ਨਿਜ਼ਾਮੀ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਨਿਜ਼ਾਮੀ: ਫ਼ਾਰਸੀ ਮਸਨਵੀ ਦਾ ਸਭ ਤੋਂ ਮਸ਼ਹੂਰ ਅਤੇ ਮਹਾਨ ਸ਼ਾਇਰ ਨਿਜ਼ਾਮੀ ਗੰਜਵੀ ਨੂੰ ਮੰਨਿਆ ਜਾਂਦਾ ਹੈ। ਨਿਜ਼ਾਮੀ ਦਾ ਨਾਂ ਇਲਿਯਾਸ ਬਿਨ ਯੂਸਫ਼, ਕੁੰਨਿਯਤ ਅਬੂ ਮੁਹੰਮਦ (ਪੁੱਤਰ ਦਾ ਨਾਂ ਮੁਹੰਮਦ ਹੋਣ ਕਰ ਕੇ), ਲਕਬ ਨਿਜ਼ਾਮੁੱਦੀਨ ਅਤੇ ਤਖ਼ੱਲਸ ਨਿਜ਼ਾਮੀ ਸੀ। ਨਿਜ਼ਾਮੀ ਦੇ ਪੁਰਖਿਆਂ ਦੀ ਮੂਲ ਜਨਮ-ਭੂਮੀ ਪੂਰਬੀ-ਈਰਾਨ ਦੇ ਮਸ਼ਹੂਰ ਧਾਰਮਿਕ ਕੇਂਦਰ ਕੁਮ ਦੇ ਇਲਾਕੇ ਵਿੱਚ ਸਥਿਤ ਤਫ਼ਰਸ਼ ਸੀ, ਜਿੱਥੋਂ ਆ ਕੇ ਨਿਜ਼ਾਮੀ ਦੇ ਪਿਤਾ ਨੇ ਆਜ਼ਰਬਾਈਜਾਨ ਦੇ ਸ਼ਹਿਰ ਗੰਜਾ ਦੇ ਲਾਗੇ ਅਰਾਨ (ਜਿਸ ਦਾ ਮੌਜੂਦਾ ਨਾਂ ਕੀਰਫ਼ ਆਬਾਦ ਹੈ) ਵਿੱਚ ਰਹਿਣਾ ਸ਼ੁਰੂ ਕੀਤਾ। ਇੱਥੇ ਹੀ 530-535 ਹਿਜਰੀ (1136-41 ਈ.) ਵਿਚਕਾਰ ਨਿਜ਼ਾਮੀ ਦਾ ਜਨਮ ਹੋਇਆ। ਨਿਜ਼ਾਮੀ ਦੇ ਮਾਪੇ ਬਚਪਨ ਵਿੱਚ ਹੀ ਚਲਾਣਾ ਕਰ ਗਏ ਸਨ, ਇਸ ਲਈ ਪਾਲਣ-ਪੋਸ਼ਣ ਮਾਮੇ ‘ਉਮਰ’ ਨੇ ਕੀਤਾ। ਨਿਜ਼ਾਮੀ ਦੀ ਸਿੱਖਿਆ ਗੰਜਾ ਵਿੱਚ ਹੀ ਹੋਈ ਅਤੇ ਸਮੇਂ ਦੀ ਪ੍ਰਥਾ ਅਨੁਸਾਰ ਕੁਰਾਨ, ਹਦੀਸ, ਫ਼ਿਕਹ ਅਤੇ ਫ਼ਲਸਫ਼ੇ ਆਦਿ ਦੇ ਵਿਸ਼ਿਆਂ ਵਿੱਚ ਅਧਿਐਨ ਕੀਤਾ। ਨਿਜ਼ਾਮੀ ਦੇ ਜੀਵਨ ਦਾ ਬਾਕੀ ਭਾਗ ਵੀ ਇੱਥੇ ਹੀ ਬੀਤਿਆ। ਨਿਜ਼ਾਮੀ ਨੇ ਤਿੰਨ ਵਿਆਹ ਕਰਵਾਏ ਸਨ, ਉਸ ਦੀਆਂ ਤਿੰਨੋਂ ਹੀ ਪਤਨੀਆਂ ਦਾ ਦਿਹਾਂਤ ਉਸ ਦੇ ਜੀਵਨ ਕਾਲ ਵਿੱਚ ਹੀ ਹੋ ਗਿਆ। ਉਸ ਦੀ ਮੌਤ ਲਗਪਗ 63 ਸਾਲ ਦੀ ਆਯੂ ਹੋਈ। ਨਿਜ਼ਾਮੀ ਦੀ ਮੌਤ ਦੇ ਸਾਲ ਬਾਰੇ ਵੀ ਵਿਦਵਾਨਾਂ ਵਿੱਚ ਮੱਤ-ਭੇਦ ਹੈ ਅਤੇ ਇਹ 596 ਹਿ. (1199-1200 ਈ.) ਜਾਂ 614 ਹਿ. (1217-18 ਈ.) ਲਿਖਿਆ ਗਿਆ ਹੈ। ਨਿਜ਼ਾਮੀ ਬਹੁਤ ਨੇਕ, ਪਾਕ ਅਤੇ ਰੱਬ ਤੋਂ ਡਰਨ ਵਾਲਾ ਮਨੁੱਖ ਸੀ। ਉਸ ਦਾ ਸੁਭਾਅ ਦਰਵੇਸ਼ਾਂ ਵਾਲਾ ਹੈ। ਭਾਵੇਂ ਸਮਕਾਲੀ ਸ਼ਾਸਕਾਂ ਵੱਲੋਂ ਉਸ ਦੀ ਬਹੁਤ ਕਦਰ ਕੀਤੀ ਗਈ ਅਤੇ ਅਨੇਕਾਂ ਪ੍ਰਕਾਰ ਦੀਆਂ ਸੁਗਾਤਾਂ ਤੇ ਇਨਾਮ ਭੇਟ ਕੀਤੇ ਗਏ ਪਰੰਤੂ ਨਿਜ਼ਾਮੀ ਨੇ ਕਿਸੇ ਵੀ ਦਰਬਾਰ ਨਾਲ ਆਪਣੇ-ਆਪ ਨੂੰ ਜੋੜਨਾ ਪਸੰਦ ਨਹੀਂ ਕੀਤਾ। ਸਿਰਫ਼ ਇੱਕ ਵਾਰੀ ਆਜ਼ਰਬਾਈਜਾਨ ਦੇ ਸੁਲਤਾਨ ਦੇ ਸੱਦੇ ਤੇ ਉੱਥੇ ਗਿਆ।
ਨਿਜ਼ਾਮੀ ਨੂੰ ਸ਼ਿਅਰੋ ਸ਼ਾਇਰੀ ਦਾ ਸ਼ੌਕ ਬਚਪਨ ਤੋਂ ਹੀ ਸੀ ਅਤੇ ਛੋਟੀ ਉਮਰ ਵਿੱਚ ਹੀ ਸ਼ਿਅਰ ਲਿਖਣਾ ਸ਼ੁਰੂ ਕਰ ਦਿੱਤਾ ਸੀ। ਦੱਸਿਆ ਜਾਂਦਾ ਹੈ ਕਿ 559 ਹਿ. (1164 ਈ.) ਵਿੱਚ ਆਪਣੀ ਮਸਨਵੀ ਮੁਕੰਮਲ ਕਰਨ ਸਮੇਂ ਨਿਜ਼ਾਮੀ ਦੀ ਉਮਰ 25 ਸਾਲ ਤੋਂ ਵੱਧ ਨਹੀਂ ਸੀ। ਇਸ ਮਸਨਵੀ ਤੇ ਸਲਜੂਕੀ ਸੁਲਤਾਨ ਬਹਿਰਾਮ ਸ਼ਾਹ ਵੱਲੋਂ ਨਿਜ਼ਾਮੀ ਨੂੰ 5000 ਅਸ਼ਰਫ਼ੀਆਂ, ਊਠਾਂ ਦਾ ਪੂਰਾ ਇੱਜੜ ਅਤੇ ਮਹਿੰਗੀਆਂ ਪੁਸ਼ਾਕਾਂ ਇਨਾਮ ਵਜੋਂ ਬਖ਼ਸ਼ੀਆਂ ਗਈਆਂ। ਇਸ ਪਿੱਛੋਂ ਨਿਜ਼ਾਮੀ ਦੀ ਸ਼ਾਇਰੀ ਦੀ ਪ੍ਰਸਿੱਧੀ ਦੂਰ-ਦੁਰਾਡੇ ਫੈਲ ਗਈ ਅਤੇ ਬਾਦਸ਼ਾਹਾਂ ਅਮੀਰਾਂ ਵੱਲੋਂ ਫ਼ਰਮਾਇਸ਼ਾਂ ਹੋਣ ਲੱਗੀਆਂ ਅਤੇ ਸੱਦੇ ਭੇਜੇ ਜਾਣ ਲੱਗੇ। ਸ਼ੀਰੀ ਖੁਸਰੋ ਦੇ ਮੁਕੰਮਲ ਹੋਣ ਤੇ ਆਜ਼ਰਬਾਈਜਾਨ ਦੇ ਸੁਲਤਾਨ ਕਜ਼ਲ ਅਰਸਲਾਨ ਨੇ ਸੱਦਾ ਭੇਜ ਕੇ ਦਰਬਾਰ ਵਿੱਚ ਬੁਲਾਇਆ ਅਤੇ ਢੇਰ ਸਾਰਾ ਇਨਾਮ/ਜਗੀਰ ਭੇਟਾ ਕਰ ਕੇ ਸਨਮਾਨਿਤ ਕੀਤਾ। ਆਗ਼ਸਤਾਨ ਦੇ ਬਾਦਸ਼ਾਹ ਨੇ ਆਪਣੇ ਹੱਥ ਨਾਲ ਪੱਤਰ ਲਿਖ ਕੇ ਮਸਨਵੀ ਲਿਖਣ ਦੀ ਫ਼ਰਮਾਇਸ਼ ਕੀਤੀ। ਇਸੇ ਪ੍ਰਕਾਰ ਅਨੇਕਾਂ ਸੁਲਤਾਨਾਂ ਅਤੇ ਅਮੀਰਾਂ ਵੱਲੋਂ ਫ਼ਰਮਾਇਸ਼ਾਂ ਆਉਂਦੀਆਂ ਰਹੀਆਂ। ਆਪਣੀ ਆਖ਼ਰੀ ਮਸਨਵੀ ਸਿਕੰਦਰ ਨਾਮਾ-ਏ-ਬਹਰੀ ਬਗ਼ੈਰ ਫ਼ਰਮਾਇਸ਼ ਤੋਂ 599 ਹਿ. ਵਿੱਚ ਮੁਕੰਮਲ ਕਰ ਕੇ ਕਜ਼ਲ ਅਰਸਲਾਨ ਦੇ ਭਤੀਜੇ ਸੁਲਤਾਨ ਅਬੂ ਬਕਰ ਨੁਸਰਤੁੱਦੀਨ ਨੂੰ ਸਮਰਪਿਤ ਕੀਤੀ, ਜਿਹੜਾ ਉਸ ਸਮੇਂ ਸਲਜੂਕੀ ਰਾਜ ਗੱਦੀ `ਤੇ ਸੀ। ਆਪਣੇ ਸਮਕਾਲੀ ਸ਼ਾਇਰਾਂ ਵਿੱਚੋਂ ਖ਼ਾਕਾਨੀ ਸ਼ਿਰਵਾਨੀ ਨਾਲ ਨਿਜ਼ਾਮੀ ਦੇ ਦੋਸਤਾਨਾ ਸੰਬੰਧ ਸਨ ਅਤੇ ਖ਼ਾਕਾਨੀ ਦੀ ਮੌਤ ਤੇ ਨਿਜ਼ਾਮੀ ਵੱਲੋਂ ਉਸ ਦੀ ਯਾਦ ਵਿੱਚ ਇੱਕ ਦਰਦਨਾਕ ਮਰਸੀਆ ਵੀ ਲਿਖਿਆ ਗਿਆ।
ਸ਼ਾਇਰੀ ਤੋਂ ਛੁੱਟ ਨਿਜ਼ਾਮੀ ਨੂੰ ਸੰਗੀਤ ਅਤੇ ਲਲਿਤ ਕਲਾਵਾਂ ਦਾ ਵੀ ਸ਼ੌਕ ਸੀ ਅਤੇ ਉਹ ਇਤਿਹਾਸ ਅਤੇ ਕਿੱਸਿਆਂ ਦਾ ਅਧਿਐਨ ਵੀ ਕਰਦਾ ਰਹਿੰਦਾ ਸੀ। ਆਜ਼ਰਬਾਈਜਾਨ ਤੋਂ ਛੁੱਟ ਉਸ ਨੇ ਕਿਤੇ ਦਾ ਵੀ ਸਫ਼ਰ ਨਹੀਂ ਕੀਤਾ ਅਤੇ ਸਾਰੀ ਉਮਰ ਗੰਜਾ ਵਿੱਚ ਹੀ ਬਿਤਾਈ।
ਨਿਜ਼ਾਮੀ ਵੱਲੋਂ ਕਸੀਦਾ, ਗ਼ਜ਼ਲ ਅਤੇ ਮਸਨਵੀ, ਤਿੰਨਾਂ ਵੰਨਗੀਆਂ ਵਿੱਚ ਰਚਨਾ ਕੀਤੀ ਗਈ। ਨਿਜ਼ਾਮੀ ਦੇ ਕਸੀਦੇ ਬਾਦਸ਼ਾਹਾਂ ਦੀ ਪ੍ਰਸੰਸਾ ਦੇ ਮਨੋਰਥ ਨਾਲ ਨਹੀਂ, ਨੈਤਿਕ ਵਿਸ਼ਿਆਂ ਦੀ ਵਿਆਖਿਆ ਕਰਨ ਲਈ ਲਿਖੇ ਗਏ ਪਰੰਤੂ ਨਿਜ਼ਾਮੀ ਦੀ ਅਪਾਰ ਸ਼ੁਹਰਤ ਦਾ ਆਧਾਰ ਉਹ ਪੰਜ ਮਸਨਵੀਆਂ ਹਨ, ਜਿਨ੍ਹਾਂ ਨੂੰ ਪੰਜ ਗੰਜ ਜਾਂ \ਮਸਾ-ਏ- ਨਿਜ਼ਾਮੀ ਦਾ ਨਾਂ ਦਿੱਤਾ ਗਿਆ ਹੈ। ਬਾਅਦ ਵਿੱਚ ਅਨੇਕ ਸ਼ਾਇਰਾਂ ਨੇ ਨਿਜ਼ਾਮੀ ਦੀ ਪੈਰਵੀ ਕਰਦੇ ਹੋਏ ਖ਼ਮਸੇ (ਪੰਜ ਮਸਨਵੀਆਂ) ਰਚੇ, ਇਹਨਾਂ ਵਿੱਚ ਅਮੀਰ ਖ਼ੁਸਰੌ, ਖ਼ਵਾਜਵੀ ਕਿਰਮਾਨੀ ਮੌਲਾਨਾ ਜਾਮੀ, ਹਾਤੁਫ਼ੀ, ਉਰਫ਼ੀ, ਵਹਿਸ਼ੀ, ਮਕਤਬੀ ਆਦਿ ਦੇ ਖ਼ਮਸੇ ਮਸ਼ਹੂਰ ਹਨ ਪਰ ਕੋਈ ਵੀ ਨਿਜ਼ਾਮੀ ਦੇ ਤੁਲ ਨਹੀਂ ਹੋ ਸਕਿਆ ਅਤੇ ਕਿਸੇ ਨੂੰ ਵੀ ਉਹ ਮਕਬੂਲੀਅਤ ਨਹੀਂ ਮਿਲ ਸਕੀ ਜਿਹੜੀ ਨਿਜ਼ਾਮੀ ਦੀਆਂ ਮਸਨਵੀਆਂ ਨੂੰ ਮਿਲੀ ਸੀ। ਜ਼ਿਕਰਯੋਗ ਹੈ ਕਿ ਮਸਨਵੀ ਇੱਕ ਲੰਮੀ ਕਵਿਤਾ ਨੂੰ ਆਖਦੇ ਹਨ, ਜਿਸ ਵਿੱਚ ਇੱਕ ਹੀ ਵਿਸ਼ਾ ਜਾਂ ਕਹਾਣੀ ਆਦਿ ਲਗਾਤਾਰ ਬਿਆਨ ਕੀਤੀ ਜਾਂਦੀ ਹੈ। ਇਸ ਦੇ ਹਰੇਕ ਸ਼ਿਅਰ ਦੇ ਦੋਵੇਂ ਮਿਸਰੇ ਕਾਫ਼ੀਆ ਰਦੀਫ਼ (ਤੁਕਾਂਤ) ਪੱਖੋਂ ਇੱਕ-ਦੂਜੇ ਨਾਲ ਮਿਲਦੇ ਹਨ ਪਰੰਤੂ ਹਰ ਸ਼ਿਅਰ ਇਸੇ ਪੱਖੋਂ ਦੂਜਿਆਂ ਨਾਲੋਂ ਭਿੰਨ ਹੁੰਦਾ ਹੈ ਕਿ ਸ਼ਿਅਰਾਂ ਦੀ ਗਿਣਤੀ 50/100 ਤੋਂ ਲੈ ਕੇ ਹਜ਼ਾਰਾਂ ਤੱਕ ਹੋ ਸਕਦੀ ਹੈ, ਜਿਵੇਂ ਕਿ ਫ਼ਿਰਦੌਸੀ ਦੇ ਸ਼ਾਹਨਾਮੇ ਵਿੱਚ ਲਗਪਗ 60 ਹਜ਼ਾਰ ਸ਼ਿਅਰ ਹਨ। ਨਿਜ਼ਾਮੀ ਦੀਆਂ ਮਸਨਵੀਆਂ ਦਾ ਬਾਹਰਮੁਖੀ ਵਿਸ਼ਾ ਤਾਂ ਭਾਵੇਂ ਪ੍ਰੇਮ-ਕਥਾਵਾਂ ਤੇ ਆਧਾਰਿਤ ਹੈ ਪਰੰਤੂ ਕਹਾਣੀ ਦੇ ਪਰਦੇ ਵਿੱਚ ਦਰਵੇਸ਼ੀ, ਨੈਤਿਕ ਕਦਰਾਂ, ਸਮਾਜੀ ਚੇਤਨਾ ਆਦਿ ਦੇ ਵਿਸ਼ੇ ਪੇਸ਼ ਕੀਤੇ ਜਾਂਦੇ ਹਨ। ਪੰਜ ਗੰਜ ਦੀਆਂ ਪੰਜ ਮਸਨਵੀਆਂ ਦਾ ਵੇਰਵਾ ਨਿਮਨ ਅਨੁਸਾਰ ਹੈ :
1. ਮਖ਼ਜ਼ਨ-ਏ-ਅਸਰਾਰ: ਇਸ ਮਸਨਵੀ ਦਾ ਵਿਸ਼ਾ ਸੂਫ਼ੀਵਾਦ ਹੈ। ਇਸ ਵਿੱਚ 2400 ਸ਼ਿਅਰ ਹਨ ਅਤੇ ਇਹ 552 ਹਿਜਰੀ ਵਿੱਚ ਮੁਕੰਮਲ ਹੋਈ।
2. ਖ਼ੁਸਰੋ-ਸ਼ੀਰੀ: ਇਹ ਮਸਨਵੀ ਈਰਾਨ ਦੇ ਲਾਸਾਨੀ ਸਮਰਾਟ ਖ਼ੁਸਰੋ ਪਰਵੇਜ਼ ਅਤੇ ਸ਼ੀਰੀ (ਜਿਹੜੀ ਫ਼ਰਹਾਦ ਦੀ ਵੀ ਪ੍ਰੇਮਿਕਾ ਸੀ) ਦੇ ਇਸ਼ਕੀਆ ਕਿੱਸੇ ਤੇ ਆਧਾਰਿਤ ਹੈ। ਇਹ 576 ਹਿਜਰੀ ਵਿੱਚ ਮੁਕੰਮਲ ਹੋਈ ਅਤੇ ਇਸ ਵਿੱਚ ਸ਼ਿਅਰਾਂ ਦੀ ਗਿਣਤੀ 7700 ਹੈ।
3. ਲੈਲਾ-ਮਜਨੂੰ: ਇਹ ਵੀ ਇਸ਼ਕੀਆ ਮਸਨਵੀ ਹੈ, ਜਿਸ ਦੇ ਮੁੱਖ ਪਾਤਰਾਂ ਕੈਸ (ਮਜਨੂੰ) ਅਤੇ ਲੈਲਾ ਦਾ ਸੰਬੰਧ ਅਰਬ ਦੀ ਧਰਤੀ ਨਾਲ ਹੈ। ਇਸ ਨੂੰ ਖ਼ਾਕਾਨ ਅਬੁਲਮੁਜ਼ੱਫ਼ਰ ਬਿਨ ਮਨੋਚਹਰ ਦੇ ਨਾਂ ਸਮਰਪਿਤ ਕੀਤਾ ਗਿਆ ਹੈ। ਇਸ ਵਿੱਚ 5100 ਸ਼ਿਅਰ ਹਨ ਅਤੇ ਇਹ 584 ਹਿ. ਵਿੱਚ ਮੁਕੰਮਲ ਹੋਈ।
4. ਹਫ਼ਤ ਪੈਕਰ ਜਾਂ ਹਫ਼ਤ ਗੁੰਬਦ ਜਾਂ ਬਹਿਰਾਮ ਨਾਮਾ: ਇਹ ਮਸਨਵੀ ਵੀ ਇਸ਼ਕੀਆ ਦਾਸਤਾਨ ਤੇ ਆਧਾਰਿਤ ਹੈ ਅਤੇ ਇਸ ਵਿੱਚ ਸਾਸਾਨੀ ਬਾਦਸ਼ਾਹ ਬਹਿਰਾਮ ਗੋਰ ਦੇ ਜੀਵਨ ਦੀਆਂ ਘਟਨਾਵਾਂ ਦਾ ਵਰਣਨ ਹੈ। ਇਹ 593 ਹਿਜਰੀ ਵਿੱਚ ਮੁਕੰਮਲ ਹੋਈ। ਇਸ ਵਿੱਚ 5136 ਸ਼ਿਅਰ ਹਨ। ਇਹ ਮਰਾਗ਼ਾ ਦੇ ਬਾਦਸ਼ਾਹ ਅਲਾਉੱਦੀਨ ਕਰਪ ਮਰਸਲਾਨ ਦੇ ਨਾਂ ਸਮਰਪਿਤ ਕੀਤੀ ਗਈ ਹੈ।
5. ਇਸਕੰਦਰ ਨਾਮਾ: ਇਹ ਮਸਨਵੀ ਦੋ ਭਾਗਾਂ ਵਿੱਚ ਵੰਡੀ ਗਈ ਹੈ। ਪਹਿਲੇ ਭਾਗ ਵਿੱਚ ਜਿਸ ਦਾ ਨਾਂ ‘ਸਫ਼ਰਨਾਮਾ’ ਰੱਖਿਆ ਗਿਆ ਹੈ, ਯੂਨਾਨੀ ਸਮਰਾਟ ਸਿਕੰਦਰ ਦੀਆਂ ਮਹਾਨ ਜਿੱਤਾਂ ਅਤੇ ਉਪਰੰਤ ਵਤਨ ਵਾਪਸੀ ਦਾ ਵਰਣਨ ਹੈ। ਦੂਜੇ ਭਾਗ ਵਿੱਚ ਜਿਸ ਦਾ ਨਾਂ ‘ਇਕਬਾਲਨਾਮਾ’ ਹੈ, ਸਿਕੰਦਰ ਦੇ ਅੰਜਾਮ ਨੂੰ ਦਰਸਾਇਆ ਗਿਆ ਹੈ। ਇਹ ਮਸਨਵੀ 599 ਹਿ. ਵਿੱਚ ਮੁਕੰਮਲ ਹੋਈ।
ਭਾਵੇਂ ਮਸਨਵੀਆਂ ਰਾਹੀਂ ਕਿੱਸਿਆਂ ਨੂੰ ਪੇਸ਼ ਕਰਨ ਦਾ ਕਾਰਜ ਨਿਜ਼ਾਮੀ ਤੋਂ ਪਹਿਲਾਂ ਹੋਰ ਕਵੀਆਂ ਨੇ ਵੀ ਕੀਤਾ ਸੀ, ਪਰ ਨਿਜ਼ਾਮੀ ਵੱਲੋਂ ਇਸ ਨੂੰ ਕਲਾਤਮਿਕ ਢੰਗ ਅਤੇ ਹੁਨਰਮੰਦੀ ਦੀ ਸਿਖਰ `ਤੇ ਪਹੁੰਚਾਇਆ ਗਿਆ। ਇਸ਼ਕੀਆ ਕਿੱਸਿਆਂ ਦੇ ਰੂਪ ਵਿੱਚ ਵੀ ਨਿਜ਼ਾਮੀ ਨੈਤਿਕਤਾ ਅਤੇ ਸਦਾਚਾਰ ਦੇ ਪ੍ਰਚਾਰ ਦਾ ਕੋਈ ਮੌਕਾ ਨਹੀਂ ਛੱਡਦਾ। ਨਾਲ ਹੀ ਜਜ਼ਬਾਤ ਦੀ ਪੇਸ਼ਕਾਰੀ ਵਿੱਚ ਵੀ ਉਸ ਨੂੰ ਬਹੁਤ ਮੁਹਾਰਤ ਪ੍ਰਾਪਤ ਹੈ। ਉਹ ਮਸਨਵੀ ਦਾ ਪਹਿਲਾ ਸ਼ਾਇਰ ਹੈ, ਜਿਸ ਨੇ ਜੰਗਾਂ, ਦਰਬਾਰਾਂ, ਮਜਲਿਸਾਂ, ਇਸ਼ਕ, ਫ਼ਲਸਫ਼ਾ, ਸਦਾਚਾਰ, ਸੂਫ਼ੀਵਾਦ ਜਿਹੇ ਸਾਰੇ ਵਿਸ਼ਿਆਂ ਨੂੰ ਆਪਣੀਆਂ ਕਿਰਤਾਂ ਵਿੱਚ ਪੇਸ਼ ਕੀਤਾ।
ਲੇਖਕ : ਤਾਰਿਕ ਕਿਫ਼ਾਇਤ ਉਲਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2477, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First