ਨਿਘੰਟੂ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਨਿਘੰਟੂ: ਕੋਸ਼ਕਾਰੀ ਦੇ ਪ੍ਰਮੁਖ ਵਿਦਵਾਨਾਂ ਅਨੁਸਾਰ ਨਿਘੰਟੂ ਸੰਸਕ੍ਰਿਤ ਕੋਸ਼ਕਾਰੀ ਦਾ ਮੁਢਲਾ ਅਤੇ ਮਹੱਤਵਪੂਰਨ ਪੜਾਅ ਹੈ। ਸੰਸਕ੍ਰਿਤ ਕੋਸ਼ਕਾਰੀ ਦਾ ਅਰੰਭ ਵੇਦਾਂ ਦੀ ਔਖੀ ਸ਼ਬਦਾਵਲੀ ਦੀ ਸਾਂਭ-ਸੰਭਾਲ ਨਾਲ ਹੀ ਹੋ ਗਿਆ ਸੀ। ਸੰਸਕ੍ਰਿਤ ਭਾਸ਼ਾ ਵਿੱਚ ਕੋਸ਼ਕਾਰੀ ਦੀ ਮਹੱਤਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਭਾਰਤੀ ਪਰੰਪਰਾ ਵਿੱਚ ਜਿਨ੍ਹਾਂ 64 ਕਲਾਵਾਂ ਦਾ ਜ਼ਿਕਰ ਕੀਤਾ ਗਿਆ ਹੈ, ਉਹਨਾਂ ਵਿੱਚ ‘ਕੋਸ਼ ਰਚਨਾ’ ਨੂੰ ਮਹੱਤਵਪੂਰਨ ਸਥਾਨ ਹਾਸਲ ਹੈ। ਭਾਰਤੀ ਕੋਸ਼ਕਾਰੀ ਦੇ ਸੰਦਰਭ ਵਿੱਚ ਹੁਣ ਤੱਕ ਜਿੰਨੀ ਵੀ ਖੋਜ ਹੋਈ ਹੈ, ਉਸ ਖੋਜ ਅਨੁਸਾਰ ਨਿਘੰਟੂ ਭਾਰਤ ਦੇ ਸਭ ਤੋਂ ਪ੍ਰਾਚੀਨ ਕੋਸ਼ ਹਨ। ਨਿਘੰਟੂ ਵੇਦਾਂ ਨਾਲ ਸੰਬੰਧਿਤ ਸੰਸਕ੍ਰਿਤ ਸ਼ਬਦਾਵਲੀ ਦਾ ਸੰਗ੍ਰਹਿ ਹੈ। ਨਿਘੰਟੂ ਸ਼ਬਦ ਦੀ ਨਿਰੁਕਤੀ ਕਿੱਥੋਂ ਅਤੇ ਕਿਵੇਂ ਹੋਈ, ਇਸ ਬਾਰੇ ਇੱਕ ਤੋਂ ਵਧੇਰੇ ਵਿਚਾਰ ਮਿਲਦੇ ਹਨ ਪਰੰਤੂ ਅਚਾਰੀਆ ਯਾਸਕ ਮੁਨੀ ਦੁਆਰਾ ਰਚਿਤ ਗ੍ਰੰਥ ਨਿਰੁਕਤ ਵਿੱਚ ਦਿੱਤੇ ਵੇਰਵਿਆਂ ਦੇ ਆਧਾਰ ਤੇ ਕੋਸ਼ਕਾਰੀ ਦੇ ਵਿਦਵਾਨ ਵੈਦਿਕ ਸ਼ਬਦਾਂ ਦੀਆਂ ਸੂਚੀਆਂ ਦੇ ਸੰਗ੍ਰਹਿ ਨੂੰ ਨਿਘੰਟੂ ਆਖਦੇ ਹਨ। ਸੰਸਕ੍ਰਿਤ ਭਾਸ਼ਾ ਦੇ ਵਿਦਵਾਨ ਨਿਘੰਟੂ ਦੇ ਕਰਤ੍ਰਿਤਵ ਦੇ ਬਾਰੇ ਵੀ ਇੱਕ ਮਤ ਦੇ ਧਾਰਨੀ ਨਹੀਂ ਹਨ। ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ਨਿਘੰਟੂ ਦਾ ਲੇਖਕ ਕੋਈ ਇੱਕ ਵਿਅਕਤੀ ਨਹੀਂ ਹੈ (ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਵਿੱਚ ਨਿਘੰਟੂ ਦਾ ਰਚੈਤਾ ਕਸ਼ਯਪ ਨੂੰ ਸਵੀਕਾਰ ਕਰਦੇ ਹਨ)। ਉਹਨਾਂ ਅਨੁਸਾਰ ਨਿਘੰਟੂ ਵਿੱਚ ਦਰਜ ਸ਼ਬਦਾਂ ਨੂੰ ਪ੍ਰਾਚੀਨ ਸਮੇਂ ਦੇ ਬਹੁਤ ਸਾਰੇ ਰਿਸ਼ੀਆਂ ਨੇ ਇਕੱਤਰ ਕੀਤਾ ਹੋਣਾ ਹੈ। ਉਹ ਤਾਂ ਇਸ ਤੋਂ ਅੱਗੇ ਇਹ ਵਿਚਾਰ ਵੀ ਪ੍ਰਗਟ ਕਰਦੇ ਹਨ ਕਿ ਨਿਘੰਟੂ ਇੱਕ ਲੇਖਕ ਦੀ ਦੇਣ ਤਾਂ ਕੀ ਸਗੋਂ ਇੱਕ ਪੀੜ੍ਹੀ ਦੇ ਰਿਸ਼ੀਆਂ ਦੀ ਦੇਣ ਵੀ ਨਹੀਂ ਹੈ। ਇਹਨਾਂ ਸ਼ਬਦਾਂ ਨੂੰ ਇਕੱਤਰ ਕਰਨ ਵਿੱਚ ਕਈ ਪੀੜ੍ਹੀਆਂ ਦੇ ਰਿਸ਼ੀਆਂ-ਮੁਨੀਆਂ ਨੇ ਆਪਣਾ ਯੋਗਦਾਨ ਪਾਇਆ ਹੋਣਾ ਹੈ। ਹੁਣ ਤਕ ਜਿੰਨੇ ਵੀ ਨਿਘੰਟੂ ਪ੍ਰਾਪਤ ਹੋਏ ਹਨ, ਉਹਨਾਂ ਵਿੱਚੋਂ ਪਹਿਲੇ ਵੈਦਿਕ ਨਿਘੰਟੂ ਦੇ ਪੰਜ ਅਧਿਆਇ ਹਨ। ਇਸ ਨਿਘੰਟੂ ਨੂੰ ਤਿੰਨ ਕਾਂਡਾਂ ਵਿੱਚ ਵੰਡ ਕੇ ਪ੍ਰਸਤੁਤ ਕੀਤਾ ਗਿਆ ਹੈ। ਪਹਿਲੇ ਤਿੰਨ ਅਧਿਆਵਾਂ ਨੂੰ ਸੰਯੁਕਤ ਤੌਰ ਤੇ ਨੈਘੁੰਤਕ ਕਾਂਡ ਆਖਿਆ ਜਾਂਦਾ ਹੈ। ਚੌਥੇ ਅਧਿਆਇ ਦਾ ਨਾਮ ਨੈਗਮ ਕਾਂਡ ਹੈ। ਪੰਜਵੇਂ ਅਧਿਆਇ ਦਾ ਨਾਮ ਦੇਵਤਾ ਕਾਂਡ ਹੈ। ਪਹਿਲੇ ਕਾਂਡ ਵਿੱਚ ਸਮ- ਅਰਥਕ ਸ਼ਬਦਾਂ ਦੀ ਸੂਚੀ ਦਰਜ ਹੈ। ਦੂਜੇ ਕਾਂਡ ਵਿੱਚ ਸਮਨਾਮੀ ਸ਼ਬਦ ਦਰਜ ਹਨ ਅਤੇ ਤੀਜੇ ਕਾਂਡ ਵਿੱਚ ਦੇਵੀ ਦੇਵਤਿਆਂ ਦੇ ਨਾਵਾਂ ਦੀ ਸੂਚੀ ਦਰਜ ਕੀਤੀ ਗਈ ਹੈ। ਪਹਿਲੇ ਕਾਂਡ ਦਾ ਪਹਿਲਾ ਅਧਿਆਇ ਭੌਤਿਕ ਜਾਂ ਕੁਦਰਤੀ ਵਸਤੂਆਂ ਦੇ ਨਾਵਾਂ ਨਾਲ ਸੰਬੰਧਿਤ ਹੈ। ਦੂਜੇ ਅਧਿਆਇ ਵਿੱਚ ਮਨੁੱਖ ਅਤੇ ਮਨੁੱਖੀ ਅੰਗਾਂ ਦੇ ਸਮਅਰਥਕ ਸ਼ਬਦ ਦਿੱਤੇ ਗਏ ਹਨ। ਇਸੇ ਅਧਿਆਇ ਵਿੱਚ ਮਨੁੱਖ ਦੀਆਂ ਵਸਤੂਆਂ ਅਤੇ ਉਸ ਦੇ ਗੁਣਾਂ ਔਗੁਣਾਂ ਆਦਿ ਦੇ ਸਮਅਰਥਕ ਸ਼ਬਦ ਦਿੱਤੇ ਗਏ ਹਨ। ਚੌਥੇ ਅਧਿਆਇ ਵਿੱਚ ਆਏ ਸ਼ਬਦਾਂ ਦੀ ਪ੍ਰਕਿਰਤੀ ਸਪਸ਼ਟ ਨਹੀਂ ਹੈ। ਪੰਜਵੇਂ ਅਧਿਆਇ ਵਿੱਚ ਦੇਵੀ ਦੇਵਤਿਆਂ ਦੇ ਰੂਪ ਅਤੇ ਸਥਾਨ ਬਾਰੇ ਵੇਰਵੇ ਉਪਲਬਧ ਹਨ। ਨਿਘੰਟੂ ਦੇ ਖਰੜਿਆਂ ਦੇ ਦੋ ਸੋਧੇ ਹੋਏ ਰੂਪ ਪ੍ਰਾਪਤ ਹਨ। ਇੱਕ ਵਰਗ ਦੇ ਖਰੜਿਆਂ ਨੂੰ ਵਿਸਤ੍ਰਿਤ ਅਤੇ ਦੂਜੇ ਵਰਗ ਦੇ ਖਰੜਿਆਂ ਨੂੰ ਸੰਖੇਪ ਆਖਿਆ ਜਾ ਸਕਦਾ ਹੈ। ਸੰਖੇਪ ਰੂਪ ਦੇ ਖਰੜਿਆਂ ਵਿੱਚ ਹਰ ਭਾਗ ਦੇ ਅੰਤ ਵਿੱਚ ਕੀਤੀ ਗਈ ਵਿਆਖਿਆ ਸੰਖੇਪ ਹੈ। ਪਰੰਤੂ ਵਿਸਤ੍ਰਿਤ ਖਰੜਿਆਂ ਵਿੱਚ ਇਹ ਵਿਆਖਿਆ ਵਿਸਤ੍ਰਿਤ ਹੈ। ਇਹਨਾਂ ਖਰੜਿਆਂ ਵਿੱਚੋਂ ਵੀ ਪੁਰਾਣਾ ਅਤੇ ਪ੍ਰਮਾਣਿਕ ਖਰੜਾ ਕਿਹੜਾ ਹੈ, ਇਸ ਬਾਰੇ ਵੀ ਸੰਸਕ੍ਰਿਤ ਵਿਦਵਾਨ ਇੱਕ ਮੱਤ ਨਹੀਂ ਹਨ। ਪਰੰਤੂ ਇੱਕ ਗੱਲ ਜੋ ਮਹੱਤਵਪੂਰਨ ਹੈ ਕਿ ਇਹਨਾਂ ਦੋਵਾਂ ਖਰੜਿਆਂ ਦੀ ਮਹੱਤਤਾ ਤੇ ਪ੍ਰਸ਼ਨ ਚਿੰਨ੍ਹ ਨਹੀਂ ਲਗਾਇਆ ਗਿਆ। ਇਹਨਾਂ ਦੋਵਾਂ ਤਰ੍ਹਾਂ ਦੇ ਖਰੜਿਆਂ ਦੀ ਸੰਸਕ੍ਰਿਤ ਕੋਸ਼ਕਾਰੀ ਦੇ ਇਤਿਹਾਸ ਵਿੱਚ ਆਪਣੀ ਵਿਲੱਖਣ ਮਹੱਤਤਾ ਹੈ। ਕੁਝ ਵਿਦਵਾਨ ਇਹ ਵਿਚਾਰ ਵੀ ਪੇਸ਼ ਕਰਦੇ ਹਨ ਕਿ ਨਿਘੰਟੂ ਸੰਸਕ੍ਰਿਤ ਕੋਸ਼ਕਾਰੀ ਨਾਲ ਸੰਬੰਧਿਤ ਪਹਿਲੀ ਰਚਨਾ ਨਹੀਂ, ਪਰੰਤੂ ਇਹ ਵਿਦਵਾਨ ਆਪਣੇ ਮੱਤ ਦੀ ਪੁਸ਼ਟੀ ਲਈ ਠੋਸ ਦਲੀਲਾਂ ਜਾਂ ਤੱਥਕ ਵੇਰਵੇ ਪ੍ਰਦਾਨ ਕਰਨ ਤੋਂ ਅਸਮਰਥ ਰਹੇ ਹਨ। ਸੋ, ਨਿਘੰਟੂ ਨੂੰ ਬਿਨਾਂ ਸ਼ੱਕ ਸੰਸਕ੍ਰਿਤ ਕੋਸ਼ਕਾਰੀ ਦਾ ਮੁੱਢ ਮੰਨਿਆ ਜਾ ਸਕਦਾ ਹੈ। ਸਗੋਂ ਵਿਸ਼ਵ ਪੱਧਰ ਤੇ ਵੀ ਨਿਘੰਟੂ ਨੂੰ ਪ੍ਰਾਚੀਨਤਮ ਕੋਸ਼ ਕਿਹਾ ਜਾ ਸਕਦਾ ਹੈ। ਭਾਵੇਂ ਕਿ ਨਿਘੰਟੂ ਵਿੱਚ ਕੇਵਲ ਸ਼ਬਦ ਹੀ ਦਿੱਤੇ ਗਏ ਹਨ, ਇਹਨਾਂ ਦੇ ਅਰਥ ਨਹੀਂ ਪਰੰਤੂ ਕੋਸ਼ਕਾਰੀ ਦੇ ਸਿਧਾਂਤ ਅਨੁਸਾਰ ਸ਼ਬਦਾਂ ਨੂੰ ਇਕੱਤਰ ਕਰਨਾ ਅਤੇ ਖ਼ਾਸ ਤਰਤੀਬ ਵਿੱਚ ਪ੍ਰਸਤੁਤ ਕਰਨਾ ਵੀ ਮਹੱਤਵਪੂਰਨ ਕਾਰਜ ਹੈ। ਇਹ ਮਹੱਤਵਪੂਰਨ ਕਾਰਜ ਨਿਰਸੰਦੇਹ ਨਿਘੰਟੂ ਵਿੱਚ ਕੀਤਾ ਗਿਆ ਹੈ।
ਲੇਖਕ : ਰਜਿੰਦਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3771, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਨਿਘੰਟੂ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਨਿਘੰਟੂ : ਕਸੑਯਪ ਰਿਸ਼ੀ ਦੁਆਰਾ ਰਚਿਆ ਹੋਇਆ ਵੇਦ ਦਾ ਕੋਸ਼ ‘ਨਿਘੰਟੂ’ ਅਖਵਾਂਦਾ ਹੈ। ਇਸ ’ਤੇ ਯਾਸੑਕ ਮੁਨੀ ਦੁਅਰਾ ਲਿਖਿਆ ਗਿਆ ‘ਨਿਰੁਕਤ’ ਨਾਮਕ ਟੀਕਾ ਬਹੁਤ ਪ੍ਰਸਿੱਧ ਹੈ। ‘ਨਿਘੰਟੂ’ ਬਹੁਤ ਪੁਰਾਣਾ ਗ੍ਰੰਥ ਹੈ। ਇਸ ਤੋਂ ਵੇਦਾਂ ਦੀ ਸ਼ਬਦਾਵਲੀ ਦੇ ਅਰਥਾਂ ਨੂੰ ਜਾਣਿਆ ਜਾ ਸਕਦਾ ਹੈ। [ਸਹਾ. ਗ੍ਰੰਥ––ਮ. ਕੋ.]
ਲੇਖਕ : ਡਾ. ਪ੍ਰੀਤਮ ਸੈਨੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2262, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First