ਨਿਰਣੇਈ ਸਬੂਤ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Conclusive proof_ਨਿਰਣੇਈ ਸਬੂਤ: ਭਾਰਤੀ ਸ਼ਹਾਦਤ ਐਕਟ 1872 ਦੀ ਧਾਰਾ 4 ਵਿਚ ‘‘ਨਿਰਣੇਈ ਸਬੂਤ’’ ਦੀ ਪਰਿਭਾਸ਼ਾ ਕਰਦਿਆਂ ਕਿਹਾ ਗਿਆ ਹੈ, ‘‘ਜਦ ਇਸ ਐਕਟ ਦੁਆਰਾ ਇਕ ਤੱਥ ਨੂੰ ਕਿਸੇ ਹੋਰ ਤੱਥ ਦਾ ਨਿਰਣੇਈ ਸਬੂਤ ਐਲਾਨਿਆਂ ਗਿਆ ਹੈ, ਤਦ ਅਦਾਲਤ ਉਸ ਇਕ ਤੱਥ ਦੇ ਸਾਬਤ ਹੋ ਜਾਣ ਤੇ ਉਸ ਹੋਰ ਨੂੰ ਸਾਬਤ ਹੋਇਆ ਸਮਝੇਗੀ ਅਤੇ ਉਸ ਨੂੰ ਨਾਸਾਬਤ ਕਰਨ ਦੇ ਪ੍ਰਯੋਜਨ ਲਈ ਸ਼ਹਾਦਤ ਦਿੱਤੇ ਜਾਣ ਦੀ ਇਜਾਜ਼ਤ ਨਹੀਂ ਦੇਵੇਗੀ।’’
ਉਪਰੋਕਤ ਐਕਟ ਦੀ ਧਾਰਾ 112 ਅਨੁਸਾਰ ਕਿਸੇ ਵਿਅਕਤੀ ਦਾ ਜਨਮ ਉਸ ਦੀ ਮਾਤਾ ਅਤੇ ਕਿਸੇ ਪੁਰਖ ਦੇ ਵਿਚਕਾਰ ਜਾਇਜ਼ ਵਿਆਹ ਦੀ ਕਾਇਮੀ ਦੇ ਦੌਰਾਨ ਹੋਣਾ ਜਾਂ ਵਿਆਹ ਦੇ ਟੁਟਣ ਤੋਂ ਦੋ ਸੌ ਅੱਸੀ ਦਿਨਾਂ ਦੇ ਅੰਦਰ ਹੋਣਾ ਇਸ ਗੱਲ ਦਾ ਨਿਰਣੇਈ ਸਬੂਤ ਹੈ ਕਿ ਉਹ ਉਸ ਪੁਰਖ ਦਾ ਜਾਇਜ਼ ਪੁੱਤਰ ਹੈ। ਪਰ ਇਸ ਤੱਥ ਨੂੰ ਨਿਰਣੇਈ ਸਬੂਤ ਤਦ ਹੀ ਮੰਨਿਆ ਜਾ ਸਕਦਾ ਹੈ ਜੇ ਇਹ ਵਿਖਾਇਆ ਜਾ ਸਕੇ ਕਿ ਉਸ ਹਿਸਾਬ ਨਾਲ ਜਿਸ ਸਮੇਂ ਉਹ ਬੱਚਾ ਮਾਂ ਦੇ ਗਰਭ ਵਿਚ ਪੈ ਸਕਦਾ ਸੀ ਉਸ ਸਮੇਂ ਉਸ ਦੇ ਮਾਂ ਬਾਪ ਦੀ ਇਕ ਦੂਜੇ ਪ੍ਰਤੀ ਪਹੁੰਚ ਸੀ। ਇਸ ਦੇ ਉਲਟ ਜੇ ਇਹ ਵਿਖਾ ਦਿੱਤਾ ਜਾਵੇ ਕਿ ਜਿਸ ਸਮੇਂ ਉਸ ਦਾ ਗਰਭ ਧਾਰਨ ਕੀਤਾ ਜਾ ਸਕਦਾ ਸੀ ਉਸ ਸਮੇਂ ਵਿਆਹ ਦੀਆਂ ਧਿਰਾਂ ਦੀ ਇਕ ਦੂਜੇ ਪ੍ਰਤੀ ਪਹੁੰਚ ਨਹੀਂ ਸੀ ਤਾਂ ਉਪਰੋਕਤ ਤਥ ਅਰਥਾਤ ਵਿਆਹ ਦੀ ਕਾਇਮੀ ਬੱਚੇ ਦੀ ਜਾਇਜ਼ਤਾ ਬਾਰੇ ਨਿਰਣੇਈ ਸਬੂਤ ਨਹੀਂ ਰਹਿ ਜਾਂਦਾ। ਸੋਮਾਵੰਤੀ ਬਨਾਮ ਪੰਜਾਬ ਰਾਜ (ਏ ਆਈ ਆਰ 1963 ਐਸ ਸੀ 151) ਅਨੁਸਾਰ ਨਿਰਣੇਈ ਸ਼ਹਾਦਤ ਅਤੇ ਨਿਰਣੇਈ ਸਬੂਤ ਦੇ ਅਸਰ ਵਿਚਕਾਰ ਕੋਈ ਫ਼ਰਕ ਨਹੀਂ ਹੈ। ਦੋਹਾਂ ਦਾ ਨਿਸ਼ਾਨਾ ਕਿਸੇ ਹੋਰ ਤੱਥ ਦੇ ਸਬੂਤ ਦੁਆਰਾ ਕਿਸੇ ਤੱਥ ਦੀ ਹੋਂਦ ਦੇ ਸਬੂਤ ਨੂੰ ਅੰਤਮ ਮੰਨਣਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1804, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First