ਨਾਨਕਾਇਣ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਨਾਨਕਾਇਣ: ਪੰਜਾਬੀ ਕਵੀ ਮੋਹਨ ਸਿੰਘ ਵੱਲੋਂ ਰਚਿਆ ਨਾਨਕਾਇਣ ਗੁਰੂ ਨਾਨਕ ਦੇਵ ਦੇ ਜੀਵਨ ਤੇ ਉਹਨਾਂ ਦੀ ਸਿੱਖਿਆ ਨੂੰ ਸਮਰਪਿਤ ਮਹਾਂਕਾਵਿ ਹੈ ਜਿਸ ਦੀ ਰਚਨਾ ਗੁਰੂ ਨਾਨਕ ਦੇਵ ਦੇ ਪੰਜ ਸੌ ਸਾਲਾ ਜਨਮ ਦਿਹਾੜੇ ਦੇ ਮੌਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਕਰਵਾਈ ਗਈ। ਕਵੀ ਨੇ ਇਹ ਮਹਾਂਕਾਵਿ 1969 ਵਿੱਚ ਲਿਖਣਾ ਅਰੰਭਿਆ ਸੀ ਅਤੇ ਇਸ ਨੂੰ ਪੰਜਾਬੀ ਯੂਨੀਵਰਸਿਟੀ ਨੇ ਅਕਤੂਬਰ 1971 ਵਿੱਚ ਪ੍ਰਕਾਸ਼ਿਤ ਕੀਤਾ। ਅਪ੍ਰੈਲ 1972 ਵਿੱਚ ਪੰਜਾਬੀ ਦਰਬਾਰ ਪਟਿਆਲਾ ਨੇ ਇਸ ਮਹਾਂਕਾਵਿ 1971-72 ਦਾ ਉੱਚਤਮ ਕਾਵਿ- ਗ੍ਰੰਥ ਹੋਣ ਦੇ ਨਾਤੇ ਸਨਮਾਨਿਆ ਅਤੇ 24 ਮਈ 1972 ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਕੀਤੇ ਗਏ ਇੱਕ ਵਿਸ਼ੇਸ਼ ਸਮਾਗਮ ਵਿਖੇ ਵੀ ਕਵੀ ਮੋਹਨ ਸਿੰਘ ਨੂੰ ਸਨਮਾਨਿਆ ਗਿਆ। ਇਸ ਰਚਨਾ ਦਾ ਨਾਇਕ ਗੁਰੂ ਨਾਨਕ ਹੈ ਜੋ ਇੱਕ ਦੈਵੀ ਮਹਾਪੁਰਖ ਹੋਣ ਦੇ ਨਾਲ-ਨਾਲ ਮੱਧ-ਕਾਲ ਦਾ ਇੱਕ ਮਹਾਨ ਪੰਜਾਬੀ ਸ਼ਾਇਰ ਵੀ ਹੈ। ਵੀਹਵੀਂ ਸਦੀ ਦੀ ਅੰਤਲੀ ਚੁਥਾਈ ਵਿੱਚ ਰਚਿਆ ਗਿਆ ਇਹ ਮਹਾਂਕਾਵਿ ਇੱਕ ਪਾਸੇ ਸਾਨੂੰ ਮੱਧ-ਕਾਲ ਦੇ ਇਤਿਹਾਸਿਕ, ਸਮਾਜਿਕ ਅਤੇ ਸਾਹਿਤਿਕ ਸੰਦਰਭਾਂ ਨਾਲ ਜੋੜਦਾ ਹੈ ਅਤੇ ਦੂਜੇ ਪਾਸੇ ਗੁਰੂ ਨਾਨਕ ਦੀ ਵਿਰਾਟ ਸ਼ਖ਼ਸੀਅਤ ਅਤੇ ਉਹਨਾਂ ਦੀ ਕ੍ਰਾਂਤੀਕਾਰੀ ਸਿੱਖਿਆ ਦੇ ਯੁਗਾਂਤਰਕਾਰੀ ਪ੍ਰਭਾਵ ਤੋਂ ਜਾਣੂ ਕਰਾਉਂਦਾ ਹੈ।
ਆਪਣੀ ਕਥਾ-ਵਸਤੂ ਅਤੇ ਮੋਹਨ ਸਿੰਘ ਦੀ ਕਾਵਿ ਸਮਰੱਥਾ ਸਦਕਾ ਇਸ ਰਚਨਾ ਦਾ ਪ੍ਰਭਾਵ ਕੇਵਲ ਸਾਹਿਤਿਕ ਹਲਕਿਆਂ ਤੱਕ ਹੀ ਮਹਿਦੂਦ ਨਹੀਂ ਰਹਿੰਦਾ ਸਗੋਂ ਸਮੁੱਚੇ ਪੰਜਾਬੀ ਸਮਾਜ ਅਤੇ ਖ਼ਾਸ ਕਰ ਸਿੱਖ ਸਮਾਜ ਤੱਕ ਚਿਰ-ਸਥਾਈ ਪਸਾਰ ਗ੍ਰਹਿਣ ਕਰ ਲੈਂਦਾ ਹੈ। ਇੱਕ ਪ੍ਰਗਤੀਸ਼ੀਲ ਕਵੀ ਹੋਣ ਕਾਰਨ ਮੋਹਨ ਸਿੰਘ ਆਪਣੀ ਰਚਨਾ ਨੂੰ ਸਧਾਰਨ ਜਨ-ਸਮੂਹ ਦੇ ਨੇੜੇ ਰੱਖਦਾ ਹੈ। ਉਸ ਦੀ ਭਾਸ਼ਾ, ਬਿੰਬਾਵਲੀ ਅਤੇ ਛੰਦ ਪ੍ਰਬੰਧ ਦੀ ਦ੍ਰਿਸ਼ਟੀ ਤੋਂ ਅਤੇ ਸਮਗਰੀ ਨੂੰ ਤਰਤੀਬ ਦੇਣ ਅਤੇ ਇਸ ਨੂੰ ਵੱਧ ਤੋਂ ਵੱਧ ਤਰਕ ਸੰਗਤ ਬਣਾਉਣ ਦੇ ਪੱਖੋਂ ਇਹ ਮਹਾਂਕਾਵਿ ਆਪਣੀ ਮਿਸਾਲ ਆਪ ਹੈ।
ਮਹਾਂਕਾਵਿ ਦੀ ਰਵਾਇਤ ਅਨੁਸਾਰ ਮੋਹਨ ਸਿੰਘ ਨੇ ਗੁਰੂ ਨਾਨਕ ਦੇਵ ਦੀ ਜੀਵਨ-ਕਹਾਣੀ ਨੂੰ ਸਰਗਾਂ ਵਿੱਚ ਵੰਡਿਆ ਹੈ। 224 ਪੰਨਿਆਂ ਵਾਲੇ ਮਹਾਂਕਾਵਿ ਦੇ ਕੁੱਲ ਛੇ ਸਰਗ ਹਨ ਜੋ ਨਿਮਨ ਅਨੁਸਾਰ ਹਨ :
ਪਹਿਲਾ ਸਰਗ, ‘ਤਲਵੰਡੀ`, ਪੰਨਾ 1 ਤੋਂ 44
ਦੂਜਾ ਸਰਗ, ‘ਸੁਲਤਾਨਪੁਰ`, ਪੰਨਾ 45 ਤੋਂ 72
ਤੀਜਾ ਸਰਗ, ‘ਪਹਿਲੀ ਉਦਾਸੀ`, ਪੰਨਾ 73 ਤੋਂ 148
ਚੌਥਾ ਸਰਗ, ‘ਦੂਜੀ ਉਦਾਸੀ`, ਪੰਨਾ 149 ਤੋਂ 166
ਪੰਜਵਾਂ ਸਰਗ, ‘ਤੀਜੀ ਉਦਾਸੀ`, ਪੰਨਾ 167 ਤੋਂ 196
ਛੇਵਾਂ ਸਰਗ, ‘ਕਰਤਾਰਪੁਰ`, ਪੰਨਾ 197 ਤੋਂ 224
ਹਰ ਸਰਗ ਨੂੰ ਅਰੰਭ ਕਰਨ ਤੋਂ ਪਹਿਲਾਂ ਕਵੀ ਨੇ ਭਾਈ ਗੁਰਦਾਸ ਦੀ ਕੋਈ ਅਜਿਹੀ ਪੰਕਤੀ ਪੇਸ਼ ਕੀਤੀ ਹੈ ਜਿਸ ਵਿੱਚ ਉਸ ਸਰਗ ਵਿੱਚ ਕਾਵਿ-ਬੱਧ ਹੋਏ ਬਿਰਤਾਂਤ ਦਾ ਸਾਰ ਲੁਪਤ ਨਜ਼ਰ ਆਉਂਦਾ ਹੈ। ਮਿਸਾਲ ਵਾਸਤੇ ਪਹਿਲੇ ਸਰਗ ਦੇ ਅਰੰਭ ਤੋਂ ਪਹਿਲਾਂ ਵਾਲੀ ਪੰਕਤੀ ਹੈ:
ਸਤਿਗੁਰ ਨਾਨਕ ਪ੍ਰਗਟਿਆ
ਮਿਟੀ ਧੁੰਧ ਜਗ ਚਾਨਣ ਹੋਆ॥
ਵੈਸੇ ਤਾਂ ਮਹਾਂਕਾਵਿ ਦੇ ਨਾਇਕ ਦੇ ਸਮੁੱਚੇ ਜੀਵਨ ਦੇ ਪੂਰੇ ਦਾ ਪੂਰਾ ਸਾਰ ਤੱਤ ਹੀ ਇਸ ਤੁਕ ਵਿੱਚ ਬਿਆਨ ਹੋ ਗਿਆ ਹੈ ਤਾਂ ਵੀ ਇਸ ਪਹਿਲੇ ਸਰਗ ਵਿੱਚ ਚਿਤਰਿਤ ਬਾਲ ਵਰੇਸ ਦੀਆਂ ਉਹਨਾਂ ਚਮਤਕਾਰੀ ਘਟਨਾਵਾਂ ਦਾ ਸੰਕੇਤ ਮਿਲ ਜਾਂਦਾ ਹੈ ਜੋ ਤਲਵੰਡੀ ਵਿੱਚ ਵਾਪਰੀਆਂ। ਗੁਰੂ ਨਾਨਕ ਦੇ ਜਨਮ ਸਮੇਂ ਆਪਣੀ ਮਾੜ੍ਹੀ ਵਿੱਚ ਸੁੱਤਾ ਹੋਇਆ ਰਾਇ ਬੁਲਾਰ ਇੱਕ ਸੁਪਨਾ ਦੇਖ ਕੇ ਬਰੜਾਉਂਦਾ ਹੋਇਆ ‘ਅੱਲਾ ਹੂ ਅਕਬਰ` ਆਖ ਕੇ ਉੱਠ ਬਹਿੰਦਾ ਹੈ ਤੇ ਬੇਗਮ ਨੂੰ ਦੱਸਦਾ ਹੈ :
ਅਸਮਾਨਾਂ ਤੋਂ ਟੁਟ ਕੇ ਤਾਰਾ ਇੱਕ ਬਲਕਾਰ
ਤਲਵੰਡੀ `ਤੇ ਡਿਗਿਆ ਚਮਕ ਅਜਾਇਬ ਘਰ।
ਵਗ ਪਿਆ ਵਿੱਚ ਬਾਰ ਦੇ ਨੂਰਾਂ ਦਾ ਦਰਿਆ
ਰੁੜ੍ਹਿਆ ਜਾਵਾਂ ਉਸ ਵਿੱਚ ਕੰਢਾ ਹੱਥ ਨਾ ਆ।
ਦੂਜਾ ਸਰਗ ‘ਸੁਲਤਾਨਪੁਰ` ਅਰੰਭ ਕਰਨ ਲੱਗਿਆਂ ਕਵੀ ਨੇ ਭਾਈ ਗੁਰਦਾਸ ਦੀ ਇਹ ਪੰਕਤੀ ਦਰਜ ਕੀਤੀ ਹੈ :
ਬਾਬਾ ਪੈਧਾ ਸੱਚ ਖੰਡ
ਨਉ ਨਿਧਿ ਨਾਮ ਗਰੀਬੀ ਪਾਈ।
ਮੋਦੀਖ਼ਾਨੇ ਵਿੱਚ ‘ਤੇਰਾ-ਤੇਰਾ` ਵਾਲੀ ਘਟਨਾ ਤੋਂ ਇਲਾਵਾ ਸੁਲਤਾਲਪੁਰ ਵਿੱਚ ਵਾਪਰੀ ਵੇਈਂ ਇਸ਼ਨਾਨ ਵਾਲੀ ਘਟਨਾ ਕਥਾ-ਵਸਤੂ ਨੂੰ ਇੱਕ ਅਹਿਮ ਮੋੜ ਦਿੰਦਾ ਹੈ। ਨਾਨਕ ਨੂੰ ਦਰਗਾਹ ਵਿੱਚ ਪਰਮੇਸ਼ਰ ਦੇ ਦਰਸ਼ਨ ਹੁੰਦੇ ਹਨ। ਉੱਥੇ ਉਹਨਾਂ ਨੂੰ ਕਟੋਰੇ ਵਿੱਚ ਅੰਮ੍ਰਿਤ ਪਿਲਾਇਆ ਜਾਂਦਾ ਹੈ ਅਤੇ ਢੇਰ ਸਾਰੇ ਵਰਦਾਨ ਵੀ ਪ੍ਰਾਪਤ ਹੁੰਦੇ ਹਨ। ਨਾਲ ਹੀ ਇਹ ਆਗਿਆ ਵੀ ਹੁੰਦੀ ਹੈ ਕਿ ਨਾਨਕ ਸੰਸਾਰ ਵਿੱਚ ਆਪਣੇ ਕੰਮ ਕਰੇ। ਵਾਪਸ ਪਰਤਨ ਲੱਗਿਆਂ ਨੂੰ ਸਿਰੋਪੇ ਦੀ ਬਖ਼ਸ਼ਿਸ਼ ਹੁੰਦੀ ਹੈ ਅਤੇ ਫੇਰ :
ਹੁਕਮ ਹੋਇਆ ਫਿਰ ਸੇਵਕਾਂ, ਬਿਨਾਂ ਕਿਸੇ ਅਟਕਾ
ਆਵੋ ਉਸੇ ਘਾਟ ਤੇ ਨਾਨਕ ਨੂੰ ਪਹੁੰਚਾ।
ਅਤੇ ਨਾਲ ਹੀ ਮਹਾਂਕਾਵਿ ਰਚੇਤਾ ਇਹ ਦੱਸਦਾ ਹੈ :
ਮਿਹਰਬਾਨ ਦੀ ਕਥਾ ਵੀ ਹੈ ਇਸ ਦੇ ਨਜ਼ਦੀਕ
ਪਰ ਅੰਮ੍ਰਿਤ ਥਾਂ ਦੁਧ ਦਾ ਵਰਤਿਆ ਉਸ ਪ੍ਰਤੀਕ।
ਪਹਿਲੀ ਉਦਾਸੀ ਪੂਰਨ ਕਰਨ ਉਪਰੰਤ ਦੇਸ਼ ਦੀ ਜੋ ਹਾਲਤ ਗੁਰੂ ਨਾਨਕ ਦੇ ਦ੍ਰਿਸ਼ਟੀਗੋਚਰ ਹੋਈ ਉਸ ਨੂੰ ਦੋ ਤੁਕਾਂ ਵਿੱਚ ਮੋਹਨ ਸਿੰਘ ਨੇ ਬਿਆਨ ਕਰ ਦਿੱਤਾ ਹੈ :
ਦੇਖ ਚੁੱਕੇ ਸਨ ਗੁਰੂ ਜੀ ਫਿਰ ਕੇ ਹਿੰਦੁਸਤਾਨ
ਹਿੰਦੂ ਮੁਸਲਮਾਨ ਕਿੰਜ ਪਏ ਰਸਾਤਲ ਜਾਣ।
ਚੌਥੇ ਸਰਗ ਵਿੱਚ ਦੂਜੀ ਉਦਾਸੀ ਦਾ ਵਰਣਨ ਹੈ ਜਿਸ ਵਿੱਚ ਗੁਰੂ ਨਾਨਕ ਦੇਵ ਦੇਸ ਦੇ ਉੱਤਰੀ ਭਾਗ ਦੀ ਯਾਤਰਾ ਉੱਤੇ ਜਾਂਦੇ ਹਨ। ਮੂਲ ਚੰਦ ਵਾਲੀ ਸਾਖੀ ਜਿਸ ਵਿੱਚ ਝੂਠ ਤੇ ਸੱਚ ਦਾ ਨਿਸਤਾਰਾ ਹੁੰਦਾ ਹੈ ਜਿਸ ਯਾਤਰਾ ਦੌਰਾਨ ਸਿੱਧਾਂ ਨਾਲ ਗੋਸ਼ਟ ਵੀ ਹੁੰਦੇ। ਪੰਜਵਾਂ ਸਰਗ ਤੀਜੀ ਉਦਾਸੀ ਦਾ ਚਿੱਤਰ ਉਲੀਕਦਾ ਹੈ। ਇਸ ਉਦਾਸੀ ਵਿੱਚ ਗੁਰੂ ਅਰਬ, ਇਰਾਕ, ਈਰਾਨ ਤੇ ਮੱਧ-ਏਸ਼ੀਆ ਦੇ ਹੋਰ ਦੇਸਾਂ ਵਿੱਚ ਆਪਣਾ ਸੰਦੇਸ਼ ਲੈ ਕੇ ਜਾਂਦੇ ਹਨ। ਸੱਜਣ ਠੱਗ ਨਾਲ ਉਹਨਾਂ ਦਾ ਵਾਹ ਇਸੇ ਉਦਾਸੀ ਵਿੱਚ ਪੈਂਦਾ ਹੈ ਅਤੇ ਇਸੇ ਦੌਰਾਨ ਹੀ ਹਾਜੀਆਂ ਕਾਜੀਆਂ ਨਾਲ ਵਾਰਤਾਲਾਪ ਮਗਰੋਂ ਮੱਕੇ ਦੇ ਭੋਂ ਜਾਣ ਦੀ ਚਮਤਕਾਰੀ ਘਟਨਾ ਵਾਪਰਦੀ ਹੈ। ਖੁਰਮ ਤੇ ਕਾਬਲ ਤੋਂ ਹੋ ਕੇ ਜਿਹਲਮ ਵੱਲ ਵਧਦੇ ਹੋਏ ਹਜ਼ਾਰੇ ਦੇ ਵਲੀ ਕੰਧਾਰੀ ਦਾ ਹੰਕਾਰ ਤੋੜ ਕੇ ਸੈਦਪੁਰ ਪੁੱਜਦੇ ਹਨ। ਇਸ ਯਾਤਰਾ ਵਿੱਚ ਬਾਬਾ ਨਾਨਕ ਨੇ ਜੋ ਕੁਝ ਦੇਖਿਆ ਅਤੇ ਉਸ ਦੇ ਮਨ ਉੱਤੇ ਜੋ ਪ੍ਰਭਾਵ ਪਿਆ ਉਸ ਦਾ ਬਿਆਨ ਕਵੀ ਨੇ ਹੇਠ-ਲਿਖਤ ਅਨੁਸਾਰ ਕੀਤਾ ਹੈ:
ਅਸਲ ਵਿੱਚ ਸੀ ਉਹਨਾਂ ਦੇ ਮਨ ਉਤੇ ਇਹ ਭਾਰ
ਵਿਚਰ ਰਹੇ ਸਨ ਜਦੋਂ ਉਹ ਪਰਦੇਸਾਂ ਵਿਚਕਾਰ।
ਕੱਠੇ ਹੁੰਦੇ ਉਹਨਾਂ ਦੇਖੇ ਸਨ ਹਥਿਆਰ
ਰੁੱਝੇ ਵਿੱਚ ਤਿਆਰੀਆਂ ਵੱਡੇ ਸਿਪਾਹਸਲਾਰ।...
ਆਖਰ ਆਪਣੇ ਅੰਦਰੋਂ ਬਾਬਾ ਆਇਆ ਬਾਹਰ
‘ਆਉਂਦੇ` ਬਾਰੇ ਇਸ ਤਰ੍ਹਾਂ ਦੱਸੇ ਉਹਨਾਂ ਵਿਚਾਰ-
ਜੈਸੀ ਮੈਂ ਆਵੇ ਖਸਮ ਕੀ ਬਾਣੀ
ਤੈਸੜਾ ਕਰੀ ਗਿਆਨ ਵੇ ਲਾਲੋ॥
ਅੰਤਲੇ ਛੇਵੇਂ ਸਰਗ ਵਿੱਚ ਕਰਤਾਰਪੁਰ ਵਸਾਉਣ ਤੇ ਇਸ ਅਸਥਾਨ ਨੂੰ ਨਾਨਕਸ਼ਾਹੀ ਸੱਭਿਆਚਾਰ ਦਾ ਕੇਂਦਰ ਬਣਾਉਣ ਦਾ ਬਿਰਤਾਂਤ ਪੇਸ਼ ਕੀਤਾ ਹੈ। ਬਾਣੀ ਨੂੰ ਰਾਗਾਂ ਵਿੱਚ ਬੰਨ੍ਹਣ ਦਾ ਕਾਰਜ ਵੀ ਇੱਥੇ ਹੀ ਸੰਪੰਨ ਹੋਇਆ ਦੱਸਿਆ ਗਿਆ ਹੈ। ਇਸ ਸੰਪੂਰਨ ਮਹਾਂਕਾਵਿ ਵਿੱਚੋਂ ਗੁਜ਼ਰਨ ਉਪਰੰਤ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਮੋਹਨ ਸਿੰਘ ਨੇ ਜਿਨ੍ਹਾਂ ਮੂਲ ਸ੍ਰੋਤਾਂ ਤੋਂ ਸਹਾਇਤਾ ਲਈ ਹੈ ਜਾਂ ਜਿਸ ਪਰੰਪਰਾ ਨੂੰ ਆਪਣੀ ਇਸ ਰਚਨਾ ਦਾ ਆਧਾਰ ਬਣਾਇਆ ਹੈ ਉਹ ਗੁਰਬਾਣੀ ਵੀ ਹੈ ਅਤੇ ਜਨਮ- ਸਾਖੀਆਂ ਵੀ। ਮਹਾਂਕਾਵਿ ਵਿੱਚ ਸਾਖੀਕਾਰ ਤੇ ਬਾਣੀਕਾਰ ਆਦਿ ਸ਼ਬਦਾਂ ਦੀ ਵਰਤੋਂ ਇਸ ਗੱਲ ਦੀ ਪੁਸ਼ਟੀ ਕਰਦੀ ਹੈ। ਇਸ ਦੇ ਇਲਾਵਾ ਉਹ ਬਹੁਤ ਥਾਈਂ ਆਪਣੀਆਂ ਹੀ ਪਹਿਲਾਂ ਰਚੀਆਂ ਕਵਿਤਾਵਾਂ ਦੀਆਂ ਪੰਕਤੀਆਂ ਵੀ, ਗੁਰਬਾਣੀ ਦੇ ਸੰਪੂਰਨ ਸ਼ਬਦ ਵੀ ਅਤੇ ਸ਼ਬਦਾਂ ਦਾ ਗੀਤਾਂ ਵਿੱਚ ਕੀਤਾ ਰੂਪਾਂਤਰਨ ਵੀ ਇਸ ਮਹਾਂਕਵਿ ਵਿੱਚ ਵੰਨ- ਸਵੰਨਤਾ ਪੈਦਾ ਕਰਨ ਦੀ ਇੱਕ ਜੁਗਤ ਵਜੋਂ ਵਰਤਦਾ ਪ੍ਰਤੀਤ ਹੁੰਦਾ ਹੈ ਜਿਵੇਂ :
ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰ॥
(ਪੂਰਾ ਸ਼ਬਦ, ਪੰਨਾ 79)
ਆ ਕੇ ਵਿੱਚ ਵਿਸਮਾਦ ਦੇ, ਭਿਜਕੇ ਵਿੱਚ ਪਰੀਤ
ਗਾਇਆ ਵਿੱਚ ਧਨਾਸਰੀ ਬਾਬੇ ਨੇ ਇਹ ਗੀਤ।
ਇਸ ਤਰ੍ਹਾਂ ਨਾਨਕਾਇਣ ਨਾਮੀ ਇਹ ਮਹਾਂਕਾਵਿ ਗੁਰੂ ਨਾਨਕ ਦੇ ਜੀਵਨ ਬਾਰੇ ਮੋਹਨ ਸਿੰਘ ਵੱਲੋਂ ਰਚੀ ਇੱਕ ਪ੍ਰਭਾਵਸ਼ਾਲੀ ਕ੍ਰਿਤ ਹੈ।
ਲੇਖਕ : ਹਰਜੋਧ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3507, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First