ਨਾਰੀਵਾਦ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਨਾਰੀਵਾਦ: ਵੀਹਵੀਂ ਸਦੀ ਦੇ ਸਤਵੇਂ ਦਹਾਕੇ ਵਿੱਚ ਸਮਾਜ ਵਿੱਚ ਨਾਰੀਵਾਦੀ (Feminism) ਵਿਚਾਰਾਂ ਦਾ ਪ੍ਰਚਾਰ ਬਹੁਤ ਵੱਧ ਗਿਆ ਅਤੇ ਸਾਹਿਤ ਆਲੋਚਨਾ ਵਿੱਚ ਵੀ ਨਾਰੀਵਾਦੀ ਵਿਚਾਰਧਾਰਾ ਦੇ ਆਲੋਚਕਾਂ ਨੇ ਆਪਣਾ ਅੰਦੋਲਨ ਅਰੰਭ ਕੀਤਾ। ਇਸ ਅੰਦੋਲਨ ਦੇ ਪਿੱਛੇ ਦੋ ਸਦੀਆਂ ਦਾ ਉਹ ਸੰਘਰਸ਼ ਸੀ, ਜੋ ਔਰਤਾਂ ਆਪਣੇ ਹੱਕਾਂ ਲਈ ਲੜ ਰਹੀਆਂ ਸਨ। 1792 ਵਿੱਚ ਮੇਰੀ ਵੁਲਸਟੋਨਕਰਾਫ਼ਟ ਨੇ ਆ ਵਿੰਡੀਕੇਸ਼ਨ ਆਫ਼ ਦਾ ਰਾਈਟਸ ਆਫ਼ ਵੁਮੈਨ ਲਿਖੀ। 1869 ਵਿੱਚ ਇੰਗਲੈਂਡ ਵਿੱਚ ਹੀ ਜਾਨ ਸਟੁਅਰਟ ਮਿਲ ਨੇ ਦਾ ਸਬਜੇਕਸ਼ਨ ਆਫ਼ ਵੁਮੈਨ ਵਿੱਚ ਨਾਰੀ ਲਈ ਉਚੇਰੀ ਸਿੱਖਿਆ ਅਤੇ ਹੋਰ ਸਹੂਲਤਾਂ ਦੀ ਮੰਗ ਕੀਤੀ। ਅਮਰੀਕਾ ਵਿੱਚ ਵੀ 1845 ਵਿੱਚ ਮਾਰਗਰੇਟ ਫੁਲਰ ਨੇ ਵੁਮੈਨ ਇਨ ਦਾ ਨਾਈਨਟੀਨਥ ਸੈਂਚੁਰੀ ਲਿਖੀ। ਜਿਸ ਨਾਲ ਨਾਰੀਵਾਦੀ ਵਿਚਾਰਧਾਰਾ ਨੂੰ ਪ੍ਰੇਰਨਾ ਮਿਲੀ। ਨਾਰੀਵਾਦੀ ਸਾਹਿਤ ਆਲੋਚਨਾ ਇਸ ਜ਼ਮਾਨੇ ਵਿੱਚ ਵੀ ਰਾਜਨੀਤਿਕ ਨਾਰੀਵਾਦੀ ਪ੍ਰਚਾਰਕਾਂ ਦੀ ਸੋਚ ਨਾਲ ਜੁੜੀ ਹੋਈ ਹੈ ਅਤੇ ਇਸ ਦੇ ਮੁੱਦੇ ਜੀਵਨ ਦੇ ਸਾਰੇ ਖੇਤਰਾਂ ਰਾਜਨੀਤਿਕ, ਸਮਾਜਿਕ, ਆਰਥਿਕ, ਸੱਭਿਆਚਾਰਿਕ ਔਰਤ ਦੀ ਅਜ਼ਾਦੀ ਅਤੇ ਬਰਾਬਰੀ ਨਾਲ ਜੁੜੇ ਹੋਏ ਹਨ।
ਨਾਰੀਵਾਦੀ ਵਿਚਾਰਧਾਰਾ ਨੂੰ ਵਰਜੀਨੀਆ ਵੁਲਫ ਦੀ ਛੋਟੀ ਜਿਹੀ ਕਿਤਾਬ ਅ ਰੂਮ ਆਫ਼ ਵਨਜ ਓਨ (1929) ਤੋਂ ਵੀ ਕਾਫ਼ੀ ਉਤਸ਼ਾਹ ਪ੍ਰਾਪਤ ਹੋਇਆ। ਇੱਕ ਹੋਰ ਨਿਬੰਧ-ਸੰਗ੍ਰਹਿ ਵੁਮੈਨ ਐਂਡ ਰਾਈਟਿੰਗ ਵਿੱਚ ਵੀ ਉਸ ਨੇ ਨਾਰੀ ਦੀ ਸੱਭਿਆਚਾਰਿਕ, ਆਰਥਿਕ, ਵਿੱਦਿਅਕ ਅਯੋਗਤਾ ਬਾਰੇ ਵਰਣਨ ਕੀਤਾ ਅਤੇ ਇਸ ਦਾ ਕਾਰਨ ਉਸ ਨੇ ਆਦਮੀ ਦੇ ਔਰਤ ਤੇ ਹਾਵੀ ਹੋਣ ਨੂੰ ਮੰਨਿਆ। ਸਮਾਜ ਵਿੱਚ ਹਮੇਸ਼ਾਂ ਤੋਂ ਹੀ ਆਦਮੀ ਦਾ ਉੱਚਾ ਸਥਾਨ ਹੈ। ਇਸ ਕਰ ਕੇ ਔਰਤ ਆਦਮੀ ਦੇ ਬਣਾਏ ਹੋਏ ਨਿਯਮਾਂ ਅਧੀਨ ਰਹੀ ਹੈ। 1949 ਵਿੱਚ ਫ਼੍ਰਾਂਸ ਦੀ ਇੱਕ ਬੁੱਧੀਜੀਵੀ ਔਰਤ ਸਿਮੋਨ ਡੀ ਬੋਵੋਇਰ ਨੇ ਦਾ ਸੈਕਿੰਡ ਸੈਕਸ ਨਾਲ ਨਾਰੀਵਾਦੀ ਆਲੋਚਨਾ ਵਿੱਚ ਇੱਕ ਸੁਆਲ ’ਤੇ ਬੁਨਿਆਦੀ ਤਰਕ ਨਾਲ ਚਰਚਾ ਕੀਤੀ। 1968 ਵਿੱਚ ਅਮਰੀਕਾ ਦੀ ਮੇਰੀ ਏਲਮੇਨ ਦੀ ਪੁਸਤਕ ਥਿੰਕਿੰਗ ਅਬਾਊਟ ਵੁਮੈਨ ਨਾਲ ਨਾਰੀਵਾਦੀ ਆਲੋਚਨਾ ਨੂੰ ਨਵੀਂ ਦਿਸ਼ਾ ਦਿੱਤੀ ਅਤੇ ਦੱਸਿਆ ਕਿ ਆਦਮੀਆਂ ਨੇ ਸਾਹਿਤ ਵਿੱਚ ਔਰਤ ਨੂੰ ਅਪਮਾਨਜਨਕ, ਰੂੜ੍ਹੀਬੱਧ ਤਰੀਕੇ ਨਾਲ ਪੇਸ਼ ਕੀਤਾ ਹੈ। ਇਸ ਤੋਂ ਵੀ ਜ਼ਿਆਦਾ ਪ੍ਰਭਾਵਸ਼ਾਲੀ ਕੰਮ ਕੇਟ ਮਿਲੈਟ ਨੇ ਆਪਣੀ ਕਿਤਾਬ ਸੈਕਸੂਅਲ ਪਾਲਿਟਿਕਸ (1969) ਵਿੱਚ ਕੀਤਾ। ‘ਪਾਲਿਟਿਕਸ’ ਸ਼ਬਦ ਵਰਤ ਕੇ ਮਿਲੈਟ ਨੇ ਦਰਸਾਇਆ ਕਿ ਸਮਾਜ ਵਿੱਚ ਹਰ ਰਿਸ਼ਤਾ ਤਾਕਤ ਦੀ ਰਾਜਨੀਤੀ ਉੱਤੇ ਨਿਰਭਰ ਹੈ।
1969 ਤੋਂ ਬਾਅਦ ਨਾਰੀਵਾਦੀ ਲੇਖਾਂ ਦਾ ਜਿਵੇਂ ਵਿਸਫੋਟ ਹੋਇਆ ਹੈ, ਜੋ ਪਹਿਲਾਂ ਕਿਸੇ ਵੀ ਨਵੀਂ ਆਲੋਚਨਾਤਮਿਕ ਸੋਚ ਨਾਲ ਨਹੀਂ ਹੋਇਆ। ਕੁੱਝ ਗੱਲਾਂ ਲਗਪਗ ਸਾਰੇ ਹੀ ਨਾਰੀਵਾਦੀ ਸਿਧਾਂਤਕਾਰਾਂ ਦੇ ਸਨਮੁੱਖ ਲਿਆਂਦੀਆਂ ਹਨ।
ਸਭ ਤੋਂ ਪਹਿਲਾਂ ਨਾਰੀਵਾਦੀ ਸੋਚ ਇਹ ਮੰਨਦੀ ਹੈ ਕਿ ਪੱਛਮੀ ਸੱਭਿਅਤਾ ਪਿਤਾ ਦੀ ਪ੍ਰਮੁਖਤਾ ਨੂੰ ਸਵੀਕਾਰ ਕਰ ਕੇ ਆਦਮੀ ਨੂੰ ਸਮਾਜ ਵਿੱਚ ਔਰਤ ਨਾਲੋਂ ਉੱਚਾ ਸਥਾਨ ਦਿੰਦੀ ਹੈ। ਘਰੇਲੂ, ਧਾਰਮਿਕ, ਸਮਾਜਿਕ, ਕਾਨੂੰਨੀ, ਆਰਥਿਕ ਅਤੇ ਕਲਾਤਮਿਕ ਖੇਤਰਾਂ ਵਿੱਚ ਔਰਤ ਹਮੇਸ਼ਾਂ ਮਰਦਾਂ ਤੋਂ ਪਿੱਛੇ ਹੀ ਰਹੀ ਹੈ। ਉਹ ਸੱਭਿਆਚਾਰਿਕ ਅਤੇ ਹੋਰ ਮਾਮਲਿਆਂ ਵਿੱਚ ਅੱਗੇ ਨਹੀਂ ਵੱਧ ਸਕੀ। ਔਰਤਾਂ ਨੂੰ ਬਚਪਨ ਤੋਂ ਹੀ ਇਹ ਸਿੱਖਿਆ ਦਿੱਤੀ ਜਾਂਦੀ ਹੈ ਕਿ ਆਦਮੀ ਉਸ ਤੋਂ ਬਿਹਤਰ ਹੈ, ਸੋ ਉਹ ਆਪਣੀ ਜਾਤ ਨੂੰ ਨੀਵਾਂ ਸਮਝਣ ਲੱਗਦੀ ਹੈ ਅਤੇ ਆਪਣੀ ਦਰਜਾਬੰਦੀ ਵਿੱਚ ਆਪ ਹਿੱਸਾ ਪਾਉਂਦੀ ਹੈ।
ਮਨੁੱਖ ਦਾ ਨਾਰੀ ਜਾਂ ਪੁਰਖ ਹੋਣਾ ਤਾਂ ਸਰੀਰਕ ਬਣਤਰ ਨਾਲ ਜੁੜਿਆ ਹੋਇਆ ਹੈ, ਪਰ ਉਸ ਦਾ ਲਿੰਗ, ਮਰਦਾਨਾ ਜਾਂ ਜਨਾਨਾ ਜ਼ਿਆਦਾਤਰ ਮਨੁੱਖਾਂ ਤੇ ਬਣਾਏ ਹੋਏ ਸੱਭਿਆਚਾਰ ਨੇ ਉਸਾਰਿਆ ਹੈ। ਸਿਮੋਨ ਡੀ ਬੋਵੋਇਰ ਨੇ ਲਿਖਿਆ ਹੈ ਕਿ ਔਰਤ, ਔਰਤ ਪੈਦਾ ਨਹੀਂ ਹੁੰਦੀ, ਬਣਾ ਦਿੱਤੀ ਜਾਂਦੀ ਹੈ। ਸੱਭਿਆਚਾਰ ਉਸ ਨੂੰ ਤੀਵੀਆਂ ਵਰਗਾ ਬਣਾ ਦਿੰਦਾ ਹੈ। ਇਸ ਕਰ ਕੇ ਆਦਮੀ ਨੂੰ ਫੁਰਤੀਲਾ, ਪ੍ਰਮੁਖ, ਖ਼ਤਰੇ ਮੁੱਲ ਲੈਣ ਵਾਲਾ, ਤਰਕਸ਼ੀਲ ਅਤੇ ਰਚਨਾਤਮਿਕ ਸਮਝਿਆ ਜਾਂਦਾ ਹੈ ਅਤੇ ਔਰਤਾਂ ਨੂੰ ਨਰਮਦਿਲ, ਅਕਰਮਿਕ, ਡਰਪੋਕ, ਭਾਵੁਕ, ਸਧਾਰਨ, ਅਸਾਨੀ ਨਾਲ ਰਜ਼ਾਮੰਦੀ ਦੇਣ ਵਾਲੀ ਕਿਹਾ ਜਾਂਦਾ ਹੈ।
ਸਾਹਿਤ ਵਿੱਚ ਵੀ ਇਹ ਮਰਦਾਨਾ ਸਿਧਾਂਤ ਹੀ ਹਾਵੀ ਹਨ ਅਤੇ ਥੋੜ੍ਹੇ ਸਮੇਂ ਪਹਿਲਾਂ ਤੱਕ ਪੱਛਮੀ ਸਾਹਿਤ ਮਰਦਾਂ ਵੱਲੋਂ ਮਰਦਾਂ ਲਈ ਹੀ ਲਿਖਿਆ ਗਿਆ ਹੈ। ਜਿੰਨੇ ਵੀ ਮੰਨੇ-ਪ੍ਰਮੰਨੇ ਸਾਹਿਤਿਕ ਕਾਰਜ ਹਨ, ਉਹਨਾਂ ਵਿੱਚ ਪੁਰਸ਼ ਨਾਇਕ ਹਨ, ਇਡੀਪਸ, ਯੂਲਿਸਿਜ਼, ਹੈਮਲਟ, ਟਾਮ ਜੋਨਸ, ਕੈਪਟਨ ਏਹਾਬ, ਹੱਕ ਫਿੰਨ ਮਰਦਾਨਗੀ ਦਾ ਪ੍ਰਤੀਕ ਹਨ। ਇਹਨਾਂ ਰਚਨਾਵਾਂ ਵਿੱਚ ਜਦ ਵੀ ਕੋਈ ਔਰਤ ਪਾਤਰ ਹੁੰਦੀ ਹੈ ਤਾਂ ਉਹ ਮਾਮੂਲੀ ਅਤੇ ਦੱਬੀ ਹੋਈ ਹੁੰਦੀ ਹੈ। ਨਾਰੀਵਾਦੀ ਆਲੋਚਕ ਇਸ ਲਈ ਕਹਿੰਦੇ ਹਨ ਕਿ ਵੀਹਵੀਂ ਸਦੀ ਤੱਕ ਲਿਖਿਆ ਗਿਆ ਸਾਹਿਤ ਜ਼ਿਆਦਾਤਰ ਆਦਮੀ ਦੇ ਨਜ਼ਰੀਏ ਤੋਂ ਹੀ ਪੇਸ਼ ਕੀਤਾ ਗਿਆ ਹੈ।
ਨਾਰੀਵਾਦੀ ਲੇਖਕ ਕਹਿੰਦੇ ਹਨ ਕਿ ਲਿਖਣ ਦੇ ਤੌਰ-ਤਰੀਕੇ ਅਤੇ ਆਲੋਚਨਾ ਵਿੱਚ ਵੀ ਬਦਲਾਅ ਲਿਆਉਣਾ ਚਾਹੀਦਾ ਹੈ ਤਾਂ ਜੋ ਪੁਰਾਣੇ ਸਾਹਿਤ ਨੂੰ ਵੀ ਨਵੇਂ ਢੰਗ ਨਾਲ ਵੇਖ ਕੇ ਜਿੰਨੀਆਂ ਵੀ ਪੱਖਪਾਤੀ ਗੱਲਾਂ ਹਨ, ਉਹਨਾਂ ਨੂੰ ਅਲੱਗ ਕੀਤਾ ਜਾ ਸਕੇ। ਇਹ ਵੀ ਮੰਨਿਆ ਜਾਂਦਾ ਹੈ ਕਿ ਕੁੱਝ ਲੇਖਕ ਐਸੇ ਵੀ ਹੋਏ ਹਨ, ਜਿਨ੍ਹਾਂ ਨੇ ਆਪਣੇ ਸਮੇਂ ਦੀ ਵਿਚਾਰਧਾਰਾ ਤੋਂ ਉੱਪਰ ਉੱਠ ਕੇ ਨਾਰੀ ਨੂੰ ਸਮਝਿਆ ਅਤੇ ਉਸ ਦੇ ਉੱਤੇ ਜਿਹੜੇ ਵੀ ਦਬਾਅ ਹਨ, ਜਿਨ੍ਹਾਂ ਕਰ ਕੇ ਉਸ ਦਾ ਚਰਿੱਤਰ ਉੱਭਰ ਨਹੀਂ ਸਕਦਾ, ਉਹਨਾਂ ਦਾ ਵਰਣਨ ਕੀਤਾ ਹੈ। ਚੌਸਰ, ਸ਼ੇਕਸਪੀਅਰ, ਸੈਮਿਯੂਲ, ਰਿਚਰਡਸਨ, ਹੇਨਰੀਕ ਇਬਸਨ ਅਤੇ ਜਾਰਜ ਬਰਨਾਰਡ ਸ਼ਾਅ, ਉਹਨਾਂ ਲੇਖਕਾਂ ਦੀ ਗਿਣਤੀ ਵਿੱਚੋਂ ਹਨ, ਜਿਨ੍ਹਾਂ ਨੇ ਔਰਤ ਨੂੰ ਵੀ ਸਮਾਨ ਦਰਜਾ ਦਿਵਾਉਣ ਦੀ ਕੋਸ਼ਿਸ਼ ਕੀਤੀ।
ਨਾਰੀਵਾਦੀ ਲੇਖਕਾਂ ਨੇ ਇੱਕ ਐਸੀ ਆਲੋਚਨਾ ਦੀ ਤਰਕੀਬ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਨੂੰ ਇਲੇਨ ਸ਼ੋਆਲਟਰ ਗਾਇਨੋਕਰਿਟੀਸਿਜ਼ਮ ਕਹਿੰਦੀ ਹੈ। ਜਿਸ ਦੇ ਅਨੁਸਾਰ ਔਰਤਾਂ ਦੇ ਲੇਖਾਂ ਨੂੰ ਸਮਝਣ ਲਈ ਔਰਤਾਂ ਨੂੰ ਆਪਣਾ ਇੱਕ ਵੱਖਰਾ ਤਰੀਕਾ ਬਣਾ ਲੈਣਾ ਚਾਹੀਦਾ ਹੈ। ਨਾਰੀਵਾਦੀ ਲੇਖਕ ਇਹ ਸਮਝਦੇ ਹਨ ਕਿ ਕੁੱਝ ਖ਼ਾਸ ਜਨਾਨਾ ਮਸਲੇ ਵੀ ਹੁੰਦੇ ਹਨ ਅਤੇ ਉਹਨਾਂ ਨੂੰ ਮਹਿਸੂਸ ਕਰਨ ਦਾ ਔਰਤਾਂ ਦਾ ਇੱਕ ਅਲੱਗ ਤਰੀਕਾ ਹੀ ਹੁੰਦਾ ਹੈ। ਉਸ ਦੀ ਭਾਸ਼ਾ ਵੀ ਅਲੱਗ ਹੈ। ਨਾਰੀਵਾਦੀ ਸੋਚ ਨੇ ਔਰਤਾਂ ਦੇ ਲਿਖੇ ਹੋਏ ਸਾਹਿਤ ਨੂੰ ਉੱਚਾ ਸਥਾਨ ਦਿੱਤਾ ਹੈ ਅਤੇ ਹੁਣ ਤੱਕ ਪਾਠਕਾਂ ਨੇ ਜਿਨ੍ਹਾਂ ਦੇ ਕੰਮ ਨੂੰ ਕੋਈ ਮਹੱਤਤਾ ਨਹੀਂ ਸੀ ਦਿੱਤੀ, ਉਹਨਾਂ ਨੂੰ ਅੱਜ ਉੱਚ ਪੱਧਰ ਦੇ ਲੇਖਕਾਂ ਦਾ ਦਰਜਾ ਮਿਲ ਗਿਆ ਹੈ। ਐਨ ਫਿੰਚ, ਐਲਿਜ਼ਬੈੱਥ ਗੈਸਕਲ, ਐਲਿਜ਼ਬੈੱਥ ਬੈਰਟ ਬਰਾਉਨਿੰਗ ਕਰਸਿਟੀਨਾ ਰੋਜੈਟੀ ਅਤੇ ਕੇਟ ਚਾਪਿਨ ਵਰਗੀਆਂ ਔਰਤਾਂ ਨੂੰ ਜਿਨ੍ਹਾਂ ਦੀ ਸਾਹਿਤ ਰਚਨਾ ਨੂੰ ਛੋਟਾ ਮੰਨਿਆ ਜਾਂਦਾ ਸੀ, ਉਹ ਅੱਜ ਸ਼ਰਧਾ ਨਾਲ ਪੜ੍ਹੀਆਂ ਜਾਂਦੀਆਂ ਹਨ। ਅੱਜ ਤੱਕ ਨਾਰੀਵਾਦ ਤੇ ਲਿਖੀਆਂ ਹੋਈਆਂ ਪੁਸਤਕਾਂ ਏਨੀਆਂ ਜ਼ਿਆਦਾ ਹਨ ਕਿ ਸਭ ਦਾ ਜ਼ਿਕਰ ਕਰਨਾ ਅਸੰਭਵ ਹੈ।
ਲੇਖਕ : ਰੁਪਿੰਦਰ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 8070, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First