ਨਿਰਮਲੇ ਸਾਧੂ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਨਿਰਮਲੇ ਸਾਧੂ: ਨਿਰਮਲ ਸੰਪਰਦਾ ਸਿਧਾਂਤਿਕ ਤੌਰ `ਤੇ ਖ਼ਾਲਸਾ ਪੰਥ ਦਾ ਹੀ ਇੱਕ ਅੰਗ ਹੈ। ਇਸ ਦੇ ਮੁੱਢ ਬਾਰੇ ਦੋ ਵੱਖ-ਵੱਖ ਮਤ ਮਿਲਦੇ ਹਨ। ਪਹਿਲਾ ਇਹ ਹੈ ਕਿ ਗੁਰੂ ਨਾਨਕ ਦੇਵ ਵੇਲੇ ਸਿੱਖ ਮਤ ਦਾ ਨਾਂ ਹੀ ਨਿਰਮਲ ਪੰਥ ਸੀ। ਆਪਣੇ ਇਸ ਵਿਚਾਰ ਦੀ ਪ੍ਰੋੜ੍ਹਤਾ ਲਈ ਵਿਦਵਾਨ ਗੁਰਬਾਣੀ, ਭਾਈ ਗੁਰਦਾਸ ਦੀਆਂ ਵਾਰਾਂ ਅਤੇ ਹੋਰ ਲਿਖਤਾਂ ਵਿੱਚੋਂ ਉਦਾਹਰਨਾਂ ਵੀ ਦਿੰਦੇ ਹਨ ਪਰ ਵਧੇਰੇ ਪ੍ਰਚਲਿਤ ਮੱਤ ਏਹੀ ਹੈ ਕਿ ਜਦ ਗੁਰੂ ਗੋਬਿੰਦ ਸਿੰਘ ਨੇ ਭਾਰਤੀ ਸੱਭਿਆਚਾਰ ਦੀ ਪੁਨਰ ਸੁਰਜੀਤੀ ਦਾ ਅੰਦੋਲਨ ਚਲਾਇਆ ਤਾਂ ਉਹਨਾਂ ਸਮਝਿਆ ਕਿ ਪੁਰਾਣੇ ਸਾਹਿਤਿਕ ਵਿਰਸੇ ਤੋਂ ਜਾਣੂ ਹੋਣ ਲਈ ਸੰਸਕ੍ਰਿਤ ਭਾਸ਼ਾ ਦੀ ਵਾਕਫ਼ੀ ਬਹੁਤ ਜ਼ਰੂਰੀ ਹੈ। ਸੋ ਉਹਨਾਂ ਨੇ ਆਪਣੇ ਕੁਝ ਸਿੱਖਾਂ ਨੂੰ ਸੰਸਕ੍ਰਿਤ ਪੜ੍ਹਨ ਲਈ 1686 ਈ. ਵਿੱਚ ਪਾਉਂਟਾ ਸਾਹਿਬ ਦੇ ਪੰਡਤ ਰਘੁਨਾਥ ਕੋਲ ਭੇਜ ਦਿੱਤਾ। ਕੁਝ ਚਿਰ ਪਿੱਛੋਂ ਪੰਡਤ ਨੂੰ ਸਿੱਖਾਂ ਵਿੱਚੋਂ ਕੁਝ ਸਿੱਖਾਂ ਦੀਆਂ ਕਥਿਤ ਨੀਵੀਆਂ ਜਾਤਾਂ ਦਾ ਪਤਾ ਲੱਗਾ ਤਾਂ ਉਸ ਨੇ ਉਹਨਾਂ ਨੂੰ ਸੰਸਕ੍ਰਿਤ ਪੜ੍ਹਨ ਦੇ ਕਾਬਲ ਨਾ ਸਮਝ ਕੇ ਉਹਨਾਂ ਨੂੰ ਪੜ੍ਹਾਉਣ ਤੋਂ ਇਨਕਾਰ ਕਰ ਦਿੱਤਾ। ਅਜਿਹਾ ਵਾਪਰਨ `ਤੇ ਗੁਰੂ ਗੋਬਿੰਦ ਸਿੰਘ ਨੇ ਚੋਣਵੇਂ ਪੰਜ ਸਿੱਖਾਂ ਰਾਮ ਸਿੰਘ, ਕਰਮ ਸਿੰਘ, ਗੰਡਾ ਸਿੰਘ, ਵੀਰ ਸਿੰਘ ਅਤੇ ਸੋਭਾ ਸਿੰਘ ਨੂੰ ਬ੍ਰਹਮਚਾਰੀ ਭੇਖ ਵਿੱਚ ਸੰਸਕ੍ਰਿਤ ਪੜ੍ਹਨ ਲਈ ਬਨਾਰਸ (ਕਾਂਸ਼ੀ) ਭੇਜ ਦਿੱਤਾ। ਜਦ ਇਹ ਪੰਜੇ ਸਿੱਖ ਸੰਸਕ੍ਰਿਤ ਪੜ੍ਹ ਕੇ ਵਾਪਸ ਆਏ ਤਾਂ ਗੁਰੂ ਜੀ ਇਹਨਾਂ ਨੂੰ ਨਿਰਮਲ ਬੁੱਧ ਕਹਿਣ ਲੱਗ ਪਏ ਅਤੇ ਇਹਨਾਂ ਦੀ ਚਲਾਈ ਸੰਪਰਦਾ ਨੂੰ ਨਿਰਮਲੇ ਕਰ ਕੇ ਜਾਣਿਆ ਜਾਣ ਲੱਗਾ। ਅਨੰਦਪੁਰ ਸਾਹਿਬ ਪਰਤ ਕੇ ਇਹ ਸੰਗਤਾਂ ਨੂੰ ਮਹਾਂਭਾਰਤ, ਸੁਕ੍ਰਨੀਤੀ, ਉਪਨਿਸ਼ਦਾਂ ਅਤੇ ਪੁਰਾਣਾਂ ਦੀ ਕਥਾ ਵਾਰਤਾ ਸੁਣਾਉਣ ਲੱਗ ਪਏ। ਗਿ. ਗਿਆਨ ਸਿੰਘ ਅਨੁਸਾਰ, ਜੋ ਖ਼ੁਦ ਵੀ ਇੱਕ ਨਿਰਮਲਾ ਸਾਧ ਸੀ, ਗੁਰੂ ਗੋਬਿੰਦ ਸਿੰਘ ਦੇ ਸ਼ਾਸਤਰ ਅਤੇ ਸ਼ਸਤਰ ਦੋ ਪ੍ਰਕਾਰ ਦੀ ਵਿੱਦਿਆ ਵਿੱਚੋਂ ਸ਼ਾਸਤਰ ਦੀ ਵਿੱਦਿਆ ਲਈ ਨਿਰਮਲੇ ਸੰਤਾਂ ਨੂੰ ਹੁਕਮ ਕੀਤਾ। ਏਸੇ ਲਈ ਨਿਰਮਲੇ ਸਿੱਖਾਂ ਵਿੱਚ ਵਿਦਵਾਨ ਅਤੇ ਵਿਚਾਰਵਾਨ ਕਰ ਕੇ ਪ੍ਰਸਿੱਧ ਹੋਏ।

     ਉਂਞ ਤਾਂ ਨਿਰਮਲੇ ਸੰਤ ਦਸ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਸ਼ਟ ਮੰਨਦੇ ਹਨ ਪਰ ਇਸ ਦੇ ਨਾਲ ਹੀ ਉਹ ਉਸ ਮਹਾਂਪੁਰਸ਼ ਨੂੰ ਵੀ ਆਪਣਾ ਦੇਹਧਾਰੀ ਗੁਰੂ ਪ੍ਰਵਾਨ ਕਰਦੇ ਹਨ, ਜਿਸ ਦੇ ਰਾਹੀਂ ਉਹ ਨਿਰਮਲ ਪੰਥ ਵਿੱਚ ਦਾਖ਼ਲ ਹੁੰਦੇ ਹਨ। ਅਜਿਹਾ ਗੁਰੂ ਆਮ ਤੌਰ `ਤੇ ਡੇਰੇ ਦਾ ਮਹੰਤ ਹੁੰਦਾ ਹੈ। ਇਸ ਤਰ੍ਹਾਂ ਨਿਰਮਲੇ ਸੰਤਾਂ ਵਿੱਚ ਗੁਰੂ ਚੇਲੇ ਦੀ ਪਰੰਪਰਾ ਚੱਲਦੀ ਹੈ। ਗੁਰੂ ਦੇ ਦਿਹਾਂਤ ਤੋਂ ਪਿੱਛੋਂ ਉਸ ਦੀ ਗੱਦੀ ਵੱਡੇ ਚੇਲੇ ਜਾਂ ਫਿਰ ਕਿਸੇ ਹੋਰ ਯੋਗ ਚੇਲੇ ਨੂੰ ਦਿੱਤੀ ਜਾਂਦੀ ਹੈ। ਇੱਕ ਦੂਜੇ ਨੂੰ ਮਿਲਣ ਵੇਲੇ ਛੋਟਾ ਸੰਤ ਵੱਡੇ ਸੰਤ ਨੂੰ ਮੱਥਾ ਟੇਕਦਾ ਹੈ। ਦੇਹਧਾਰੀ ਗੁਰੂ ਦੇ ਵਿਸ਼ਵਾਸੀ ਹੋਣ ਕਰ ਕੇ ਨਿਰਮਲੇ ਸੰਤਾਂ ਦੀ ਪੂਜਾ ਵਿਧੀ ਵਿੱਚ ਵੈਸ਼ਣਵ ਪੂਜਾ ਦੇ ਅਨੇਕ ਤੱਤ ਵੀ ਮਿਲ ਜਾਂਦੇ ਹਨ। ਸੰਸਕ੍ਰਿਤ ਦੇ ਪੌਰਾਣਿਕ ਅਤੇ ਹੋਰ ਗ੍ਰੰਥਾਂ ਦੇ ਅਧਿਐਨ ਕਰ ਕੇ ਇਹਨਾਂ ਵਿੱਚ ਕੁਝ ਸਨਾਤਨੀ ਜਾਂ ਬ੍ਰਾਹਮਣੀ ਰਹੁਰੀਤਾਂ ਵੀ ਆ ਗਈਆਂ, ਜਿਹੜੀਆਂ ਇਹਨਾਂ ਦੀ ਸਿੱਖੀ ਨਾਲੋਂ ਕੁਝ ਵੱਖਰਤਾ ਵੀ ਸਥਾਪਿਤ ਕਰਦੀਆਂ ਹਨ ਜਿਵੇਂ :

        1.         ਇਹ ਗੁਰਬਾਣੀ ਦੀ ਵਿਆਖਿਆ ਵੇਦਾਂਤ ਅਨੁਸਾਰ ਕਰਦੇ ਹਨ।

        2.        ਰਾਮ, ਕ੍ਰਿਸ਼ਨ ਆਦਿ ਅਵਤਾਰਾਂ ਨੂੰ ਪੂਜਣਯੋਗ ਸਮਝਦੇ ਹਨ।

        3.        ਸ਼ਾਮ ਵੇਲੇ ਧੂਪ, ਦੀਪ ਆਦਿ ਨਾਲ ਗੁਰੂ ਦੀ ਪੂਜਾ ਅਤੇ ਆਰਤੀ ਕਰਦੇ ਹਨ। ਗੁਰਦੁਆਰੇ, ਡੇਰੇ ਤੇ ਸੰਤਾਂ ਸਾਧਾਂ ਦੀਆਂ ਸਮਾਧਾਂ ਉੱਤੇ ਧੂਪ ਧੁਖਾਉਣਾ, ਦੀਵੇ ਜਗਾਉਣੇ ਅਤੇ ਫੁੱਲ ਆਦਿ ਚੜ੍ਹਾਉਣੇ ਵੀ ਜ਼ਰੂਰੀ ਸਮਝਦੇ ਹਨ।

        4.        ਗੁਰੂ ਗ੍ਰੰਥ ਸਾਹਿਬ ਨੂੰ ਸਭ ਤੋਂ ਉੱਚਾ ਮੰਨਦੇ ਹੋਏ ਵੀ ਪੁਰਾਣਾਂ ਪ੍ਰਤਿ ਸ਼ਰਧਾ ਰੱਖਦੇ ਹਨ।

     ਆਮ ਤੌਰ `ਤੇ ਨਿਰਮਲੇ ਸੰਤਾਂ ਦਾ ਪਹਿਰਾਵਾ ਤਿੰਨ ਤਰ੍ਹਾਂ ਦਾ ਹੁੰਦਾ ਹੈ। ਇੱਕ ਉਹ ਜੋ ਭਗਵੇਂ ਕੱਪੜੇ ਪਾਉਂਦੇ ਹਨ। ਦੂਜੇ ਉਹ ਜੋ ਬਾਕੀ ਕੱਪੜੇ ਤਾਂ ਚਿੱਟੇ ਪਹਿਨਦੇ ਹਨ ਪਰ ਪੱਗੜੀ ਭਗਵੇਂ ਰੰਗ ਦੀ ਰੱਖਦੇ ਹਨ। ਤੀਜੇ ਉਹ ਜੋ ਸਾਰੇ ਹੀ ਕੱਪੜੇ ਚਿੱਟੇ ਪਹਿਨਦੇ ਹਨ। ਕੇਸਾਧਾਰੀ ਹੋਣਾ ਵੀ ਅਤਿ ਜ਼ਰੂਰੀ ਸ਼ਰਤ ਹੈ। ਕੇਸਾਂ ਤੋਂ ਬਿਨਾਂ ਕੋਈ ਵੀ ਨਿਰਮਲ ਸੰਪਰਦਾ ਵਿੱਚ ਦਾਖ਼ਲ ਨਹੀਂ ਹੋ ਸਕਦਾ।

     ਹਰ ਨਵੇਂ ਬਣੇ ਨਿਰਮਲੇ ਸਾਧ ਨੂੰ ਸਭ ਤੋਂ ਪਹਿਲਾਂ ਗੁਰਮੁਖੀ ਪੜ੍ਹਾਈ ਜਾਂਦੀ ਹੈ ਅਤੇ ਫਿਰ ਇਸ ਰਾਹੀਂ ਗੁਰਬਾਣੀ ਦਾ ਅਧਿਐਨ ਕਰਵਾਇਆ ਜਾਂਦਾ ਹੈ, ਪਿੱਛੋਂ ਉਹ ਸੰਸਕ੍ਰਿਤ ਦੇ ਗ੍ਰੰਥ ਪੜ੍ਹਦਾ ਹੈ। ਭਗਵੇਂ ਕੱਪੜੇ ਪਾਉਣ ਵਾਲਿਆਂ ਤੋਂ ਬਿਨਾਂ ਬਾਕੀ ਸਾਰੇ ਨਿਰਮਲੇ ਸੰਤਾਂ ਲਈ ਅੰਮ੍ਰਿਤ ਛਕਣਾ ਲਾਜ਼ਮੀ ਹੈ ਅਤੇ ਇਹ ਅੰਮ੍ਰਿਤ ਉਹ ਆਪਣੇ ਗੁਰੂ ਤੋਂ ਛੱਕਦੇ ਹਨ। ਪਹਿਲਾਂ ਨਿਰਮਲੇ ਗ੍ਰਹਿਸਥੀ ਨਹੀਂ ਸਨ ਹੁੰਦੇ ਅਤੇ ਜੋ ਕੋਈ ਸ਼ਾਦੀ ਕਰ ਲੈਂਦਾ ਸੀ ਤਾਂ ਉਸ ਨੂੰ ਸੰਪਰਦਾ ਵਿੱਚ ਨਹੀਂ ਸੀ ਰੱਖਿਆ ਜਾਂਦਾ ਪਰ ਹੁਣ ਇਸ ਪਾਬੰਦੀ ਦੀ ਸਖ਼ਤੀ ਨਾਲ ਪਾਲਣਾ ਨਹੀਂ ਕੀਤੀ ਜਾਂਦੀ। ਵੱਖ-ਵੱਖ ਦੇਹਧਾਰੀ ਨਿਰਮਲੇ ਗੁਰੂਆਂ ਦੀ ਪ੍ਰਸਿੱਧੀ ਕਰ ਕੇ ਇਸ ਸੰਪਰਦਾ ਦੀਆਂ ਕਈ ਉਪ- ਸ਼ਾਖਾਵਾਂ ਪ੍ਰਚਲਿਤ ਹੋ ਗਈਆਂ ਹਨ ਅਤੇ ਇਹਨਾਂ ਦੇ ਨਾਂ ਵੀ ਖ਼ਾਸ-ਖ਼ਾਸ ਥਾਂਵਾਂ, ਵਰਗਾਂ ਅਤੇ ਮਹੰਤਾਂ ਆਦਿ ਦੇ ਨਾਵਾਂ `ਤੇ ਰੱਖ ਲਏ ਗਏ ਹਨ।

     ਨਿਰਮਲੇ ਸੰਤਾਂ ਦੇ ਡੇਰਿਆਂ ਨੂੰ ਅਖਾੜੇ ਕਿਹਾ ਜਾਂਦਾ ਹੈ। ਹਿੰਦੂ ਤੀਰਥ ਅਸਥਾਨਾਂ `ਤੇ ਸਿੱਖ ਸੰਪਰਦਾਵਾਂ ਦੇ ਸੰਤਾਂ ਸਾਧਾਂ ਨੂੰ ਕੋਈ ਬਹੁਤੀ ਕਦਰ ਦੀ ਨਿਗਾਹ ਨਾਲ ਨਹੀਂ ਸੀ ਵੇਖਿਆ ਜਾਂਦਾ ਸਗੋਂ ਕਈ ਵਾਰ ਅਪਮਾਨ ਵੀ ਸਹਿਣਾ ਪੈਂਦਾ ਸੀ। ਇਸ ਭਾਵਨਾ ਵਿੱਚੋਂ ਉਦਾਸੀਆਂ ਵਾਂਗ ਨਿਰਮਲੇ ਸੰਤਾਂ ਦੇ ਮਨਾਂ ਵਿੱਚ ਆਪਣੇ ਡੇਰੇ ਕਾਇਮ ਕਰਨ ਦੀ ਇੱਛਾ ਜਾਗੀ। ਭਾਈ ਤੋਤਾ ਸਿੰਘ, ਰਾਮ ਸਿੰਘ ਅਤੇ ਮਹਿਤਾਬ ਸਿੰਘ ਆਦਿ ਸੰਤਾਂ ਦੀ ਪ੍ਰੇਰਨਾ ਕਰ ਕੇ 1861 ਈ. ਵਿੱਚ ‘ਫੂਲਕੀਆਂ ਰਿਆਸਤਾਂ’ (ਨਾਭਾ, ਪਟਿਆਲਾ, ਜੀਂਦ) ਦੇ ਮਹਾਰਾਜਿਆਂ ਦੇ ਦਾਨ ਨਾਲ ਪਟਿਆਲੇ ਵਿੱਚ ਨਿਰਮਲੇ ਸੰਤਾਂ ਦਾ ਅਖਾੜਾ ਕਾਇਮ ਹੋਇਆ, ਜਿਸ ਦਾ ਨਾਂ ਧਰਮ ਧੁਜਾ ਰੱਖਿਆ ਗਿਆ, ਜਿਸ ਦੇ ਪਹਿਲੇ ਮੁਖੀ ਭਾਈ ਮਹਿਤਾਬ ਸਿੰਘ ਥਾਪੇ ਗਏ। ਬਾਅਦ ਵਿੱਚ ਇਸ ਅਖਾੜੇ ਦਾ ਮੁੱਖ ਕੇਂਦਰ ਕਨਖਲ (ਹਰਿਦੁਆਰ) ਬਣ ਗਿਆ।

     ਨਿਰਮਲ ਸੰਪਰਦਾ ਦਾ ਜਨਮ ਹੀ ਸਿੱਖਾਂ ਵਿੱਚ ਵਿੱਦਿਆ ਫੈਲਾਉਣ ਅਤੇ ਗੁਰਮਤਿ ਪ੍ਰਚਾਰ ਵਾਸਤੇ ਹੋਇਆ ਸੀ, ਇਸ ਲਈ ਇਹਨਾਂ ਦੀ ਦੋਹਾਂ ਖੇਤਰਾਂ ਵਿੱਚ ਹੀ ਦੇਣ ਬੜੀ ਇਤਿਹਾਸਿਕ, ਵੱਡਮੁੱਲੀ ਅਤੇ ਗੌਲਣਯੋਗ ਹੈ। ਇਹਨਾਂ ਨੇ ਗੁਰਧਾਮਾਂ, ਡੇਰਿਆਂ ਅਤੇ ਮੱਠਾਂ ਦੀ ਉਸਾਰੀ ਕਰਵਾਈ ਅਤੇ ਇਹਨਾਂ ਰਾਹੀਂ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਵਿੱਚ ਨਿੱਗਰ ਹਿੱਸਾ ਪਾਇਆ। ਇਹ ਸਿੱਖੀ ਦੇ ਵਿੱਦਿਆ ਕੇਂਦਰ ਵੀ ਸਨ। ਪੁਰਾਣੇ ਗੁਰਧਾਮਾਂ ਦੇ ਗ੍ਰੰਥੀ ਵਧੇਰੇ ਕਰ ਕੇ ਉਦਾਸੀ ਹੁੰਦੇ ਸਨ ਜਾਂ ਨਿਰਮਲੇ। ਕਥਾ ਵਾਰਤਾ ਸੁਣਾਉਣ ਵਰਗੇ ਮੌਖਿਕ ਪ੍ਰਚਾਰ ਤੋਂ ਬਿਨਾਂ ਨਿਰਮਲੇ ਸੰਤਾਂ ਨੇ ਲਿਖਤੀ ਰੂਪ ਵਿੱਚ ਸਿੱਖ ਦਰਸ਼ਨ, ਨੈਤਿਕਤਾ, ਰਹਿਤ ਮਰਯਾਦਾ ਅਤੇ ਜੀਵਨ-ਜਾਚ ਦੀ ਵਿਆਖਿਆ ਕਰਨ ਵਿੱਚ ਵੀ ਜਿੰਨਾ ਕੰਮ ਕੀਤਾ, ਉਹ ਕਿਸੇ ਹੋਰ ਸੰਪਰਦਾ ਦੇ ਹਿੱਸੇ ਨਹੀਂ ਆਇਆ। ਉਨ੍ਹੀਵੀਂ ਸਦੀ ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਆਲੇ-ਦੁਆਲੇ ਕਾਇਮ ਹੋਏ ਬੁੰਗਿਆਂ ਵਿੱਚੋਂ ਨਿਰਮਲਿਆਂ ਦੇ ਕਈ ਬੁੰਗੇ ਆਪੋ-ਆਪਣੀਆਂ ਖ਼ਾਸ ਵਿੱਦਿਆਵਾਂ ਲਈ ਪ੍ਰਸਿੱਧ ਸਨ। ਇਸ ਸੰਪਰਦਾ ਦੇ ਕਈ ਨਾਮਵਰ ਸਾਧੂ ‘ਪੰਡਤ’ ਸ਼ਬਦ ਨਾਲ ਜਾਣੇ ਜਾਂਦੇ ਸਨ ਅਤੇ ਪਰੰਪਰਾਗਤ ਅਰਥਾਂ ਵਿੱਚ ਪੰਡਤ ਦਾ ਕੰਮ ਵਿੱਦਿਆ ਦਾਨ ਦੇਣਾ ਅਤੇ ਗ੍ਰੰਥ ਰਚਨਾ ਕਰਨਾ ਸੀ। ਸੋ ਨਿਰਮਲੇ ਪੰਡਤਾਂ ਨੇ ਵੀ ਆਪਣੇ ਇਸ ਧਰਮ ਨੂੰ ਖ਼ੂਬ ਨਿਭਾਇਆ। ਅਠਾਰਵੀਂ ਅਤੇ ਉਨ੍ਹੀਵੀਂ ਸਦੀ ਵਿੱਚ ਨਿਰਮਲੇ ਸੰਤਾਂ ਨੇ ਬੇਸ਼ੁਮਾਰ ਗ੍ਰੰਥਾਂ ਦੀ ਰਚਨਾ ਕੀਤੀ। ਜਿਨ੍ਹਾਂ ਪ੍ਰਸਿੱਧ ਨਿਰਮਲੇ ਸੰਤਾਂ ਨੇ ਸਾਹਿਤ ਰਚਨਾ ਕੀਤੀ, ਉਹਨਾਂ ਵਿੱਚ ਗਿਆਨੀ ਸੰਤ ਸਿੰਘ, ਭਾਈ ਸੰਤੋਖ ਸਿੰਘ, ਪੰਡਤ ਗੁਲਾਬ ਸਿੰਘ, ਪੰਡਤ ਤਾਰਾ ਸਿੰਘ ਨਰੋਤਮ, ਸੰਤ ਨਿਹਾਲ ਸਿੰਘ, ਗਿ. ਗਿਆਨ ਸਿੰਘ, ਮਹੰਤ ਗਣੇਸ਼ਾ ਸਿੰਘ ਅਤੇ ਪੰਡਤ ਨਰਾਇਣ ਸਿੰਘ ਮੁਜ਼ੰਗਾਂ ਵਾਲਿਆਂ ਦੇ ਨਾਂ ਲਏ ਜਾ ਸਕਦੇ ਹਨ। ਕਈ ਨਿਰਮਲੇ ਪੰਡਤਾਂ ਨੇ ਗੁਰਮਤਿ ਦੇ ਗ੍ਰੰਥਾਂ ਦੇ ਅਨੁਵਾਦ ਸੰਸਕ੍ਰਿਤ ਵਿੱਚ ਕੀਤੇ, ਜਿਨ੍ਹਾਂ ਵਿੱਚ ਪੰਡਤ ਨਿਹਾਲ ਸਿੰਘ ਦਾ ਜਪੁ ਦਾ ਟੀਕਾ ਵਧੇਰੇ ਪ੍ਰਸਿੱਧ ਹੈ। ਕਈਆਂ ਦੀ ਪ੍ਰਸਿੱਧੀ ਗੁਰ ਇਤਿਹਾਸ ਲਿਖਣ ਕਰ ਕੇ ਹੈ, ਜਿਵੇਂ ਗਿਆਨੀ ਗਿਆਨ ਸਿੰਘ ਅਤੇ ਪੰਡਤ ਤਾਰਾ ਸਿੰਘ ਨਰੋਤਮ ਆਦਿ। ਇਵੇਂ ਹੀ ਕਈ ਨਿਰਮਲੇ ਲੇਖਕਾਂ ਨੇ ਜੋਤਸ਼ ਵਿੱਦਿਆ, ਪਿੰਗਲ ਅਤੇ ਸਾਹਿਤ ਦਰਸ਼ਨ ਬਾਰੇ ਵੀ ਕਈ ਗ੍ਰੰਥ ਲਿਖੇ। ਕਈ ਸੰਸਕ੍ਰਿਤ ਗ੍ਰੰਥਾਂ ਦੇ ਅਨੁਵਾਦ ਕੀਤੇ। ਇਹਨਾਂ ਅਨੁਵਾਦਾਂ ਦੇ ਦੋ ਮਨੋਰਥ ਸਨ। ਪਹਿਲਾ, ਪੰਜਾਬੀ ਪਾਠਕਾਂ ਨੂੰ ਸੰਸਕ੍ਰਿਤ ਦਾ ਗਿਆਨ ਦੇਣਾ ਅਤੇ ਦੂਜਾ ਇਸ ਸੰਪਰਦਾ ਦੇ ਨਵੇਂ ਸਿਖਾਂਦਰੂਆਂ (ਚੇਲਿਆਂ) ਲਈ ਪਾਠ ਪੁਸਤਕਾਂ ਤਿਆਰ ਕਰਨਾ। ਨਿਰਮਲਾ ਸਾਹਿਤ ਦੀ ਇੱਕ ਖ਼ਾਸ ਵਿਸ਼ੇਸ਼ਤਾ ਇਹ ਹੈ ਕਿ ਇਹ ਸਾਰਾ ਗੁਰਮੁਖੀ ਲਿਪੀ ਵਿੱਚ ਹੈ। ਨਿਰਮਲਾ ਸਾਹਿਤ ਵਾਰਤਕ ਅਤੇ ਕਵਿਤਾ ਦੋਹਾਂ ਵਿੱਚ ਹੈ। ਜਿੱਥੋਂ ਤੱਕ ਇਸ ਸਾਹਿਤ ਦੀ ਭਾਸ਼ਾ ਦਾ ਸੰਬੰਧ ਹੈ, ਇਹ ਵਧੇਰੇ ਕਰ ਕੇ ਗੂੜ੍ਹ ਬ੍ਰਜ ਭਾਸ਼ਾ ਹੈ। ਸਰਲ ਪੰਜਾਬੀ ਵਿੱਚ ਨਿਰਮਲਿਆਂ ਨੇ ਥੋੜ੍ਹਾ ਹੀ ਲਿਖਿਆ ਹੈ। ਪੰਜਾਬੀ ਦੀ ਵਰਤੋਂ ਵਧੇਰੇ ਕਰ ਕੇ ਉਪਯੋਗੀ ਸਾਹਿਤ ਵਿੱਚ ਹੋਈ ਮਿਲਦੀ ਹੈ। ਗੁਰਮੁਖੀ ਲਿਪੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਨਿਰਮਲੇ ਸੰਤਾਂ ਦਾ ਯੋਗਦਾਨ ਅਦੁੱਤੀ ਹੈ। ਸਿੱਖ ਧਰਮ ਦਰਸ਼ਨ ਦੀ ਵਿਆਖਿਆ ਲਈ ਲਿਖੇ ਸਾਹਿਤ ਦੀ ਲਿਪੀ ਤਾਂ ਗੁਰਮੁਖੀ ਹੋਣੀ ਹੀ ਸੀ, ਇਹਨਾਂ ਨੇ ਕਈ ਸੰਸਕ੍ਰਿਤ ਗ੍ਰੰਥਾਂ ਨੂੰ ਵੀ ਗੁਰਮੁਖੀ ਲਿਪੀ ਵਿੱਚ ਲਿਖ ਕੇ ਪ੍ਰਕਾਸ਼ਿਤ ਕੀਤਾ। ਪੰਜਾਬ ਤੋਂ ਬਾਹਰ ਵੀ ਜੇਕਰ ਗੁਰਮੁਖੀ ਲਿਪੀ ਵਿੱਚ ਲਿਖੇ ਹੋਏ ਗ੍ਰੰਥ ਮਿਲਦੇ ਹਨ ਤਾਂ ਇਹਨਾਂ ਵਿੱਚ ਸਭ ਤੋਂ ਵਧੇਰੇ ਯੋਗਦਾਨ ਨਿਰਮਲੇ ਸੰਤਾਂ ਦਾ ਹੀ ਹੈ।


ਲੇਖਕ : ਧਰਮ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5090, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.