ਨਿਰਗੁਣ ਬ੍ਰਹਮ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਨਿਰਗੁਣ ਬ੍ਰਹਮ: ਸਿੱਖ ਧਰਮ ਵਿਚ ਪਰਮਾਤਮਾ ਦਾ ਸਰੂਪ ਨਿਰਗੁਣ ਬ੍ਰਹਮ ਵਾਲਾ ਹੈ। ‘ਨਿਰਗੁਣ’ ਦਾ ਸ਼ਾਬਦਿਕ ਅਰਥ ਹੈ ‘ਗੁਣ-ਰਹਿਤ’, ਪਰ ਆਪਣੇ ਪਰਿਭਾਸ਼ਿਕ ਰੂਪ ਵਿਚ ਇਸ ਦਾ ਅਰਥ ਹੈ ‘ਗੁਣਾਤੀਤ’, ਅਰਥਾਤ ਜੋ ਗੁਣਾਂ ਦੀ ਸੀਮਾ ਵਿਚ ਬੰਨ੍ਹਿਆ ਨ ਜਾ ਸਕੇ। ਉਪਾਸਨਾ ਖੇਤਰ ਵਿਚ ਇਹ ਇਕ ਅਜਿਹੀ ਅਨਿਰਵਚਨੀਯ ਸੱਤਾ ਦੀ ਸੰਗਿਆ ਦਾ ਬੋਧਕ ਹੈ, ਜੋ ਸਾਂਖੑਯ-ਦਰਸ਼ਨ ਦੇ ਸਤੋ , ਰਜੋ ਅਤੇ ਤਮੋ ਨਾਂ ਦੇ ਗੁਣਾਂ ਅਥਵਾ ਵੈਸ਼ੇਸ਼ਿਕ ਦਰਸ਼ਨ ਦੇ ਰੂਪ, ਰਸ , ਗੰਧ, ਸਪਰਸ਼, ਪਰਿਮਾਣ, ਪ੍ਰਿਥਕਤ੍ਵ, ਸੰਯੋਗ, ਵਿਭਾਗ , ਦ੍ਵੈਸ਼, ਯਤਨ, ਗੁਰੁਤ੍ਵ, ਸਨੇਹ , ਸੰਸਕਾਰ , ਅਦ੍ਰਿਸ਼ਟ, ਧਰਮ , ਅਧਰਮ, ਅਤੇ ਸ਼ਬਦ ਨਾਂ ਦੇ 24 ਗੁਣਾਂ ਤੋਂ ਪਰੇ ਸਮਝੀ ਜਾਂਦੀ ਹੈ, ਅਤੇ ਜਿਸ ਨੂੰ ਆਮ ਕਰਕੇ ਪਰਮਾਤਮਾ, ਬ੍ਰਹਮ ਜਾਂ ਪਰਮਤੱਤ੍ਵ ਨਾਂ ਦਿੱਤਾ ਜਾਂਦਾ ਹੈ।
‘ਨਿਰਗੁਣ’ ਸ਼ਬਦ ਦੀ ਉਕਤ ਵਿਆਖਿਆ ਦਾ ਸਮਰਥਨ ‘ਸ਼੍ਵੈਤਾਸ਼੍ਵਤਰ-ਉਪਨਿਸ਼ਦ’ (6/11) ਤੋਂ ਸਹਿਜ ਹੀ ਹੋ ਜਾਂਦਾ ਹੈ, ਜਿਥੇ ਇਸ ਨੂੰ ‘ਦੇਵ ’ (ਪਰਮਾਤਮਾ) ਦਾ ਇਕ ਵਿਸ਼ੇਸ਼ਣ ਮੰਨਿਆ ਗਿਆ ਹੈ, ਜਿਵੇਂ—ਸਾਰਿਆਂ ਪ੍ਰਾਣੀਆਂ ਵਿਚ ਸਥਿਤ ਇਕ ਦੇਵ ਹੈ, ਉਹ ਸਰਵ-ਵਿਆਪਕ, ਸਾਰੇ ਪ੍ਰਾਣੀਆਂ ਦਾ ਅੰਤਰ-ਆਤਮਾ, ਕਰਮਾਂ ਦੀ ਦੇਖ-ਭਾਲ ਕਰਨ ਵਾਲਾ, ਸਾਰਿਆਂ ਪ੍ਰਾਣੀਆਂ ਵਿਚ ਵਸਿਆ ਹੋਇਆ, ਸਭ ਦਾ ਸਾਖੀ , ਸਭ ਨੂੰ ਚੇਤਨਾ ਪ੍ਰਦਾਨ ਕਰਨ ਵਾਲਾ, ਸ਼ੁੱਧ ਅਤੇ ਨਿਰਗੁਣ ਹੈ।
ਨਿਰਗੁਣ-ਬ੍ਰਹਮ ਦਾ ਵਰਣਨ-ਵਿਸ਼ਲੇਸ਼ਣ ਯੁਗ ਯੁਗ ਵਿਚ ਸੀਮਿਤ ਜਾਂ ਅਸੀਮਿਤ ਰੂਪ ਅਥਵਾ ਅਰਥ ਵਿਚ ਹੁੰਦਾ ਆਇਆ ਹੈ, ਪਰ ਇਸ ਦੇ ਸਰੂਪ ਸੰਬੰਧੀ ਵਾਸਤਵਿਕ ਅਤੇ ਅਨੁਭੂਤੀ ਜਨਕ ਅਭਿਵਿਅਕਤੀ ਮੱਧ-ਯੁਗ ਦੇ ਸੰਤਾਂ ਤੋਂ ਸ਼ੁਰੂ ਹੋਈ ਹੈ। ਕਈ ਵਾਰ ਬ੍ਰਹਮ ਦੇ ‘ਨਿਰਗੁਣ’ ਸਰੂਪ ਦੇ ਉਪਾਸਕ ਮਤ ਨੂੰ ‘ਨਿਰਗੁਣ-ਮਤ’, ‘ਨਿਰਗੁਣ-ਸੰਪ੍ਰਦਾਇ’, ‘ਨਿਰਗੁਣ-ਸੰਤਮਤ’, ‘ਨਿਰਗੁਣ-ਮਾਰਗ’ ਜਾਂ ‘ਨਿਰਗਣ- ਪੰਥ ’ ਨਾਂ ਦਿੱਤੇ ਜਾਂਦੇ ਵੇਖੇ ਗਏ ਹਨ ਅਤੇ ਇਸ ਧਾਰਣਾ ਦੇ ਉਪਾਸਕਾਂ ਨੂੰ ‘ਨਿਰਗੁਣੀਆ’ ਆਖਿਆ ਜਾਂਦਾ ਹੈ। ਸੰਤ ਕਬੀਰ ਜੀ ਅਤੇ ਗੁਰੂ ਨਾਨਕ ਦੇਵ ਜੀ ਭਾਰਤ ਦੇ ਵਖ ਵਖ ਭਾਸ਼ਾਈ ਖੇਤਰਾਂ ਵਿਚ ਹੋਏ ਦੋ ਮਹਾਨ ਨਿਰਗੁਣੀਏ ਸੰਤ ਹੋਏ ਹਨ, ਜਿਨ੍ਹਾਂ ਨੇ ਆਪਣੇ ਆਪਣੇ ਢੰਗ ਅਤੇ ਅਨੁਭੂਤੀ ਨਾਲ ਨਿਰਗੁਣ ਬ੍ਰਹਮ ਦਾ ਨਿਰੂਪਣ ਕੀਤਾ ਹੈ, ਪਰ ਸਮੁੱਚੇ ਤੌਰ ’ਤੇ ਇਨ੍ਹਾਂ ਦੋਹਾਂ ਦੇ ਵਰਣਨ-ਵਿਸ਼ਲੇਸ਼ਣ ਵਿਚ ਕਾਫ਼ੀ ਸਮੀਪਤਾ ਰਹੀ ਹੈ।
ਨਿਰਗੁਣ-ਬ੍ਰਹਮ ਦਾ ਵਰਣਨ, ਅਸਲ ਵਿਚ, ਬੜਾ ਔਖਾ ਅਤੇ ਕਈ ਵਾਰ ਬੜਾ ਅਸੰਭਵ ਵੀ ਹੈ, ਕਿਉਂਕਿ ਵਰਣਨ ਦੇ ਸਾਧਨਾਂ ਦੀ ਉਸ ਨਿਰਗੁਣ ਤਕ ਪਹੁੰਚ ਹੀ ਨਹੀਂ ਹੋ ਸਕਦੀ। ਇਸ ਗੱਲ ਨੂੰ ਸਪੱਸ਼ਟ ਕਰਦਿਆਂ ‘ਹਿੰਦੀ ਕਾਵੑਯ ਮੇਂ ਨਿਰਗੁਣ ਸੰਪ੍ਰਦਾਯ’ (ਪੰਨਾ 158) ਦੇ ਲੇਖਕ ਡਾ. ਪੀਤਾਂਬਰਦੱਤ ਬੜਥਵਾਲ ਨੇ ਦਸਿਆ ਹੈ ਕਿ ‘‘ਪੂਰਣ ਰੂਪ ਵਿਚ ਉਸ ਸੱਤਾ ਦਾ ਕੋਈ ਢੁਕਵਾਂ ਵਿਚਾਰ ਹੀ ਨਹੀਂ ਕਰ ਸਕਦਾ, ਉਹ ਵਾਕ ਅਤੇ ਮਨ ਤੋਂ ਪਰੇ ਹੈ। ਬੁੱਧੀ ਮੂਰਤ ਰੂਪ ਦਾ ਆਧਾਰ ਚਾਹੁੰਦੀ ਹੈ ਅਤੇ ਬਾਣੀ ਰੂਪਕ ਦਾ, ਇਸ ਲਈ ਉਸ ਅਮੂਰਤ ਅਤੇ ਅਨੂਪਮ ਨੂੰ ਗ੍ਰਹਿਣ ਕਰਨ ਵਿਚ ਬੁੱਧੀ ਅਤੇ ਵਿਅਕਤ ਕਰਨ ਵਿਚ ਬਾਣੀ ਅਸਮਰਥ ਹੈ। ਬੁੱਧੀ ਨਾਲ ਅਸਾਨੂੰ ਉਨ੍ਹਾਂ ਪਦਾਰਥਾਂ ਦਾ ਗਿਆਨ ਹੋ ਸਕਦਾ ਹੈ ਜਿਹੜੇ ਇੰਦ੍ਰੀਆਂ ਦੇ ਗੋਚਰ ਹਨ, ਇੰਦ੍ਰੀਆਂ ਤੋਂ ਪਰੇ ਨਹੀਂ।’’ ਲਗਭਗ ਸਾਰੇ ਸੰਤਾਂ ਨੇ ਇਸ ਤੱਥ ਨੂੰ ਸਵੀਕਾਰ ਕੀਤਾ ਹੈ। ਗੁਰੂ ਨਾਨਕ ਬਾਣੀ ਤੋਂ ਵੀ ਅਜਿਹੇ ਅਨੇਕ ਉਦਾਹਰਣ ਮਿਲ ਜਾਂਦੇ ਹਨ, ਜਿਥੇ ਗੁਰੂ ਜੀ ਪਰਮਾਤਮਾ ਨੂੰ ਅਵਿਅਕਤ ਮੰਨਦੇ ਹਨ—(1) ਸੋਚੈ ਸੋਚ ਨ ਹੋਵਈ ਜੇ ਸੋਚੈ ਲਖ ਵਾਰ।; (2) ਸਹਸ ਸਿਆਣਪਾ ਲਖ ਹੋਇ ਤਾ ਇਕ ਨ ਚਲੈ ਨਾਲਿ। (ਜਪੁ ਜੀ)।
ਪਰਮਾਤਮਾ ਦੀ ਅਨਿਰਵਚਨੀਅਤਾ ਦਾ ਸਪੱਸ਼ਟ ਉੱਲੇਖ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿਚ ਹੋਇਆ ਹੈ। ਉਹ ਮੰਨਦੇ ਹਨ ਕਿ ਪਰਮਾਤਮਾ ਆਪ ਹੀ ਆਪਣੇ ਆਪ ਨੂੰ ਪਛਾਣਦਾ ਹੈ ਅਤੇ ਆਪਣੀ ਮਹਿਮਾ ਤੂੰ ਆਪ ਹੀ ਜਾਣਦਾ ਹੈ—ਤੇਰੀ ਮਹਿਮਾ ਤੂੰਹੈ ਜਾਣਹਿ। ਆਪਣਾ ਆਪੁ ਤੂੰ ਆਪਿ ਪਛਾਣਹਿ। (ਗੁ.ਗ੍ਰੰ.108)।
ਗੁਰੂ ਨਾਨਕ ਦੇਵ ਜੀ ਨੇ ਨਿਰਗੁਣ ਬ੍ਰਹਮ ਦੀ ਵਿਆਖਿਆ ਬੜੀ ਗੰਭੀਰਤਾ ਅਤੇ ਪ੍ਰਤੱਖ ਅਨੁਭੂਤੀ ਦੁਆਰਾ ਨਿਖੇਧਾਤਮਕ ਸ਼ੈਲੀ ਵਿਚ ਕਈ ਪ੍ਰਸੰਗਾਂ ਵਿਚ ਕੀਤੀ ਹੈ। ਮਾਰੂ ਰਾਗ ਦੇ 15ਵੇਂ ਸੋਲਹੇ ਵਿਚ ਗੁਰੂ ਜੀ ਦਸਦੇ ਹਨ ਕਿ ਅਰਬਾਂ ਯੁਗਾਂ ਤਕ ਅੰਧਕਾਰ ਹੀ ਅੰਧਕਾਰ ਵਿਆਪਤ ਸੀ। ਉਦੋਂ ਨ ਧਰਤੀ ਸੀ, ਨ ਆਕਾਸ਼, ਕੇਵਲ ਪਰਮਾਤਮਾ ਦਾ ਅਪਾਰ ਹੁਕਮ ਹੀ ਸੀ। ਉਦੋਂ ਨ ਦਿਨ ਸੀ, ਨ ਰਾਤ , ਨ ਚੰਦ ਸੀ, ਨ ਸੂਰਜ , ਪਰਮਾਤਮਾ ਸੁੰਨ ਸਮਾਧੀ ਵਿਚ ਸਥਿਤ ਸੀ। ਉਦੋਂ ਜੀਵਾਂ ਦੀਆਂ ਨ ਚਾਰ ਖਾਣੀਆਂ ਸਨ, ਨ ਹੀ ਬਾਣੀਆਂ , ਪਵਨ ਅਤੇ ਜਲ ਵੀ ਨਹੀਂ ਸੀ। ਉਤਪੱਤੀ, ਨਾਸ਼, ਜੰਮਣਾ-ਮਰਨਾ ਵੀ ਨਹੀਂ ਸਨ। ਨ ਖੰਡ ਸਨ, ਨ ਪਾਤਾਲ ਅਤੇ ਨ ਹੀ ਸੱਤ ਸਮੁੰਦਰ।...
ਗੁਰੂ ਨਾਨਕ ਦੇਵ ਜੀ ਨੇ ਉਪਰੋਕਤ ਪ੍ਰਕਰਣ ਵਿਚ ਨਿਰਗੁਣ ਬ੍ਰਹਮ ਦੀ ਨਿਰਵਿਕਲਪ ਅਵਸਥਾ ਲਈ ‘ਸੁੰਨ-ਸਮਾਧਿ’ ਸ਼ਬਦ ਵਰਤਿਆ ਹੈ। ‘ਸੁੰਨ’ ਨੂੰ ਹੀ ਉਹ ‘ਸਿਧ-ਗੋਸਟਿ’ ਵਿਚ ਅੰਦਰ, ਬਾਹਿਰ ਸਰਬਤ੍ਰ ਵਿਆਪਤ ਮੰਨਦੇ ਹਨ—ਅੰਤਰਿ ਸੁੰਨੰ ਬਾਹਰਿ ਸੁੰਨੰ ਤ੍ਰਿਭਵਣ ਸੁੰਨਮਸੁੰਨੰ। (ਗੁ.ਗ੍ਰੰ.943)। ਇਸ ਸੁੰਨ ਤੋਂ ਹੀ ਸਾਰੀ ਸ੍ਰਿਸ਼ਟੀ ਦੀ ਉਤਪੱਤੀ ਮੰਨ ਕੇ ਗੁਰੂ ਜੀ ਨੇ ਮਾਰੂ ਰਾਗ ਦੇ 17ਵੇਂ ਸੋਲਹੇ ਵਿਚ ਇਸ ਦੀ ਵਿਸਤਾਰ ਸਹਿਤ ਚਰਚਾ ਕੀਤੀ ਹੈ। ‘ਸਿਧ- ਗੋਸਟਿ ’ ਵਿਚ ਨਿਰਗੁਣ ਤੋਂ ਹੀ ਸਗੁਣ ਦੀ ਉਤਪੱਤੀ ਮੰਨਦੇ ਹੋਇਆਂ ਉਨ੍ਹਾਂ ਨੇ ਕਿਹਾ ਹੈ ਕਿ ਅਵਿਅਕਤ ਤੋਂ ਹੀ ਨਿਰਮਲ ਰੂਪ ਬ੍ਰਹਮ ਆਪ ਹੋਂਦ ਵਿਚ ਆਇਆ ਹੈ। ਫਿਰ ਨਿਰਗੁਣ- ਬ੍ਰਹਮ ਤੋਂ ਸਗੁਣ-ਬ੍ਰਹਮ ਦੀ ਉਤਪੱਤੀ ਹੋਈ ਹੈ—ਅਵਿਗਤੋ ਨਿਰਮਾਇਲੁ ਉਪਜੇ ਨਿਰਗੁਣ ਤੇ ਸਰਗੁਣੁ ਥੀਆ। (ਗੁ. ਗ੍ਰੰ.940)।
‘ਸਗੁਣ’ ਤੋਂ ਭਾਵ ਇਹ ਨਹੀਂ ਕਿ ਗੁਰੂ ਨਾਨਕ ਦੇਵ ਜੀ ਸਗੁਣਵਾਦੀ ਵੀ ਸਨ। ਅਸਲ ਵਿਚ, ਅਜਿਹੇ ਕਥਨਾਂ ਦੁਆਰਾ ਉਨ੍ਹਾਂ ਨੇ ਆਪਣੇ ਅਨੁਭਵ ਕੀਤੇ ਸਤਿ ਦਾ ਸਪੱਸ਼ਟੀਕਰਣ ਕੀਤਾ ਹੈ। ਉਨ੍ਹਾਂ ਦੀ ਬਾਣੀ ਵਿਚ ਅਵਤਾਰ- ਵਾਦ ਦਾ ਸਪੱਸ਼ਟ ਖੰਡਨ ਉਨ੍ਹਾਂ ਨੂੰ ਸਗੁਣਵਾਦੀ ਨਹੀਂ ਬਣਨ ਦਿੰਦਾ। ਗੁਰਬਾਣੀ ਵਿਚ ਨਿਰਗੁਣ ਆਧਾਰਿਤ ਸਗੁਣ ਬ੍ਰਹਮ ਸੰਬੰਧੀ ਕਥਨ ਤਿੰਨ ਰੂਪਾਂ ਵਿਚ ਵੇਖੇ ਜਾ ਸਕਦੇ ਹਨ। ਇਕ ਉਹ ਪ੍ਰਸੰਗ ਹਨ, ਜਿਥੇ ਪਰਮਾਤਮਾ ਦਾ ਵਿਰਾਟ ਰੂਪ ਚਿਤਰਿਆ ਗਿਆ ਹੈ, ਜਿਵੇਂ ਧਨਾਸਰੀ ਰਾਗ ਵਿਚ ਆਰਤੀ ਦਾ ਪ੍ਰਸੰਗ। ਦੂਜੇ ਉਹ ਪ੍ਰਸੰਗ ਹਨ, ਜਿਥੇ ਬ੍ਰਹਮ ਉਤੇ ਸੁੰਦਰ ਸਰੂਪ ਵਾਲੇ ਨਾਇਕ ਦੇ ਸ਼ਰੀਰਿਕ ਅਤੇ ਮਾਨਸਿਕ ਗੁਣਾਂ ਦਾ ਆਰੋਪਣ ਕੀਤਾ ਗਿਆ ਹੈ, ਜਿਵੇਂ ਵਡਹੰਸ ਰਾਗ ਦੇ ਦੂਜੇ ਛੰਦ ਵਿਚ (ਤੇਰੇ ਬੰਕੇ ਲੋਇਣ ਦੰਤ ਰੀਸਾਲਾ...)। ਅਤੇ, ਤੀਜੇ ਉਨ੍ਹਾਂ ਪ੍ਰਸੰਗਾਂ ਵਿਚ, ਜਿਥੇ ਪਰਮਾਤਮਾ ਵਿਚ ਅਨੇਕ ਪ੍ਰਕਾਰ ਦੇ ਗੁਣਾਂ ਦੀ ਕਲਪਨਾ ਕੀਤੀ ਗਈ ਹੈ, ਜਿਵੇਂ ਸਰਬ- ਵਿਆਪਕ, ਅੰਤਰਯਾਮੀ, ਸਰਬ-ਸ਼ਕਤੀਮਾਨ, ਦਾਤਾ , ਭਗਤ-ਵੱਛਲ, ਕ੍ਰਿਪਾਲੂ, ਮਾਤਾ-ਪਿਤਾ, ਸ਼ਰਣ- ਦਾਤਾ। ਇਸ ਸਭ ਦੇ ਬਾਵਜੂਦ ਗੁਰਮਤਿ ਦਾ ਬ੍ਰਹਮ, ਕੁਲ ਮਿਲਾ ਕੇ, ਨਿਰਗੁਣ ਹੀ ਰਹਿੰਦਾ ਹੈ।
ਗੁਰੂ ਨਾਨਕ ਦੇਵ ਜੀ ਦੇ ਨਿਰਗੁਣ-ਬ੍ਰਹਮ ਦੇ ਪ੍ਰਮਾਣਿਕ ਸਰੂਪ ਦੇ ਦਰਸ਼ਨ ਉਨ੍ਹਾਂ ਦੇ ਰਚੇ ਮੂਲ-ਮੰਤ੍ਰ ਵਿਚ ਹੁੰਦੇ ਹਨ—ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ।
ਸਾਰਾਸ਼ ਇਹ ਕਿ ਗੁਰਮਤਿ ਦਾ ਉਪਾਸੑਯ-ਦੇਵ ਨਿਰਗੁਣ-ਬ੍ਰਹਮ ਵਰਣਨ ਅਤੇ ਵਿਸ਼ਲੇਸ਼ਣ ਅਤੀਤ ਹੈ। ਉਸੇ ਤੋਂ ਸੰਸਾਰ ਦੀ ਉਤਪੱਤੀ ਅਤੇ ਵਿਸਤਾਰ ਹੁੰਦਾ ਹੈ ਅਤੇ ਉਸ ਦੇ ਵਿਸਤਾਰ ਵਿਚ ਹੀ ਪ੍ਰਭੂ ਵਿਆਪਤ ਹੈ। ਪ੍ਰਤਖ ਅਨੁਭਵ ਦੀ ਸਪੱਸ਼ਟ ਅਭਿਵਿਅਕਤੀ ਲਈ ਗੁਰਬਾਣੀ ਵਿਚ ਕਈ ਥਾਂਵਾਂ ਉਤੇ ਨਿਰਗੁਣ-ਬ੍ਰਹਮ ਦੇ ਗੁਣਾਂ ਦੀਆਂ ਕਲਪਨਾ ਸੂਚਕ ਉਕਤੀਆਂ ਮਿਲ ਜਾਂਦੀਆਂ ਹਨ, ਪਰ ਉਥੇ ਵੀ ਕੁਲ ਮਿਲਾ ਕੇ ਬ੍ਰਹਮ ਦਾ ਸਰੂਪ ਨਿਰਗੁਣ-ਬ੍ਰਹਮ ਵਾਲਾ ਹੀ ਰਹਿੰਦਾ ਹੈ। ਇਹ ਨਿਰਗੁਣ-ਬ੍ਰਹਮ ਇਕ, ਓਅੰਕਾਰ ਸਰੂਪ, ਸਤਿਨਾਮ ਵਾਲਾ, ਕਰਤਾ-ਪੁਰਖ , ਨਿਰਭਉ , ਨਿਰਵੈਰ , ਅਕਾਲ-ਮੂਰਤਿ , ਅਯੋਨਿਜ, ਸ੍ਵਯੰਭੂ ਹੈ ਅਤੇ ਇਸ ਦੀ ਪ੍ਰਾਪਤੀ ਗੁਰ ਦੁਆਰਾ ਸੰਭਵ ਹੁੰਦੀ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4658, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First