ਨਾਰੀ ਸ਼ਕਤੀਕਰਣ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Women Empowerment ਨਾਰੀ ਸ਼ਕਤੀਕਰਣ: ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ, ਮੌਲਿਕ ਅਧਿਕਾਰਾਂ, ਮੌਲਿਕ ਕਰਤੱਵਾਂ ਅਤੇ ਨਿਦੇਸ਼ਕ ਸਿਧਾਂਤਾਂ ਵਿਚ ਲਿੰਗ ਸਮਾਨਤਾ ਦੇ ਸਿਧਾਂਤ ਦਾ ਦਰਾਜ ਕੀਤਾ ਗਿਆ ਹੈ। ਸੰਵਿਧਾਨ ਨਾਰੀਆਂ ਨੂੰ ਨਾ ਕੇਵਲ ਸਮਾਨਤਾ ਪ੍ਰਦਾਨ ਕਰਦਾ ਹੈ। ਸਗੋਂ ਰਾਜ ਨੂੰ ਇਸਤਰੀਆਂ ਪ੍ਰਤੀ ਸਾਕਾਰਤਮਕ ਵਿਤਕਰੇ ਲਈ ਉਪਾਓ ਕਰਨ ਦਾ ਵੀ ਅਧਿਕਾਰ ਪ੍ਰਦਾਨ ਕਰਦਾ ਹੈ। ਲੋਕਤੰਤਰੀ ਰਾਜਤੰਤਰ ਦੀ ਰੂਪ ਰੇਖਾ ਵਿਚ ਸਾਡੇ ਕਾਨੂੰਨ , ਵਿਕਾਸ ਨੀਤੀਆਂ, ਯੋਜਨਾਵਾਂ ਅਤੇ ਪ੍ਰੋਗਰਾਮਾਂ ਨੇ ਵੱਖ-ਵੱਖ ਖੇਤਰਾਂ ਇਸਤਰੀਆਂ ਦੀ ਤਰੱਕੀ ਦੇ ਉਦੇਸ਼ ਨੂੰ ਅਪਣਾਇਆ ਹੈ। ਹੁਣ ਇਸਤਰੀਆਂ ਦੀ ਭਲਾਈ ਸਬੰਧੀ ਮਸਲਿਆਂ ਨਾਲੋਂ ਇਨ੍ਹਾਂ ਦੇ ਵਿਕਾਸ ਵੱਲ ਅਧਿਕ ਧਿਆਨ ਦਿੱਤਾ ਜਾਣ ਲਗ ਪਿਆ ਹੈ। ਹੁਣ ਜਿਹੇ ਨਾਰੀ ਸ਼ਕਤੀਕਰਣ ਨੂੰ ਇਸਤਰੀਆਂ ਦਾ ਦਰਜਾ ਨਿਰਧਾਰਣ ਕਰਨ ਲਈ ਕੇਂਦਰੀ ਮਸਲੇ ਵਜੋਂ ਮੇਲਿਆ ਗਿਆ ਹੈ। ਇਸਤਰੀਆਂ ਲਈ ਰਾਸ਼ਟਰੀ ਕਮਿਸ਼ਨ 1990 ਵਿਚ ਇਸਤਰੀਆਂ ਦੇ ਅਧਿਕਾਰਾਂ ਅਤੇ ਕਾਨੂੰਨੀ ਹੱਕਾਂ ਦੀ ਸੁਰੱਖਿਆ ਲਈ ਸਥਾਪਤ ਕੀਤਾ ਗਿਆ। ਇਸਤਰੀਆਂ ਲਈ ਪੰਚਾਇਤਾਂ ਅਤੇ ਨਗਰਪਾਲਿਕਾਵਾਂ ਦੀਆਂ ਸਥਾਨਿਕ ਸੰਸਥਾਵਾਂ ਵਿਚ ਸੀਆਂ ਦੇ ਰਾਵਾਂਕਰਣ ਦੀ ਵੀ ਵਿਵਸਥਾ ਕੀਤੀ ਗਈ ਹੈ ਅਤੇ ਸਥਾਨਕ ਪੱਧਰਾਂ ਤੇ ਨਿਰਣੇ ਕਰਨ ਵਿਚ ਉਨ੍ਹਾਂ ਦੀ ਭਾਗੀਦਾਰੀ ਲਈ ਤਕੜੀ ਨੀਂਹ ਰੱਖੀ ਗਈ ਹੈ।

      ਭਾਰਤ ਨੇ ਇਸਤਰੀਆਂ ਦੇ ਸਮਾਨ ਅਧਿਕਾਰਾਂ ਦੀ ਪ੍ਰਾਪਤੀ ਲਈ ਵਚਨਬੱਧ ਵੱਖ-ਵੱਖ ਅੰਤਰ-ਰਾਸ਼ਟਰੀ ਕਨਵੈਨਸ਼ਨਾਂ ਅਤੇ ਮਾਨਵੀ ਅਧਿਕਾਰ ਦਸਤਾਵੇਜ਼ਾਂ ਦਾ ਸਮਰੱਥਨ ਕੀਤਾ ਹੈ। ਭਾਰਤ .ਨੇ ਮੈਕਸੀਕੋ ਪਲਾਨ ਆਫ਼ ਐਕਸਨ, ਨੇਰੋਬੀ ਫ਼ਾਰਵਰਡ ਲੁਕਿੰਗ ਸਟ੍ਰੇਟੀਜੀਜ਼, ਬੀਜਿੰਗ ਘੋਸ਼ਣਾ ਅਤੇ ਪਲੇਟਫਾਰਮ ਫ਼ਾਰ ਐਕਸਨ ਅਤੇ ਆਉਟਕਮ ਡਾਕੂਮੈਂਟ ਦੀ ਖੁਲ੍ਹੇ ਆਮ ਪੁਸ਼ਟੀ ਕੀਤੀ ਹੈ ਅਤੇ ਇਨ੍ਹਾਂ ਨੂੰ ਉਚਿਤ ਰੂਪ ਵਿਚ ਅਪਣਾਉਣ ਦਾ ਵੀ ਨਿਰਣਾ ਲਿਆ ਹੈ। ਸਰਕਾਰ ਦੀ ਪਾਲਿਸੀ ਵਿਚ ਨਾਰੀ ਸ਼ਕਤੀਕਰਣ ਸਬੰਧੀ ਨੌਂਵੀਂ ਪੰਜ ਸਾਲਾ ਯੋਜਨਾ ਦੀਆਂ ਵਚਨਬੱਧਤਾਵਾਂ ਨੂੰ ਧਿਆਨ ਵਿਚ ਰੱਖਿਆ ਗਿਆ ਹੈ। ਇਸਤਰੀ ਲਹਿਰ ਅਤੇ ਵਿਸ਼ਾਲ ਗ਼ੈਰ-ਸਰਕਾਰ ਸੰਗਠਨਾਂ ਦੇ ਜਾਨ ਨੇ ਵੀ ਇਸਤਰੀਆਂ ਦੇ ਸ਼ਕਤੀਕਰਨ ਲਈ ਕਈ ਉਪਰਾਲੇ ਕੀਤੇ ਹਨ। ਐਪਰ ਸੰਵਿਧਾਨ, ਕਾਨੂੰਨ, ਨੀਤੀਆਂ, ਯੋਜਨਾਵਾਂ, ਪ੍ਰੋਗਰਾਮ ਅਤੇ ਸਬੰਧਤ ਤੰਤਰਾਂ ਵਿਚਕਾਰ ਦਰਸਾਏ ਟੀਚਿਆਂ ਅਤੇ ਭਾਰਤ ਵਿਚ ਇਸਤਰੀਆਂ ਦੀ ਵਾਸਤਵਿਕ ਸਥਿਤੀ ਵਿਚ ਅਜੇ ਵੀ ਕਾਫ਼ੀ ਅੰਤਰ ਹੈ। ਇਸ ਦੀ ਭਾਰਤ ਵਿਚ ਇਸਤਰੀਆਂ ਦੇ ਦਰਜੇ ਸਬੰਧੀ ਕਮੇਟੀ ਦੀ ਰਿਪੋਰਟ ਵਿਚ ਵਿਸਤ੍ਰਿਤ ਰੂਪ ਵਿਚ ਦਰਸਾਇਆ ਗਿਆ ਹੈ।

      ਲਿੰਗ ਅਸਮਾਨਤਾ ਆਪਣੇ ਆਪ ਨੂੰ ਵੱਖ-ਵੱਖ ਰੂਪਾਂ ਵਿਚ ਦਰਸਾਉਂਦੀ ਹੈ ਅਤੇ ਇਸ ਦਾ ਬਹੁਤ ਹੀ ਪ੍ਰਤੱਖ ਰੂਪ ਪਿਛਲੇ ਕੁਝ ਦਹਾਕਿਆਂ ਤੋਂ ਆਬਾਦੀ ਵਿਚ ਇਸਤਰੀ ਅਨੁਪਾਤ ਦਾ ਘੱਟਣਾ ਹੈ। ਘਰੇਲੂ ਅਤੇ ਸਮਾਜਿਕ ਪੱਧਰਾਂ ਤੇ ਸਮਾਜਿਕ ਪ੍ਰਥਾਵਾਂ ਅਤੇ ਹਿੰਸਾ ਕੁਝ ਹੋਰ ਕਾਰਨ ਹਨ। ਦੇਸ਼ ਦੇ ਬਹੁਤ ਸਾਰੇ ਭਾਗਾਂ ਵਿਚ ਬਾਲੜੀਆਂ, ਕੁੜੀਆਂ, ਅਤੇ ਇਸਤਰੀਆਂ ਨਾਲ ਵਿਤਕਰਾ ਅੱਜੇ ਵੀ ਹੁੰਦਾ ਹੈ। ਲਿੰਗ ਅਸਮਾਨਤਾ ਦੇ ਇਹ ਕਾਰਨ ਸਾਡੇ ਸਮਾਜਿਕ ਅਤੇ ਆਰਥਿਕ ਢਾਂਚੇ ਨਾਲ ਸਬੰਧਤ ਹਨ, ਜੋ ਰਸਮੀ ਅਤੇ ਗ਼ੈਰ-ਰਸਮੀ ਪ੍ਰਤਿਮਾਨਾਂ ਅਤੇ ਪ੍ਰਥਾਵਾਂ ਤੇ ਆਧਾਰਤ ਹੈ।

      ਇਸ ਕਰਕੇ ਅਨੁਸੂਚਿਤ ਜਾਤੀਆਂ/ਅਨੁਸੂਚਿਤ ਕਬੀਲਿਆਂ। ਹੋਰ ਪੱਛੜੀਆਂ ਸ਼੍ਰੇਣੀਆਂ ਅਤੇ ਘੱਟ-ਗਿਣਤੀਆਂ, ਜੋ ਅਧਿਕ ਕਰਕੇ ਗ੍ਰਾਮੀਣ ਖੇਤਰਾਂ ਵਿਚ ਅਤੇ ਗ਼ੈਰ-ਰਸਮੀ ਅਸੰਗਠਿਤ ਖੇਤਰਾਂ ਵਿਚ ਰਹਿੰਦੀਆਂ ਹਨ, ਨਾਲ ਸਬੰਧਤ ਕਮਜੋ਼ਰ ਵਰਗਾਂ ਦੀ ਇਸਤਰੀਆਂ ਨੂੰ ਸਿਖਿਆ , ਸਵਾਸਥ ਅਤੇ ਉਤਪਾਦਕ ਸਾਧਨਾਂ ਦਾ ਲਾਭ ਨਾਕਾਫ਼ੀ ਰੂਪ ਵਿਚ ਮਿਲਦਾ ਹੈ। ਇਸ ਕਰਕੇ ਉਹ ਅਧਿਕ ਕਰਕੇ ਗ਼ਰੀਬ ਹੁੰਦੀਆਂ ਹਨ ਅਤੇ ਸਮਾਜਿਕ ਰੂਪ ਵਿਚ ਵੰਚਿਤ ਹੁੰਦੀਆਂ ਹਨ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5386, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.