ਨਾਭਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਾਭਾ. ਸਿੱਖਾਂ ਦੀਆਂ ਬਾਰਾਂ ਮਿਸਲਾਂ ਵਿੱਚੋਂ “ਮਿਸਲ ਫੂਲਕਿਆਨ” ਦੀ ਵਡੀ ਸ਼ਾਖ ਰਿਆਸਤ ਨਾਭਾ ਹੈ. ਬਾਬੇ ਫੂਲ ਦੇ ਵਡੇ ਸੁਪੁਤ੍ਰ ਚੌਧਰੀ ਤਿਲੋਕ ਸਿੰਘ ਦੇ ਵਡੇ ਪੁਤ੍ਰ ਗੁਰਦਿੱਤ ਸਿੰਘ ਤੋਂ ਨਾਭਾਵੰਸ਼ ਚੱਲਿਆ ਹੈ, ਇਸੇ ਲਈ ਨਾਭੇ ਨੂੰ “ਚੌਧਰੀ ਦਾ ਘਰ” ਆਖਦੇ ਹਨ.
ਚੌਧਰੀ ਗੁਰਦਿੱਤ ਸਿੰਘ ਨੇ ਆਪਣੀ ਭੁਜਾ ਦੇ ਜੋਰ ਕਈ ਇਲਾਕੇ ਮੱਲੇ ਅਤੇ ਕਈ ਪਿੰਡ ਆਬਾਦ ਕੀਤੇ ਅਰ ਆਪਣੇ ਪਾਸ ਰਾਜਸੀ ਠਾਟ ਬਣਾ ਲਿਆ. ਗੁਰਦਿੱਤ ਸਿੰਘ ਦਾ ਪੁਤ੍ਰ ਸੂਰਤੀਆ ਸਿੰਘ ਸਨ ੧੭੫੨ ਵਿੱਚ ਪਿਤਾ ਦੀ ਮੌਜੂਦਗੀ ਵਿੱਚ ਹੀ ਚਲਾਣਾ ਕਰ ਗਿਆ, ਇਸ ਲਈ ਚੌਧਰੀ ਗੁਰਦਿੱਤ ਸਿੰਘ ਦਾ ਸਨ ੧੭੫੪ ਵਿੱਚ ਦੇਹਾਂਤ ਹੋਣ ਪੁਰ ਇਸ ਦਾ ਪੋਤਾ (ਸੂਰਤੀਏ ਸਿੰਘ ਦਾ ਪੁਤ੍ਰ) ਹਮੀਰ ਸਿੰਘ ਰਾਜ ਦਾ ਮਾਲਿਕ ਹੋਇਆ.
ਰਾਜਾ ਹਮੀਰ ਸਿੰਘ
ਪ੍ਰਤਾਪੀ ਰਾਜੇ ਹਮੀਰ ਸਿੰਘ ਨੇ ਦਾਦੇ ਦਾ ਰਾਜ ਚੰਗੀ ਤਰ੍ਹਾਂ ਸਾਂਭਿਆ ਅਰ ਹੋਰ ਬਹੁਤ ਸਾਰਾ ਮੁਲਕ ਮੱਲਿਆ. ਕੱਤਕ ਸੰਮਤ ੧੮੧੩ (ਸਨ ੧੭੫੫) ਵਿੱਚ ਨਾਭਾ ਸ਼ਹਿਰ ਆਬਾਦ ਕੀਤਾ, ਜੋ ਰੇਲ ਦੇ ਰਸਤੇ ਰਾਜਪੁਰੇ ਤੋਂ ੩੨ ਅਤੇ ਪਟਿਆਲੇ ਤੋਂ ੧੬ ਮੀਲ ਪੱਛਮ ਹੈ.
ਸਨ ੧੭੬੩ ਵਿੱਚ ਆਪਣੇ ਭਾਈ ਰਈਸਾਂ ਨਾਲ ਮਿਲਕੇ ਬਹਾਦੁਰ ਹਮੀਰ ਸਿੰਘ ਨੇ ਜ਼ੈਨਖ਼ਾਂ ਸਰਹਿੰਦ ਦੇ ਸੂਬੇ ਨੂੰ ਜਿੱਤਕੇ ਅਮਲੋਹ ਦਾ ਇਲਾਕਾ ਆਪਣੇ ਰਾਜ ਨਾਲ ਮਿਲਾਇਆ ਅਤੇ ਆਪਣਾ ਸਿੱਕਾ ਚਲਾਇਆ. ਸਨ ੧੭੭੬ ਵਿੱਚ ਰੋੜੀ ਦੇ ਪਰਗਨੇ ਤੇ ਅਧਿਕਾਰ ਜਮਾਇਆ.
ਰਾਜਾ ਹਮੀਰ ਸਿੰਘ ਦਾ ਦੇਹਾਂਤ ਸਨ ੧੭੮੩ ਵਿੱਚ ਨਾਭੇ ਹੋਇਆ, ਇਸ ਦੀ ਸਮਾਧ ਕਿਲੇ ਦੇ ਪੂਰਬ ਵੱਲ ਦੇਖੀ ਜਾਂਦੀ ਹੈ.
ਰਾਜਾ ਜਸਵੰਤ ਸਿੰਘ
ਸਰਦਾਰ ਸੁਜਾਨ ਸਿੰਘ ਮਾਨਸ਼ਾਹੀਏ ਦੀ ਸੁਪੁਤ੍ਰੀ ਰਾਣੀ ਰਾਜ ਕੌਰ ਦੇ ਉਦਰ ਤੋਂ ਰਾਜਾ ਹਮੀਰ ਸਿੰਘ ਦੇ ਘਰ ਜਸਵੰਤ ਸਿੰਘ ਰਾਜਕੁਮਾਰ ਦਾ ਜਨਮ ਸਨ ੧੭੭੫ ਵਿੱਚ ਬਡਬਰ ਪਿੰਡ ਹੋਇਆ. ਸਨ ੧੭੮੩ ਵਿੱਚ ਪਿਤਾ ਦੇ ਦੇਹਾਂਤ ਹੋਣ ਪੁਰ ਅੱਠ ਵਰ੍ਹੇ ਦੀ ਉਮਰ ਵਿੱਚ ਨਾਭੇ ਦੀ ਗੱਦੀ ਤੇ ਬੈਠਾ. ਰਾਜ ਦਾ ਕੰਮ ਮਾਈ ਦੇਸੋ, (ਸਰਦਾਰ ਮੱਖਨ ਸਿੰਘ ਰੋੜੀ ਦੇ ਸਰਦਾਰ ਦੀ ਸੁਪੁਤ੍ਰੀ) ਰਾਜਾ ਹਮੀਰ ਸਿੰਘ ਦੀ ਵਿਧਵਾ ਅਤੇ ਰਾਜਾ ਜਸਵੰਤ ਸਿੰਘ ਦੀ ਮਤੇਈ ਨੇ ਬਹੁਤ ਉੱਤਮ ਰੀਤਿ ਨਾਲ ਚਲਾਇਆ, ਅਤੇ ਰਾਜਾ ਜਸਵੰਤ ਸਿੰਘ ਦੀ ਸਿਖ੍ਯਾ ਦਾ ਯੋਗ ਪ੍ਰਬੰਧ ਕੀਤਾ.
ਸਨ ੧੭੯੦ ਵਿੱਚ ਮਾਈ ਦੇਸੋ ਦਾ ਦੇਹਾਂਤ ਹੋਣ ਪੁਰ ਰਾਜਾ ਜਸਵੰਤ ਸਿੰਘ ਨੇ ਰਾਜ ਦਾ ਕੰਮ ਆਪਣੇ ਹੱਥ ਲਿਆ, ਅਰ ਸਿਆਣੇ ਮੰਤ੍ਰੀਆਂ ਦੀ ਸਲਾਹ ਨਾਲ ਰਾਜ ਦਾ ਇੰਤਜਾਮ ਚੰਗਾ ਕੀਤਾ.
ਰਾਜਾ ਜਸਵੰਤ ਸਿੰਘ ਵਡਾ ਦੂਰੰਦੇਸ਼, ਪ੍ਰਜਾਪਾਲਕ, ਧਰਮ ਦਾ ਪ੍ਰੇਮੀ ਅਤੇ ਵਿਦ੍ਵਾਨਾਂ ਦਾ ਆਸਰਾ ਸੀ. ਜੋ ਅੰਗ੍ਰੇਜ਼ੀ ਅਫਸਰ ਇਸ ਨੂੰ ਮਿਲੇ ਹਨ, ਸਭ ਨੇ ਇਸ ਦੀ ਪ੍ਰਸ਼ੰਸਾ ਕੀਤੀ ਹੈ.1
ਰਾਜਾ ਜਸਵੰਤ ਸਿੰਘ ਦੇ ਅਹਿਦ ਵਿੱਚ ੩ ਮਈ ਸਨ ੧੮੦੯ ਨੂੰ ਨਾਭਾ ਬ੍ਰਿਟਿਸ਼ ਰਖ੍ਯਾ ਅੰਦਰ ਆਇਆ. ਇਸ ਦੀ ਪ੍ਰਜਾ ਹੀ ਨਹੀਂ, ਬਲਕਿ ਪੜੋਸੀ ਲੋਕ ਭੀ ਇਸ ਦਾ ਦਿਲੋਂ ਸਨਮਾਨ ਕਰਦੇ ਸਨ.
੨੨ ਮਈ ਸਨ ੧੮੪੦ ਨੂੰ ਛਿਆਹਠ ਵਰ੍ਹੇ ਦੀ ਉਮਰ ਵਿੱਚ ਰਾਜਾ ਜਸਵੰਤ ਸਿੰਘ ਦਾ ਦੇਹਾਂਤ ਹੋਇਆ.2 ਸ਼੍ਯਾਮ ਬਾਗ ਵਿੱਚ ਇਸ ਦੀ ਸੁੰਦਰ ਸੰਗਮਰਮਰ ਦੀ ਸਮਾਧ ਬਣੀ ਹੋਈ ਹੈ.
ਰਾਜਾ ਦੇਵੇਂਦ੍ਰ ਸਿੰਘ
ਸਰਦਾਰ ਹਰੀ ਸਿੰਘ ਜੋਧਪੁਰੀਏ3 ਦੀ ਸੁਪੁਤ੍ਰੀ ਰਾਣੀ ਹਰ ਕੌਰ ਦੇ ਉਦਰੋਂ ਰਾਜਾ ਜਸਵੰਤ ਸਿੰਘ ਦੇ ਘਰ ਰਾਜਕੁਮਾਰ ਦੇਵੇਂਦ੍ਰ ਸਿੰਘ ਦਾ ਜਨਮ ੨੨ ਭਾਦੋਂ ਸੰਮਤ ੧੮੭੯ (ਸਨ ੧੮੨੨) ਨੂੰ ਹੋਇਆ. ਪਿਤਾ (ਜਸਵੰਤ ਸਿੰਘ) ਦੇ ਦੇਹਾਂਤ ਹੋਣ ਪੁਰ ੫ ਅਕਤੂਬਰ ਸਨ ੧੮੪੦ ਨੂੰ ਅਠਾਰਾਂ ਵਰ੍ਹੇ ਦੀ ਉਮਰ ਵਿੱਚ ਨਾਭੇ ਦੇ ਰਾਜਸਿੰਘਾਸਨ ਤੇ ਬੈਠਾ.4
ਇਸ ਨੂੰ ਖੁਦਪਸੰਦ ਅਭਿਮਾਨੀ ਪੰਡਿਤ ਜਯਗੋਪਾਲ (ਕੌਲ ਵਾਲੇ ਆਚਾਰੀ) ਦੀ ਸੰਗਤਿ ਦਾ ਅਜੇਹਾ ਅਸਰ ਹੋਇਆ ਕਿ ਇਹ ਪੜੋਸੀ ਰਾਜਿਆਂ ਨੂੰ ਨਫਰਤ ਕਰਨ ਲੱਗਾ ਅਤੇ ਅਹਿਲਕਾਰਾਂ ਨੂੰ ਥੋੜੇ ਥੋੜੇ ਕੁਸੂਰ ਬਦਲੇ ਬਹੁਤ ਜੁਰਮਾਨੇ ਹੋਣ ਲੱਗੇ, ਜਿਸ ਤੋਂ ਸਾਰੇ ਲੋਕ ਅੰਦਰੋਂ ਵੈਰੀ ਬਣ ਗਏ.
ਸਨ ੧੮੪੫ ਵਿੱਚ ਲਹੌਰ ਦਰਬਾਰ ਨਾਲ ਅੰਗ੍ਰੇਜਾਂ ਦੀ ਲੜਾਈ ਸਮੇਂ ਗਵਰਨਰ ਜਨਰਲ ਦੇ ਏਜੈਂਟ ਮੇਜਰ ਬ੍ਰਾਡਫੁਟ (Major Broadfoot) ਨੂੰ ਕਈ ਕਾਰਣਾਂ ਤੋਂ ਇਹ ਖਿਆਲ ਹੋ ਗਿਆ ਕਿ ਰਾਜਾ ਦੇਵੇਂਦ੍ਰ ਸਿੰਘ ਲਹੌਰ ਦਾ ਪੱਖੀ ਅਤੇ ਅੰਗ੍ਰੇਜੀ ਸਰਕਾਰ ਦਾ ਹਿਤੂ ਨਹੀਂ. ਉਸ ਸਮੇਂ ਦੀ ਨੀਤਿ ਅਨੁਸਾਰ ਇਹ ਫੈਸਲਾ ਹੋਇਆ ਕਿ ਰਿਆਸਤ ਨਾਭੇ ਦਾ ਚੌਥਾ ਹਿੱਸਾ ਜਬਤ ਕੀਤਾ ਜਾਵੇ.5 ਅਤੇ ਰਾਜੇ ਨੂੰ ਗੱਦੀਓਂ ਲਾਹਕੇ ਉਸ ਦਾ ਪੁਤ੍ਰ ਟਿੱਕਾ ਭਰਪੂਰ ਸਿੰਘ ਗੱਦੀ ਤੇ ਬੈਠਾਇਆ ਜਾਵੇ. ਇਸ ਅਨੁਸਾਰ ਸਨ ੧੮੪੬ ਵਿੱਚ ਰਾਜਾ ਦੇਵੇਂਦ੍ਰ ਸਿੰਘ ਨੂੰ ਪੰਜਾਹ ਹਜਾਰ ਰੁਪਯਾ ਸਾਲਾਨਾ ਪੈਨਸ਼ਨ ਦੇਕੇ ਮਥੁਰਾ ਵ੍ਰਿੰਦਾਵਨ ਭੇਜਿਆ ਗਿਆ. ਫੇਰ ੮ ਦਿਸੰਬਰ ਸਨ ੧੮੫੫ ਨੂੰ ਲਹੌਰ ਲੈ ਜਾਕੇ ਮਹਾਰਾਜਾ ਖੜਗ ਸਿੰਘ ਦੀ ਹਵੇਲੀ ਰੱਖਿਆ ਗਿਆ, ਜਿੱਥੇ ਨਵੰਬਰ ਸਨ ੧੮੬੫ ਵਿੱਚ ਉਸ ਦਾ ਦੇਹਾਂਤ ਹੋਇਆ. ਦੇਹ ਨਾਭੇ ਲਿਆਕੇ ਸ਼੍ਯਾਮ ਬਾਗ ਅੰਦਰ ਸਸਕਾਰੀ ਗਈ.
ਰਾਜਾ ਭਰਪੂਰ ਸਿੰਘ
ਸਰਦਾਰ ਵਜ਼ੀਰ ਸਿੰਘ ਰਈਸ ਰੰਗੜਨੰਗਲ (ਜਿਲਾ ਗੁਰਦਾਸਪੁਰ) ਦੀ ਸੁਪੁਤ੍ਰੀ ਰਾਣੀ ਮਾਨਕੌਰ ਦੇ ਉਦਰ ਤੋਂ ਰਾਜਾ ਦੇਵੇਂਦ੍ਰ ਸਿੰਘ ਨਾਭਾਪਤਿ ਦਾ ਵਡਾ ਸੁਪੁਤ੍ਰ, ਜਿਸ ਦਾ ਜਨਮ ਅੱਸੂ ਸੁਦੀ ੯ ਸੰਮਤ ੧੮੯੭ (ਸਨ ੧੮੪੦) ਨੂੰ ਹੋਇਆ. ਰਾਜਾ ਦੇਵੇਂਦ੍ਰ ਸਿੰਘ ਨੂੰ ਗੱਦੀਓਂ ਲਾਹਕੇ ਅੰਗ੍ਰੇਜ਼ ਸਰਕਾਰ ਨੇ ਜਨਵਰੀ ਸਨ ੧੮੪੭ ਵਿੱਚ ਇਸ ਨੂੰ ਰਾਜਸਿੰਘਾਸਨ ਤੇ ਬੈਠਾਇਆ. ਰਾਜਾ ਜਸਵੰਤ ਸਿੰਘ ਦੀ ਵਿਧਵਾ ਰਾਣੀ ਚੰਦਕੌਰ ਦੇ ਹੱਥ ਰਾਜ ਦੀ ਵਾਗ ਡੋਰ ਰਹੀ ਅਰ ਉਸ ਦੇ ਸਹਾਇਕ ਸਰਦਾਰ ਗੁਰਬਖ਼ਸ਼ ਸਿੰਘ ਮਾਨਸਾਹੀਆ, ਸਰਦਾਰ ਫਤੇ ਸਿੰਘ ਗਿੱਲ ਅਤੇ ਲਾਲਾ ਬਹਾਲੀਮੱਲ ਕੌਂਸਲ ਦੇ ਮੈਂਬਰ ਥਾਪੇ ਗਏ. ਧਾਰਮਿਕ ਸਿਖ੍ਯਾ ਰਾਜਾ ਭਰਪੂਰ ਸਿੰਘ ਨੇ ਬਾਬਾ ਸਰੂਪ ਸਿੰਘ ਜੀ ਮਹੰਤ ਗੁਰਦ੍ਵਾਰਾ ਬਾਬਾ ਅਜਾਪਾਲ ਸਿੰਘ ਜੀ ਤੋਂ (ਜਿਨ੍ਹਾਂ ਨੇ ਸਾਰੇ ਰਾਜ ਪਰਿਵਾਰ ਨੂੰ ਅਮ੍ਰਿਤ ਛਕਾਕੇ ਸਿੱਖੀ ਦੇ ਨਿਯਮ ਦ੍ਰਿੜ੍ਹਾਏ ਸਨ) ਪ੍ਰਾਪਤ ਕੀਤੀ. ਇਹ ਗੁਰਬਾਣੀ ਦਾ ਪ੍ਰੇਮੀ ਅਤੇ ਪੱਕਾ ਨਿੱਤਨੇਮੀ ਸੀ.
ਇਸ ਮਨੋਹਰ ਸ਼ਕਲ ਦੇ ਰਾਜੇ ਨੇ ਛੋਟੀ ਉਮਰ ਵਿੱਚ ਹੀ ਅੰਗ੍ਰੇਜ਼ੀ ਸਰਕਾਰ, ਪੜੋਸੀ ਰਈਸ, ਰਿਆਸਤ ਦੇ ਅਹਿਲਕਾਰ ਅਤੇ ਪ੍ਰਜਾ ਦੇ ਦਿਲ ਉੱਪਰ ਆਪਣਾ ਸਨਮਾਨ ਬੈਠਾ ਦਿੱਤਾ ਸੀ. ਇਹ ਫਾਰਸੀ ਅੰਗ੍ਰੇਜ਼ੀ ਪੰਜਾਬੀ ਹਿੰਦੀ ਚੰਗੀ ਤਰ੍ਹਾਂ ਪੜ੍ਹ ਲਿਖ ਸਕਦਾ ਸੀ ਅਤੇ ਆਪਣੀ ਕਲਮ ਨਾਲ ਫੈਸਲੇ ਲਿਖਿਆ ਕਰਦਾ ਸੀ ਅਤੇ ਸਮੇਂ ਦੀ ਵੰਡ ਅਜਿਹੀ ਕਰ ਰੱਖੀ ਸੀ, ਜਿਸ ਤੋਂ ਧਰਮ ਅਤੇ ਰਿਆਸਤ ਦੇ ਕੰਮ ਉੱਤਮ ਰੀਤਿ ਨਾਲ ਨਿਭਦੇ ਰਹਿਣ. ਉਸ ਦੀ ਹਰ ਵੇਲੇ ਸਤਿਗੁਰੁਦਿਆਲ ਅੱਗੇ ਅਰਦਾਸ ਸੀ ਕਿ ਮੈਥੋਂ ਆਪਣੇ ਫਰਜ ਚੰਗੀ ਤਰ੍ਹਾਂ ਪੂਰੇ ਹੋਣ ਅਤੇ ਮੈਂ ਹੋਰਨਾ ਲਈ ਸੁਖ ਦਾ ਕਾਰਣ ਹੋਵਾਂ.1
ਸਨ ੧੮੫੭ ਦੇ ਗਦਰ ਵੇਲੇ ਇਸ ਨੇ ਵਡੀ ਨਾਮਵਰੀ ਪਾਈ. ਆਪਣੀ ਉਮਰ ਤੋਂ ਵਧਕੇ ਦਿਲੇਰੀ ਅਤੇ ਪ੍ਰਬੰਧ ਦੀ ਸ਼ਕਤੀ ਵਿਖਾਈ. ਬਰਤਾਨੀਆ ਸਰਕਾਰ ਦੀ ਹਰ ਤਰ੍ਹਾਂ ਸਹਾਇਤਾ ਕਰਕੇ ਸੱਚੀ ਮਿਤ੍ਰਤਾ ਦਾ ਸਬੂਤ ਦਿੱਤਾ.2
ਗਵਰਨਮੇਂਟ ਨੇ ਭੀ ਉਦਾਰ ਭਾਵ ਨਾਲ ਰਾਜਾ ਭਰਪੂਰ ਸਿੰਘ ਦਾ ਖਿਲਤ ਖਿਤਾਬ ਆਦਿ ਨਾਲ ਮਾਨ ਕੀਤਾ ਅਤੇ ਬਾਵਲ ਕਾਂਟੀ ਦਾ ਇਲਾਕਾ ਦਿੱਤਾ ਅਰ ਫੂਲਕੀਆਂ ਦੋ ਰਿਆਸਤਾਂ ਨਾਲ ਮਿਲਕੇ ਜੋ ਕਈ ਅਧਿਕਾਰ, (ਪ੍ਰਾਣਦੰਡ, ਮੁਤਬੰਨਾ ਕਰਨਾ, ਰਿਆਸਤ ਦੇ ਮੁਆਮਲਿਆਂ ਵਿੱਚ ਅੰਗ੍ਰੇਜ਼ੀ ਸਰਕਾਰ ਦਾ ਕਿਸੇ ਤਰਾਂ ਦਾ ਦਖ਼ਲ ਨਾ ਹੋਣਾ) ਸਰਕਾਰ ਤੋਂ ਮੰਗ ਰੱਖੇ ਸਨ, ਪ੍ਰਾਪਤ ਕੀਤੇ.3
੧੬ ਜਨਵਰੀ ਸਨ ੧੮੬੦ ਨੂੰ ਲਾਰਡ ਕੈਨਿੰਗ (Lord Canning) ਗਵਰਨਰ ਜਨਰਲ ਨੇ ਅੰਬਾਲੇ ਦਰਬਾਰ ਕਰਕੇ ਰਾਜਾ ਭਰਪੂਰ ਸਿੰਘ ਦਾ ਮਹਾਰਾਣੀ (Queen Victoria) ਵੱਲੋਂ ਸਹਾਇਤਾ ਅਤੇ ਮਿਤ੍ਰਭਾਵ ਬਾਬਤ ਧੰਨਵਾਦ ਕੀਤਾ.
ਰਾਜਾ ਭਰਪੂਰ ਸਿੰਘ ਉੱਤਮ ਚਿਤ੍ਰਕਾਰ ਅਤੇ ਕਾਵ੍ਯਵਿਦ੍ਯਾ ਦਾ ਬਹੁਤ ਪ੍ਰੇਮੀ ਸੀ. ਗ੍ਵਾਲ ਕਵਿ ਨੂੰ ਦਾਨ ਸਨਮਾਨ ਦੇ ਕੇ ਆਪਣੇ ਪਾਸ ਰੱਖਿਆ ਅਤੇ ਕਾਵ੍ਯਗ੍ਰੰਥ ਪੜ੍ਹੇ. ਗ੍ਵਾਲ ਕਵਿ ਨੇ ਰਾਜਾ ਸਾਹਿਬ ਦੇ ਨਾਮ ਦੀ ਵ੍ਯਾਖ੍ਯਾ ਇਉਂ ਕੀਤੀ ਹੈ:—
ਕਾਹੂੰ ਤੇ ਨ ਕਮ ਇਤਮਾਮ1 ਹਰ ਕਾਮਨ ਮੇ
ਕਬਹੂ ਨ ਹੋਯ ਕਮ ਜਿਸ ਕੋ ਕਲਾਮ ਹੈ,
ਗ੍ਯਾਨ ਮੇ ਨ ਕਮ ਹਰਿਧ੍ਯਾਨ ਮੇ ਨ ਕਮ ਕਭੂੰ
ਦਾਨ ਮੇ ਨ ਕਮ ਔ ਨ ਕਮ ਧਨ ਧਾਮ ਹੈ,
ਗ੍ਵਾਲ ਕਵਿ ਤੇਜ ਮੇ ਪ੍ਰਤਾਪ ਮੇ ਨ ਕਮ ਕ੍ਯੋਂ ਹੂੰ
ਹੁਕਮ ਮੇ ਨ ਕਮ ਔ ਨ ਕਮ ਇੰਤਮ ਹੈ,
ਯਾਹੀ ਤੇ ਗਰੀਬ ਕੇ ਨਿਵਾਜ਼ ਗੁਰੁਦੇਵ ਜੂ ਨੈ
ਰਾਖ੍ਯੋ ਮਹਾਰਾਜ “ਭਰਪੂਰ ਸਿੰਘ” ਨਾਮ ਹੈ.
ਸਿਤੰਬਰ ਸਨ ੧੮੬੩ ਵਿੱਚ ਲਾਰਡ ਐਲਗਿਨ (Algin) ਨੇ ਰਾਜਾ ਭਰਪੂਰ ਸਿੰਘ ਨੂੰ ਗਵਰਨਰ ਜਨਰਲ ਦੀ ਕੌਂਸਲ ਦਾ ਮੈਂਬਰ ਥਾਪਿਆ, ਪਰ ਇਹ ਕਲਕੱਤੇ ਜਾਣ ਤੋਂ ਪਹਿਲਾਂ ਹੀ ਕੁਝ ਮਹੀਨੇ ਤਾਪ ਨਾਲ ਬਿਮਾਰ ਰਹਿਕੇ ੯ ਨਵੰਬਰ ਸਨ ੧੮੬੩ ਨੂੰ ਨਾਭੇ ਪਰਲੋਕ ਸਿਧਾਰਿਆ.
ਰਾਜਾ ਭਗਵਾਨ ਸਿੰਘ
ਮਾਈ ਮਾਨਕੌਰ ਦੇ ਉਦਰ ਤੋਂ ਰਾਜਾ ਦੇਵੇਂਦ੍ਰ ਸਿੰਘ ਨਾਭਾਪਤਿ ਦਾ ਛੋਟਾ ਪੁਤ੍ਰ ਅਤੇ ਰਾਜਾ ਭਰਪੂਰ ਦਾ ਛੋਟਾ ਭਾਈ. ਇਸ ਦਾ ਜਨਮ ਸਨ ੧੮੪੨ (ਮਘਰ ਵਦੀ ੧੩ ਸੰਮਤ ੧੮੯੯) ਵਿੱਚ ਹੋਇਆ. ਰਾਜਾ ਭਰਪੂਰ ਸਿੰਘ ਦੇ ਲਾਵਲਦ ਮਰਨ ਤੇ ਇਹ ੧੭ ਫਰਵਰੀ ਸਨ ੧੮੬੪ ਨੂੰ ਨਾਭੇ ਦੀ ਗੱਦੀ ਤੇ ਬੈਠਾ. ਇਹ ਬਹੁਤ ਨਰਮਦਿਲ ਅਤੇ ਆਰਾਮਪਸੰਦ ਸੀ. ਇਸ ਤੇ ਕੁਸੰਗੀਆਂ ਦਾ ਇਤਨਾ ਅਸਰ ਹੋਇਆ ਕਿ ਰਾਜਪ੍ਰਬੰਧ ਵੱਲ ਧਿਆਨ ਦੇਣ ਦਾ ਇਸ ਨੂੰ ਸਮਾਂ ਨਹੀਂ ਮਿਲਦਾ ਸੀ. ੩੧ ਮਈ ਸਨ ੧੮੭੧ ਨੂੰ ਤਪਦਿੱਕ ਰੋਗ ਨਾਲ ਰਾਜਾ ਭਗਵਾਨ ਸਿੰਘ ਦਾ ਦੇਹਾਂਤ ਨਾਭੇ ਹੋਇਆ.
ਮਹਾਰਾਜਾ ਸਰ ਹੀਰਾ ਸਿੰਘ
ਫੂਲਵੰਸ਼ੀ ਸਰਦਾਰ ਸੁੱਖਾ ਸਿੰਘ ਜੀ ਰਈਸ ਬਡਰੁੱਖਾਂ ਦੇ ਸੁਪੁਤ੍ਰ, ਜਿਨ੍ਹਾਂ ਦਾ ਜਨਮ ੬ ਪੋਹ ਸੰਮਤ ੧੯੦੦ (ਸਨ ੧੮੪੩) ਨੂੰ ਮਾਈ ਰਾਜਕੌਰ (ਸਰਦਾਰ ਬਸਾਵਾ ਸਿੰਘ ਜੀ ਬੋੜਾਵਾਲੀਏ ਦੀ ਸੁਪੁਤ੍ਰੀ) ਦੇ ਉਦਰ ਤੋਂ ਬਡਰੁੱਖੀਂ ਹੋਇਆ. ਰਾਜਾ ਭਗਵਾਨ ਸਿੰਘ ਨਾਭਾਪਤਿ ਦੇ ਔਲਾਦ ਨਾ ਹੋਣ ਕਾਰਣ ਇਹ ਭਾਦੋਂ ਸੁਦੀ ੧੦ ਸੰਮਤ ੧੯੨੮ (੧੦ ਅਗਸਤ ਸਨ ੧੮੭੧) ਨੂੰ ਨਾਭੇ ਦੀ ਰਾਜਗੱਦੀ ਦੇ ਅਧਿਕਾਰੀ ਮੰਨੇ ਜਾ ਕੇ ਰਾਜ ਸਿੰਘਾਸਨ ਤੇ ਬੈਠਾਏ ਗਏ.2
ਮਹਾਰਾਜਾ ਹੀਰਾ ਸਿੰਘ ਨੇ ਜਿਸ ਯੋਗ੍ਯ ਰੀਤਿ ਨਾਲ ਰਾਜ ਦਾ ਪ੍ਰਬੰਧ ਕੀਤਾ ਅਤੇ ਪ੍ਰਜਾ ਨੂੰ ਸੁਖ ਦਿੱਤਾ, ਉਹ ਦੂਜੇ ਰਾਜਿਆਂ ਲਈ ਉਦਾਹਰਣਰੂਪ ਹੋਣਾ ਚਾਹੀਏ. ਆਪ ਦਾ ਵਿਦ੍ਯਾ ਨਾਲ ਅਪਾਰ ਪ੍ਰੇਮ ਸੀ. ਰਿਆਸਤ ਵਿੱਚ ਅਨੇਕ ਸਕੂਲ ਖੋਲ੍ਹੇ, ਵਿਦ੍ਯਾਰਥੀਆਂ ਨੂੰ ਬਹੁਤ ਵਜੀਫੇ ਦਿੱਤੇ. ਮਕਾਲਿਫ ਸਾਹਿਬ ਨੂੰ “ਸਿੱਖ ਰੀਲੀਜਨ” ਕਿਤਾਬ ਲਿਖਣ ਲਈ ਭਾਰੀ ਸਹਾਇਤਾ ਦਿੱਤੀ ਅਤੇ ਖਾਲਸਾ ਕਾਲਿਜ ਨੂੰ ਪੱਕੇ ਪੈਰੀਂ ਕਰਣ ਦਾ ਜਤਨ ਕੀਤਾ.
ਖਾਸ ਰਾਜਧਾਨੀ ਅਤੇ ਇਲਾਕੇ ਵਿੱਚ ਲੱਖਾਂ ਰੁਪਯੇ ਖਰਚਕੇ ਆਲੀਸ਼ਾਨ ਇਮਾਰਤਾਂ ਬਣਵਾਈਆਂ ਅਤੇ ਫੌਜ ਨੂੰ ਯੋਗ੍ਯ ਬਣਾਉਣ ਲਈ ਬੇਅੰਤ ਧਨ ਖਰਚਿਆ.
ਗਵਰਨਮੈਂਟ ਦੇ ਸਾਰੇ ਅਹੁਦੇਦਾਰ ਮਹਾਰਾਜਾ ਹੀਰਾ ਸਿੰਘ ਜੀ ਦੇ ਗੁਣ ਗਾਉਣ ਵਿੱਚ ਇੱਕਸੁਰ ਸਨ.3
ਮਹਾਰਾਜਾ ਹੀਰਾ ਸਿੰਘ ਜੀ ਦੇ ਜਾਤੀ ਖਰਚ ਬਹੁਤ ਹੀ ਘੱਟ ਸਨ, ਉਹ ਰਿਆਸਤ ਦੇ ਖਜਾਨੇ ਨੂੰ ਪ੍ਰਜਾ ਦੀ ਇਮਾਨਤ ਸਮਝਦੇ ਸਨ. ਇਨਸਾਫ ਲਈ ਨਿੱਤ ਸਮਾਂ ਦਿੰਦੇ ਅਤੇ ਉਨ੍ਹਾਂ ਦੇ ਦਰਬਾਰ ਵਿੱਚ ਬਿਨਾ ਰੋਕ ਟੋਕ ਹਰੇਕ ਆਦਮੀ ਪਹੁਚ ਸਕਦਾ ਸੀ.
ਆਪ ਦੇ ਘਰ ਮਹਾਰਾਣੀ ਸਾਹਿਬਾ ਪਰਮੇਸ਼੍ਵਰ ਕੌਰ ਰੱਲੇ ਵਾਲਿਆਂ ਦੇ ਉਦਰ ਤੋਂ ੭ ਮਾਘ ਸੰਮਤ ੧੯੩੯ (੧੮ ਜਨਵਰੀ ਸਨ ੧੮੮੩) ਨੂੰ ਬੀਬੀ ਰਿਪੁਦਮਨ ਕੌਰ ਜੀ2, ਅਤੇ ਮਹਾਰਾਣੀ ਸਾਹਿਬਾ ਜਸਮੇਰ ਕੌਰ ਲੋਂਗੋਵਾਲ ਵਾਲਿਆਂ ਦੇ ਉਦਰ ਤੋਂ ੨੨ ਫੱਗੁਣ ਸੰਮਤ ੧੯੩੯ (੪ ਮਾਰਚ ਸਨ ੧੮੮੩) ਨੂੰ ਟਿੱਕਾ ਰਿਪੁਦਮਨ ਸਿੰਘ ਜੀ ਪੈਦਾ ਹੋਏ.
ਮਹਾਰਾਜਾ ਹੀਰਾ ਸਿੰਘ ਜੀ ਨੇ ਸਨ ੧੮੭੯-੮੦ ਦੇ ਅਫਗਾਨ ਜੰਗ ਵਿੱਚ, ਸਨ ੧੮੯੭ ਦੇ ਤੀਰਾਹ ਜੰਗ ਵਿੱਚ ਫੌਜ ਅਤੇ ਰੁਪਯੇ ਦੀ ਗਵਰਨਮੇਂਟ ਨੂੰ ਪੂਰੀ ਸਹਾਇਤਾ ਦਿੱਤੀ. ਸਨ ੧੮੮੭ ਵਿੱਚ ਆਪ ਦੀ ਸਲਾਮੀ ੧੧ ਤੋਪਾਂ ਤੋਂ ੧੩, ਅਤੇ ਸਨ ੧੮੯੮ ਵਿੱਚ ੧੫ ਤੋਪਾਂ ਦੀ ਹੋ ਗਈ.
ਸਨ ੧੮੭੯ ਵਿੱਚ ਜੀ.ਸੀ.ਐਸ.ਆਈ.; ਸਨ ੧੮੯੩ ਵਿੱਚ “ਰਾਜਾਏ ਰਾਜਗਾਨ” ਖਿਤਾਬ ਮਿਲਿਆ. ਸਨ ੧੯੦੩ ਵਿੱਚ ਜੀ.ਸੀ.ਆਈ.ਈ. ਅਤੇ ੧੪ ਫਿਰੋਜਪੁਰ ਸਿੱਖ ਪਲਟਨ (King George's own) ਦੇ ਕਰਨੈਲ ਹੋਏ.2 ਸਨ ੧੯੧੧ ਦੇ ਦਿੱਲੀ ਦਰਬਾਰ ਵਿੱਚ ਮੌਰੂਸੀ “ਮਹਾਰਾਜਾ” ਪਦਵੀ ਮਿਲੀ.
੧੧ ਪੋਹ ਸੰਮਤ ੧੯੬੮ (੨੫ ਦਿਸੰਬਰ ਸਨ ੧੯੧੧) ਨੂੰ ਬੈਰਾੜਵੰਸ਼ ਸਰਮੌਰ ਮਹਾਰਾਜਾ ਸਰ ਹੀਰਾ ਸਿੰਘ ਰਾਜਰਿਖੀ ਦਾ ਦੇਹਾਂਤ ਨਾਭੇ ਹੋਇਆ.
ਮਹਾਰਾਜਾ ਰਿਪੁਦਮਨ ਸਿੰਘ
ਫੂਲਵੰਸ਼ ਦੇ ਰਤਨ ਮਹਾਰਾਜਾ ਸਰ ਹੀਰਾ ਸਿੰਘ ਸਾਹਿਬ ਨਾਭਾਪਤਿ ਦੇ ਘਰ ਸਰਦਾਰ ਅਣੋਖ ਸਿੰਘ ਲੌਂਗੋਵਾਲੀਏ ਦੀ ਸੁਪੁਤ੍ਰੀ ਮਹਾਰਾਣੀ ਜਸਮੇਰ ਕੌਰ ਦੇ ਉਦਰੋਂ ੨੨ ਫੱਗੁਣ ਸੰਮਤ ੧੯੩੯ (੪ ਮਾਰਚ ਸਨ ੧੮੮੩) ਨੂੰ ਟਿੱਕਾ ਰਿਪੁਦਮਨ ਸਿੰਘ ਜੀ ਦਾ ਜਨਮ ਨਾਭੇ ਹੋਇਆ. ਮਹਾਰਾਜਾ ਹੀਰਾ ਸਿੰਘ ਸਾਹਿਬ ਨੇ ਇਨ੍ਹਾਂ ਦੀ ਸਿਖ੍ਯਾ ਦਾ ਯੋਗ ਪ੍ਰਬੰਧ ਕਰਕੇ ਸਭ ਤਰਾਂ ਲਾਇਕ ਬਣਾਇਆ.
੨੯ ਜੇਠ ਸੰਮਤ ੧੯੫੮ ਨੂੰ ਸਰਦਾਰ ਗੁਰਦਿਆਲ ਸਿੰਘ ਮਾਨ ਦੀ ਸੁਪੁਤ੍ਰੀ ਬੀਬੀ ਜਗਦੀਸ਼ ਕੌਰ3 ਨਾਲ ਸ਼ਾਦੀ ਹੋਈ, ਜਿਸ ਦੀ ਕੁੱਖ ਤੋਂ ੨੩ ਅੱਸੂ ਸੰਮਤ ੧੯੬੪ (੮ ਅਕਤੂਬਰ ਸਨ ੧੯੦੭) ਨੂੰ ਬੀਬੀ ਅਮ੍ਰਿਤ ਕੌਰ ਦਾ ਜਨਮ ਹੋਇਆ, ਜਿਸ ਦੀ ਸ਼ਾਦੀ ਰਾਜਾ ਸਾਹਿਬ ਕਲਸੀਆ ਰਵਿਸ਼ੇਰ ਸਿੰਘ ਜੀ ਨਾਲ ੧੬ ਫਰਵਰੀ ਸਨ ੧੯੨੫ ਨੂੰ ਦਿੱਲੀ ਹੋਈ.
ਸਨ ੧੯੦੬ ਤੋਂ ੮ ਤਕ ਟਿੱਕਾ ਰਿਪੁਦਮਨ ਸਿੰਘ ਸਾਹਿਬ ਗਵਰਨਰ ਜਨਰਲ ਦੀ ਲੈਜਿਸਲੇਟਿਵ ਕੌਂਸਲ ਦੇ ਐਡੀਸ਼ਨਲ (aditional) ਮੈਂਬਰ ਰਹੇ. ਇੰਡੀਅਨ ਨੈਸ਼ਨਲ ਸੋਸ਼ੀਅਲ ਕਾਨਫ੍ਰੈਂਸ (Indian National Social Conference) ਦੇ ਸਨ ੧੯੦੯ ਵਿੱਚ ਲਾਹੌਰ ਪ੍ਰਾਜ਼ੀਡੈਂਟ (ਪ੍ਰਧਾਨ) ਹੋਏ. ਸਨ ੧੯੧੦ ਵਿੱਚ ਆਪ ਨੇ ਯੂਰਪ ਦੀ ਯਾਤ੍ਰਾ ਕੀਤੀ ਅਤੇ ੨੨ ਜੂਨ ੧੯੧੧ ਨੂੰ H.M. ਜਾਰਜ ਪੰਚਮ ਦੀ ਤਾਜਪੋਸ਼ੀ ਵੇਲੇ ਵੈਸ੍ਟਮਿਨਸਟਰ ਏਬੀ (Westminster Abbey) ਵਿੱਚ ਮੌਜੂਦ ਸੇ. ਇਨ੍ਹਾਂ ਦੇ ਵਿਦੇਸ਼ ਹੁੰਦਿਆਂ ਹੀ ਮਹਾਰਾਜਾ ਹੀਰਾ ਸਿੰਘ ਜੀ ਦਾ ਦੇਹਾਂਤ ਹੋਇਆ.
ਆਪ ੧੧ ਮਾਘ ਸੰਮਤ ੧੯੬੮ (੨੪ ਜਨਵਰੀ ਸਨ ੧੯੧੨) ਨੂੰ ਨਾਭੇ ਦੀ ਗੱਦੀ ਤੇ ਵਿਰਾਜੇ, ਅਰ ਗਵਰਨਮੇਂਟ ਬਰਤਾਨੀਆਂ ਵੱਲੋਂ ੨੦ ਦਿਸੰਬਰ ਸਨ ੧੯੧੨ ਨੂੰ ਮਸਨਦਨਸ਼ੀਨੀ ਦਾ ਖਿਲਤ ਮਿਲਿਆ. ਸਨ ੧੯੧੪ ਦੇ ਵਡੇ ਜੰਗ ਛਿੜਨ ਪੁਰ ਮਹਾਰਾਜਾ ਨੇ ਆਪਣੀ ਫੌਜ ਦੀ ਸੇਵਾ ਸਰਕਾਰ ਨੂੰ ਅਰਪਣ ਕੀਤੀ, ਜੋ ਉਸ ਵੇਲੇ ਤਾਂ ਨਹੀਂ ਲਈ ਗਈ, ਪਰ ਸਨ ੧੯੧੮ ਵਿੱਚ ਅਕਾਲ ਇਨਫੈਂਟਰੀ ਮੈਸੋਪੋਟੇਮੀਆਂ (Mesopotamia) ਭੇਜੀ ਗਈ, ਜਿਸ ਨੇ ਛੀ ਮਹੀਨੇ ਸਰਦਾਰ ਬਹਾਦੁਰ ਕਰਨੈਲ ਬਚਨ ਸਿੰਘ ਦੀ ਕਮਾਣ ਹੇਠ ਬਹੁਤ ਚੰਗਾ ਕੰਮ ਕੀਤਾ. ਮਹਾਰਾਜਾ ਸਾਹਿਬ ਨੇ ਸਨ ੧੯੧੭-੧੮ ਵਿੱਚ ਕਈ ਲੱਖ ਰੁਪਯਾ ਜੰਗ ਦੀ ਸਹਾਇਤਾ ਲਈ ਅਨੇਕ ਫੰਡਾਂ ਵਿੱਚ ਦਿੱਤਾ. ਸਨ ੧੯੧੯ ਦੇ ਤੀਜੇ ਅਫਗ਼ਾਨ ਜੰਗ ਸਮੇਂ ਰਿਆਸਤ ਦੀ ਫੌਜ ਨੇ ਬਲੋਚਿਸਤਾਨ ਅਤੇ ਈਰਾਨ ਵਿੱਚ ਰਹਿਕੇ ਅੰਗ੍ਰੇਜ਼ੀ ਅਫਸਰਾਂ ਦੀ ਨਿਗਰਾਨੀ ਵਿੱਚ ਉੱਤਮ ਸੇਵਾ ਕੀਤੀ.
੧੦ ਅਕਤੂਬਰ ਸਨ ੧੯੧੮ ਨੂੰ ਮੇਜਰ ਸਰਦਾਰ ਪ੍ਰੇਮ ਸਿੰਘ ਰਾਇਪੁਰੀਏ ਦੀ ਸੁਪੁਤ੍ਰੀ ਸਰੋਜਨੀ ਦੇਵੀ (ਗੁਰਸ਼ਰਨ ਕੌਰ) ਨਾਲ ਸ਼ਾਦੀ ਹੋਈ, ਜਿਸ ਦੀ ਕੁੱਖ ਤੋਂ ੫ ਅੱਸੂ ਸੰਮਤ ੧੯੭੬ (੨੧ ਸਿਤੰਬਰ ਸਨ ੧੯੧੯) ਨੂੰ ਟਿੱਕਾ ਪ੍ਰਤਾਪ ਸਿੰਘ ਜੀ ਦਾ ਜਨਮ ਹੋਇਆ.
ਕਈ ਸ੍ਵਾਰਥੀ ਅਤੇ ਆਚਾਰ ਤੋਂ ਡਿਗੇ ਹੋਏ ਲੋਕ, ਜਿਨ੍ਹਾਂ ਨੂੰ ਰਿਆਸਤ ਨਾਲ ਕੋਈ ਪਿਆਰ ਨਹੀਂ ਸੀ ਅਰ ਜੋ ਅਸਲੋਂ ਮਹਾਰਾਜਾ ਦੇ ਹਿਤੂ ਨਹੀਂ ਸਨ, ਦੈਵਯੋਗ ਨਾਲ ਏਧਰੋਂ ਓਧਰੋਂ ਮਹਾਰਾਜਾ ਦੇ ਪਾਸ ਆ ਇਕੱਠੇ ਹੋਏ, ਜਿਸ ਤੋਂ ਕਈ ਭਦ੍ਰਪੁਰੁ ਦਾ ਅਪਮਾਨ ਹੋਇਆ ਅਤੇ ਰਿਆਸਤ ਪਟਿਆਲੇ ਨਾਲ ਵ੍ਰਿਥਾ ਅਨੇਕ ਝਗੜੇ ਛਿੜ ਪਏ. ਇਹ ਮੁਆਮਲਾ ਇੱਥੋਂ ਤਕ ਵਧਿਆ ਕਿ ਮਹਾਰਾਜਾ ਨੂੰ ੨੫ ਹਾੜ੍ਹ ਸੰਮਤ ੧੯੮੦ (੯ ਜੁਲਾਈ ਸਨ ੧੯੨੩) ਨੂੰ ਰਾਜ ਦਾ ਤਿਆਗ ਕਰਨਾ ਪਿਆ. ਰਿਆਸਤ ਤੋਂ ਤਿੰਨ ਲੱਖ ਰੁਪਯਾ ਸਾਲਾਨਾ ਮੁਕੱਰਰ ਹੋਕੇ ਦੇਹਰੇਦੂਨ ਰਹਿਣ ਦੀ ਗਰਵਨਮੇਂਟ ਵੱਲੋਂ ਆਗ੍ਯਾ ਹੋਈ. ਅਰ ਰਿਆਸਤ ਦੇ ਪ੍ਰਬੰਧ ਲਈ ਮਹਾਰਾਜਾ ਦੀ ਇੱਛਾ ਅਨੁਸਾਰ ਇੱਕ ਅੰਗ੍ਰੇਜ਼ ਐਡਮਿਨਿਸਟ੍ਰੇਟਰ (administrator) ਥਾਪਿਆ ਗਿਆ.1
੨੫ ਮਾਘ ਸੰਮਤ ੧੯੮੩ (੬ ਫਰਵਰੀ ਸਨ ੧੯੨੭) ਨੂੰ ਮਹਾਰਾਜਾ ਰਿਪੁਦਮਨ ਸਿੰਘ ਜੀ ਨੇ ਅਬਿਚਲਨਗਰ ਦੁਬਾਰਾ ਅਮ੍ਰਿਤ ਛਕ ਕੇ ਨਾਉਂ ਗੁਰਚਰਨ ਸਿੰਘ ਬਦਲਿਆ.
੧੯ ਫਰਵਰੀ ਸਨ ੧੯੨੮ ਨੂੰ ਸਰਕਾਰ ਵੱਲੋਂ ਇੱਕ ਐਲਾਨ ਨਿਕਲਿਆ ਕਿ ਮਹਾਰਾਜਾ ਰਿਪੁਦਮਨ ਸਿੰਘ (ਗੁਰਚਰਨ ਸਿੰਘ) ਨੂੰ ਜਿਨ੍ਹਾਂ ਸ਼ਰਤਾਂ ਤੇ ਰਿਆਸਤ ਤੋਂ ਕਿਨਾਰੇ ਹੋਣ ਦੀ ਪਰਵਾਨਗੀ ਦਿੱਤੀ ਗਈ ਸੀ, ਉਨ੍ਹਾਂ ਦੀ ਪਾਲਨਾ ਨਹੀਂ ਹੋਈ, ਇਸ ਲਈ ਗੁਜ਼ਾਰਾ ਤਿੰਨ ਲੱਖ ਦੀ ਥਾਂ ਇੱਕ ਲੱਖ ਵੀਹ ਹਜ਼ਾਰ ਰੁਪਯਾ ਸਾਲਾਨਾ ਕੀਤਾ ਜਾਵੇ2 ਅਤੇ ਮਹਾਰਾਜਾ ਦੀ ਪਦਵੀ ਜਬਤ ਕੀਤੀ ਜਾਵੇ ਅਰ ਮਦਰਾਸ ਦੇ ਇਲਾਕੇ ਕੋਡੇ ਕਾਨਲ3 ਸਰਕਾਰੀ ਨਿਗਰਾਨੀ ਵਿੱਚ ਰੱਖਿਆ ਜਾਵੇ. ੧੩ ਦਿਸੰਬਰ, ੧੯੪੩ ਨੂੰ ਉੱਥੇ ਹੀ ਦੇਹਾਂਤ ਹੋਇਆ. (ਭਾਈ ਭਗਵੰਤ ਸਿੰਘ, ਹਰੀ ਜੀ)
ਮਹਾਰਾਜਾ ਪ੍ਰਤਾਪ ਸਿੰਘ
੨੩ ਫਰਵਰੀ ਸਨ ੧੯੨੮ ਨੂੰ ਗਵਰਨਰ ਜਨਰਲ ਦੇ ਏਜੈਂਟ ਨੇ ਦੇਹਰੇਦੂਨ ਪਹੁਚਕੇ ਟਿੱਕਾ ਪ੍ਰਤਾਪ ਸਿੰਘ ਜੀ ਨੂੰ ਮੁਰਾਸਲਾ ਦਿੱਤਾ, ਜਿਸ ਵਿੱਚ ਲਿਖਿਆ ਸੀ ਕਿ ਆਪ ਨੂੰ ਸ਼ਹਨਸ਼ਾਹ ਨੇ ਨਾਭੇ ਦਾ ਮਹਾਰਾਜਾ ਮੰਨ ਲਿਆ ਹੈ.
ਮਹਾਰਾਜਾ ਪ੍ਰਤਾਪ ਸਿੰਘ ਜੀ ਆਪਣੀ ਯੋਗ੍ਯ ਮਾਤਾ ਦੀ ਨਿਗਰਾਨੀ ਵਿੱਚ ਦੇਹਰੇਦੂਨ ਅਤੇ ਮਸੂਰੀ ਰਹਿ ਕੇ ਵਿਦ੍ਯਾ ਅਭ੍ਯਾਸ ਕਰਦੇ ਰਹੇ. ੧੪ ਫਰਵਰੀ ਸੰਨ ੧੯੩੩ ਨੂੰ ਮਹਾਰਾਜਾ ਨਾਭੇ ਤਸ਼ਰੀਫ ਲਿਆਏ. ੧੫ ਫਰਵਰੀ ਨੂੰ ਆਲੀਸ਼ਾਨ ਦਰਬਾਰ ਹੋਯਾ. ਪ੍ਰਜਾ ਦੇ ਮੁਖੀਏ ਅਹਿਲਕਾਰਾਂ ਅਤੇ ਰਿਸ਼ਤੇਦਾਰਾਂ ਨੇ ਨਜ਼ਰਾਂ ਪੇਸ਼ ਕੀਤੀਆਂ ਅਤੇ ਸਾਰੇ ਰਾਜ ਵਿੱਚ ਵੱਡਾ ਉਤਸਵ ਮਨਾਇਆ ਗਿਆ. ੯ ਮਾਰਚ ਸਨ ੧੯੩੪ ਨੂੰ ਮਹਾਰਾਜਾ ਪ੍ਰਤਾਪ ਸਿੰਘ ਜੀ ਆਪਣੀ ਮਾਤਾ ਜੀ ਅਤੇ ਮਹਾਰਾਜ ਕੁਮਾਰ ਤਥਾ ਮਹਾਰਾਜ ਕੁਮਾਰੀਆਂ ਸਮੇਤ ਵਿਦ੍ਯਾ ਪ੍ਰਾਪਤੀ ਲਈ ਇੰਗਲੈਂਡ ਨੂੰ ਰਵਾਨਾ ਹੋਏ.
ਰਿਆਸਤ ਨਾਭੇ ਦਾ ਰਕਬਾ ੯੬੮ ਵਰਗ ਮੀਲ ਹੈ. ਸਨ ੧੯੨੧ ਦੀ ਮਰਦੁਮਸ਼ੁਮਾਰੀ ਅਨੁਸਾਰ ਆਬਾਦੀ ੨੬੩, ੩੯੪ ਹੈ.
ਰਿਆਸਤ ਦਾ ਦਰਜਾ ਪੰਜਾਬ ਵਿੱਚ ਚੌਥਾ ਹੈ. ਵਾਇਸਰਾਇ ਦੇ ਦਰਬਾਰ ਵਿੱਚ ਨਾਭੇ ਦੀ ਨਿਸ਼ਸਤ ਜੀਂਦ ਤੋਂ ਹੇਠ ਹੈ, ਪਰ ਬਾਜ਼ਦੀਦ (return visit) ਜੀਂਦ ਤੋਂ ਪਹਿਲਾਂ ਹੁੰਦੀ ਹੈ ਅਰ ਸਲਾਮੀ ੧੩ ਤੋਪਾਂ ਦੀ ਹੈ. ਰਿਆਸਤ ਦੀ ਕੁੱਲ ਆਮਦਨ ੨੪੦੦੦੦੦ ਰੁਪਯਾ ਸਾਲਾਨਾ ਹੈ.
ਨਾਭੇ ਸ਼ਹਿਰ ਵਿੱਚ ਇੱਕ ਹਾਈ ਸਕੂਲ, ਇੱਕ ਮਿਡਲ ਗਰਲ ਸਕੂਲ, ਇਲਾਕੇ ਵਿੱਚ ਛੀ ਮਿਡਲ ਸਕੂਲ, ਤੇਈਸ ਪ੍ਰਾਇਮਰੀ ਸਕੂਲ ਹਨ. ਨਾਭੇ ਸ਼ਹਿਰ ਵਿੱਚ ਇੱਕ ਬਹੁਤ ਸੁੰਦਰ ਸਿਵਲ ਹਾਸਪਿਟਲ ਅਤੇ ਇੱਕ ਫੌਜੀ ਹਾਸਪਿਟਲ ਹੈ. ਇਲਾਕੇ ਵਿੱਚ ਅੱਠ ਡਿਸਪੈਂਸਰੀਆਂ ਹਨ. ਫੌਜ-ਅਕਾਲ ਇਨਫੈਂਟਰੀ (Infantry) ੪੫੦, ਪੁਲਿਸ ੪੧੫ ਹੈ.
ਮਹਾਰਾਜਾ ਦਾ ਪੂਰਾ ਖ਼ਿਤਾਬ ਹੈ—ਹਿਜ਼ ਹਾਈਨੈਸ (His Highness) \ਰਜ਼ੰਦੇ ਅਰਜਮੰਦ ਅ਼ਕ਼ੀਦਤ ਪੈਵੰਦ ਦੌਲਤੇ ਇੰਗਲਿਸ਼ੀਆ ਬੈਰਾੜਵੰਸ਼ ਸਰਮੌਰ4 ਰਾਜਾਏ ਰਾਜਗਾਨ ਮਹਾਰਾਜਾ ਪ੍ਰਤਾਪ ਸਿੰਘ ਮਾਲਵੇਂਦ੍ਰ ਬਹਾਦੁਰ.
ਨਾਭੇ ਕਿਲੇ ਅੰਦਰ ਪੱਛੋਂ ਵੱਲ ਦੇ ਬੁਰਜ ਵਿੱਚ ਗੁਰਦ੍ਵਾਰਾ “ਸਿਰੋਪਾਉ” ਹੈ. ਇੱਥੇ ਗੁਰੂ ਸਾਹਿਬ ਦੀਆਂ ਇਤਨੀਆਂ ਵਸਤਾਂ ਹਨ:—
(ੳ) ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਚੋਲਾ, ਜੋ ਗੁਰੂ ਸਾਹਿਬ ਨੇ ਹੁਕਮਨਾਮੇ ਨਾਲ ਬਾਬਾ ਤਿਲੋਕ ਸਿੰਘ, ਰਾਮ ਸਿੰਘ ਜੀ ਨੂੰ ਕ੍ਰਿਪਾ ਕਰਕੇ ਭੇਜਿਆ. ਇਸ ਦੇ ਬਾਹਰ ਰੇਸ਼ਮੀ ਧਾਰੀਦਾਰ ਮਸਰੂ, ਅੰਦਰ ਮਲਾਗੀਰੀ ਰੇਸ਼ਮੀ ਵਸਤ੍ਰ ਹੈ.
(ਅ) ਦਸ਼ਮੇਸ਼ ਜੀ ਦਾ ਹੁਕਮਨਾਮਾ. ਇਹ ਅਸਲ ਹੁਕਮਨਾਮਾ ਪਟਿਆਲੇ ਹੈ. ਨਕਲ ਨਾਭੇ ਹੈ. ਹੁਕਮ ਨਾਮੇ ਦਾ ਪਾਠ ਦੇਖੋ, ਤਿਲੋਕ ਸਿੰਘ ਸ਼ਬਦ ਵਿੱਚ.
(ੲ) ਦਸਤਾਰ ਕਲਗੀਧਰ ਦੀ, ਜੋ ਸਤਿਗੁਰੂ ਨੇ ਭੰਗਾਣੀ ਦੇ ਜੰਗ ਪਿੱਛੋਂ ਸਾਈਂ ਬੁੱਧੂਸ਼ਾਹ ਸਢੌਰੇ ਵਾਲੇ ਨੂੰ ਬਖ਼ਸ਼ੀ.
(ਸ) ਦਸਤਾਰ ਨਾਲ ਕੰਘਾ , ਜਿਸ ਵਿੱਚ ਵਾਹੇ ਹੋਏ ਕੇਸ਼ ਹਨ.
(ਹ) ਦਸਤਾਰ ਨਾਲ ਕਰਦ , ਜੋ ਕਰੀਬ ਸਾਢੇ ਤਿੰਨ ਇੰਚ ਲੰਮੀ ਹੈ.
(ਕ) ਇਨ੍ਹਾਂ ਤਿੰਨਾਂ ਵਸਤਾਂ ਨਾਲ ਜੋ ਬੁੱਧੂਸ਼ਾਹ ਨੂੰ ਕਲਗੀਧਰ ਨੇ ਹੁਕਮਨਾਮਾ ਬਖ਼ਸ਼ਿਆ.1` ਇਹ ਚਾਰੇ ਵਸਤਾਂ (ਨੰ: ੲ, ਸ, ਹ, ਕ) ਸਾਂਈਂ ਬੁੱਧੂਸ਼ਾਹ ਦੀ ਔਲਾਦ ਦਾ ਮਾਕੂਲ ਗੁਜ਼ਾਰਾ ਕਰਕੇ, ਮਹਾਰਾਜਾ ਭਰਪੂਰ ਸਿੰਘ ਜੀ ਨੇ ਲੈਲਈਆਂ ਸਨ.
(ਖ) ਕੋਰੜਾ ਗੁਰੂ ਹਰਿਗੋਬਿੰਦ ਸਾਹਿਬ ਦਾ, ਇਸ ਦੀ ਡੰਡੀ ਬੈਤ ਦੀ ਹੈ.
(ਗ) ਤੇਗਾ ਗੁਰੂ ਹਰਿਗੋਬਿੰਦ ਸਾਹਿਬ ਦਾ.
(ਘ) ਸ਼੍ਰੀ ਸਾਹਿਬ ਕਲਗੀਧਰ ਦਾ, ਜੋ ਸਤਿਗੁਰੂ ਨੇ ਤਿਲੋਕ ਸਿੰਘ ਜੀ ਨੂੰ ਅਮ੍ਰਿਤ ਛਕਾਉਣ ਸਮੇਂ ਸੰਮਤ ੧੭੬੩ ਵਿੱਚ ਦਮਦਮੇ ਬਖ਼ਸ਼ਿਆ. ਇਸਦੇ ਇੱਕ ਤਰਫ ਪਾਠ ਹੈ—“ਸ਼੍ਰੀ ਭਗੌਤੀ ਜੀ ਸਹਾਇ ਗੁਰੂ ਗੋਬਿੰਦ ਸਿੰਘ ਪਾਤਸਾਹੀ ਦਸ.” ਦੂਜੀ ਤਰਫ ਹੈ—“ਪਾਤਸਾਹੀ ਦਸ.”
(ਙ) ਸ਼੍ਰੀ ਸਾਹਿਬ ਦਸ਼ਮੇਸ਼ ਦਾ, ਜੋ ਬਡਰੁੱਖਿਆਂ ਤੋਂ ਮਹਾਰਾਜਾ ਹੀਰਾ ਸਿੰਘ ਜੀ ਆਪਣੇ ਨਾਲ ਨਾਭੇ ਲਿਆਏ, ਇਸ ਉੱਪਰ ਪਾਠ ਹੈ—“ਗੁਰੂ ਗੋਬਿੰਦ ਸਿੰਘ ਕੇ ਕਮਰ ਕੀ ਤਲਵਾਰ ਹੈਗੀ, ਬਧੇ ਦੇਗ ਤੇ, ਯਾ ਤੇਗ ਤੇ.” ਕਬਜੇ ਪੁਰ ਪਾਠ ਹੈ—“ਗੁਰੂ ਨਾਨਕ ਸਰਬ ਸਿੱਖਾਂ ਨੂੰ ਸਹਾਇ.”
(ਚ) ਤਲਵਾਰ ਕਲਗੀਧਰ ਦੀ, ਜੋ ਕਲ੍ਹਾਰਾਇ ਨੂੰ ਬਖ਼ਸ਼ੀ ਸੀ. ਇਹ ਕੋਟਲੇ ਵਾਲੇ ਨਵਾਬ ਸਾਹਿਬ ਦੇ ਰੀਏ ਮਹਾਰਾਜਾ ਜਸਵੰਤ ਸਿੰਘ ਨੂੰ ਮਿਲੀ. ਇਸ ਪੁਰ Genoa2 ਲਿਖਿਆ ਹੈ.
(ਛ) ਖੰਜਰ ਗੁਰੂ ਗੋਬਿੰਦ ਸਿੰਘ ਜੀ ਦਾ, ਜੋ ਛੋਟੀ .ਉਮਰ ਵਿੱਚ ਕਮਰ ਸਜਾਇਆ ਕਰਦੇ ਸਨ, ਇਸ ਪੁਰ ਪਾਠ ਹੈ—
“ਸੰਮਤ ੧੭੪੧ ਸਤਿ ਸ੍ਰੀ ਅਕਾਲ ਪੁਰਖ ਜੀ ਸਹਾਇ।”
ਤੁਹੀ ਖੜਗਧਾਰਾ ਤੁਹੀ ਬਾਢਵਾਰੀ।
ਤੁਹੀ ਤੀਰ ਤਰਵਾਰ ਕਾਤੀ ਕਟਾਰੀ।
ਹਲੱਬੀ ਜਨੱਬੀ ਮਗਰਬੀ ਤੁਹੀ ਹੈ।
ਨਿਹਾਰੋ ਜਹਾਂ ਆਪ ਠਾਢੀ ਵਹੀਂ ਹੈ।***
(ਜ) ਦਸ਼ਮੇਸ਼ ਦੇ ਢਾਲੇ ਦੇ ਦੋ ਫੁੱਲ , ਜਿਨ੍ਹਾਂ ਪੁਰ ਦਸ ਅਵਤਾਰਾਂ ਦੀਆਂ ਤਸਵੀਰਾਂ ਹਨ.
(ਝ) ਕਲਗੀਧਰ ਦੇ ਤੀਰ ਦੀ ਮੁਖੀ. ਇਸ ਦਾ ਪ੍ਰਸੰਗ ਇਉਂ ਹੈ:—
ਦਸ਼ਮੇਸ਼, ਆਨੰਦਪੁਰ ਇੱਕ ਸਿੰਮਲ ਦੇ ਬਿਰਛ ਵਿੱਚ ਤੀਰਾਂ ਦਾ ਨਿਸ਼ਾਨਾ ਲਗਾਇਆ ਕਰਦੇ ਸਨ. ਉਹ ਬਿਰਛ ਕੁਝ ਵਰ੍ਹੇ ਵੀਤੇ ਹਨ ਕਿ ਸੁੱਕਕੇ ਡਿਗ ਪਿਆ. ਉਸ ਵਿੱਚੋਂ ਕਈ ਮੁਖੀਆਂ ਲੱਭੀਆਂ, ਉਨ੍ਹਾਂ ਵਿੱਚੋਂ ਇੱਕ ਮੁਖੀ ਕੇਸਗੜ੍ਹ ਦੇ ਪੁਜਾਰੀ ਸਿੰਘ ਨੇ ਬਾਬਾ ਨਾਰਾਯਣ ਸਿੰਘ ਜੀ ਮਹੰਤ ਡੇਰਾ ਬਾਬਾ ਅਜਾਪਾਲ ਸਿੰਘ ਸਾਹਿਬ ਨੂੰ ਦਿੱਤੀ, ਉਨ੍ਹਾਂ ਨੇ ਮਹਾਰਾਜਾ ਹੀਰਾ ਸਿੰਘ ਨੂੰ ਦਿੱਤੀ.
(ਞ) ਇੱਕ ਪੁਸਤਕ, ਜਿਸ ਵਿੱਚ ਕੁਛ ਚਰਿਤ੍ਰਾਂ ਦਾ ਪਾਠ ਹੈ. ਇਸ ਦੇ ਪਤ੍ਰੇ ੩੦੦ ਹਨ. ਭਾਈ ਤਾਰਾ ਸਿੰਘ ਕਵੀ ਨੇ ਦੱਸਿਆ ਹੈ ਕਿ ਇਹ ਕਲਗੀਧਰ ਦਾ ਲਿਖਿਆ ਹੋਇਆ ਹੈ. ਰਾਜਾ ਭਰਪੂਰ ਸਿੰਘ ਜੀ ਨੇ ਕਵੀ ਜੀ ਨੂੰ ਦੋ ਹਜਾਰ ਨਕਦ ਅਤੇ ਦੋ ਸੌ ਰੁਪਯੇ ਸਾਲਾਨਾ ਜਾਗੀਰ ਦੇ ਕੇ ਇਹ ਪੁਸਤਕ ਲੈ ਲਿਆ. ਇਸ ਦੀ ਲਿਖਤ ਦੇ ਸਬੰਧ ਵਿਚ ਦੇਖੋ, ਗੁਰਮੁਖੀ ਨੰਬਰ (੫) ਦਾ ਚਿਤ੍ਰ.
ਨਾਭੇ ਦੇ ਲ੍ਹੌਰਾਂ ਵਾਲੇ ਦਰਵਾਜ਼ੇ ਤੋਂ ਬਾਹਰ ਬਾਬਾ ਅਜਾਪਾਲ ਸਿੰਘ ਜੀ ਦਾ ਪਵਿਤ੍ਰ ਅਸਥਾਨ ਦਰਸ਼ਨ ਯੋਗ੍ਯ ਹੈ।
੨ ਇੱਕ ਪਿੰਡ, ਜੋ ਰਿਆਸਤ ਪਟਿਆਲਾ , ਤਸੀਲ ਰਾਜਪੁਰਾ, ਥਾਣਾ ਲਾਲੜੂ ਵਿੱਚ, ਰੇਲਵੇ ਸਟੇਸ਼ਨ ਘੱਗਰ ਤੋਂ ਚਾਰ ਮੀਲ ਪੱਛਮ ਹੈ. ਇਸ ਪਿੰਡ ਤੋਂ ਦੱਖਣ ਵੱਲ ਇੱਕ ਫਰਲਾਂਗ ਪੁਰ ਦਸ਼ਮੇਸ਼ ਜੀ ਦਾ ਚੋਆਸਾਹਿਬ ਗੁਰਦ੍ਵਾਰਾ ਹੈ. ਗੁਰੂ ਜੀ ਪਾਉਂਟੇ ਤੋਂ ਆਨੰਦਪੁਰ ਜਾਂਦੇ ਇੱਥੇ ਵਿਰਾਜੇ ਹਨ. ਗੁਰਦ੍ਵਾਰਾ ਦਰਖਤਾਂ ਦੇ ਘਣੇ ਜੰਗਲ ਵਿੱਚ ਬਣਿਆ ਹੋਇਆ ਹੈ. ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਸੀਸ ਦਿੱਲੀ ਤੋਂ ਆਨੰਦਪੁਰ ਨੂੰ ਲੈ ਜਾਂਦਾ ਸਿੱਖ ਇੱਥੇ ਕੁਝ ਸਮਾਂ ਠਹਿਰਿਆ ਸੀ. ੫੧ ਵਿੱਘੇ ਜ਼ਮੀਨ ਅਤੇ ੨੫ ਰੁਪਏ ਸਾਲਾਨਾ ਪਟਿਆਲੇ ਵੱਲੋਂ ਹਨ. ਪੁਜਾਰੀ ਸਿੰਘ ਹੈ.
੩ ਦੇਖੋ, ਨਾਭਾ ਜੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4230, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਨਾਭਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਨਾਭਾ (ਨਗਰ): ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦਾ ਇਕ ਨਗਰ ਜੋ ਨਾਭਾ ਰਿਆਸਤ (ਵੇਖੋ) ਦੀ ਰਾਜਧਾਨੀ ਰਿਹਾ ਹੈ। ਇਸ ਨਗਰ ਵਾਲੀ ਥਾਂ’ਤੇ ਨਾਭਾ ਰਿਆਸਤ ਦੇ ਸੰਸਥਾਪਕ ਚੌਧਰੀ ਗੁਰਦਿੱਤ ਸਿੰਘ ਨੇ ਬਡਰੁਖਾਂ ਕਸਬੇ ਨੂੰ ਛਡ ਕੇ ਆਪਣਾ ਨਿਵਾਸ ਬਣਾਇਆ। ਉਦੋਂ ਇਸ ਨੂੰ ਕੇਵਲ ‘ਚੌਧਰੀ ਦਾ ਘਰ ’ ਕਿਹਾ ਜਾਂਦਾ ਸੀ। ਪਰ ਉਸ ਤੋਂ ਬਾਦ ਰਾਜਾ ਹਮੀਰ ਸਿੰਘ ਨੇ ਸੰਨ 1755 ਈ. ਵਿਚ ਇਸ ਨੂੰ ਨਗਰ ਦਾ ਰੂਪ ਦਿੱਤਾ ਅਤੇ ਆਪਣੀ ਰਿਆਸਤ ਦੀ ਰਾਜਧਾਨੀ ਬਣਾਇਆ। ਉਸ ਤੋਂ ਬਾਦ ਇਸ ਨਗਰ ਦਾ ਵਿਸਤਾਰ ਹੁੰਦਾ ਰਿਹਾ ਅਤੇ ਇਹ ਨਾਭਾ ਰਿਆਸਤ ਦੀ ਰਾਜਧਾਨੀ ਉਦੋਂ ਤਕ ਬਣਿਆ ਰਿਹਾ, ਜਦ ਤਕ ਰਿਆਸਤ ਨਾਭਾ ਨੂੰ ਪੈਪਸੂ ਵਿਚ ਸਮਿਲਿਤ ਨ ਕਰ ਦਿੱਤਾ ਗਿਆ।
ਇਸ ਨਗਰ ਵਿਚ ਸਿੱਖ ਧਰਮ ਨਾਲ ਸੰਬੰਧਿਤ ਦੋ ਸਥਾਨ ਵਿਸ਼ੇਸ਼ ਉੱਲੇਖਯੋਗ ਹਨ। ਇਕ ਹੈ ਕਿਲ੍ਹੇ ਦੇ ਅੰਦਰ ਬਣਿਆ ‘ਗੁਰਦੁਆਰਾ ਸਰੋਪਾ ਸਾਹਿਬ’। ਇਸ ਵਿਚ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਕੁਝ ਪਵਿੱਤਰ ਯਾਦਗਾਰੀ ਵਸਤੂਆਂ ਸੰਭਾਲੀਆਂ ਹੋਈਆਂ ਹਨ—(1) ਤਿਲੋਕੇ-ਰਾਮੇ ਨੂੰ ਗੁਰੂ ਗੋਬਿੰਦ ਸਿੰਘ ਦਾ ਬਖ਼ਸ਼ਿਆ ਹੋਇਆ ਚੋਲਾ ਅਤੇ ਹੁਕਮਨਾਮੇ ਦੀ ਨਕਲ , (2) ਪੀਰ ਬੁੱਧੂ ਸ਼ਾਹ ਨੂੰ ਗੁਰੂ ਜੀ ਵਲੋਂ ਬਖ਼ਸ਼ੀ ਦਸਤਾਰ , ਵਾਹੇ ਹੋਏ ਕੇਸਾਂ ਸਮੇਤ ਕੰਘਾ ਅਤੇ ਛੋਟੀ ਜਿਹੀ ਕਰਦ , (3) ਭਿੰਨ ਭਿੰਨ ਪਿਛੋਕੜ ਵਾਲੀਆਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਿੰਨ ਤਲਵਾਰਾਂ ਅਤੇ ਇਕ ਖ਼ੰਜਰ , ਢਾਲ ਦੇ ਦੋ ਫੁਲ ਅਤੇ ਇਕ ਤੀਰ ਦੀ ਮੁਖੀ , (6) ਚਰਿਤ੍ਰੋਪਾਖਿਆਨ ਦੀ ਇਕ ਪੋਥੀ। ਇਨ੍ਹਾਂ ਤੋਂ ਇਲਾਵਾ ਗੁਰੂ ਹਰਿਗੋਬਿੰਦ ਸਾਹਿਬ ਦਾ ਇਕ ਤੇਗਾ ਅਤੇ ਕੋਰੜਾ ਵੀ ਸੰਭਾਲੇ ਹੋਏ ਹਨ।
ਦੂਜਾ ਸਥਾਨ ਹੈ ‘ਗੁਰਦੁਆਰਾ ਬਾਬਾ ਅਜਾਪਾਲ ਸਿੰਘ’ ਜੋ ਲਾਹੌਰੀ ਦਰਵਾਜ਼ੇ ਦੇ ਬਾਹਰ ਬਣਿਆ ਹੋਇਆ ਹੈ। ਅਠਾਰ੍ਹਵੀਂ ਸਦੀ ਦੇ ਸ਼ੁਰੂ ਵਿਚ ਇਥੇ ਜੰਗਲ ਵਿਚ ਬਾਬਾ ਅਜਾਪਾਲ ਸਿੰਘ ਨੇ ਆਪਣਾ ਨਿਵਾਸ ਬਣਾਇਆ ਅਤੇ ਇਕਾਂਤ ਵਿਚ ਹਰਿ-ਸਿਮਰਨ ਕੀਤਾ। ਉਸ ਦੀ ਪ੍ਰਸਿੱਧੀ ਸਾਰੇ ਇਲਾਕੇ ਵਿਚ ਪਸਰ ਗਈ। ਬਾਬਾ ਜੀ ਨੇ ਭਗਤੀ ਤੋਂ ਇਲਾਵਾ ਸ਼ਕਤੀ ਇਕਤਰ ਕਰਨ ਲਈ ਵੀ ਲੋਕਾਂ ਨੂੰ ਪ੍ਰੇਰਿਆ। ਇਸ ਗੁਰਦੁਆਰੇ ਵਿਚ ਬਾਬਾ ਜੀ ਦੀਆਂ ਕਈ ਯਾਦਾਂ ਸੰਭਾਲੀਆਂ ਹੋਈਆਂ ਪਈਆਂ ਹਨ। ਇਥੇ ਚੂੰਕਿ ਬਾਬਾ ਜੀ ਨੇ ਸ਼ਰਧਾਲੂਆਂ ਨੂੰ ਘੋੜਸਵਾਰੀ ਵਿਚ ਨਿਪੁਣ ਕਰਨ ਲਈ ਘੋੜੇ ਪਾਲ ਕੇ ਉਨ੍ਹਾਂ ਨੂੰ ਸਿਖਿਆ ਦਿੰਦੇ ਸਨ, ਇਸ ਲਈ ਇਸ ਧਰਮ-ਧਾਮ ਦਾ ਨਾਂ ‘ਗੁਰਦੁਆਰਾ ਘੋੜਿਆਂ ਵਾਲਾ’ ਵੀ ਪ੍ਰਸਿੱਧ ਹੋ ਗਿਆ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4193, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਨਾਭਾ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਨਾਭਾ : ਸ਼ਹਿਰ–ਇਹ ਪੰਜਾਬ ਰਾਜ ਦੇ ਪਟਿਆਲਾ ਜ਼ਿਲ੍ਹੇ ਵਿਚ ਇਸੇ ਹੀ ਨਾਂ ਦੀ ਤਹਿਸੀਲ ਦਾ ਸਦਰ ਮੁਕਾਮ ਹੈ ਜੋ ਪਟਿਆਲੇ ਤੋਂ 25 ਕਿ. ਮੀ. (16 ਮੀਲ) ਪੱਛਮ ਵੱਲ ਰਾਜਪੁਰਾ-ਬਠਿੰਡਾ ਰੇਲਵੇ-ਲਾਈਨ ਉੱਤੇ ਵਾਕਿਆ ਹੈ। ਬਾਬੇ ਫੂਲ ਦੇ ਵੱਡੇ ਪੁੱਤਰ ਚੌਧਰੀ ਤਿਲੋਕ ਸਿੰਘ ਦੇ ਪੁੱਤਰ ਗੁਰਦਿੱਤ ਸਿੰਘ ਤੋਂ ਨਾਭਾ ਵੰਸ ਚਲਿਆ । ਇਸੇ ਲਈ ਇਸ ਸ਼ਹਿਰ ਨੂੰ ‘ਚੌਧਰੀ ਦਾ ਘਰ' ਆਖਦੇ ਹਨ । ਚੌਧਰੀ ਗੁਰਦਿੱਤ ਸਿੰਘ ਨੇ ਆਪਣੇ ਬਲ ਨਾਲ ਕਈ ਇਲਾਕੇ ਮੱਲ ਕੇ ਕਈ ਪਿੰਡ ਆਬਾਦ ਕਰ ਕੇ ਰਾਜਸੀ ਠਾਠ ਬਣਾਇਆ । ਗੁਰਦਿੱਤ ਸਿੰਘ ਦਾ ਪੁੱਤਰ ਸੂਰਤੀਆ ਸਿੰਘ 1752 ਈ. ਵਿਚ ਚਲਾਣਾ ਕਰ ਗਿਆ ਅਤੇ ਚੌਧਰੀ ਗੁਰਦਿੱਤ ਸਿੰਘ ਦੇ 1754 ਈ. ਵਿਚ ਚਲਾਣਾ ਕਰਨ ਉਪਰੰਤ ਇਸ ਦਾ ਪੋਤਰਾ ਹਮੀਰ ਸਿੰਘ ਰਾਜ ਦਾ ਮਾਲਕ ਬਣਿਆ। ਸੰਨ 1755 ਵਿਚ ਰਾਜਾ ਹਮੀਰ ਸਿੰਘ ਨੇ ਹੀ ਇਸ ਸ਼ਹਿਰ ਨੂੰ ਆਬਾਦ ਕੀਤਾ। ਸੰਨ 1948 ਵਿਚ ਪਟਿਆਲਾ ਅਤੇ ਈਸਟ ਪੰਜਾਬ ਸਟੇਟਸ ਯੂਨੀਅਨ (ਪੈਪਸੂ) ਨਾਲ ਮਿਲਣ ਤੋਂ ਪਹਿਲਾਂ ਇਹ ਨਾਭਾ ਰਿਆਸਤ ਦਾ ਰਾਜਧਾਨੀ ਸ਼ਹਿਰ ਹੁੰਦਾ ਸੀ। ਨਾਭਾ ਸ਼ਹਿਰ ਦਾ ਨਾਂ ‘ਨਭ ਕਾ ਫੂਲ' ਦੇ ਨਾਂ ਪਿੱਛੇ ਪਿਆ ਕਿਉਂਕਿ 1755 ਈ. ਵਿਚ ਜਦੋਂ ਇਸ ਦੀ ਸਥਾਪਨਾ ਕੀਤੀ ਗਈ ਸੀ ਉਦੋਂ ਇਹ ਕਮਲ ਦੇ ਫੁੱਲਾਂ ਵਾਲੇ ਤਲਾਬਾਂ ਨਾਲ ਘਿਰਿਆ ਇਕ ਪਿੰਡ ਸੀ।
ਇਹ ਸ਼ਹਿਰ ਇਕ ਪੱਕੇ ਕਿਲੇ ਦੇ ਦੁਆਲੇ ਵਿਕਸਿਤ ਹੋਇਆ । ਇਸ ਸ਼ਹਿਰ ਦੇ ਚਾਰ ਚੁਫੇਰੇ ਕੱਚੀ ਮਿੱਟੀ ਦੀ ਕੰਧ ਸੀ ਜਿਸ ਵਿਚ ਛੇ ਦਰਵਾਜੇ ਸਨ । ਮਹਾਰਾਜਾ ਹੀਰਾ ਸਿੰਘ ਨੇ ਹੀਰਾ ਮਹਿਲ ਬਣਵਾਇਆ ਜੋ ਹੁਣ ਵੀ ਮੌਜੂਦ ਹੈ ਅਤੇ ਇਸੇ ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਪਵਿੱਤਰ ਯਾਦਗਾਰਾਂ ਰੱਖੀਆਂ ਹੋਈਆਂ ਹਨ । ਇਥੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਵਿਚ ਭਾਈ ਕਾਨ੍ਹ ਸਿੰਘ ਨਾਭਾ ਦਾ ਨਾਂ ਵਿਸ਼ੇਸ਼ ਤੌਰ ਤੇ ਵਰਣਨਯੋਗ ਹੈ ਜਿਸ ਨੇ ਮਹਾਨ ਕੋਸ਼ ਵਰਗੀ ਵੱਡਮੁੱਲੇ ਹਵਾਲਾ ਗ੍ਰੰਥ ਪੁਸਤਕ ਦੀ ਰਚਨਾ ਕੀਤੀ ਜਿਸ ਨੂੰ ਭਾਸ਼ਾ ਵਿਭਾਗ ਪੰਜਾਬ ਲਗਾਤਾਰ ਪ੍ਰਕਾਸ਼ਤ ਕਰ ਰਿਹਾ ਹੈ । ਇਥੋ ਦੀ ਜੇਲ੍ਹ ਬਹੁਤ ਪ੍ਰਸਿੱਧ ਹੈ ਕਿਉਂ ਕਿ ਜੈਤੋ ਦੇ ਮੋਰਚੇ ਸਮੇਂ ਪੰਡਤ ਜਵਾਹਰ ਲਾਲ ਨਹਿਰੂ ਅਤੇ ਕੁਝ ਹੋਰ ਰਾਸ਼ਟਰ ਨੇਤਾ ਇਥੇ ਕੈਦ ਰਹੇ ਸਨ । ਇਥੋਂ ਦਾ ਅਕਾਲਗੜ੍ਹ ਗੁਰਦੁਆਰਾ, ਘੋੜਿਆਂ ਵਾਲਾ ਗੁਰਦੁਆਰਾ (ਡੇਰਾ ਅਜਾਪਾਲ ਸਿੰਘ) ਅਤੇ ਦੇਵੀ ਦੁਆਲਾ ਮੰਦਰ ਪ੍ਰਸਿੱਧ ਧਾਰਮਿਕ ਸਥਾਨ ਹਨ । ਇਹ ਸਿਖਿਆ ਕੇਂਦਰ ਵੱਜੋਂ ਵੀ ਮਹੱਤਤਾ ਰਖਦਾ ਹੈ। ਪੰਜਾਬ ਪਬਲਿਕ ਸਕੂਲ, ਨਾਭਾ (ਪੀ.ਪੀ.ਐਸ) ਤੋਂ ਇਲਾਵਾ ਇਥੇ ਸਰਕਾਰੀ ਰਿਪੂਦਮਨ ਕਾਲਜ ਅਤੇ ਲੜਕੀਆਂ ਦਾ ਲਾਲ ਬਹਾਦੁਰ ਮੈਮੋਰੀਅਲ ਕਾਲਜ ਸਿੱਖਿਆ ਸਹੂਲਤਾਂ ਮੁਹੱਈਆ ਕਰਦੇ ਹਨ । ਗ੍ਰਾਮ ਸੇਵਕ ਟ੍ਰੇਨਿੰਗ ਸੈਂਟਰ ਇਕ ਸਰਕਾਰੀ ਆਰਟਸ ਅਤੇ ਕਰਾਫ਼ਟਸ ਟੀਚਰਜ਼ ਟ੍ਰੇਨਿੰਗ ਇੰਸਟੀਚਿਊਟ; ਲੜਕੇ ਅਤੇ ਲੜਕੀਆਂ ਲਈ ਵਖਰਾ-ਵਖਰਾ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ ਅਧਿਆਪਕਾਂ ਲਈ ਇਕ ਬੇਸਿਕ ਟ੍ਰੇਨਿੰਗ ਇੰਸਟੀਚਿਊਟ (ਆਈ.ਟੀ.ਆਈ) ਵੀ ਇਥੇ ਸਥਾਪਤ ਹਨ । ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਖੋਜ ਕੇਂਦਰ ਵੀ ਨਾਭੇ ਸਥਾਪਤ ਕੀਤਾ ਗਿਆ ਹੈ।
ਇਹ ਸ਼ਹਿਰ ਇਕ ਮੰਡੀ ਵੱਜੋਂ ਵੀ ਮਹੱਤਤਾ ਰੱਖਦਾ ਹੈ । ਇਥੇ ਕਪਾਹ ਨਪੀੜਨ ਦੇ ਯੂਨਿਟਾਂ ਅਤੇ ਸ਼ੈਲਰਾਂ ਦੀ ਵੀ ਬਹੁਤਾਤ ਹੈ। ਨਾਭੇ ਵਿਖੇ ਹੀ ਅੰਤਰਰਾਸ਼ਟਰੀ ਪੱਧਰ ਉੱਤੇ ਗਲੈਕਸੋ ਸਮਿਥੱਕਲਾਟੀਨ ਫੈਕਟਰੀ ਲਗਾਈ ਗਈ ਹੈ ਜਿਸ ਦਾ ਪਹਿਲਾਂ ਨਾਂ, ਹਿੰਦੁਸਤਾਨ ਮਿਲਕਫੂਡ ਮੈਨੂਫੈਕਚਰਜ਼ ਸੀ ਅਤੇ ਕੇਵਲ ਦੁੱਧ ਦੀਆਂ ਵਸਤਾਂ ਦਾ ਹੀ ਉਤਪਾਦਨ ਕੀਤਾ ਜਾਂਦਾ ਸੀ ਪਰ ਅੱਜਕੱਲ੍ਹ ਇਥੇ ਦਵਾਈਆਂ ਵੀ ਬਣਾਈਆਂ ਜਾਂਦੀਆਂ ਹਨ। ਇਸ ਫੈਕਟਰੀ ਨੇ ਇਲਾਕੇ ਦੇ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕੀਤਾ ਹੈ।
ਆਬਾਦੀ – 54, 079 (1991)
30° 23' ਉ. ਵਿਥ.; 76° 10 ' ਪੂ. ਲੰਬ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2621, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-02-01-24-37, ਹਵਾਲੇ/ਟਿੱਪਣੀਆਂ: ਹ. ਪੁ. –ਇੰਪ. ਗ. ਇੰਡ. 18.271; ਡਿ. ਸੈ. ਹੈਂ. ਬੁ–ਪਟਿਆਲਾ (1961); ਮ. ਕੋ.
ਵਿਚਾਰ / ਸੁਝਾਅ
Please Login First