ਨਾਟਕ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਨਾਟਕ: ਨਾਟਕ ਸਾਹਿਤ ਦੀ ਇੱਕ ਸੁਤੰਤਰ, ਸੰਪੂਰਨ ਅਤੇ ਅਹਿਮ ਵੰਨਗੀ ਹੈ। ਸਾਹਿਤ ਦੇ ਹੋਰ ਰੂਪਾਂ ਜਿਵੇਂ ਗਦ, ਗਲਪ ਅਤੇ ਕਾਵਿ ਨਾਲੋਂ ਇਸਦੀ ਵਿਲੱਖਣ ਹੋਂਦ ਦਾ ਕਾਰਨ ਇਹ ਹੈ ਕਿ ਇਸ ਨੂੰ ਸਟੇਜ ਉੱਤੇ ਰੂਪਮਾਨ ਕੀਤਾ ਜਾਂਦਾ ਹੈ। ਇਸ ਵਿਚਲੇ ਪਾਤਰ ਜੀਵਿਤ ਰੂਪ ਵਿੱਚ ਸਾਮ੍ਹਣੇ ਆ ਕੇ ਦਰਸ਼ਕਾਂ ਦੇ ਮਨ ਤੇ ਸਿੱਧਾ ਪ੍ਰਭਾਵ ਪਾਉਂਦੇ ਹਨ। ਨਾਟਕ ਵਿੱਚ ਸਾਹਿਤ, ਕਲਾ ਅਤੇ ਪ੍ਰਦਰਸ਼ਨ ਸ਼ਾਮਲ ਹਨ ਜਿਸ ਕਰ ਕੇ ਇਹ ਦੂਹਰੇ ਚਰਿੱਤਰ ਵਾਲੀ ਸਾਹਿਤ ਵਿਧਾ ਹੈ। ਨਾਟਕ ਇੱਕੋ ਵੇਲੇ ਸਾਹਿਤ ਰੂਪ ਵੀ ਹੈ ਤੇ ਕਲਾ ਰੂਪ ਵੀ। ਇਸਦੇ ‘ਲਿਖਤ ਪਾਠ’ ਦੇ ਨਾਲ ‘ਖੇਡ ਪਾਠ’ ਵੀ ਸ਼ਾਮਲ ਹੁੰਦਾ ਹੈ, ਇਸ ਲਈ ਨਾਟਕਕਾਰ ਨੂੰ ਆਪਣੀ ਸਿਰਜਣਾ ਵੇਲੇ ਪਾਠਕ (reader) ਅਤੇ ਦਰਸ਼ਕ (audience) ਦੋਹਾਂ ਨੂੰ ਸਾਮ੍ਹਣੇ ਰੱਖਣਾ ਪੈਂਦਾ ਹੈ।
ਨਾਟਕ ਕੋਈ ਨਵੀਨ ਸਾਹਿਤ ਰੂਪ ਨਹੀਂ। ਮਨੁੱਖ ਨੇ ਜਦੋਂ ਬੋਲਣਾ ਵੀ ਨਹੀਂ ਸੀ ਸਿੱਖਿਆ, ਓਦੋਂ ਵੀ ਉਹ ਆਪਣੇ ਹਾਵ-ਭਾਵ, ਕਾਰਜ (action), ਨਕਲ (imitation) ਅਤੇ ਅਦਾਵਾਂ (gestures) ਰਾਹੀਂ ਪ੍ਰਗਟ ਕਰਦਾ ਸੀ। ਇਹ ਤਿੰਨੇ ਕਰਮ ਹੀ ਨਾਟਕ ਕਲਾ ਦੇ ਬੁਨਿਆਦੀ ਤੱਤ ਹਨ। ਸੰਸਕ੍ਰਿਤ ਅਤੇ ਯੂਨਾਨੀ ਸਾਹਿਤ ਵਿੱਚ ਰਚੇ ਨਾਟਕ ਵਿਸ਼ਵ ਸਾਹਿਤ ਦਾ ਮਹੱਤਵਪੂਰਨ ਅੰਗ ਹਨ।
ਨਾਟਕ ਸੰਸਕ੍ਰਿਤ ਸ਼ਬਦ ‘ਨਾਟਯ’ ਤੋਂ ਬਣਿਆ ਹੈ। ‘ਨਾਟਯ’ ‘ਨਟ’ ਅਤੇ ‘ਨਾਟ’ ਧਾਤੂਆਂ ਤੋਂ ਵਿਕਸਿਤ ਹੋਇਆ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨ ਕੋਸ਼’ ਵਿੱਚ ‘ਨਟ’ ਸ਼ਬਦ ਦਾ ਅਰਥ ਨੱਚਣਾ, ਹੇਠਾਂ ਡਿਗਣਾ, ਭਾਵ ਦਿਖਾਉਣਾ, ਕੰਬਣਾ, ਸਰਕਣਾ ਅਤੇ ਨਾਟਕ ਦੇਖਣ ਵਾਲਾ ਦੱਸੇ ਹਨ। ‘ਨਾਟਯ’ ਸ਼ਬਦ ਤੋਂ ਭਾਵ ਨਾਟਕ ਜਾਂ ਸ੍ਵਾਂਗ ਵੀ ਮੰਨੇ ਗਏ ਹਨ। ਪੱਛਮ ਵਿੱਚ ਨਾਟਕ ਕਲਾ ਦਾ ਵਿਕਾਸ ਯੂਨਾਨ ਦੇਸ਼ ਵਿੱਚ ਹੋਇਆ। ਅੰਗਰੇਜ਼ੀ ਵਿੱਚ ਨਾਟਕ ਲਈ ‘ਡਰਾਮਾ’ ਸ਼ਬਦ ਵਰਤਿਆ ਜਾਂਦਾ ਹੈ। ‘ਡਰਾਮਾ’ ਸ਼ਬਦ ‘ਡਰਾਓ’ ਤੋਂ ਨਿਕਲਿਆ ਹੈ, ਜਿਸਦਾ ਭਾਵ ਕਾਰਜ ਜਾਂ ਕਰਮ ਰਾਹੀਂ ਕੁਝ ਕਰ ਕੇ ਦਰਸਾਉਣਾ ਹੈ। ਇੱਕ ਹੋਰ ਧਾਰਨਾ ਅਨੁਸਾਰ ‘ਡਰਾਮਾ’ ਸ਼ਬਦ ਯੂਨਾਨੀ ਸ਼ਬਦ ‘Dran’ ਤੋਂ ਨਿਕਲਿਆ ਹੈ, ਜਿਸਦਾ ਅਰਥ ‘To do’ (inaction) ਹੈ। ਜੋ ਵੀ ਹੈ ਡਰਾਮੇ ਵਿੱਚ ਕਾਰਜ ਜਾਂ ਕਿਰਿਆ ਸ਼ਾਮਲ ਹੈ ਅਤੇ ਇਹ ਨ੍ਰਿਤ, ਨਕਲ ਅਤੇ ਸ੍ਵਾਂਗ ਤੋਂ ਸ੍ਰੇਸ਼ਠ ਸਾਹਿਤ ਰੂਪ ਹੈ।
ਨਾਟਕਕਾਰ ਮੌਲਿਕ ਲੇਖਕ ਦੇ ਨਾਲ-ਨਾਲ ਕਰਾਫ਼ਟਮੈਨ ਵੀ ਹੈ। ਇਸੇ ਲਈ ਅੰਗਰੇਜ਼ੀ ਵਿੱਚ ਨਾਟਕਕਾਰ ਲਈ ‘ਪਲੇਰਾਈਟ’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਭਾਵ ‘ਨਾਟਕ ਘੜਨ ਵਾਲਾ’ ਦੇ ਹਨ। ਅੰਗਰੇਜ਼ੀ ਵਿੱਚ ‘ਡਰਾਮਾ’ ਦੇ ਬਰਾਬਰ ਦਾ ਇੱਕ ਸ਼ਬਦ ‘ਪਲੇ’ (play) ਹੈ, ਜੋ ਭਾਰਤੀ ਸ਼ਬਦ ‘ਰੂਪਕ’ ਨਾਲ ਮਿਲਦਾ ਹੈ। ‘ਡਰਾਮੇ’ ਅਤੇ ‘ਪਲੇ’ ਵਿੱਚ ਸੂਖਮ ਅੰਤਰ ਹੈ।
ਨਾਟਕ ਇੱਕ ਮਿਸ਼ਰਿਤ ਕਲਾ ਹੈ। ਇਸਦੀ ਸਿਰਜਣਾ ਵਿੱਚ ਗੀਤ, ਕਾਵਿ ਆਦਿ ਅੰਸ਼ਾਂ ਤੋਂ ਬਿਨਾਂ ਨਾਟਕਕਾਰ, ਐਕਟਰ, ਸੂਤਰਧਾਰ, ਨਿਰਮਾਤਾ, ਪ੍ਰਬੰਧਕ ਅਤੇ ਦਰਸ਼ਕ ਯੋਗਦਾਨ ਪਾਉਂਦੇ ਹਨ। ਇਸ ਨੂੰ ਗਿਆਨ ਦਾ ਸੋਮਾ ਮੰਨਦਿਆਂ ਭਰਤਮੁਨੀ ਨੇ ਨਾਟਯ ਸ਼ਾਸਤ੍ਰ ਦੀ ਰਚਨਾ ਕੀਤੀ ਅਤੇ ਨਾਟਕ ਨੂੰ ‘ਪੰਚਮ ਵੇਦ’ ਹੋਣ ਦਾ ਗੌਰਵ ਬਖ਼ਸ਼ਿਆ। ਇਸ ਪੰਜਵੇਂ ਵੇਦ ਨਾਟਕ ਦੀ ਰਚਨਾ ਚੌਹ ਵੇਦਾਂ ਵਿੱਚੋਂ ਅੰਸ਼ ਲੈ ਕੇ ਕੀਤੀ ਗਈ। ਭਰਤ ਮੁਨੀ ਅਨੁਸਾਰ ਬ੍ਰਹਮਾ ਨੇ ਰਿਗਵੇਦ ਵਿੱਚੋਂ ਸੰਵਾਦ (ਪਾਤਰਾਂ ਵਿਚਲੀ ਗੱਲ ਕਥ), ਸਾਮਵੇਦ ਵਿੱਚੋਂ ਸੰਗੀਤ (ਨਾਚ, ਗਾਇਕ ਅਤੇ ਸਾਜ਼ਾਂ ਦੀਆਂ ਧੁਨਾਂ), ਯੁਜਰ ਵੇਦ ਵਿੱਚੋਂ ਬਾਤਾਵਾਂ (ਸਰੀਰ ਦੇ ਅੰਗਾਂ ਨੂੰ ਹਿਲਾ ਕੇ ਭਾਵ ਦਰਸਾਉਣੇ) ਅਤੇ ਅਥਰਵ ਵੇਦ ਵਿੱਚੋਂ ਰਸ ਤੱਤ (ਮਾਨਸਿਕ ਪ੍ਰਭਾਵ) ਸਮੋ ਕੇ ਨਾਟਕ ਦੀ ਰਚਨਾ ਕੀਤੀ। ਚਾਰ ਵੇਦਾਂ ਦੇ ਵਿਪਰੀਤ ਨਾਟਕ ਨਾਂ ਦਾ ਇਹ ਪੰਜਵਾਂ ਵੇਦ ਸਭ ਵਰਨਾਂ ਲਈ ਸਮਾਨ ਭਾਵ ਨਾਲ ਰਚਿਆ ਗਿਆ।
ਮਾਨਵ ਜੀਵਨ ਦੇ ਵਿਸ਼ਾਲ ਵਿਸਤ੍ਰਿਤ ਰੰਗ-ਮੰਚ ਉੱਤੇ ਹੋਣ ਵਾਲੇ ਨਾਟਕ ਨੂੰ ਨਾਟਕ ਕਿਹਾ ਜਾਂਦਾ ਹੈ। ਮਨੁੱਖ ਦੇ ਕੰਮ-ਕਾਜ, ਦੈਨਿਕ ਜੀਵਨ ਦੀਆਂ ਗਤੀਵਿਧੀਆਂ, ਮਾਨਵ ਜੀਵਨ ਨਾਟਕ ਦੇ ਭਿੰਨ-ਭਿੰਨ ਅੰਗ ਅਤੇ ਦ੍ਰਿਸ਼ ਹੀ ਹਨ। ਨਾਟਕ ਕਿਸੇ ਜੀਵਨ ਦੀ ਨਕਲ ਹੈ ਪਰ ਇਹ ਨਕਲ ਅਸਲ ਤੋਂ ਵਧੇਰੇ ਯਥਾਰਥਿਕ ਚਿੱਤਰ ਪੇਸ਼ ਕਰਨ ਦੀ ਸਮਰੱਥਾ ਰੱਖਦੀ ਹੈ। ਨਾਟਕ ਮਨੁੱਖੀ ਸੁਭਾਅ ਦੀ ਨਕਲ ਹੈ, ਉਸ ਦੇ ਅੰਦਰਲੇ ਸੰਘਰਸ਼ ਦੀ ਕਹਾਣੀ ਹੈ, ਜੋ ਮੰਚ ਉੱਤੇ ਪੇਸ਼ ਕੀਤੀ ਜਾਂਦੀ ਹੈ। ਮੰਚਨ ਨਾਲ ਇਹ ਕਹਾਣੀ ਏਨੀ ਸ਼ਕਤੀਸ਼ਾਲੀ ਹੋ ਜਾਂਦੀ ਹੈ ਕਿ ਸਾਰੇ ਮਾਨਵ ਸਮਾਜ ਨੂੰ ਪ੍ਰਭਾਵਿਤ ਕਰ ਸਕਦੀ ਹੈ। ਨਾਟਕ ਮਨੋਰੰਜਨ ਦੇ ਮਾਧਿਅਮ ਦੇ ਨਾਲ-ਨਾਲ ਕਿਸੇ ਸਾਰਥਕ ਉਦੇਸ਼ ਦੀ ਧਾਰਨੀ ਵੀ ਹੈ।
ਨਾਟਕ ਕਿਉਂਕਿ ਲਿਖੇ ਜਾਣ ਤੇ ਹੀ ਸਮਾਪਤ ਨਹੀਂ ਹੋ ਜਾਂਦਾ ਸਗੋਂ ਇਸਨੇ ਰੰਗ-ਮੰਚ ਤੇ ਜਾ ਕੇ ਸੰਪੂਰਨਤਾ ਗ੍ਰਹਿਣ ਕਰਨੀ ਹੁੰਦੀ ਹੈ। ਇਸ ਲਈ ਨਾਟਕ ਨੂੰ ਅਜਿਹੀ ਸਾਹਿਤ ਰਚਨਾ ਮੰਨਿਆ ਗਿਆ ਹੈ, ਜਿਸ ਦੇ ਅੰਤਹਕਰਨ ਦੀ ਸੂਖਮਤਾ ਨੂੰ ਅਸੀਂ ਰੰਗ-ਮੰਚ ਤੇ ਮੂਰਤ ਰੂਪ ਵਿੱਚ ਵੇਖ ਸਕਦੇ ਹਾਂ। ਖੇਡੇ ਜਾਣ ਸਮੇਂ ਉੱਭਰਨ ਵਾਲੇ ਤੱਤ ਨਾਟਕ ਦੀ ਲਿਖਤ ਵਿੱਚ ਮੌਜੂਦ ਹੁੰਦੇ ਹਨ। ਰੰਗ-ਮੰਚ ਤੋਂ ਸੁਚੇਤ ਨਾਟਕਕਾਰ ਦੇ ਲਿਖਤ ਪਾਠ ਵਿੱਚ ਖੇਡ ਪਾਠ ਲੁਪਤ ਹੁੰਦਾ ਹੈ ਜਿਸ ਨੂੰ ਰੰਗ-ਮੰਚ ਤੇ ਡੀਕੋਡ ਕਰਨਾ ਨਿਰਦੇਸ਼ਕ ਦਾ ਕਾਰਜ ਹੈ। ਮੰਚਨ ਯੋਗਤਾ ਕਾਰਨ ਹੀ ਨਾਟਕ ਦਰਸ਼ਕ ਨੂੰ ਪ੍ਰਭਾਵਿਤ ਕਰ ਸਕਦਾ ਹੈ। ਨਾਟਕ ਦੀ ਸੰਪੂਰਨਤਾ ਅਭਿਨੈ ਪ੍ਰਦਰਸ਼ਨ ਵਿੱਚ ਹੈ, ਅਭਿਨੈ ਇਸ ਦਾ ਕੇਂਦਰ ਬਿੰਦੂ ਹੈ।
ਅਜੋਕੇ ਸਮੇਂ ਵਿੱਚ ਰੰਗ-ਮੰਚ ਵਿੱਚ ਬਹੁਭਾਂਤੀ ਵਿਕਾਸ ਆਉਣ ਕਾਰਨ ਨਾਟ-ਲਿਖਤ ਵਿੱਚ ਵਿਵਿਧਤਾ ਆਈ ਹੈ। ਰੇਡੀਓ, ਫ਼ਿਲਮ ਅਤੇ ਟੀ.ਵੀ. ਦੀ ਆਮਦ ਨਾਲ ਨਾਟ ਲਿਖਤ ਤੇ ਵਿਆਪਕ ਪ੍ਰਭਾਵ ਪਿਆ ਹੈ। ਇਸ ਨਾਲ ਨਾਟਕ ਆਪਣੇ ਪਰੰਪਰਿਕ ਰੂਪ ਬਦਲ ਕੇ ਨਵੇਂ ਰੂਪ ਅਖ਼ਤਿਆਰ ਕਰ ਰਿਹਾ ਹੈ। ਪਹਿਲਾਂ ਕੇਵਲ ਪੂਰੇ ਨਾਟਕ ਅਤੇ ਇਕਾਂਗੀ ਹੀ ਰਚੇ ਤੇ ਖੇਡੇ ਜਾਂਦੇ ਸਨ ਪਰੰਤੂ ਹੁਣ ਰੰਗ-ਮੰਚ ਵਿੱਚ ਰੋਸ਼ਨੀਆਂ ਦੀ ਵਰਤੋਂ ਅਤੇ ਪਿੱਠ- ਵਰਤੀ ਅਵਾਜ਼ਾਂ ਵਰਗੇ ਸਾਧਨਾਂ ਦੀ ਆਮਦ ਨਾਲ ਮੰਚ ਪੱਖ ਵੀ ਬਦਲ ਗਿਆ ਹੈ। ਨਤੀਜੇ ਵਜੋਂ ਕਾਵਿ- ਨਾਟਕ, ਲਘੂ-ਨਾਟਕ, ਨੁਕੜ-ਨਾਟਕ, ਬਾਲ- ਨਾਟਕ, ਸੰਗੀਤ- ਨਾਟਕ, ਨ੍ਰਿਤ-ਨਾਟਕ, ਕੋਰਿਓਗਰਾਫ਼ੀ, ਇੱਕ ਪਾਤਰੀ ਨਾਟਕ ਅਤੇ ਅਬੋਲ ਨਾਟਕ (Mime) ਆਦਿ ਨਾਟਕੀ ਸਰੂਪ ਉੱਘੜ ਕੇ ਸਾਮ੍ਹਣੇ ਆਏ ਹਨ। ਵਿਸ਼ਵ ਨਾਟ- ਸ਼ੈਲੀਆਂ ਨੇ ਇਹਨਾਂ ਤੇ ਵਿਆਪਕ ਪ੍ਰਭਾਵ ਵੀ ਪਾਇਆ ਹੈ। ਵਿਸ਼ਵੀਕਰਨ ਅਤੇ ਕੰਪਿਊਟਰੀਕਰਨ ਕਾਰਨ ਵੀ ਨਾਟਕ ਦੀ ਵਿਧਾ ਵਿੱਚ ਇਨਕਲਾਬੀ ਪਰਿਵਰਤਨ ਆਇਆ ਹੈ। ਇਸ ਸਾਰੀ ਰੱਦੋ-ਬਦਲ ਨੇ ਵਿਚਾਰ, ਪ੍ਰਕਾਰ ਅਤੇ ਸੰਚਾਰ ਦੀ ਦ੍ਰਿਸ਼ਟੀ ਤੋਂ ਨਾਟਕ ਦੇ ਨਵੇਂ ਪ੍ਰਤਿਮਾਨ ਸਿਰਜੇ ਹਨ।
ਲੇਖਕ : ਡੀ.ਬੀ. ਰਾਏ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 14908, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਨਾਟਕ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਾਟਕ [ਨਾਂਪੁ] ਸਾਹਿਤ ਦਾ ਉਹ ਰੂਪ ਜੋ ਰੰਗ-ਮੰਚ ਉੱਪਰ ਦਰਸ਼ਕਾਂ ਸਾਮ੍ਹਣੇ ਖੇਡਿਆ ਜਾਂਦਾ ਹੈ, ਡਰਾਮਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14890, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਨਾਟਕ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਾਟਕ. ਸੰ. ਸੰਗ੍ਯਾ—ਉਹ ਪੁਰੁ, ਜੋ ਨਾਟ (ਸ੍ਵਾਂਗ) ਕਰੇ। ੨ ਹਾਵਭਾਵ ਲਿਬਾਸ ਅਤੇ ਵਾਣੀ ਨਾਲ ਜੋ ਕਿਸੇ ਘਟਨਾ ਨੂੰ ਪ੍ਰਤੱਖ ਕਰਕੇ ਦਿਖਾਵੇ।
੩ ਦ੍ਰਿਸ਼੍ਯ ਕਾਵ੍ਯ. ਜਿਸ ਵਿੱਚ ਕਥਾ ਪ੍ਰਸੰਗ ਅਜੇਹੀ ਉੱਤਮ ਰੀਤਿ ਨਾਲ ਲਿਖੇ ਹੋਣ, ਜੋ ਅਖਾੜੇ ਵਿੱਚ ਨਟਾਂ ਦ੍ਵਾਰਾ ਚੰਗੀ ਤਰਾਂ ਦਿਖਾਏ ਜਾ ਸਕਣ. ਨਾਟਕ ਦਾ ਮੁਖ ਆਚਾਰਯ ਭਰਤ ਮੁਨਿ ਹੈ. ਸ਼ਤਪਥ ਬ੍ਰਾਹਮਣ ਅਤੇ ਅਨੁਪਦ ਸੂਤ੍ਰ ਵੇਖਣ ਤੋਂ ਪਤਾ ਲਗਦਾ ਹੈ ਕਿ ਸ਼ਿਲਾਲੀ ਅਤੇ ਕ੍ਰਿਸ਼ਾਸ਼੍ਵ ਨੇ ਨਾਟਕ ਨੂੰ ਵੱਡੀ ਤਰੱਕੀ ਦਿੱਤੀ. ਪਹਿਲਾਂ ਨਾਟਕ ਦੇ ਪਰਦੇ ਸਾਦੇ ਹੋਇਆ ਕਰਦੇ ਸਨ ਅਤੇ ਕਈ ਨਾਟਕ ਬਿਨਾ ਪਰਦੇ ਹੀ ਖੇਡੇ ਜਾਂਦੇ ਸਨ. ਰੰਗ ਬਰੰਗੇ ਚਿਤ੍ਰਿਤ ਪਰਦਿਆਂ ਦੀ ਰੀਤਿ ਯੂਨਾਨ ਤੋਂ ਚੱਲੀ ਹੈ. ਇਸੇ ਲਈ ਨਾਮ “ਜਵਨਿਕਾ” ਹੋਯਾ। ੪ ਕਾਮਾਖ੍ਯਾ ਪਾਸ ਇੱਕ ਪਹਾੜ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14364, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First