ਨਿਆਂ-ਸ਼ਾਸਤਰ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Jurisprudence_ਨਿਆਂ-ਸ਼ਾਸਤਰ : ‘‘ਕਾਨੂੰਨ ਦਾ ਵਿਗਿਆਨ; ਕਾਨੂੰਨ ਦੀ ਆਮ ਪ੍ਰਕਿਰਤੀ ਦਾ ਅਧਿਐਨ ਉਸ ਦੇ ਅਸੂਲ , ਕਾਰਜ ਅਤੇ ਸੰਕਲਪ ਅਤੇ ਨਿਆਂ ਦੇ ਸਿਧਾਂਤ। ’’ (ਰੀਡਰਜ਼ ਡਾਇਜੈਸਟ, ਗ੍ਰੇਟ ਐਨਸਾਈਕਲੋਪੀਡੀਅਕ ਡਿਕਸ਼ਨਰੀ ਜਿਲਦ 3, ਪੰ. 1179)।
ਕਾਨੂੰਨ ਵਿਚ ਨਿਆਂ- ਸ਼ਾਸਤਰ ਦੇ ਸਿਧਾਂਤ ਕਾਫ਼ੀ ਵੱਡੇ ਵੱਡੇ ਨਾਵਾਂ ਨਾਲ ਜੁੜੇ ਹੋਏ ਹਨ। ਜਾਹਨ ਆਸਟਿਨ ਦਾ ਨਾਮ ਵਿਸ਼ਲੇਸ਼ਣਾਤਮਕ ਨਿਆਂ ਸ਼ਾਸਤਰ ਨਾਲ ਜੁੜਿਆ ਹੋਇਆ ਹੈ, ਹਾਂਸ ਕੈਲਸਨ ਦਾ ਨਾਂ ਕਾਨੂੰਨ ਦੇ ਨਿਰੋਲ ਵਿਗਿਆਨ ਨਾਲ ਅਤੇ ਰਾਸਕੋਪਾਊਂਡ ਦਾ ਨਾਂ ਸਮਾਜ ਵਿਗਿਆਨਕ ਸਕੂਲ ਨਾਲ ਜੋੜਿਆ ਜਾਂਦਾ ਹੈ।
ਮੋਟੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਕਾਨੂੰਨ ਦੇ ਵਿਗਿਆਨ ਨੂੰ ਨਿਆਂਸ਼ਾਸਤਰ ਕਿਹਾ ਜਾਂਦਾ ਹੈ। ਇਸ ਵਿਗਿਆਨ ਦਾ ਕੰਮ ਉਹ ਸਿਧਾਂਤ ਸੁਨਿਸਚਿਤ ਕਰਨਾ ਹੁੰਦਾ ਹੈ ਜਿਨ੍ਹਾਂ ਦੇ ਉਤੇ ਕਾਨੂੰਨੀ ਨਿਯਮ ਆਧਾਰਤ ਹੁੰਦੇ ਹਨ। ਇਨ੍ਹਾਂ ਨਿਯਮਾਂ ਦਾ ਵਰਗੀਕਰਣ ਕਰਨਾ ਅਤੇ ਉਨ੍ਹਾ ਦੇ ਆਪਸੀ ਸਬੰਧਾਂ ਬਾਰੇ ਦਸਣਾ ਵੀ ਇਸ ਵਿਗਿਆਨ ਦੇ ਅੰਦਰ ਆਉਂਦਾ ਹੈ। ਇਹ ਵਿਗਿਆਨ ਭੌਤਕ ਵਿਗਿਆਨ ਨ ਹੋ ਕੇ ਰਸਮੀ ਵਿਗਿਆਨ ਹੈ ਜਿਸ ਵਿਚ ਸਦਾਚਾਰਕ ਜਾਂ ਸਿਆਸੀ ਨੀਤੀ ਬਾਰੇ ਵਿਚਾਰ ਨਹੀਂ ਕੀਤੀ ਜਾਂਦੀ ਕਿਉਂ ਕਿ ਉਹ ਨੈਤਕਤਾ ਅਤੇ ਵਿਧਾਨਸਾਜ਼ੀ ਦੇ ਵਿਸ਼ੇ ਸਮਝੇ ਜਾਂਦੇ ਹਨ।
ਨਿਆਂ-ਸ਼ਾਸਤਰ ਮੁਖ ਤੌਰ ਤੇ ਤੁਲਨਾਤਮਕ ਕਾਨੂੰਨ ਉਤੇ ਆਧਾਰਤ ਹੁੰਦਾ ਹੈ। ਇਸ ਦਾ ਭਾਵ ਇਹ ਹੈ ਕਿ ਨਿਆਂ-ਸ਼ਾਸਤਰ ਵਿਚ ਵਖ ਵਖ ਦੇਸ਼ਾਂ ਦੀਆਂ ਕਾਨੂੰਨੀ ਸੰਸਥਾਵਾਂ ਦਾ ਤੁਲਨਾਤਮਕ ਅਧਿਐਨ ਕੀਤਾ ਜਾਂਦਾ ਹੈ। ਇਸ ਨਾਲ ਇਸ ਵਿਗਿਆਨ ਦੇ ਤਤਵਿਕ ਜੁਜ਼ ਇਤਿਹਾਸਕ ਘਟਨਾਵਾਂ ਤੋਂ ਵਖ ਕੀਤੇ ਜਾ ਸਕਦੇ ਹਨ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1323, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First