦੇ ਹੋਏ ਮਾਲ ਦੇ ਹਿੱਤ ਵਿਚ ਅਤੇ ਮਾਲਕਾਂ ਦੀ ਹਦਾਇਤਾਂ ਅਨੁਸਾਰ ਜਾ ਰਿਹਾ ਸੀ, ਮਾਲਕਾਂ ਦੀ ਜ਼ਿੰਮੇਵਾਰੀ ਸਮਝੀ ਜਾਂਦੀ ਹੈ। ਨਾਕਾਬੰਦੀ ਚਲ ਰਹੀ ਹੋਵੇ ਤਾਂ ਨਿਰਲੇਪ ਦੇਸ਼ਾਂ ਦੇ ਜਹਾਜ਼ਾਂ ਆਦਿ ਨੂੰ ਵੀ ਪਹੁੰਚ ਦੀ ਸਹੂਲਤ ਨਹੀਂ ਦਿੱਤੀ ਜਾਂਦੀ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 896, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.