ਨਾਥ-ਮਤ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਨਾਥ-ਮਤ: ਗੁਰੂ ਨਾਨਕ ਦੇਵ ਜੀ ਦਾ ਨਾਥ-ਯੋਗੀਆਂ ਨਾਲ ਇਕ ਪ੍ਰਕਾਰ ਦਾ ਸਿੱਧਾ ਸੰਵਾਦ ਹੋਇਆ ਸੀ। ਗੁਰੂ ਨਾਨਕ ਦੇਵ ਜੀ ਇਸ ਨਿਰਣੇ ਉਤੇ ਪਹੁੰਚੇ ਸਨ ਕਿ ਨਾਥ ਪ੍ਰਭੂ ਦੇ ਭੇਦ ਨੂੰ ਪਾਣ ਦੇ ਸਮਰਥ ਨਹੀਂ ਹਨ— ਨਾਥ ਜਤੀ ਸਿਧ ਪੀਰ ਕਿਨੈ ਅੰਤੁ ਨ ਪਾਇਆ। ਗੁਰਮੁਖਿ ਨਾਮੁ ਧਿਆਇ ਤੁਝੈ ਸਮਾਇਆ। (ਗੁ.ਗ੍ਰੰ.1282)।
ਨਾਥ-ਮਤ ਸਿੱਧ-ਮਤ ਦਾ ਹੀ ਸੁਧਰਿਆ ਹੋਇਆ ਸਾਫ਼-ਸੁਥਰਾ ਅਤੇ ਸ਼ਕਤੀਸ਼ਾਲੀ ਰੂਪ ਹੈ। ਨੌਵੀਂ, ਦਸਵੀਂ ਸਦੀਆਂ ਵਿਚ ਨੇਪਾਲ ਦੀਆਂ ਘਾਟੀਆਂ ਵਿਚ ਸ਼ੈਵ-ਮਤ ਅਤੇ ਬੌਧ-ਮਤ ਦੀਆਂ ਸਾਧਨਾ-ਪ੍ਰਣਾਲੀਆਂ ਦਾ ਜੋ ਮੇਲ ਹੋਇਆ, ਉਸ ਤੋਂ ਇਕ ਨਵੇਂ ਮਤ ਦਾ ਵਿਕਾਸ ਹੋਇਆ ਜਿਸ ਵਿਚ ਵਜ੍ਰਯਾਨੀਆਂ ਦੀਆਂ ਵਾਮ-ਮਾਰਗੀ ਰੁਚੀਆਂ ਦਾ ਵਿਰੋਧ ਹੋਇਆ ਅਤੇ ਇਕ ਨਵੀਂ ਸੁਅਸਥ ਅਤੇ ਸੰਜਮ ਭਰਪੂਰ ਵਿਚਾਰਧਾਰਾ ਦਾ ਵਿਕਾਸ ਹੋਇਆ। ਇਹ ਪਹਿਲਾਂ ਸਿੱਧ-ਮਤ ਵਜੋਂ ਪ੍ਰਸਿੱਧ ਹੋਇਆ ਅਤੇ ਬਾਦ ਵਿਚ ਗੋਰਖ- ਨਾਥ ਆਦਿ ਤਪਸਵੀਆਂ ਦੇ ਬਲਸ਼ਾਲੀ ਪ੍ਰਚਾਰ ਨੇ ਸਿੱਧ- ਮਤ ਨੂੰ ਹੀ ਨਾਥ-ਮਤ ਦਾ ਨਾਂ ਦਿੱਤਾ। ਇਸ ਤਰ੍ਹਾਂ ਨਾਥ- ਮਤ ਸਿੱਧ-ਮਤ ਦਾ ਹੀ ਵਿਕਸਿਤ ਰੂਪ ਹੈ। 84 ਸਿੱਧਾਂ ਦੀ ਨਾਮਾਵਲੀ ਵਿਚ ਕਈ ਨਾਥਾਂ ਦੇ ਨਾਂ ਵੀ ਗਿਣੇ ਜਾਂਦੇ ਹਨ। ਇਹੀ ਕਾਰਣ ਹੈ ਕਿ ਸਿੱਧਾਂ ਅਤੇ ਨਾਥਾਂ ਵਿਚ ਵਖਰੇਵੇਂ ਦੀ ਕੋਈ ਲਕੀਰ ਨਹੀਂ ਖਿਚੀ ਜਾ ਸਕਦੀ।
ਇਸ ਮਤ ਦੇ ਨਾਂ ਦੀ ਵਿਆਖਿਆ ਕਰਦਿਆਂ ਇਕ ਪੁਰਾਤਨ ਪੁਸਤਕ (‘ਰਾਜਗੁਹੑਯ’) ਵਿਚ ਲਿਖਿਆ ਹੈ ਕਿ ‘ਨਾ’ ਦਾ ਅਰਥ ਹੈ ਅਨਾਦਿ ਰੂਪ ਅਤੇ ‘ਥ’ ਦਾ ਅਰਥ ਹੈ ਸਥਾਪਿਤ ਹੋਣਾ (ਤਿੰਨ ਲੋਕਾਂ ਦਾ)। ਤਾਤਪਰਜ ਇਹ ਹੈ ਕਿ ਤਿੰਨ ਲੋਕਾਂ ਦੀ ਸਥਿਤੀ ਦਾ ਕਾਰਣ ਸਰੂਪ ਅਨਾਦਿ ਧਰਮ ‘ਨਾਥ-ਮਤ’ ਹੈ। ਇਸੇ ਲਈ ਗੋਰਖ ਨੂੰ ‘ਨਾਥ’ ਕਿਹਾ ਜਾਂਦਾ ਹੈ।
ਇਸ ਸ਼ਬਦ ਦੀ ਦੂਜੀ ਵਿਆਖਿਆ ਅਨੁਸਾਰ ‘ਨਾ’ ਸ਼ਬਦ ਦਾ ਅਰਥ ਹੈ ਮੋਕੑਸ਼ ਪ੍ਰਦਾਨ ਕਰਨ ਵਿਚ ਸਮਰਥ ਬ੍ਰਹਮ (ਨਾਥ) ਦਾ ਗਿਆਨ ਕਰਾਉਣਾ ਅਤੇ ‘ਥ’ ਦਾ ਅਰਥ ਹੈ ਸਥਗਿਤ ਕਰਨ ਵਾਲਾ (ਅਗਿਆਨ ਦੀ ਸਮਰਥਾ ਨੂੰ)। ਕਿਉਂਕਿ ਨਾਥ ਦੇ ਆਸਰੇ ਨਾਲ ਬ੍ਰਹਮ (ਨਾਥ) ਦਾ ਸਾਖਿਆਤਕਾਰ ਹੁੰਦਾ ਹੈ ਅਤੇ ਅਗਿਆਨ ਦੀ ਮਾਇਆ ਰੁਕਦੀ ਹੈ, ਇਸ ਲਈ ‘ਨਾਥ’ ਸ਼ਬਦ ਦੀ ਵਰਤੋਂ ਹੁੰਦੀ ਹੈ।
ਨਾਥ-ਮਤ ਵਾਲਿਆਂ ਦਾ ਵਿਸ਼ਵਾਸ ਹੈ ਕਿ ਆਦਿ -ਨਾਥ ਖ਼ੁਦ ਸ਼ਿਵ ਸੀ। ਸ਼ਿਵ ਹੀ ਸਭ ਦੇ ਮੂਲ ਉਪਾਸੑਯ ਦੇਵ ਹਨ। ਇਸ ਦ੍ਰਿਸ਼ਟੀ ਤੋਂ ਨਾਥ-ਮਤ ਵਾਲੇ ਸ਼ੈਵ ਜਾਂ ਸ਼ਿਵ-ਭਗਤ ਕਹੇ ਜਾ ਸਕਦੇ ਹਨ। ਸੰਪ੍ਰਦਾਇਕ ਮਾਨਤਾਵਾਂ ਅਨੁਸਾਰ ਸ਼ਿਵ ਵੀ ਦੋ ਰੂਪਾਂ ਵਿਚ ਪ੍ਰਗਟ ਹੁੰਦੇ ਹਨ— ਇਕ ਮਛੰਦ੍ਰ-ਨਾਥ ਅਤੇ ਦੂਜਾ ਜਾਲੰਧਰ-ਨਾਥ। ਮਛੰਦ੍ਰਨਾਥ ਦਾ ਪ੍ਰਧਾਨ ਚੇਲਾ ਗੋਰਖਨਾਥ ਸੀ ਜਿਸ ਨੇ ਗੋਰਖ ਪੰਥ ਚਲਾਇਆ ਅਤੇ ਜਾਲਿੰਧਰ-ਨਾਥ ਨੇ ਕਾਪਾਲਿਕ ਯੋਗੀਆਂ ਦੀ ਪਰੰਪਰਾ ਦਾ ਵਿਕਾਸ ਕੀਤਾ।
ਨਾਥ-ਮਤ ਦੀ ਮੁੱਖ ਸ਼ਾਖਾ/ਸੰਪ੍ਰਦਾਇ ਗੋਰਖਨਾਥੀ ਯੋਗੀਆਂ ਦੀ ਹੈ। ਗੋਰਖਨਾਥੀਆਂ ਨੂੰ ਕੰਨਫਟਾ ਸਾਧ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਲੋਕ ਕੰਨਾਂ ਨੂੰ ਪੜਵਾ ਕੇ ਇਕ ਤਰ੍ਹਾਂ ਦੀ ਮੁੰਦਰਾ ਧਾਰਣ ਕਰਦੇ ਹਨ। ਇਹ ਮੁੰਦਰਾ ਕਈ ਤਰ੍ਹਾਂ ਦੀਆਂ ਧਾਤਾਂ ਜਾਂ ਹਾਥੀ-ਦੰਦ ਦੀ ਬਣੀ ਹੁੰਦੀ ਹੈ। ਹਰ ਸਾਧੂ ਆਪਣੀ ਸਮਰਥਾ, ਮਾਨਤਾ ਅਤੇ ਸ੍ਰੇਸ਼ਠਤਾ ਦੇ ਆਧਾਰ’ਤੇ ਮੁੰਦਰਾ ਦੀ ਧਾਤ ਦਾ ਖ਼ੁਦ ਫ਼ੈਸਲਾ ਕਰਦਾ ਹੈ। ਮਾਇਕ ਤੌਰ ’ਤੇ ਸੌਖੇ ਅਥਵਾ ਮਠ-ਅਧੀਸ਼ ਸਾਧੂ ਸੋਨੇ ਦੀ ਮੁੰਦਰਾ ਵੀ ਪਾਉਂਦੇ ਹਨ। ਮੁੰਦਰਾ ਦੀਆਂ ਵੀ ਦੋ ਕਿਸਮਾਂ ਹਨ। ਇਕ ਨੂੰ ‘ਦਰਸ਼ਨੀ ਮੁੰਦਰਾ’ ਕਹਿੰਦੇ ਹਨ ਜਿਸ ਨੂੰ ਪ੍ਰਚਲਿਤ ਵਿਸ਼ਵਾਸ ਅਨੁਸਾਰ ਉਹ ਧਾਰਣ ਕਰਦੇ ਹਨ ਜਿਨ੍ਹਾਂ ਨੂੰ ਬ੍ਰਹਮ ਦਾ ਸਾਖਿਆਤਕਾਰ ਪ੍ਰਾਪਤ ਹੋ ਚੁਕਿਆ ਹੋਵੇ। ਦੂਜੀ ਪ੍ਰਕਾਰ ਨੂੰ ‘ਕੁੰਡਲ ਮੁੰਦਰਾ’ ਕਿਹਾ ਜਾਂਦਾ ਹੈ। ਇਸ ਦਾ ਇਕ ਨਾਮਾਂਤਰ ‘ਪਵਿਤ੍ਰੀ’ ਵੀ ਹੈ।
ਆਮ ਧਾਰਣਾ ਹੈ ਕਿ ਯੋਗੀ ਬ੍ਰਹਮਚਾਰੀ ਹੁੰਦੇ ਹਨ। ਪਰ ਬ੍ਰਿਗਸ ਨੇ ਮਰਦਮਸ਼ੁਮਾਰੀ ਦੀਆਂ ਰਿਪੋਰਟਾਂ ਦੇ ਆਧਾਰ’ਤੇ ਜੋ ਆਂਕੜੇ ਆਪਣੀ ਪੁਸਤਕ (‘ਗੋਰਖਨਾਥ ਐਂਡ ਦਾ ਕੰਨਫਟਾ ਜੋਗੀਜ਼’, ਪੰਨੇ 4-6) ਵਿਚ ਦਿੱਤੇ ਹਨ, ਉਨ੍ਹਾਂ ਤੋਂ ਇਨ੍ਹਾਂ ਦਾ ਘਰਬਾਰੀ ਹੋਣਾ ਵੀ ਸਿੱਧ ਹੁੰਦਾ ਹੈ।
ਗੋਰਖਨਾਥੀ ਯੋਗੀਆਂ ਦੀਆਂ ਬਾਰ੍ਹਾਂ ਸ਼ਾਖਾਵਾਂ ਮੰਨੀਆਂ ਜਾਂਦੀਆਂ ਹਨ। ਇਸ ਮਤ ਵਿਚ ਪ੍ਰਚਲਿਤ ਰਵਾਇਤਾਂ ਅਨੁਸਾਰ ਇਨ੍ਹਾਂ ਸ਼ਾਖਾਵਾਂ ਦੀਆਂ ਸੀਮਾਵਾਂ ਗੋਰਖਨਾਥ ਨੇ ਖ਼ੁਦ ਨਿਸ਼ਚਿਤ ਕੀਤੀਆਂ ਸਨ। ਪਰ ਇਤਿਹਾਸਿਕ ਵਿਕਾਸ- ਗਤੀ ਤੋਂ ਪ੍ਰਤੀਤ ਹੁੰਦਾ ਹੈ ਕਿ ਗੋਰਖਨਾਥ ਤੋਂ ਬਾਦ ਇਸ ਸੰਪ੍ਰਦਾਇ ਦੇ ਵਖ ਵਖ ਮੁਖੀਆਂ ਵਲੋਂ ਬਾਣੇ , ਬਾਣੀ ਅਤੇ ਉਪਾਸਨਾ ਵਿਧੀ ਵਿਚ ਲਿਆਉਂਦੇ ਅੰਤਰ ਨੇ ਹੀ ਇਨ੍ਹਾਂ ਨੂੰ ਬਾਰ੍ਹਾਂ ਸ਼ਾਖਾਵਾਂ ਵਿਚ ਵੰਡ ਦਿੱਤਾ। ਇਨ੍ਹਾਂ ਵਿਚੋਂ ਕਈ ਸ਼ਾਖਾਵਾਂ ਦੇ ਨਾਂ ਵੀ ਉਨ੍ਹਾਂ ਦੇ ਮੁਖੀਆਂ ਦੇ ਨਾਂਵਾਂ ਉਤੇ ਪ੍ਰਚਲਿਤ ਹੋਏ ਅਤੇ ਕਈਆਂ ਦੇ ਆਰੰਭਕਾਂ ਲਈ ਪੌਰਾਣਿਕ ਦੇਵਤਿਆਂ ਦੀ ਕਲਪਨਾ ਕਰਨੀ ਪਈ। ਡਾ. ਹਜ਼ਾਰੀ ਪ੍ਰਸ਼ਾਦ ਦ੍ਵਿਵੇਦੀ ਅਨੁਸਾਰ ਇਨ੍ਹਾਂ ਬਾਰ੍ਹਾਂ ਸ਼ਾਖਾਵਾਂ ਦੇ ਨਾਂ ਅਤੇ ਖੇਤਰ ਇਸ ਪ੍ਰਕਾਰ ਹਨ— ਸਤੑਯਨਾਥੀ, ਧਰਮਨਾਥੀ, ਰਾਮਪੰਥ, ਨਾਟੇਸ਼੍ਵਰੀ, ਕਨ੍ਹੜ, ਕਪਿਲਾਨੀ, ਵੈਰਾਗ-ਪੰਥੀ, ਮਾਨਨਾਥੀ, ਆਈ-ਪੰਥ, ਪਾਗਲ-ਪੰਥ, ਧਜ-ਪੰਥ ਅਤੇ ਗੰਗਾਨਾਥੀ। ਇਨ੍ਹਾਂ ਵਿਚੋਂ ਤਿੰਨ—ਨਾਟੇਸ਼੍ਵਰੀ, ਪਾਗਲ-ਪੰਥ ਅਤੇ ਗੰਗਾਨਾਥੀ—ਸ਼ਾਖਾਵਾਂ ਦਾ ਸੰਬੰਧ ਪੰਜਾਬ ਨਾਲ ਹੈ ਅਤੇ ਇਨ੍ਹਾਂ ਦੇ ਸਥਾਨ ਗੋਰਖਟਿੱਲਾ (ਜੇਹਲਮ-ਪੱਛਮੀ ਪੰਜਾਬ), ਅਬੋਹਰ (ਜ਼ਿਲ੍ਹਾ ਫ਼ਿਰੋਜ਼ਪੁਰ) ਅਤੇ ਜਖਬਾਰ (ਜ਼ਿਲ੍ਹਾ ਗੁਰਦਾਸਪੁਰ) ਵਿਚ ਹਨ। ਨਾਥ-ਮਤ ਵਿਚ ਮਛੰਦ੍ਰਨਾਥ, ਜਾਲੰਧਰ-ਨਾਥ, ਗੋਰਖਨਾਥ, ਚੌਰੰਗੀ-ਨਾਥ, ਚਰਪਟ- ਨਾਥ, ਭਰਥਰੀ ਆਦਿ ਦਾ ਵਿਸ਼ੇਸ਼ ਮਹੱਤਵ ਅਤੇ ਗੌਰਵ ਹੈ।
ਨਾਥ-ਮਤ ਦੀ ਯੋਗ-ਸਾਧਨਾ ਪਾਤੰਜਲ ਯੋਗ- ਵਿਧੀ ਦਾ ਵਿਕਸਿਤ ਰੂਪ ਕਿਹਾ ਜਾ ਸਕਦਾ ਹੈ। ਉਸ ਦਾ ਜੇ ਦਾਰਸ਼ਨਿਕ ਅੰਸ਼ ਛਡ ਦਿੱਤਾ ਜਾਏ ਅਤੇ ਉਸ ਦੀ ਥਾਂ ਹਠ-ਯੋਗ ਦੀ ਕ੍ਰਿਆ-ਸਾਧਨਾ ਜੋੜ ਦਿੱਤੀ ਜਾਏ ਤਾਂ ਨਾਥ -ਮਤ ਦਾ ਵਿਵਹਾਰਿਕ ਰੂਪ ਸਾਹਮਣੇ ਆਉਂਦਾ ਹੈ। ਨਾਥ- ਮਤ ਵਿਚ ਬ੍ਰਹਮਚਰਯ ਦਾ ਸਰਵ-ਪ੍ਰਮੁਖ ਮਹੱਤਵ ਹੈ। ਹਰ ਪ੍ਰਕਾਰ ਦੇ ਤਾਮਸਿਕ ਭੋਜਨਾਂ ਜਾਂ ਪਾਨਾਂ (ਪੀਣ ਦੇ ਪਦਾਰਥਾਂ) ਦੀ ਵੀ ਮਨਾਹੀ ਹੈ। ਇਨ੍ਹਾਂ ਅਨੁਸਾਰ ਪਰਮਸੱਤਾ ‘ਕੇਵਲ ’ ਹੈ। ਕੇਵਲ ਤਕ ਪਹੁੰਚਣਾ ‘ਕੈਵਲੑਯ’ ਜਾਂ ਮੋਕੑਸ਼ (ਮੁਕਤੀ) ਹੈ। ਇਸੇ ਪ੍ਰਕ੍ਰਿਆ ਨੂੰ ‘ਯੋਗ ’ ਕਿਹਾ ਜਾਂਦਾ ਹੈ। ਇਸ ਅਵਸਥਾ ਦੀ ਪ੍ਰਾਪਤੀ ਲਈ ਪਹਿਲਾਂ ਸ਼ਰੀਰ ਨੂੰ ਸਾਧਣਾ ਪੈਂਦਾ ਹੈ ਕਿਉਂਕਿ ਸ਼ਰੀਰ ਇਕ ਯੰਤ੍ਰ ਜਾਂ ਸਾਧਨ ਹੈ ਜਿਸ ਰਾਹੀਂ ਨਾਥ-ਯੋਗੀ ਕੈਵਲੑਯ ਪ੍ਰਾਪਤ ਕਰ ਸਕਦਾ ਹੈ; ਜਨਮ ਜਾਂ ਮਰਨ ਉਤੇ ਵੀ ਉਹ ਪੂਰਾ ਅਧਿਕਾਰ ਕਰ ਲੈਂਦਾ ਹੈ।
ਇਹ ਸਾਰੀ ਕ੍ਰਿਆ ‘ਹਠ-ਯੋਗ’ (ਵੇਖੋ ‘ਹਠਯੋਗ ਬਨਾਮ ਸਿੱਖ ਸਾਧਨਾ’) ਦੇ ਅਨੁਸਾਰ ਕੀਤੀ ਜਾਂਦੀ ਹੈ। ਅੰਤ ਵਿਚ ਪ੍ਰਾਣਾਯਾਮ ਦੁਆਰਾ ਸਮਾਧੀ ਦੀ ਪ੍ਰਾਪਤੀ ਹੁੰਦੀ ਹੈ। ਇਸ ਮਤ ਦੇ ਯੋਗੀ ਜਾਂ ਤਾਂ ਜੀਵਿਤ ਸਮਾਧੀ ਲੈਂਦੇ ਹਨ, ਜਾਂ ਫਿਰ ਮਰਨ ਉਪਰੰਤ ਉਨ੍ਹਾਂ ਨੂੰ ਸਮਾਧੀ ਦਿੱਤੀ ਜਾਂਦੀ ਹੈ। ਇਨ੍ਹਾਂ ਦਾ ਦਾਹ-ਸੰਸਕਾਰ ਨਹੀਂ ਕੀਤਾ ਜਾਂਦਾ ਹੈ। ਨਾਥ -ਯੋਗੀ ‘ਅਲੱਖ ’ ਸ਼ਬਦ ਉਚਾਰਦੇ ਹਨ ਅਤੇ ਭਿਖਿਆ ਮੰਗਣ ਵੇਲੇ ਵੀ ਇਹੀ ਸ਼ਬਦ ਬੋਲਦੇ ਹਨ। ਆਪਸ ਵਿਚ ਮਿਲਣ ਵੇਲੇ ਇਹ ‘ਅਲੱਖ’ ਜਾਂ ‘ਆਦੇਸ਼ ’ ਸ਼ਬਦਾਂ ਨਾਲ ਇਕ ਦੂਜੇ ਨੂੰ ਸੰਬੋਧਨ ਕਰਦੇ ਹਨ।
ਰਵਾਇਤ ਅਨੁਸਾਰ ਆਦਿ-ਨਾਥ ਦੇ ਦੋ ਮੁੱਖ ਸ਼ਿਸ਼ ਸਨ— ਮਛੰਦ੍ਰ-ਨਾਥ ਅਤੇ ਜਾਲੰਧਰ-ਨਾਥ। ਇਨ੍ਹਾਂ ਦੋਹਾਂ ਦਾ ਅਗੋਂ ਇਕ ਇਕ ਮੁੱਖ ਸ਼ਿਸ਼ ਸੀ— ਮਛੰਦ੍ਰਨਾਥ ਦਾ ਗੋਰਖਨਾਥ ਅਤੇ ਜਾਲੰਧਰਨਾਥ ਦਾ ਕਾਨ੍ਹਪਾ। ਇਹੀ ਚਾਰ ਪ੍ਰਮੁਖ ਨਾਥ-ਯੋਗੀ ਮੰਨੇ ਜਾਂਦੇ ਹਨ। ਇਨ੍ਹਾਂ ਦੇ ਹਿੰਦੂ ਅਤੇ ਮੁਸਲਮਾਨ ਦੋਹਾਂ ਤਰ੍ਹਾਂ ਦੇ ਅਨੁਯਾਈ ਹਨ।
ਕਹਿੰਦੇ ਹਨ ਕਿ ਇਕ ਵਾਰ ਮਛੰਦ੍ਰਨਾਥ ਤ੍ਰੀਆ ਦੇਸ਼ (ਕਾਵਰੂ ਦੇਸ਼) ਵਿਚ ਇਸਤਰੀਆਂ ਦੀ ਵਿਲਾਸ-ਲੀਲਾ ਵਿਚ ਉਲਝ ਗਿਆ। ਉਸ ਨੂੰ ਗੋਰਖਨਾਥ ਨੇ ਮੁਕਤ ਕਰਾਇਆ। ਇਸ ਕਰਕੇ ਗੋਰਖਨਾਥ ਦਾ ਮਹੱਤਵ ਬਹੁਤ ਵਧ ਗਿਆ ਅਤੇ ਕਾਲਾਂਤਰ ਵਿਚ ਯੋਗ-ਮਤ ਦਾ ਜੋ ਸਰੂਪ ਸਾਹਮਣੇ ਆਇਆ, ਉਸ ਨੂੰ ‘ਗੋਰਖ-ਮਤ’ ਵੀ ਕਿਹਾ ਜਾਣ ਲਗਾ। ਉਸ ਦੇ ਨਾਂ’ਤੇ ਹਜ਼ਾਰਾਂ ਕਥਾਵਾਂ ਅਤੇ ਕਰਾਮਾਤਾਂ ਪ੍ਰਚਲਿਤ ਹੋ ਗਈਆਂ। ਇਸ ਤੋਂ ਇਲਾਵਾ ਉਸ ਨੂੰ ਕਈ ਰਚਨਾਵਾਂ ਦਾ ਕਰਤਾ ਮੰਨਿਆ ਜਾਣ ਲਗਾ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3609, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First