ਨਾਮਧਾਰੀ ਲਹਿਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਨਾਮਧਾਰੀ ਲਹਿਰ (ਸੰਪ੍ਰਦਾਇ) :ਸਿੱਖਾਂ ਦੀ ਇਕ ਵਿਸ਼ੇਸ਼ ਸੰਪ੍ਰਦਾਇ ਜਿਸ ਦਾ ਮਨੋਰਥ ਦੋਹਰਾ ਹੈ— ਧਰਮ-ਸੁਧਾਰ ਅਤੇ ਰਾਜਨੈਤਿਕ ਚੇਤਨਾ। ਇਸ ਦਾ ਸੰਚਾਲਨ ਬਾਬਾ ਬਾਲਕ ਸਿੰਘ (ਵੇਖੋ) ਨੇ ਸੰਨ 1847 ਈ. ਵਿਚ ਹਜ਼ਰੋ (ਜ਼ਿਲ੍ਹਾ ਹਜ਼ਾਰਾ, ਪੱਛਮੀ ਪੰਜਾਬ) ਵਿਚ ਕੀਤਾ। ਇਹ ਹਰ ਵੇਲੇ ਨਾਮ ਸਿਮਰਨ ਉਤੇ ਜ਼ੋਰ ਦਿੰਦੇ ਸਨ, ਇਸ ਕਰਕੇ ਇਨ੍ਹਾਂ ਦੀ ਸੰਪ੍ਰਦਾਇ ਦਾ ਨਾਂ ‘ਨਾਮਧਾਰੀ ਸੰਪ੍ਰਦਾਇ’ ਪ੍ਰਚਲਿਤ ਹੋ ਗਿਆ। ਗੁਰਬਾਣੀ ਵਿਚ ਪੂਰੀ ਤਰ੍ਹਾਂ ਯਕੀਨ ਕਰਨਾ, ਅਕਾਲ ਪੁਰਖ ਤੋਂ ਭਿੰਨ ਕਿਸੇ ਸੱਤਾ ਵਿਚ ਵਿਸ਼ਵਾਸ ਨ ਕਰਨਾ, ਸੱਚਾ-ਸੁੱਚਾ ਜੀਵਨ ਬਤੀਤ ਕਰਨਾ, ਧਰਮ ਦੀ ਕਮਾਈ ਕਰਨਾ ਆਦਿ ਬਾਬਾ ਬਾਲਕ ਸਿੰਘ ਦੀਆਂ ਪ੍ਰਮੁਖ ਸਿਖਿਆਵਾਂ ਸਨ। ਅੰਤ-ਕਾਲ ਨੇੜੇ ਆਇਆ ਵੇਖ ਕੇ ਆਪਣੇ ਸਿੱਖ-ਸੇਵਕਾਂ ਨੂੰ ਦਿੱਤੇ ਆਦੇਸ਼ ਤੋਂ ਉਨ੍ਹਾਂ ਦਾ ਪ੍ਰਚਾਰ-ਮਨੋਰਥ ਭਲੀ-ਭਾਂਤ ਸਪੱਸ਼ਟ ਹੋ ਜਾਂਦਾ ਹੈ :

            ਬਹਿੰਦੇ ਉਠਦੇ, ਸੌਂਦੇ ਜਾਗਦੇ, ਵਾਹਿਗੁਰੂ ਦਾ ਭਜਨ ਕਰਿਆ ਕਰੋ ਤੇ ਅੱਠਾਂ ਪਹਿਰਾਂ ਵਿਚ ਤਿੰਨ ਵਾਰੀ ਇਸ਼ਨਾਨ ਕਰੋ ਚਮੜੇ ਦੇ ਡੋਲ ਤੋਂ ਪਾਣੀ ਪੀਓ ਆਪਣੇ ਗੁਰ-ਭਾਈਆਂ ਤੋਂ ਬਿਨਾ ਕਿਸੇ ਹੋਰ ਦੇ ਹੱਥਾਂ ਦਾ ਬਣਿਆ ਪ੍ਰਸਾਦ ਛਕੇ ਲੜਕੀ ਨੂੰ ਦਾਜ ਵਿਚ ਕੁਝ ਦੇਵੋ ਲੜਕੀ ਦੇ ਸਹੁਰਿਆਂ ਪਾਸੋਂ ਕੁਝ ਲਵੋ ਮਾਸ ਨਾ ਖਾਓ, ਸ਼ਰਾਬ ਨਾ ਪੀਓ, ਤਮਾਕੂ ਨਾ ਵਰਤੋ, ਭਿਖ ਮੰਗੋ, ਕਿਰਤ ਕਮਾਈ ਕਰਕੇ ਗੁਜ਼ਰਾਨ ਕਰੋ ਝੂਠ ਬੋਲੋ, ਵਿਭਚਾਰ ਕਰੋ... ਆਦਿ।

ਬਾਬਾ ਬਾਲਕ ਸਿੰਘ ਨੇ ਆਪਣੀ ਸੰਪ੍ਰਦਾਇ ਦੇ ਵਿਕਾਸ ਦਾ ਕਾਰਜ-ਭਾਰ ਆਪਣੇ ਜੀਉਂਦੇ ਜੀ ਬਾਬਾ ਰਾਮ ਸਿੰਘ ਨੂੰ ਸੌਂਪ ਦਿੱਤਾ। ਬਾਬਾ ਰਾਮ ਸਿੰਘ ਰਸਾਤਲ- ਗ੍ਰਸਤ ਸਿੱਖ ਜਗਤ ਲਈ ਯੁਗ ਪੁਰਸ਼ ਵਜੋਂ ਸਾਹਮਣੇ ਆਏ। ਯੁਗ-ਪੁਰਸ਼ ਸਮੇਂ ਦੀ ਆਵਾਜ਼ ਨੂੰ ਸੁਣਦਾ ਹੈ, ਯੁਗ ਦੀ ਨਬਜ਼ ਨੂੰ ਵੇਖਦਾ ਹੈ ਅਤੇ ਆਪਣਾ ਉਪਚਾਰ ਸੁਝਾਉਂਦਾ ਹੈ। ਬਾਬਾ ਰਾਮ ਸਿੰਘ ਨੇ ਉਸ ਸਮੇਂ ਦੇ ਸਿੱਖ ਸਮਾਜ ਦੀ ਆਵਾਜ਼ ਨੂੰ ਸੁਣਿਆ। ਮਹਾਰਾਜਾ ਰਣਜੀਤ ਸਿੰਘ ਨੇ ਜਿਸ ਸਮਾਜ ਨੂੰ ਸੁਵਿਵਸਥਿਤ ਢੰਗ ਨਾਲ ਜੋੜ ਕੇ ਖ਼ਾਲਸਾ ਰਾਜ ਕਾਇਮ ਕੀਤਾ, ਉਸ ਸਮਾਜ ਦੇ ਸਰਦਾਰਾਂ ਅਤੇ ਹਾਕਮਾਂ ਵਿਚ ਹੌਲੀ ਹੌਲੀ ਕੀ ਧਾਰਮਿਕ ਅਤੇ ਕੀ ਸਮਾਜਿਕ ਢਿਲ ਆਉਣ ਲਗ ਗਈ। ਉਨ੍ਹਾਂ ਵਿਚ ਰਈਸੀ ਰੁਚੀਆਂ ਦਾ ਵਿਕਾਸ ਹੋਇਆ। ਹਰ ਪ੍ਰਕਾਰ ਦੀਆਂ ਜਾਗੀਰਦਾਰੀ ਕੰਮਜ਼ੋਰੀਆਂ ਨਾਲ ਉਹ ਘਿਰ ਗਏ। ਉਨ੍ਹਾਂ ਦੇ ਅੰਦਰੋਂ ਕੌਮੀ ਏਕਤਾ ਅਤੇ ਕਰਤੱਵ-ਨਿਰਵਾਹ ਦੀ ਭਾਵਨਾ ਵੀ ਖ਼ਤਮ ਹੁੰਦੀ ਗਈ। ਰਸਮੀ ਆਚਾਰਾਂ ਅਤੇ ਧਾਰਮਿਕ ਅਨੁਸ਼ਠਾਨਾਂ ਦੀ ਪਾਲਨਾ ਵਲ ਝੁਕ ਗਏ। ਬ੍ਰਾਹਮਣਵਾਦ ਨੇ ਧਾਰਮਿਕ ਤੌਰ ’ਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਆਪਣੀ ਪਕੜ ਵਿਚ ਲੈ ਲਿਆ। ਸਰਦਾਰੀਆਂ ਖੁਆਰੀਆਂ ਵਿਚ ਬਦਲਣ ਲਗੀਆਂ। ਖ਼ਾਲਸਾ ਰਾਜ ਚਮਕਿਆ ਅਤੇ ਫਿਰ ਉਸ ਦਾ ਤੇਜ ਸਮਾਪਤ ਹੋ ਗਿਆ। ਇਤਿਹਾਸ ਵਿਚ ਉਹ ਬਿਜਲੀ ਦੀ ਚਮਕ ਵਾਂਗ ਸੀ , ਜੋ ਆਈ, ਚਮਕੀ ਅਤੇ ਫਿਰ ਸਦਾ ਲਈ ਅਲੋਪ ਹੋ ਗਈ।

ਸੰਨ 1837 ਈ. ਵਿਚ ਬਾਬਾ ਰਾਮ ਸਿੰਘ ਖ਼ਾਲਸਾ ਰਾਜ ਦੀ ਸੈਨਾ ਵਿਚ ਭਰਤੀ ਹੋਏ। ਨਾਮ ਅਭਿਆਸੀ ਉਹ ਸ਼ੁਰੂ ਤੋਂ ਹੀ ਸਨ। ਉਨ੍ਹਾਂ ਨੇ ਸੈਨਾ ਦੀ ਨੌਕਰੀ ਦੌਰਾਨ ਆਪਣੀ ਅਧਿਆਤਮੀ ਬਿਰਤੀ ਨੂੰ ਪੂਰੀ ਤਰ੍ਹਾਂ ਵਿਕਸਿਤ ਕਰੀ ਰਖਿਆ ਅਤੇ ਆਪਣੇ ਅਨੇਕਾਂ ਸਾਥੀਆਂ ਨੂੰ ਨਾਮ ਦੇ ਰੰਗ ਵਿਚ ਰੰਗ ਦਿੱਤਾ। ਆਪ ਦੀ ਪਲਟਨ ਦਾ ਨਾਂ ਵੀ ‘ਭਗਤਾਂ ਵਾਲੀ ਰੈਜਮੈਂਟ’ ਪੈ ਗਿਆ। ਆਪ ਦੇ ਸਾਹਮਣੇ ਖ਼ਾਲਸਾ ਰਾਜ ਦਰਿਆ ਦੇ ਢਾਹ ਲਗੇ ਕੰਢੇ ਵਾਂਗ ਖੁਰਦਾ ਚਲਾ ਗਿਆ ਅਤੇ ਕੁਝ ਹੀ ਸਮੇਂ ਵਿਚ ਸਭ ਕੁਝ ਢਹਿ ਢੇਰੀ ਹੋ ਗਿਆ। ਆਪ ਨੇ ਫ਼ੌਜ ਦੀ ਨੌਕਰੀ ਤਿਆਗ ਦਿੱਤੀ ਅਤੇ ਭੈਣੀ ਪਿੰਡ ਆ ਕੇ ਨਾਮ ਅਭਿਆਸ ਵਿਚ ਲੀਨ ਹੋ ਗਏ। ਆਪ ਦੇ ਰੰਗ ਵਿਚ ਰੰਗੇ ਕਈ ਪੁਰਾਣੇ ਫ਼ੌਜੀ ਮਿਤਰ ਵੀ ਆਪ ਪਾਸ ਆ ਗਏ।

ਬਾਬਾ ਰਾਮ ਸਿੰਘ ਨੇ ਸਭ ਨੂੰ ਗੁਰਬਾਣੀ ਅਨੁਸਾਰ ਆਚਰਣ ਢਾਲਣ ਦਾ ਉਪਦੇਸ਼ ਦਿੱਤਾ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸਾਏ ਮਾਰਗ ਉਤੇ ਚਲਣ ਲਈ ਆਪਣੇ ਅਨੁਯਾਈਆਂ ਵਿਚ ਸ਼ਕਤੀ ਦਾ ਸੰਚਾਰ ਕੀਤਾ। ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖ਼ਸ਼ੀ ਅੰਮ੍ਰਿਤ ਦੀ ਦਾਤ ਨੂੰ ਸੰਨ 1857 ਦੀ ਵਿਸਾਖੀ ਵਾਲੇ ਦਿਨ ਪੁਨਰ-ਸੰਚਾਰਿਤ ਕੀਤਾ ਅਤੇ ਆਚਾਰ-ਵਿਚਾਰ ਤੋਂ ਸੰਤ-ਖ਼ਾਲਸੇ ਨੂੰ ਦ੍ਰਿੜ੍ਹ ਕਰਕੇ ਫਿਰ ਤੋਂ ਕੌਮ ਨੂੰ ਨੌ-ਬਰ-ਨੌ ਕਰਦੇ ਹੋਇਆਂ ਸਮਕਾਲੀ ਪਰਿਸਥਿਤੀਆਂ ਦਾ ਹਾਣੀ ਬਣਾਇਆ। ਉਹ ਇਹ ਚੰਗੀ ਤਰ੍ਹਾਂ ਅਨੁਭਵ ਕਰ ਚੁਕੇ ਸਨ ਕਿ ਕੌਮਾਂ ਅਮਲੀ ਜੀਵਨ ਵਿਚ ਸਵੱਛਤਾ ਲਿਆਉਣ ਨਾਲ ਹੀ ਬਲਵਾਨ ਹੁੰਦੀਆਂ ਹਨ। ਇਸ ਨਾਲ ਸਾਂਝੀ ਸ਼ਕਤੀ ਦਾ ਜਨਮ ਹੁੰਦਾ ਹੈ। ਇਹ ਸ਼ਕਤੀ ਹੀ ਕੌਮ ਨੂੰ ਸਿਖਰ ਵਲ ਲੈ ਜਾਂਦੀ ਹੈ। ਕੌਮੀ ਚੇਤਨਾ ਪੈਦਾ ਕਰਨ ਲਈ ਉਨ੍ਹਾਂ ਨੇ ਵਖ ਵਖ ਖੇਤਰਾਂ ਦੇ ਦੌਰੇ ਕਰਨੇ ਸ਼ੁਰੂ ਕੀਤੇ। ਲੋਕਾਂ ਨੂੰ ਆਪਣੇ ਮਿਸ਼ਨ ਤੋਂ ਜਾਣੂ ਕਰਾਇਆ ਅਤੇ ਉਨ੍ਹਾਂ ਨੂੰ ਆਪਣੇ ਕਰਤੱਵ ਦੀ ਪਾਲਨਾ ਲਈ ਪ੍ਰੇਰਿਤ ਕੀਤਾ। ਇਸ ਤਰ੍ਹਾਂ ਸਿੱਖ ਸਮਾਜ ਵਿਚ ਇਕ ਨਵੀਂ ਜੀਵਨ ਰੌਂ ਚਲ ਪਈ।

ਬਾਬਾ ਰਾਮ ਸਿੰਘ ਨੇ ਸਿੱਖਾਂ ਅੰਦਰ ਆਤਮਿਕ ਬਲ ਪੈਦਾ ਕਰਨ ਲਈ ਗੁਰਮਤਿ ਸੰਗੀਤ ਦੀ ਮਰਯਾਦਾ ਅਨੁਸਾਰ ਤੰਤ੍ਰੀ ਸਾਜ਼ਾਂ ਦੇ ਕੀਰਤਨ ਨੂੰ ਅਧਿਕ ਤੋਂ ਅਧਿਕ ਪ੍ਰਚਾਰਿਤ ਕੀਤਾ। ਇਸ ਨਾਲ ਸਿੱਖਾਂ ਦੀ ਆਤਮਾ ਸਵੱਛ ਹੋ ਗਈ। ਪਰ ਉਨ੍ਹਾਂ ਅੰਦਰ ਪਸਰੀ ਹੋਈ ਸ਼ਿਥਲਤਾ ਨੂੰ ਦੂਰ ਕਰਨ ਲਈ ਵੀਰ ਰਸੀ ਕੀਰਤਨ ਕਰਵਾਉਣਾ ਸ਼ੁਰੂ ਕੀਤਾ, ਜਿਸ ਨੂੰ ‘ਹੱਲੇ ਦਾ ਕੀਰਤਨ’ ਕਿਹਾ ਗਿਆ। ਇਸ ਨਾਲ ਸਿੱਖਾਂ ਅੰਦਰ ਅਧਿਆਤਮਿਕ ਅਤੇ ਵੀਰ ਰਸੀ ਭਾਵਨਾ ਪਰਸਪਰ ਮਿਲ ਕੇ ਅਜਿਹੀ ਵਿਕਸਿਤ ਹੋਈ ਕਿ ਸਿੱਖ ਕੌਮ ਧਰਮ ਦੀ ਰਖਿਆ, ਦੇਸ਼ ਦੀ ਆਜ਼ਾਦੀ ਦੀ ਰਖਿਆ ਅਤੇ ਮਾਨਵਤਾ ਦੇ ਕਲਿਆਣ ਲਈ ਆਪਣਾ ਸਭ ਕੁਝ ਨਿਛਾਵਰ ਕਰਨ ਲਈ ਤਿਆਰ ਹੋ ਗਈ। ਕਿਤਨੇ ਹੀ ਨਾਮਧਾਰੀ ਸਿੰਘ ਬਾਬਾ ਰਾਮ ਸਿੰਘ ਦੀ ਨਵੀਂ ਚੇਤਨਾ ਤੋਂ ਜਨਤਾ ਨੂੰ ਜਾਣੂ ਕਰਾਉਣ ਲਈ ਸਾਰੇ ਪੰਜਾਬ ਵਿਚ ਖਿਲਰ ਗਏ ਅਤੇ ਅੰਮ੍ਰਿਤਪਾਨ ਕਰਾਉਣ ਦੇ ਸਮਾਗਮ ਹੋਣ ਲਗੇ। ਇਥੋਂ ਤਕ ਕਿ ਸਿੱਖ ਇਸਤਰੀਆਂ ਨੂੰ ਵੀ ਖੰਡੇ ਦਾ ਅੰਮ੍ਰਿਤ ਛਕਾਉਣ ਲਈ ਬਾਬਾ ਰਾਮ ਸਿੰਘ ਨੇ ਉਚੇਚਾ ਉਦਮ ਕੀਤਾ। ਇਸ ਪ੍ਰਕਾਰ ਸਿੱਖਾਂ ਅੰਦਰ ਮਰਜੀਵੜਿਆਂ ਦੇ ਰੂਪ ਵਿਚ ਆਪਣੇ ਅਨੁਯਾਈ ਸੁਸਜਿਤ ਕੀਤੇ। ਨਾਮ-ਅਭਿਆਸੀ ਹੋਣ ਕਰਕੇ ਨਾਮਧਾਰੀ ਸਿੰਘਾਂ ਦਾ ਸਰੂਪ ਉਪਰੋਂ ਹੰਸਾਂ ਵਰਗਾ ਹੁੰਦਾ, ਪਰ ਸੰਕਟ ਵੇਲੇ ਉਨ੍ਹਾਂ ਦੀਆਂ ਸ਼ਾਂਤ ਪ੍ਰਕ੍ਰਿਤੀਆਂ ਵਿਚ ਕਹਿਰਾਂ ਦਾ ਜੋਸ਼ ਉਗਮ ਪੈਂਦਾ, ਫਿਰ ਉਹ ਕਿਸੇ ਵੀ ਸੰਕਟ ਨੂੰ ਸਹਿਣ ਲਈ ਤਿਆਰ ਹੋ ਜਾਂਦੇ। ਨਾਮਧਾਰੀ ਸਿੰਘਾਂ ਦਾ ਇਤਿਹਾਸ ਅਤੇ ਉਨ੍ਹਾਂ ਦੀਆਂ ਲਾਸਾਨੀ ਕੁਰਬਾਨੀ ਇਸ ਗੱਲ ਦੀਆਂ ਗਵਾਹ ਹਨ।

ਬਾਬਾ ਰਾਮ ਸਿੰਘ ਦੇ ਪ੍ਰਭਾਵਸ਼ਾਲੀ ਧਰਮ ਪ੍ਰਚਾਰ ਤੋਂ ਅੰਗ੍ਰੇਜ਼ ਸਰਕਾਰ ਸਚੇਤ ਹੋ ਗਈ। ਸੰਨ 1863 ਤੋਂ 1867 ਈ. ਤਕ ਚਾਰ ਸਾਲਾਂ ਲਈ ਆਪ ਦੀ ਗਤਿਵਿਧੀ ਨੂੰ ਭੈਣੀ ਪਿੰਡ ਦੀਆਂ ਹੱਦਾਂ ਤਕ ਸੀਮਿਤ ਕਰ ਦਿੱਤਾ ਗਿਆ। ਪਰ ਇਸ ਤੋਂ ਬਾਦ ਫਿਰ ਪ੍ਰਚਾਰ ਦਾ ਕੰਮ ਸ਼ੁਰੂ ਹੋ ਗਿਆ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਸਿੱਖਾਂ ਨੇ ਨਾਮਧਾਰੀ ਆਦਰਸ਼ ਨੂੰ ਅਪਣਾ ਲਿਆ। ਆਪ ਨੇ ਸਿੱਖਾਂ ਦੀਆਂ ਅਲਸਾਈਆਂ ਹੋਈਆਂ ਸ਼ਕਤੀਆਂ ਨੂੰ ਅਜਿਹਾ ਹੁਲਾਰਾ ਦਿੱਤਾ ਕਿ ਸਮੁੱਚੀ ਸੰਪ੍ਰਦਾਇ ਇਕ ਵਿਵਸਥਿਤ ਲਹਿਰ ਦੇ ਰੂਪ ਵਿਚ ਵਟ ਗਈ। ਨਾਮਧਾਰੀ ਸਿੰਘ ਆਜ਼ਾਦੀ ਦੀ ਸ਼ਮਾ ਦੇ ਪਰਵਾਨੇ ਬਣ ਗਏ। ਮਲੇਰਕੋਟਲੇ ਅਤੇ ਹੋਰਨਾਂ ਥਾਂਵਾਂ’ਤੇ ਹੋਏ ਸਾਕਿਆਂ ਨੇ ਦੇਸ਼ ਭਗਤੀ ਦੀ ਚਿਣਗ ਮਚਾ ਦਿੱਤੀ। ਭਾਰਤੀਅਤਾ ਦੀ ਆਰਥਿਕਤਾ ਅਤੇ ਧਾਰਮਿਕਤਾ ਦੀ ਪ੍ਰਤੀਕ ਗਊ ਦੀ ਰਖਿਆ ਨਾਮਧਾਰੀ ਲਹਿਰ ਦਾ ਇਕ ਮੁੱਦਾ ਬਣ ਗਿਆ।

ਭੈਣੀ ਪਿੰਡ ਵਿਚ ਨਜ਼ਰਬੰਦੀ ਦੌਰਾਨ ਆਪ ਨੇ ਆਜ਼ਾਦੀ ਪ੍ਰਾਪਤ ਕਰਨ ਦੀ ਵਿਸਤਾਰ ਸਹਿਤ ਯੋਜਨਾ ਬਣਾਈ। ਉਸ ਵਿਚੋਂ ਇਕ ਪੱਖ ਸੀ ਸਾਰੇ ਧਰਮ ਪ੍ਰਚਾਰ ਨੂੰ ਵਿਵਸਥਿਤ ਕਰਨ ਲਈ 22 ਸੂਬਿਆਂ ਦੀ ਨਿਯੁਕਤੀ ਕਰਨਾ। ਇਸ ਤੋਂ ਇਲਾਵਾ ਵਿਦੇਸ਼ੀ ਕਪੜੇ ਅਤੇ ਹੋਰ ਹਰ ਪ੍ਰਕਾਰ ਦੇ ਸਾਮਾਨ ਦੀ ਵਰਤੋਂ ਨ ਕਰਨਾ, ਸਰਕਾਰੀ ਡਾਕ ਸਿਸਟਮ ਦੀ ਥਾਂ ਆਪਣੀ ਡਾਕ-ਵਿਵਸਥਾ ਹਰਕਾਰਿਆਂ ਰਾਹੀਂ ਕਰਨਾ, ਸਰਕਾਰੀ ਨੌਕਰੀ ਨ ਕਰਨਾ, ਕਚਹਿਰੀਆਂ ਦੀ ਥਾਂ ਪੰਚਾਇਤਾਂ ਵਿਚ ਹਰ ਤਰ੍ਹਾਂ ਦੇ ਝਗੜਿਆਂ ਦਾ ਨਿਪਟਾਰਾ ਕਰਨਾ ਆਦਿ। ਇਹ ਸਭ ਕੁਝ ਕਾਂਗ੍ਰਸ ਦੁਆਰਾ ਵੀਹਵੀਂ ਸਦੀ ਦੇ ਤੀਜੇ ਦਹਾਕੇ ਵਿਚ ਚਲਾਈ ਨਾ- ਮਿਲਵਰਤਨ ਲਹਿਰ ਦਾ ਬੁਨਿਆਦੀ ਉਦਮ ਸੀ।

ਧਾਰਮਿਕਤਾ ਨਾਲ ਜਿਸ ਪ੍ਰਕਾਰ ਦੇਸ਼ ਭਗਤੀ ਦਾ ਸਾਮੰਜਸ ਆਪ ਨੇ ਕੀਤਾ, ਉਹ ਆਪਣੇ ਆਪ ਵਿਚ ਅਦੁੱਤੀ ਸੀ। ਇਸ ਦੇ ਨਾਲ ਹੀ ਆਪ ਨੇ ਆਪਣੇ ਅਨੁਯਾਈਆਂ ਨੂੰ ਸਮਾਜਿਕ ਪੱਖ ਤੋਂ ਵੀ ਬਹੁਤ ਉੱਨਤ ਕੀਤਾ। ਪਹਿਲੀ ਗੱਲ ਆਪ ਨੇ ਇਹ ਕੀਤੀ ਕਿ ਆਪਣੇ ਅਨੁਯਾਈਆਂ ਵਿਚ ਸੰਤੋਖ ਦੀ ਭਾਵਨਾ ਭਰੀ , ਜਿਸ ਨਾਲ ਉਨ੍ਹਾਂ ਦੀ ਸੰਸਾਰਿਕ ਭਟਕਣਾ ਸ਼ਾਂਤ ਹੋ ਗਈ। ਦੂਜੀ ਗੱਲ ਆਪ ਨੇ ਸਮਾਜ ਵਿਚ ਪਸਰੇ ਹੋਏ ਧਾਰਮਿਕ ਅੰਧ-ਵਿਸ਼ਵਾਸ਼ਾਂ ਨੂੰ ਖ਼ਤਮ ਕੀਤਾ। ਧਾਰਮਿਕ ਰੀਤੀ-ਰਿਵਾਜ , ਮੜ੍ਹੀਆਂ ਮਸਾਣਾਂ ਦੀ ਪੂਜਾ ਤੋਂ ਨਵ-ਸਿਰਜੇ ਸਮਾਜ ਨੂੰ ਖ਼ਲਾਸ ਕੀਤਾ।

ਬਾਬਾ ਰਾਮ ਸਿੰਘ ਨੇ ਸਮਾਜ ਵਿਚ ਜੋ ਮਹੱਤਵਪੂਰਣ ਸੁਧਾਰ ਕੀਤਾ, ਉਹ ਹੈ ਵਿਆਹ ਪ੍ਰਥਾ ਨੂੰ ਸਰਲ ਅਤੇ ਗੁਰਮਤਿ ਮਰਯਾਦਾ ਦੇ ਅਨੁਕੂਲ ਬਣਾਉਣਾ। ਧਰਮ ਦੇ ਤਥਾ-ਕਥਿਤ ਆਗੂਆਂ, ਬ੍ਰਾਹਮਣਾਂ ਅਤੇ ਲਾਗੀਆਂ ਦੁਆਰਾ ਵਿਆਹ ਨੂੰ ਬਹੁਤ ਖ਼ਰਚੀਲਾ ਬਣਾ ਦਿੱਤਾ ਗਿਆ ਸੀ। ਦਾਜ ਦੀ ਪ੍ਰਥਾ ਅਤੇ ਉਸ ਪਿਛੇ ਲੁਕੀ ਆਪਾ-ਪ੍ਰਦਰਸ਼ਨ ਦੀ ਪ੍ਰਵ੍ਰਿੱਤੀ ਨੇ ਸਮਾਜ ਵਿਚ ਅਜਿਹੇ ਕੋਹੜ ਦਾ ਸੰਚਾਰ ਕਰ ਦਿੱਤਾ ਕਿ ਉਸ ਨੂੰ ਖ਼ਤਮ ਕਰਨਾ ਭਾਵੇਂ ਹਰ ਵਿਅਕਤੀ ਚਾਹੁੰਦਾ ਸੀ, ਪਰ ਉਸ ਤੋਂ ਛੁਟਕਾਰਾ ਪਾਉਣਾ ਸੰਭਵ ਨਹੀਂ ਸੀ ਹੋ ਰਿਹਾ। ਇਸ ਦਿਸ਼ਾ ਵਲ ਆਪ ਨੇ ਲੋਕਾਂ ਨੂੰ ਭਰਪੂਰ ਅਗਵਾਈ ਦਿੱਤੀ ਅਤੇ ਸੰਨ 1863 ਈ. ਵਿਚ ‘ਖੋਟੇ ’ ਪਿੰਡ ਵਿਚ ਗੁਰਮਰਯਾਦਾ ਅਨੁਸਾਰ ਵਿਆਹ ਕਰਨੇ ਸ਼ੁਰੂ ਕੀਤੇ। ਇਸ ਪ੍ਰਕਾਰ ਦੇ ਵਿਆਹ ਨਾਲ ਦੋ ਲਾਭ ਹੋਏ— ਇਕ, ਲੋਕ ਵਿਆਹ ਉਤੇ ਵਿਅਰਥ ਖ਼ਰਚ ਕਰਨੋ ਬਚ ਗਏ ਅਤੇ ਦੂਜੇ , ਵਿਆਹ’ਤੇ ਹੋਣ ਵਾਲੇ ਅਤਿਅਧਿਕ ਖ਼ਰਚਿਆਂ ਤੋਂ ਬਚਣ ਲਈ ਜੰਮਦਿਆਂ ਹੀ ਬੱਚੀਆਂ ਨੂੰ ਮਾਰਨ ਦੀ ਕੁਪ੍ਰਥਾ ਨੂੰ ਆਪਣੇ ਆਪ ਠਲ੍ਹ ਪੈ ਗਈ।

ਆਪ ਨੇ ਕੁੜੀਆਂ ਨੂੰ ਜੰਮਦਿਆਂ ਹੀ ਮਾਰਨ ਦੀ ਰੁਚੀ ਵਲੋਂ ਲੋਕਾਂ ਦਾ ਮਨ ਮੋੜਨ ਤੋਂ ਇਲਾਵਾ ਵੱਟੇ ਦੇ ਸਾਕ ਕਰਨੇ ਬੰਦ ਕਰਵਾਏ ਅਤੇ ਮ੍ਰਿਤ ਪਤੀ ਨਾਲ ਸਤੀ ਹੋਣ ਦੇ ਭ੍ਰਸ਼ਟ ਆਚਾਰ ਨੂੰ ਵੀ ਖ਼ਤਮ ਕੀਤਾ। ਇਸ ਤੋਂ ਇਲਾਵਾ ਛੋਟੀ ਉਮਰ ਵਿਚ ਵਿਆਹ ਕਰਨ ਨੂੰ ਵੀ ਅਨੁਚਿਤ ਦਸਿਆ ਅਤੇ ਵਿਧਵਾ-ਵਿਆਹ ਦੀ ਖੁਲ੍ਹ ਦਿੱਤੀ। ਇਸਤਰੀਆਂ ਦੇ ਜੀਵਨ ਵਿਚ ਇਹ ਕਮਾਲ ਦੀ ਤਬਦੀਲੀ ਸੀ। ਸਿੱਖ ਪਰੰਪਰਾ ਵਿਚ ਇਸਤਰੀ ਨੂੰ ਬੜਾ ਉੱਚਾ ਸਥਾਨ ਪ੍ਰਾਪਤ ਹੈ। ਗੁਰੂ ਨਾਨਕ ਦੇਵ ਜੀ ਨੇ ‘ਆਸਾ ਕੀ ਵਾਰ ’ ਵਿਚ ਇਸਤਰੀ ਦੇ ਗੌਰਵ ਨੂੰ ਬੜੀ ਦ੍ਰਿੜ੍ਹਤਾ ਨਾਲ ਸਥਾਪਿਤ ਕੀਤਾ ਹੈ। ਗੁਰੂ ਅਮਰਦਾਸ ਜੀ ਨੇ ਸਤੀ ਦੀ ਪ੍ਰਥਾ ਨੂੰ ਬੰਦ ਕਰਨ ਉਤੇ ਬਹੁਤ ਬਲ ਦਿੱਤਾ ਹੈ। ਭਾਈ ਗੁਰਦਾਸ ਨੇ ਇਸਤਰੀ ਨੂੰ ਅਰਧ ਸਰੀਰੀ ਮੋਖ ਦੁਆਰੀ ਮੰਨਿਆ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਇਸਤਰੀਆਂ ਨੂੰ ਯੁੱਧ ਵਿਚ ਭਾਗ ਲੈਣ ਲਈ ਵੀ ਤਿਆਰ ਬਰ ਤਿਆਰ ਕੀਤਾ ਸੀ। ਪਰ ਸਿੱਖ ਸਮਾਜ ਵਿਚ ਕਾਲਾਂਤਰ ਵਿਚ ਬ੍ਰਾਹਮਣਵਾਦ ਨੇ ਪ੍ਰਵੇਸ਼ ਕਰਕੇ ਇਸਤਰੀ ਦੇ ਗੌਰਵ ਨੂੰ ਨਕਾਰਨ ਦੇ ਜੋ ਯਤਨ ਕੀਤੇ, ਉਨ੍ਹਾਂ ਨੂੰ ਆਪ ਨੇ ਨਿਸਫਲ ਬਣਾਉਣ ਲਈ ਪੂਰਾ ਉਦਮ ਕੀਤਾ ਅਤੇ ਗੁਰੂ ਸਾਹਿਬਾਨ ਦੁਆਰਾ ਸਥਾਪਿਤ ਕੀਤੀ ਮਾਨਤਾ ਨੂੰ ਅਗੇ ਤੋਰਦਿਆਂ ਬਾਬਾ ਰਾਮ ਸਿੰਘ ਨੇ ਇਸਤਰੀ ਨੂੰ ਮਰਦ ਦੇ ਬਰਾਬਰ ਸਥਾਨ ਦੇ ਕੇ ਖੰਡੇ ਦਾ ਅੰਮ੍ਰਿਤ ਪਾਨ ਕਰਾਇਆ। ਉਸ ਦੀ ਰਹਿਣੀ ਬਹਿਣੀ ਵਿਚ ਪਰਿਵਰਤਨ ਲਿਆ ਕੇ ਉਸ ਨੂੰ ਅਬਲਾ ਤੋਂ ਸਬਲਾ ਬਣਾਇਆ ਅਤੇ ਸਮਾਜ ਵਿਚ ਮਰਦ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਣਾ ਕਰਤੱਵ ਪਾਲਣ ਲਈ ਪ੍ਰੇਰਿਆ।

ਸਪੱਸ਼ਟ ਹੈ ਕਿ ਬਾਬਾ ਰਾਮ ਸਿੰਘ ਨੇ ਨਿਘਰੀ ਹੋਈ ਅਵਸਥਾ ਵਿਚੋਂ ਸਿੱਖ ਕੌਮ ਨੂੰ ਕਢਿਆ। ਗੁਰਬਾਣੀ ਵਿਚ ਅਟਲ ਵਿਸ਼ਵਾਸ, ਜਾਤਿ ਪਾਤਿ ਦਾ ਖੰਡਨ, ਸੋਢੀ- ਬੇਦੀ ਬਾਬਿਆਂ ਵਲੋਂ ਪਸਾਰੇ ਜਾ ਰਹੇ ਨਵੇਂ ਪੂਜਾ-ਵਿਧਾਨ ਦਾ ਨਿਖੇਧ ਕਰਕੇ ਆਪ ਨੇ ਕੌਮ ਨੂੰ ਸੁਰਜੀਤ ਕੀਤਾ। ਆਪਣੇ ਪੈਰੋਕਾਰਾਂ ਨੂੰ 22 ਖੇਤਰਾਂ (ਸੂਬਿਆਂ) ਵਿਚ ਵੰਡ ਕੇ ਉਨ੍ਹਾਂ ਉਤੇ ਸੂਬੇ ਨਿਯੁਕਤ ਕੀਤੇ, ਤਹਿਸੀਲਾਂ ਵਿਚ ਜੱਥੇਦਾਰ ਅਤੇ ਪਿੰਡਾਂ ਵਿਚ ਗ੍ਰੰਥੀਆਂ ਨੂੰ ਧਰਮ-ਪ੍ਰਚਾਰ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ।

ਨਾਮਧਾਰੀ ਸੰਪ੍ਰਦਾਇ ਦੀ ਧਾਰਮਿਕ ਚੇਤਨਾ ਅਤੇ ਸਮਾਜਿਕ ਵਿਵਸਥਾ ਨੇ ਅੰਗ੍ਰੇਜ਼ ਸਰਕਾਰ ਨੂੰ ਚੌਕੰਨਾ ਕਰ ਦਿੱਤਾ। ਸੰਨ 1857 ਈ. ਦੇ ਗ਼ਦਰ ਤੋਂ ਬਾਦ ਸਰਕਾਰ ਇਨ੍ਹਾਂ ਦੀਆਂ ਕਾਰਵਾਈਆਂ ਅਤੇ ਕਾਰਜ-ਵਿਧੀਆਂ ਪ੍ਰਤਿ ਸਚੇਤ ਹੋ ਗਈ। ਕੁਝ ਉਤਸਾਹੀ ਅਤੇ ਮਸਤਾਨੇ ਨਾਮਧਾਰੀਆਂ ਨੇ ਗਊ-ਹਤਿਆ ਨੂੰ ਰੋਕਣ ਲਈ ਬੁਚੜਾਂ ਅਤੇ ਬੁਚੜਖ਼ਾਨਿਆਂ ਉਤੇ ਹਮਲੇ ਕੀਤੇ ਅਤੇ ਸਸ਼ਸਤ੍ਰ ਕ੍ਰਾਂਤੀ ਵਲ ਵਧਣ ਲਗੇ। ਨਤੀਜੇ ਵਜੋਂ ਸਰਕਾਰ ਨੇ ਇਸ ਲਹਿਰ ਨੂੰ ਦਬਾਉਣ ਦਾ ਯਤਨ ਕੀਤਾ। ਬਹੁਤ ਸਾਰੇ ਨਾਮਧਾਰੀਆਂ ਨੂੰ ਪਕੜ ਲਿਆ ਗਿਆ। 17 ਅਤੇ 18 ਜਨਵਰੀ 1872 ਈ. ਨੂੰ 66 ਨਾਮਧਾਰੀਆਂ ਨੂੰ ਲੁਧਿਆਣੇ ਦੇ ਡਿਪਟੀ ਕਮਿਸ਼ਨਰ ਮਿਸਟਰ ਕਾਵਨ ਦੇ ਹੁਕਮ ਨਾਲ ਮਲੇਰਕੋਟਲੇ ਵਿਚ ਤੋਪਾਂ ਨਾਲ ਉਡਾ ਦਿੱਤਾ ਗਿਆ। ਬਾਬਾ ਰਾਮ ਸਿੰਘ ਨੂੰ 18 ਜਨਵਰੀ 1872 ਨੂੰ ਕੈਦ ਕਰਕੇ ਰੰਗੂਨ ਭੇਜ ਦਿੱਤਾ ਗਿਆ। ਉਥੇ ਮਰਗੋਈ ਟਾਪੂ ਵਿਚ 29 ਨਵੰਬਰ 1885 ਨੂੰ ਆਪ ਦਾ ਦੇਹਾਂਤ ਹੋ ਗਿਆ। ਤਦ-ਉਪਰੰਤ ਆਪ ਦੇ ਛੋਟੇ ਭਾਈ ਬਾਬਾ ਬੁੱਧ ਸਿੰਘ (ਬਾਬਾ ਹਰੀ ਸਿੰਘ) ਨਾਮਧਾਰੀ ਲਹਿਰ ਦੇ ਸੰਚਾਲਕ ਬਣੇ।

ਬਾਬਾ ਰਾਮ ਸਿੰਘ ਦੀ ਜਲਾਵਤਨੀ ਤੋਂ ਬਾਦ ਨਾਮਧਾਰੀਆਂ ਉਤੇ ਘੋਰ ਦਮਨ ਚੱਕਰ ਚਲ ਪਿਆ। ਹਰ ਨਾਮਧਾਰੀ ਦੀ ਗਤਿਵਿਧੀ ਉਤੇ ਪਾਬੰਦੀ ਲਗਾ ਦਿੱਤੀ ਗਈ। ਭੈਣੀ ਪਿੰਡ ਵਿਚ ਪੁਲਿਸ ਦੀ ਚੌਕੀ ਬਿਠਾ ਦਿੱਤੀ ਗਈ ਜੋ 51 ਸਾਲ ਬਾਦ ਸੰਨ 1923 ਈ. ਵਿਚ ਹਟਾਈ ਗਈ। ਇਨ੍ਹਾਂ ਦਮਨਕਾਰੀ ਕਾਰਵਾਈਆਂ ਦੇ ਬਾਵਜੂਦ ਬਾਬਾ ਬੁੱਧ ਸਿੰਘ ਨੇ ਆਪਣੇ ਅੰਦੋਲਨ ਨੂੰ ਸੁਚੱਜੀ ਵਿਵਸਥਾ ਨਾਲ ਚਲਾਈ ਰਖਿਆ। ਨਾਮ ਸਿਮਰਨ ਤੋਂ ਪ੍ਰਾਪਤ ਹੋਏ ਮਨੋਬਲ ਕਰਕੇ ਨਾਮਧਾਰੀ ਸਿੰਘ ਆਪਣੇ ਕਰਤੱਵ-ਮਾਰਗ ਉਤੋਂ ਜ਼ਰਾ ਨ ਥਿੜਕੇ।

ਬਾਬਾ ਬੁੱਧ ਸਿੰਘ ਦੇ ਦੇਹਾਂਤ ਤੋਂ ਬਾਦ 16 ਸਾਲ ਦੀ ਉਮਰ ਵਿਚ ਬਾਬਾ ਪ੍ਰਤਾਪ ਸਿੰਘ ਨੇ ਇਸ ਅੰਦੋਲਨ ਦੀ ਵਾਗਡੋਰ ਸੰਭਾਲੀ। ਆਪ ਨੇ ਨਾਮਧਾਰੀ ਸਿੱਖਾਂ ਵਿਚ ਸਵੱਛਤਾ ਦਾ ਪ੍ਰਸਾਰ ਕੀਤਾ। ਇਨ੍ਹਾਂ ਨੇ ਬਾਬਾ ਰਾਮ ਸਿੰਘ ਵਾਂਗ ਪ੍ਰਭੂ ਭਗਤੀ ਦੇ ਨਾਲ ਨਾਲ ਦੇਸ਼ ਭਗਤੀ ਦੀ ਭਾਵਨਾ ਨੂੰ ਵੀ ਵਿਕਸਿਤ ਕਰੀ ਰਖਿਆ, ਪਰ ਦੇਸ਼-ਭਗਤੀ ਨੂੰ ਧਰਮ ਆਧਾਰਿਤ ਨ ਰਖ ਕੇ ਦੇਸ਼ ਦੀਆਂ ਬਦਲੀਆਂ ਹੋਈਆਂ ਪਰਿਸਥਿਤੀਆਂ ਅਨੁਸਾਰ ਢਾਲਿਆ ਅਤੇ ਆਪਣੇ ਆਪ ਨੂੰ ਧਰਮ-ਨਿਰਪੇਖ ਸਿਆਸੀ ਪਾਰਟੀ ਕਾਂਗ੍ਰਸ ਨਾਲ ਜੋੜਿਆ। ਭਾਵੇਂ ਆਪ ਉਸ ਪਾਰਟੀ ਦੇ ਅੰਗ ਨ ਬਣੇ, ਪਰ ਉਸ ਦੇ ਸਮਰਥਕ ਜ਼ਰੂਰ ਰਹੇ। ਅਸਲ ਵਿਚ ਕਾਂਗ੍ਰਸ ਪਾਰਟੀ ਦੇ ਦੋ ਮੁੱਖ ਮੁੱਦਿਆਂ —ਨਾ-ਮਿਲਵਰਤਨ ਅਤੇ ਸਵਦੇਸੀ ਵਸਤੂਆਂ ਦੀ ਵਰਤੋਂ— ਨੂੰ ਬਾਬਾ ਰਾਮ ਸਿੰਘ ਪਹਿਲਾਂ ਹੀ ਆਪਣੇ ਉਦੇਸ਼ਾਂ ਵਿਚ ਸ਼ਾਮਲ ਕਰ ਚੁਕੇ ਸਨ। ਸਚ ਤਾਂ ਇਹ ਹੈ ਕਿ ਕਾਂਗ੍ਰਸ ਦੀ ਪਾਲਸੀ ਪ੍ਰਕਾਰਾਂਤਰ ਨਾਲ ਬਾਬਾ ਰਾਮ ਸਿੰਘ ਦੀਆਂ ਦੇਸ਼-ਭਗਤੀ ਸੰਬੰਧੀ ਮਾਨਤਾਵਾਂ ਦੀ ਹੀ ਵਿਸਤ੍ਰਿਤੀ ਸੀ।

ਇਨ੍ਹਾਂ ਦੇ ਗੱਦੀ-ਕਾਲ ਵਿਚ ਨਾਮਧਾਰੀ ਸਿੰਘਾਂ ਨੇ ਸ਼ਬਦ-ਗੁਰੂ ਦੀ ਥਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਦ ਬਾਬਾ ਬਾਲਕ ਸਿੰਘ, ਬਾਬਾ ਰਾਮ ਸਿੰਘ ਆਦਿ ਨੂੰ ਉਤਰੋਤਰ ਦੇਹ-ਧਾਰੀ ਗੁਰੂ ਮੰਨਣਾ ਸ਼ੁਰੂ ਕਰ ਦਿੱਤਾ ਅਤੇ ਅਰਦਾਸ ਵਿਚ ਵੀ ਇਨ੍ਹਾਂ ਦੇ ਨਾਂ ਸ਼ਾਮਲ ਕੀਤੇ ਜਾਣ ਲਗੇ। ਹਾਂ, ਨਾਮਧਾਰੀ ਸਿੰਘ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਨੂੰ ਪੂਰਾ ਆਦਰ ਦਿੰਦੇ ਹਨ। ‘ਦਸਮ ਗ੍ਰੰਥ ’ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨ ਕੇ ਉਸ ਵਿਚਲੀ ਬਾਣੀ ਦਾ ਪਠਨ-ਪਾਠਨ ਕਰਦੇ ਹਨ। ‘ਚੰਡੀ ਦੀ ਵਾਰ ’ ਅਤੇ ਕੁਝ ਹੋਰ ਰਚਨਾਵਾਂ ਦੇ ਤਾਂ ਨਿਰੰਤਰ ਪਾਠ ਕਰਨ ਦੀ ਵਿਵਸਥਾ ਅਕਸਰ ਹੁੰਦੀ ਰਹਿੰਦੀ ਹੈ।

ਬਾਬਾ ਪ੍ਰਤਾਪ ਸਿੰਘ ਦਾ 22 ਅਗਸਤ 1959 ਈ. ਨੂੰ ਦੇਹਾਂਤ ਹੋਇਆ। ਉਨ੍ਹਾਂ ਤੋਂ ਬਾਦ ਬਾਬਾ ਜਗਜੀਤ ਸਿੰਘ ਨੇ ਆਪਣੀ ਸੰਪ੍ਰਦਾਇ ਦੇ ‘ਸਤਿਗੁਰੂ’ ਵਜੋਂ ਪਦ ਗ੍ਰਹਿਣ ਕੀਤਾ। ਆਪ ਦਾ ਜਨਮ 22 ਨਵੰਬਰ 1920 ਈ. (8 ਮਘਰ , 1977 ਬਿ.) ਨੂੰ ਭੈਣੀ ਸਾਹਿਬ ਵਿਚ ਹੋਇਆ। ਜਦੋਂ ਆਪ ਚਾਰ ਸਾਲ ਦੇ ਬਾਲਕ ਸਨ ਤਾਂ ਮਾਤਾ ਜੀ ਵਿਛੋੜਾ ਦੇ ਗਏ। ਆਪ ਦਾ ਪਹਿਲਾ ਵਿਆਹ ਸੰਨ 1942 ਈ. ਵਿਚ ਬੀਬੀ ਰਾਜਿੰਦਰ ਕੌਰ ਨਾਲ ਹੋਇਆ, ਪਰ ਡੇਢ ਵਰ੍ਹੇ ਤੋਂ ਬਾਦ ਉਹ ਗੁਜ਼ਰ ਗਈ। ਦੂਜਾ ਵਿਆਹ ਬੀਬੀ ਚੰਦ ਕੌਰ ਨਾਲ ਸੰਨ 1945 ਈ. ਵਿਚ ਕੀਤਾ, ਜਿਸ ਤੋਂ ਇਕੋ ਇਕ ਸੰਤਾਨ ਬੀਬੀ ਸਾਹਿਬ ਕੌਰ ਪੈਦਾ ਹੋਈ।

ਆਪ ਦੇ ਗੱਦੀ-ਕਾਲ ਵਿਚ ਭੈਣੀ ਸਾਹਿਬ ਅਤੇ ਨਾਮਧਾਰੀ ਸੰਪ੍ਰਦਾਇ ਵਿਚ ਕਈ ਪ੍ਰਕਾਰ ਦੀਆਂ ਨਵੀਆਂ ਪਿਰਤਾਂ ਪਈਆਂ ਹਨ। ਇਕ ਇਹ ਕਿ ਭੈਣੀ ਸਾਹਿਬ ਵਿਚਲੇ ਕੱਖਾਂ ਦੇ ਛੱਪਰਾਂ ਨੂੰ ਪਕੀਆਂ ਇਮਾਰਤਾਂ ਵਿਚ ਬਦਲ ਦਿੱਤਾ ਗਿਆ ਹੈ ਅਤੇ ਅਨੇਕ ਨਵੇਂ ਭਵਨ ਵੀ ਉਸਾਰੇ ਗਏ ਹਨ। ਦੂਜੇ, ਇਸਤਰੀ ਜਾਤਿ ਦੇ ਗੌਰਵ ਨੂੰ ਵਧਾਉਣ ਵਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੂੰ ਧਾਰਮਿਕ ਕਥਾ- ਕੀਰਤਨ ਵਿਚ ਉਚੇਚਾ ਸਥਾਨ ਦਿੱਤਾ ਗਿਆ ਹੈ।

ਤੀਜੇ, ਆਪ ਨੇ ਨਵੀਂ ਸਿਖਿਆ ਪ੍ਰਣਾਲੀ ਨੂੰ ਅਪਣਾਉਣ ਲਈ ਅਨੁਯਾਈਆਂ ਨੂੰ ਪ੍ਰੇਰਿਤ ਕੀਤਾ ਹੈ ਅਤੇ ਸਕੂਲ ਅਤੇ ਕਾਲਜ ਖੋਲ੍ਹ ਕੇ ਲੋਕਾਂ ਨੂੰ ਉਤਸਾਹਿਤ ਕੀਤਾ ਹੈ। ਚੌਥੇ, ਨਾਮਧਾਰੀ ਇਤਿਹਾਸ ਬਾਰੇ ਖੋਜ ਕਰਾਉਣ ਲਈ ਬਨਾਰਸ ਵਿਚ ਡਾ. ਸੰਪੂਰਨਾਨੰਦ ਸੰਸਕ੍ਰਿਤ ਵਿਸ਼ਵ- ਵਿਦਿਆਲੇ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਚ ‘ਸਤਿਗੁਰੂ ਰਾਮ ਸਿੰਘ’ ਦੇ ਨਾਂ ਉਤੇ ਚੇਅਰਾਂ ਸਥਾਪਿਤ ਕਰਵਾਈਆਂ ਹਨ। ਪੰਜਵੇਂ, ਖੇਡਾਂ ਦੇ ਵਿਕਾਸ ਵਿਚ ਉਚੇਚੀ ਰੁਚੀ ਲਈ ਹੈ। ਨਾਮਧਾਰੀ ਹਾਕੀ ਟੀਮ ਨੇ ਸ਼ੁੱਧ ਸਿੱਖੀ ਸਰੂਪ ਵਿਚ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਉਤੇ ਆਪਣੀ ਪਛਾਣ ਬਣਾਈ ਹੈ। ਛੇਵੇਂ, ਖੇਤੀਬਾੜੀ ਦੇ ਵਿਕਾਸ ਅਤੇ ਗਊ-ਧਨ-ਵਰਧਨ ਵਿਚ ਵਿਸ਼ੇਸ਼ ਭੂਮਿਕਾ ਨਿਭਾਈ ਜਾ ਰਹੀ ਹੈ। ਸੱਤਵੇਂ, ਠਾਕੁਰ ਉਦੈ ਸਿੰਘ ਦੀ ਦੇਖ-ਰੇਖ ਵਿਚ ਬੰਗਲੋਰ ਸ਼ਹਿਰ ਅੰਦਰ ਉਤਮ ਬੀਜ ਤਿਆਰ ਕਰਨ ਲਈ ‘ਨਾਮਧਾਰੀ ਸੀਡ ਫਾਰਮ ’ ਦੀ ਸਥਾਪਨਾ ਕੀਤੀ ਹੈ, ਜਿਸ ਨੇ ਵਿਸ਼ਵ ਭਰ ਵਿਚ ਆਪਣੀ ਨਿਵੇਕਲੀ ਛਾਪ ਛਡੀ ਹੈ। ਅੱਠਵੇਂ ਭੈਣੀ ਸਾਹਿਬ ਅਤੇ ਜੀਵਨ ਨਗਰ ਵਿਚ ਬਿਰਧ ਆਸ਼੍ਰਮ ਸਥਾਪਿਤ ਕਰਕੇ ਬੇਸਹਾਰਾ ਬਿਰਧਾਂ ਨੂੰ ਨਿਵਾਸ ਦੇਣ ਦੀ ਵਿਵਸਥਾ ਕੀਤੀ ਹੈ।

ਨੌਵੇਂ, ਲੋਕਾਂ ਨੂੰ ਬੀਮਾਰੀਆਂ ਤੋਂ ਨਿਜਾਤ ਦਿਵਾਉਣ ਲਈ ਅਪੋਲੇ ਦੇ ਸਹਿਯੋਗ ਨਾਲ ਲੁਧਿਆਣਾ ਨਗਰ ਵਿਚ ਬਹੁਤ ਵੱਡਾ ਹਸਪਤਾਲ ਬਣਵਾਇਆ ਹੈ। ਦਸਵੇਂ, ਸਾਹਿਤਕਾਰਾਂ ਨੂੰ ਚੰਗਾ ਸਾਹਿਤ ਸਿਰਜਨ ਲਈ ਉਤਸਾਹਿਤ ਕੀਤਾ ਹੈ। ਇਨ੍ਹਾਂ ਤੋਂ ਇਲਾਵਾ ਲੋੜਵੰਦ ਸਾਹਿਤ -ਕਾਰਾਂ ਦੀ ਮਦਦ ਕੀਤੀ ਜਾਂਦੀ ਹੈ, ਸਾਹਿਤਿਕ ਕਾਨਫ੍ਰੰਸਾਂ ਵਿਚ ਹਿੱਸਾ ਲਿਆ ਜਾਂਦਾ ਹੈ, ਸਾਹਿਤਿਕ ਸੰਸਥਾਵਾਂ ਨੂੰ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ, ਨਾਮਧਾਰੀ ਸਾਹਿਤ ਨੂੰ ਪ੍ਰਕਾਸ਼ਿਤ ਕਰਨ ਦਾ ਉਦਮ ਕੀਤਾ ਜਾਂਦਾ ਹੈ।

ਭੈਣੀ ਸਾਹਿਬ ਵਿਚ ‘ਜਪੁ ਪ੍ਰਯੋਗ’ (ਵਾਹਿਗੁਰੂ ਦਾ ਨਿਰੰਤਰ ਸਿਮਰਨ), ‘ਵਰਨੀ’ (ਸਵੇਰੇ 2 ਵਜੇ ਤੋਂ 6 ਵਜੇ ਤਕ ਮਾਲਾ ਰਾਹੀਂ ਵਾਹਿਗੁਰੂ ਸਿਮਰਨ) ਅਤੇ ‘ਚੰਡੀ ਦੀ ਵਾਰ ’ ਦਾ ਪਾਠ ਆਦਿ ਪ੍ਰਕਾਰਜ ਇਕ ਖ਼ਾਸ ਕਿਸਮ ਦਾ ਅਧਿਆਤਮਿਕ ਵਾਤਾਵਰਣ ਸਿਰਜਦੇ ਹਨ ਅਤੇ ਤੰਤ੍ਰੀ ਰਾਗ ਸਰੋਤਿਆਂ ਨੂੰ ਪੂਰੀ ਤਰ੍ਹਾਂ ਦ੍ਰਵਿਤ ਕਰ ਦਿੰਦਾ ਹੈ।

ਸਪੱਸ਼ਟ ਹੈ ਕਿ ਬਾਬਾ (ਸਤਿਗੁਰੂ) ਜਗਜੀਤ ਸਿੰਘ ਨੇ ਆਪਣੀ ਸੰਪ੍ਰਦਾਇ ਵਿਚ ਕਈ ਨਵੀਆਂ ਪਿਰਤਾਂ ਪਾ ਕੇ ਉਸ ਨੂੰ ਸਮੇਂ ਦਾ ਹਾਣੀ ਬਣਾਇਆ ਹੈ ਅਤੇ ਸੰਪ੍ਰਦਾਈ ਸੰਗਠਨ ਨੂੰ ਪੱਕੇ ਪੈਰੀਂ ਖੜਾ ਕੀਤਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8248, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.