ਨਿਰਭਉ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਿਰਭਉ ਵਿ—ਨਿਭਯ. ਡਰ ਰਹਿਤ. ਬੇਖ਼ੌਫ਼. ਨਿਡਰ. “ਨਿਰਭਉ1 ਨਿਰਵੈਰੁ.” (ਜਪੁ) “ਤਉ ਨਾਨਕ ਨਿਰਭਏ.” (ਗਉ ਮ: ੫) ਨਿਭਯ ਭਏ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3217, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਨਿਰਭਉ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਨਿਰਭਉ: ਮੂਲ-ਮੰਤ੍ਰ ਵਿਚ ਇਸ ਸ਼ਬਦ ਦੀ ਵਰਤੋਂ ਪਰਮ-ਸੱਤਾ ਦੇ ਵਾਚਕ ਵਜੋਂ ਹੋਈ ਹੈ। ਇਸ ਤੋਂ ਭਾਵ ਹੈ ਜੋ ਭਉ (ਭੈ) ਤੋਂ ਪਰੈ ਹੋਵੇ ਜਾਂ ਭੈ-ਅਤੀਤ ਹੋਵੇ। ਭੈ ਤੋਂ ਪਰੇ ਉਹੀ ਹੋ ਸਕਦਾ ਹੈ ਜੋ ਸਰਵ-ਸ਼ਕਤੀਮਾਨ ਹੋਵੇ, ਜਿਸ ਨੂੰ ਕਿਸੇ ਦਾ ਭੈ ਨ ਹੋਵੇ। ਜਿਸ ਨੂੰ ਕਿਸੇ ਦਾ ਭੈ ਹੋਵੇ, ਜਾਂ ਜਿਸ ਦੀ ਸ਼ਕਤੀ ਉਪਰ ਹੋਰ ਕਿਸੇ ਦੀ ਸ਼ਕਤੀ ਹੋਵੇ, ਉਹ ਭੈ- ਯੁਕਤ ਹੁੰਦਾ ਹੈ, ਭੈ-ਮੁਕਤ ਜਾਂ ਭੈ-ਅਤੀਤ ਨਹੀਂ। ਅਸਲ ਵਿਚ, ਪਰਮਾਤਮਾ ਦਾ ਭੈ ਸਭ ਤੋਂ ਉਪਰ ਹੈ। ‘ਆਸਾ ਕੀ ਵਾਰ ’ ਅਨੁਸਾਰ ਪਰਮਾਤਮਾ ਦੇ ਭੈ ਵਿਚ ਸੈਂਕੜੇ ਧੁਨੀਆਂ ਪੈਦਾ ਕਰਨ ਵਾਲੀ ਪੌਣ ਚਲਦੀ ਹੈ, ਲੱਖਾਂ ਨਦੀਆਂ ਵਹਿੰਦੀਆਂ ਹਨ, ਅਗਨੀ ਵੇਗਾਰ ਕਢਦੀ ਹੈ, ਧਰਤੀ ਭਾਰ ਨਾਲ ਦਬੀ ਰਹਿੰਦੀ ਹੈ, ਇੰਦ੍ਰ ਆਪਣੇ ਸਿਰ ਉਤੇ ਵਰਖਾ ਦਾ ਭਾਰ ਢੋਂਦਾ ਹੈ, ਧਰਮ-ਰਾਜ ਆਪਣਾ ਕਾਰਜ ਨਿਭਾਉਂਦਾ ਹੈ, ਸੂਰਜ ਅਤੇ ਚੰਦ੍ਰਮਾ ਅਸੀਮ ਮਾਰਗ ਉਪਰ ਕਰੋੜਾਂ ਕੋਹ ਚਲਦੇ ਹਨ, ਸਿਧ-ਬੁੱਧ-ਸੁਰ ਅਤੇ ਨਾਥ ਆਪਣੇ ਕਾਰਜਾਂ ਵਿਚ ਲੀਨ ਰਹਿੰਦੇ ਹਨ। ਆਕਾਸ਼ ਅਤੇ ਤਾਰਾ-ਮੰਡਲ ਸਥਿਤ ਹਨ। ਮਹਾਬਲੀ ਯੁੱਧਵੀਰ ਆਪਣੇ ਅਧਿਕਾਰ ਖੇਤਰਾਂ ਵਿਚ ਵਿਚਰਣ ਕਰਦੇ ਹਨ ਅਤੇ ਅਨੇਕਾਂ ਸਮੂਹ ਜਨਮ ਲੈਂਦੇ ਅਤੇ ਮਰਦੇ ਹਨ—ਭੈ ਵਿਚਿ ਪਵਣੁ ਵਹੈ ਸਦ ਵਾਉ। ਭੈ ਵਿਚਿ ਚਲਹਿ ਲਖ ਦਰੀਆਉ। ਭੈ ਵਿਚਿ ਅਗਨਿ ਕਢੈ ਵੇਗਾਰਿ। ਭੈ ਵਿਚਿ ਧਰਤੀ ਦਬੀ ਭਾਰਿ।... (ਗੁ.ਗ੍ਰੰ.464)।
‘ਆਸਾ ਕੀ ਵਾਰ ’ ਵਿਚਲੇ ਈਸ਼ਵਰੀ ਭੈ ਵਰਗਾ ਵਰਣਨ ‘ਕਠ-ਉਪਨਿਸ਼ਦ’ (2/3) ਅਤੇ ‘ਤੈਤਿਰੀਯ- ਉਪਨਿਸ਼ਦ ’ (2/8/1) ਅਤੇ ‘ਕੁਰਾਨ’ ਵਿਚ ਵੀ ਹੋਇਆ ਹੈ, ਪਰ ਗੁਰੂ ਨਾਨਕ ਦੇਵ ਜੀ ਦੇ ਭੈ-ਵਰਣਨ ਦੀ ਵਿਸ਼ੇਸ਼ਤਾ ਇਹ ਹੈ ਕਿ ਪਰਮਾਤਮਾ ਕੇਵਲ ਭੈ ਦਾ ਭਗਵਾਨ ਨਹੀਂ, ਪ੍ਰੇਮ-ਪਰਾਇਣ ਪ੍ਰੀਤਮ ਵੀ ਹੈ। ਅਜਿਹੀ ਮਹਾਨ ਅਤੇ ਸਰਵ -ਸ੍ਰੇਸ਼ਠ ਸ਼ਕਤੀ ਵਾਲੇ ਨਿਰਾਕਾਰ ਅਤੇ ਸਤਿਸਰੂਪ ਪਰਮਾਤਮਾ ਲਈ ਹੀ ਗੁਰੂ ਨਾਨਕ ਦੇਵ ਜੀ ਨੇ ‘ਨਿਰਭਉ’ ਸ਼ਬਦ ਵਰਤਿਆ ਹੈ—ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ। (ਗੁ.ਗ੍ਰੰ.464)। ਉਸ ਪਰਮ-ਸੱਤਾ ਦੇ ਸਾਹਮਣੇ ਦੇਵੀ- ਦੇਵਤੇ ਸਭ ਧੂੜ ਸਮਾਨ ਹਨ—ਨਾਨਕ ਨਿਰਭਉ ਨਿਰੰਕਾਰ ਹੋਰਿ ਕੇਤੇ ਰਾਮ ਰਵਾਲ। (ਗੁ.ਗ੍ਰੰ.464)।
ਪਰਮਾਤਮਾ ਲਈ ‘ਨਿਰਭਉ’ ਸ਼ਬਦ ਦੀ ਵਰਤੋਂ ਹੋਰ ਵੀ ਕਈ ਪ੍ਰਕਰਣਾਂ ਵਿਚ ਹੋਈ ਮਿਲਦੀ ਹੈ, ਜਿਵੇਂ—ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ। (ਗੁ.ਗ੍ਰੰ.12)। ਨਿਰਭਉ ਦੇ ਲੱਛਣਾਂ ਨੂੰ ਵੀ ਸਪੱਸ਼ਟ ਕਰਦਿਆਂ ਕਿਹਾ ਗਿਆ ਹੈ, ਜਿਵੇਂ—ਨਿਰਭਉ ਸੋ ਸਿਰਿ ਨਾਹੀ ਲੇਖਾ। ਆਪਿ ਅਲੇਖੁ ਕੁਦਰਤਿ ਹੈ ਦੇਖਾ। ਆਪਿ ਅਤੀਤੁ ਅਜੋਨੀ ਸੰਭਉ ਨਾਨਕ ਗੁਰਮਤਿ ਸੋ ਪਾਇਆ। (ਗੁ.ਗ੍ਰੰ.1042); ਨਿਰਭਉ ਸੋ ਅਭਅੰਤਰਿ ਵਸਿਆ। ਅਹਿਨਿਸਿ ਨਾਮਿ ਨਿਰੰਜਨ ਰਸਿਆ। (ਗੁ.ਗ੍ਰੰ.1042)। ਤਿਲੰਗ ਰਾਗ ਦੇ ‘ਰਾਇਸਾ’ ਪ੍ਰਕਰਣ ਵਿਚ ‘ਨਿਰਭਉ’ ਲਈ ‘ਅਨਭਉ’ ਸ਼ਬਦ ਵਰਤਿਆ ਗਿਆ ਹੈ।
ਗੁਰੂ ਰਾਮਦਾਸ ਜੀ ਦੀ ਧਾਰਣਾ ਹੈ ਕਿ ਜਿਨ੍ਹਾਂ ਨੇ ਨਿਰਭਉ ਹਰਿ ਦੀ ਆਰਾਧਨਾ ਕਰ ਲਈ, ਉਨ੍ਹਾਂ ਦਾ ਪ੍ਰਪੰਚਕ ਭਉ ਖ਼ਤਮ ਹੋ ਜਾਂਦਾ ਹੈ—ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭੁ ਗਵਾਸੀ। (ਗੁ.ਗ੍ਰੰ.11)।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3216, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਨਿਰਭਉ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਨਿਰਭਉ* (ਗੁ.। ਸੰਸਕ੍ਰਿਤ ਨਿਰੑਭਯ। ਪੰਜਾਬੀ ਨਿਰ+ਭਉ) ਭੈ ਰਹਿਤ ਪਰਮਾਤਮਾ। ਯਥਾ-‘ਨਿਰਭਉ ਨਿਰਵੈਰੁ ’।
----------
* ਦੇਖੋ , ਭਉ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3217, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਨਿਰਭਉ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਨਿਰਭਉ: ‘ਨਿਰਭਉ’ ਗੁਰੂ ਨਾਨਕ ਦੇਵ ਦੁਆਰਾ ‘ਜਪੁਜੀ ਸਾਹਿਬ’ ਦੇ ਆਰੰਭ ਵਿਚ ਲਿਖੇ ਗਏ ਸਿੱਖੀ ਜਾਂ ਗੁਰਮਿਤ ਦੇ ਮੂਲ ਮੰਤਰ ਵਿਚ ਪ੍ਰਭੂ ਦੇ ਵਿਸ਼ੇਸ਼ ਗੁਣ ਦਾ ਬੋਧ ਕਰਵਾਉਣ ਵਾਲਾ ਸ਼ਬਦ ਹੈ। ਇਸ ਦਾ ਅਰਥ ਹੈ––ਨਿਰਭੈ, ਡਰ ਦੇ ਪ੍ਰਭਾਵ ਤੋਂ ਪਰੇ, ਭੈਅਤੀਤ। ਗੁਰੂ ਅਰਜਨ ਦੇਵ ਜੀ ਨੇ ਗਉੜੀ ਰਾਗ ਵਿਚ ਫ਼ਰਮਇਆ ਹੈ––‘ਤਉ ਨਾਨਕ ਨਿਰਭਏ।’ [ਸਹਾ. ਗ੍ਰੰਥ––ਮ. ਕੋ.]
ਲੇਖਕ : ਡਾ. ਪ੍ਰੀਤਮ ਸੈਨੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2637, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First