ਨਿੱਕੀ ਕਹਾਣੀ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਨਿੱਕੀ ਕਹਾਣੀ: ਕਹਾਣੀ ਦੀ ਹੋਂਦ ਮਨੁੱਖ ਜਿੰਨੀ ਹੀ ਪੁਰਾਣੀ ਹੈ। ਉਹ ਮੁੱਢ ਤੋਂ ਹੀ ਕਹਾਣੀ ਸੁਣਨ ਤੇ ਸੁਣਾਉਣ ਦਾ ਸ਼ੁਕੀਨ ਰਿਹਾ ਹੈ। ਪੁਰਾਣੇ ਸਮਿਆਂ ਵਿੱਚ ਕਹਾਣੀ ਉਸ ਦੇ ਮਨੋਰੰਜਨ ਦਾ ਮੁੱਖ ਸਾਧਨ ਸੀ। ਕਹਾਣੀ ਰਾਹੀਂ ਨਾ ਕੇਵਲ ਉਸ ਨੇ ਆਪਣੇ ਆਲੇ-ਦੁਆਲੇ ਨੂੰ ਸਮਝਣ ਦਾ ਯਤਨ ਕੀਤਾ, ਸਗੋਂ ਜ਼ਿੰਦਗੀ ਜਿਊਂਣ ਲਈ ਉਚੇਰੇ ਮਾਪ ਦੰਡ ਵੀ ਸੁਝਾਏ। ਦੇਵੀ ਦੇਵਤਿਆਂ ਤੇ ਭੂਤਾਂ ਪ੍ਰੇਤਾਂ ਦੀਆਂ ਕਹਾਣੀਆਂ ਤੋਂ ਸ਼ੁਰੂ ਹੋ ਕੇ ਅੱਜ ਦੇ ਮਨੁੱਖ ਦੀਆਂ ਕਹਾਣੀਆਂ ਤੱਕ ਕਹਾਣੀ ਨੇ ਅਨੇਕਾਂ ਪੜਾਅ ਪਾਰ ਕੀਤੇ ਹਨ। ਜਿਉਂ-ਜਿਉਂ ਮਨੁੱਖ ਬਦਲਿਆ ਤਿਉਂ-ਤਿਉਂ ਕਹਾਣੀ ਦਾ ਰੂਪ ਵੀ ਬਦਲਿਆ। ਕਹਾਣੀ ਦੇ ਵਿਸ਼ੇ ਅਤੇ ਰੂਪ ਵਿੱਚ ਆਏ ਬਦਲਾਵਾਂ ਕਾਰਨ ਇਸ ਦੀ ਪਰਿਭਾਸ਼ਾ ਅਤੇ ਇਸ ਦੇ ਤੱਤਾਂ ਵਿੱਚ ਵੀ ਗੋਲਣਯੋਗ ਤਬਦੀਲੀ ਆਈ। ਇਸ ਤਬਦੀਲੀ ਨੂੰ ਮੱਧ-ਕਾਲੀ ਕਹਾਣੀ ਤੋਂ ਆਧੁਨਿਕ ਨਿੱਕੀ ਕਹਾਣੀ ਤੱਕ ਦੇ ਸਫ਼ਰ ਦੌਰਾਨ ਸਪਸ਼ਟ ਰੂਪ ਵਿੱਚ ਦੇਖਿਆ ਜਾ ਸਕਦਾ ਹੈ।
ਨਿੱਕੀ ਕਹਾਣੀ ਦਾ ਜਨਮ ਸੰਸਾਰ ਵਿੱਚ ਆਧੁਨਿਕਤਾ ਦੇ ਆਉਣ ਨਾਲ ਹੁੰਦਾ ਹੈ। ਪੱਛਮ ਵਿੱਚ ਆਧੁਨਿਕਤਾ ਉਨ੍ਹੀਵੀਂ ਸਦੀ ਵਿੱਚ ਆਉਂਦੀ ਹੈ ਅਤੇ ਭਾਰਤ ਵਿੱਚ ਵੀਹਵੀਂ ਸਦੀ ਵਿੱਚ। ਇਸੇ ਆਧਾਰ ਤੇ ਪੱਛਮ ਵਿੱਚ ਨਿੱਕੀ ਕਹਾਣੀ ਦਾ ਜਨਮ ਉਨ੍ਹੀਵੀਂ ਸਦੀ ਵਿੱਚ ਹੁੰਦਾ ਹੈ ਅਤੇ ਭਾਰਤ ਵਿੱਚ ਵੀਹਵੀਂ ਸਦੀ ਵਿੱਚ। ਆਧੁਨਿਕਤਾ ਦੇ ਆਉਣ ਨਾਲ ਸਧਾਰਨ ਬੰਦਾ ਅਤੇ ਉਸ ਦੇ ਸਧਾਰਨ ਸਰੋਕਾਰ ਸਾਹਿਤ ਦਾ ਵਿਸ਼ਾ ਬਣਦੇ ਹਨ। ਨਿੱਕੀ ਕਹਾਣੀ ਸਧਾਰਨ ਬੰਦੇ ਦੀ ਸਧਾਰਨਤਾ ਨੂੰ ਪੇਸ਼ ਕਰਨ ਹਿਤ ਪੈਦਾ ਹੋਇਆ ਸਾਹਿਤ ਰੂਪ ਹੈ। ਬੇਸ਼ੱਕ ਕਹਾਣੀ ਪਹਿਲਾਂ ਵੀ ਮੌਜੂਦ ਸੀ, ਪਰ ਉਹ ਸਧਾਰਨ ਮਨੁੱਖ ਦੀ ਥਾਂ ਵਿਸ਼ੇਸ਼ ਮਨੁੱਖ (ਜਿਵੇਂ ਰਾਜਾ, ਰਾਣੀ, ਆਸ਼ਕ, ਯੋਧਾ, ਪੀਰ, ਪੈਗ਼ੰਬਰ ਆਦਿ) ਦੀ ਗੱਲ ਕਰਦੀ ਸੀ। ਐਪਰ ਕਹਾਣੀ ਦੀ ਇਸ ਪਰੰਪਰਾ ਦਾ ਆਧੁਨਿਕ ਨਿੱਕੀ ਕਹਾਣੀ ਦੇ ਜਨਮ ਪਿੱਛੇ ਮਹੱਤਵਪੂਰਨ ਯੋਗਦਾਨ ਹੈ, ਕਿਉਂਕਿ ਕੋਈ ਵੀ ਸਾਹਿਤ ਰੂਪ ਕਿਸੇ ਖ਼ਲਾਅ ਵਿੱਚੋਂ ਜਨਮ ਨਹੀਂ ਲੈਂਦਾ, ਸਗੋਂ ਪਰੰਪਰਾ ਅਤੇ ਆਧੁਨਿਕਤਾ ਦੇ ਸੁਮੇਲ ਵਿੱਚੋਂ ਲੈਂਦਾ ਹੈ।
ਹੁਣ ਤੱਕ ਵਿਭਿੰਨ ਵਿਦਵਾਨਾਂ ਨੇ ਆਪੋ-ਆਪਣੇ ਢੰਗ ਨਾਲੇ ਨਿੱਕੀ ਕਹਾਣੀ ਦੇ ਰੂਪ ਨੂੰ ਸਮਝਣ ਦਾ ਯਤਨ ਕੀਤਾ ਹੈ। ਕਿਸੇ ਨੇ ਸਫ਼ਿਆਂ ਅਤੇ ਸ਼ਬਦਾਂ ਦੀ ਗਿਣਤੀ ਨੂੰ ਆਧਾਰ ਬਣਾ ਕੇ ਇਸ ਨੂੰ ਪਰਿਭਾਸ਼ਿਤ ਕੀਤਾ ਅਤੇ ਕਿਸੇ ਨੇ ਇਸ ਦੁਆਰਾ ਬਿਆਨੇ ਵਿਸ਼ੇ ਨੂੰ ਆਧਾਰ ਬਣਾ ਕੇ। ਪਰ ਹਾਲੇ ਤੱਕ ਨਿੱਕੀ ਕਹਾਣੀ ਦੀ ਕੋਈ ਅੰਤਿਮ ਅਤੇ ਸਰਬ ਪ੍ਰਵਾਨਿਤ ਪਰਿਭਾਸ਼ਾ ਸੰਭਵ ਨਹੀਂ ਹੋ ਸਕੀ ਹੈ। ਇਸ ਦਾ ਇੱਕ ਵੱਡਾ ਕਾਰਨ ਇਸ ਵਿਧਾ (ਰੂਪ) ਦਾ ਗਤੀਸ਼ੀਲ ਚਰਿੱਤਰ ਦੇ ਧਾਰਨੀ ਹੋਣਾ ਹੈ। ਗਤੀਸ਼ੀਲ ਚਰਿੱਤਰ ਤੋਂ ਭਾਵ ਇਹ ਹੈ ਕਿ ਨਿੱਕੀ ਕਹਾਣੀ ਹਮੇਸ਼ਾਂ ਇੱਕੋ ਜਿਹੀ ਨਹੀਂ ਰਹੀ, ਬਦਲਦੇ ਮਨੁੱਖਾਂ ਨਾਲ ਇਹ ਵੀ ਬਦਲੀ ਹੈ ਤੇ ਜਿਹੜੀ ਵਿਧਾ ਲਗਾਤਾਰ ਬਦਲ ਰਹੀ ਹੋਵੇ, ਉਸ ਨੂੰ ਸਥਿਰ ਚੌਖਟੇ ਵਿੱਚ ਬੰਨ੍ਹਣਾ ਬਹੁਤ ਮੁਸ਼ਕਲ ਹੁੰਦਾ ਹੈ। ਫਿਰ ਵੀ ਇਸ ਵਿਧਾ ਦੀਆਂ ਕੁਝ ਬੁਨਿਆਦੀ ਵਿਸ਼ੇਸ਼ਤਾਵਾਂ ਅਤੇ ਵਿਭਿੰਨ ਵਿਦਵਾਨਾਂ ਦੀਆਂ ਕੀਮਤੀ ਰਾਵਾਂ ਦੇ ਆਧਾਰ ਤੇ ਨਿੱਕੀ ਕਹਾਣੀ ਦੇ ਰੂਪ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।
ਨਿੱਕੀ ਕਹਾਣੀ ਨੂੰ ਪਰਿਭਾਸ਼ਿਤ ਕਰਨ ਲਈ ਇਸ ਦੇ ਆਕਾਰ ਅਤੇ ਇਸ ਨੂੰ ਪੜ੍ਹਨ ਲਈ ਲੱਗਦੇ ਸਮੇਂ ਦੀ ਚਰਚਾ ਬਹੁਤ ਪਹਿਲਾਂ ਤੋਂ ਹੁੰਦੀ ਰਹੀ ਹੈ ਪਰ ਹੁਣ ਇਹ ਗੱਲ ਲਗਪਗ ਮੰਨੀ ਜਾ ਚੁੱਕੀ ਹੈ ਕਿ ਕੇਵਲ ਸਫ਼ਿਆਂ ਜਾਂ ਸ਼ਬਦਾਂ ਦੀ ਗਿਣਤੀ ਅਤੇ ਪੜ੍ਹਨ ਲਈ ਲੱਗਦੇ ਸਮੇਂ ਦੇ ਆਧਾਰ ਤੇ ਕਹਾਣੀ ਨੂੰ ਪਰਿਭਾਸ਼ਿਤ ਨਹੀਂ ਕੀਤਾ ਜਾ ਸਕਦਾ ਹੈ। ਕੋਈ ਕਹਾਣੀ ਇੱਕ ਸਫ਼ੇ ਦੀ ਵੀ ਹੋ ਸਕਦੀ ਹੈ ਅਤੇ ਪੰਜਾਹ ਸਫ਼ਿਆਂ ਦੀ ਵੀ, ਇਸੇ ਤਰ੍ਹਾਂ ਪੰਜਾਹ ਸ਼ਬਦਾਂ ਦੀ ਵੀ ਹੋ ਸਕਦੀ ਹੈ ਅਤੇ ਪੰਜ ਸੌ ਜਾਂ ਹਜ਼ਾਰ ਸ਼ਬਦਾਂ ਦੀ ਵੀ। ਇਸ ਨੂੰ ਪੜ੍ਹਨ ਲਈ ਅੱਧੇ ਘੰਟੇ ਦਾ ਸਮਾਂ ਵੀ ਲੱਗ ਸਕਦਾ ਹੈ, ਇੱਕ ਘੰਟੇ ਦਾ ਵੀ ਜਾਂ ਫਿਰ ਰੁਕ-ਰੁਕ ਕੇ ਪੜ੍ਹਨ ਵੇਲੇ ਇੱਕ ਦਿਨ ਦਾ ਸਮਾਂ ਵੀ ਲੱਗ ਸਕਦਾ ਹੈ। ਇਹ ਮਾਪਦੰਡ ਕਿਸੇ ਰਚਨਾ ਦੇ ਕਹਾਣੀ ਹੋਣ ਵੱਲ ਸੰਕੇਤ ਤਾਂ ਕਰ ਸਕਦੇ ਹਨ ਪਰ ਇਹਨਾਂ ਕਾਰਨ ਕੋਈ ਰਚਨਾ ਕਹਾਣੀ ਨਹੀਂ ਹੋ ਸਕਦੀ। ਨਿੱਕੀ ਕਹਾਣੀ ਨਿੱਕੀ ਆਪਣੇ ਆਕਾਰ ਕਰ ਕੇ ਨਹੀਂ ਸਗੋਂ ਗੱਲ ਕਹਿਣ ਦੇ ਢੰਗ ਕਰ ਕੇ ਹੈ। ਜੋਗਿੰਦਰ ਸਿੰਘ ਰਾਹੀ ਅਨੁਸਾਰ ਇਹ ਢੰਗ ਸੂਖਮ ਇਸ਼ਾਰੇ ਦਾ ਹੈ। ਨਿੱਕੀ ਕਹਾਣੀ ਵਿੱਚ ਕਿਸੇ ਉਚੇਚੀ ਵਿਆਖਿਆ, ਉਪਦੇਸ਼, ਪ੍ਰਚਾਰ ਜਾਂ ਸਿੱਖਿਆ ਲਈ ਕੋਈ ਥਾਂ ਨਹੀਂ ਹੁੰਦੀ। ਹਰ ਗੱਲ ਨੂੰ ਸੰਜਮ ਨਾਲ ਥੋੜ੍ਹੇ ਸ਼ਬਦਾਂ ਵਿੱਚ ਕਿਹਾ ਜਾਂਦਾ ਹੈ। ਨਿੱਕੀ ਕਹਾਣੀ ਆਕਾਰ ਦੀ ਦ੍ਰਿਸ਼ਟੀ ਤੋਂ ਛੋਟੀ ਅਤੇ ਵਿਚਾਰ ਦੀ ਦ੍ਰਿਸ਼ਟੀ ਤੋਂ ਵੱਡੀ ਹੁੰਦੀ ਹੈ। ਇਸ ਕਰ ਕੇ ਇਸ ਨੂੰ ਸਮਝਣ ਲਈ ਸੂਖਮਤਾ ਦੀ ਓਵੇਂ ਲੋੜ ਹੁੰਦੀ ਹੈ, ਜਿਵੇਂ ਇੱਕ ਗਲੋਬ ਨੂੰ ਸਮਝਣ ਲਈ, ਜਿਹੜਾ ਆਕਾਰ ਵਿੱਚ ਨਿੱਕਾ ਅਤੇ ਜਾਣਕਾਰੀ ਵਿੱਚ ਵੱਡਾ ਹੁੰਦਾ ਹੈ। ਇਸ ਵਿੱਚ ਸਾਰੀ ਜਾਣਕਾਰੀ ਸੰਖੇਪ ਤੇ ਸੂਤਰ ਰੂਪ ਵਿੱਚ ਸਮਾਈ ਹੁੰਦੀ ਹੈ। ਉਂਞ ਆਕਾਰ ਦਾ ਉਪਰੋਕਤ ਪੈਮਾਨਾ ਨਾਵਲ ਤੇ ਨਿੱਕੀ ਕਹਾਣੀ ਦੇ ਵਖਰੇਵੇਂ ਨੂੰ ਸਮਝਣ ਵਿੱਚ ਜ਼ਰੂਰ ਸਹਾਈ ਹੁੰਦਾ ਹੈ। ਕੋਈ ਵੀ ਨਿੱਕੀ ਕਹਾਣੀ ਆਪਣੇ ਆਕਾਰ ਦੀ ਸੀਮਾ ਕਾਰਨ ਪੂਰੀ ਕਿਤਾਬ ਦੇ ਰੂਪ ਵਿੱਚ ਪ੍ਰਕਾਸ਼ਿਤ ਨਹੀਂ ਹੋ ਸਕਦੀ। ਉਹ ਕਿਸੇ ਮੈਗਜ਼ੀਨ ਜਾਂ ਕਿਸੇ ਕਿਤਾਬ ਦਾ ਹਿੱਸਾ ਬਣ ਕੇ ਹੀ ਪ੍ਰਕਾਸ਼ਿਤ ਹੁੰਦੀ ਹੈ। ਇਸ ਦੀ ਤੁਲਨਾ ਵਿੱਚ ਨਾਵਲ ਇੱਕ ਪੂਰੀ ਕਿਤਾਬ ਦੇ ਰੂਪ ਵਿੱਚ ਪ੍ਰਕਾਸ਼ਿਤ ਹੁੰਦਾ ਹੈ।
ਨਿੱਕੀ ਕਹਾਣੀ ਦਾ ਸਭ ਤੋਂ ਅਹਿਮ ਤੇ ਪਛਾਣਨਯੋਗ ਲੱਛਣ ਤਾਂ ਇਹ ਹੈ ਕਿ ਇਹ ਸਧਾਰਨ ਮਨੁੱਖ ਦੀ ਸਧਾਰਨਤਾ ਦੀ ਬਾਤ ਪਾਉਂਦੀ ਹੈ। ਇਸ ਕਥਨ ਤੋਂ ਭਾਵ ਇਹ ਹੈ ਕਿ ਇਹ ਮਨੁੱਖ ਨੂੰ ਮਨੁੱਖ ਦੇ ਤੌਰ `ਤੇ ਪਛਾਣਦੀ ਉਸ ਨੂੰ ਉਸ ਦੀਆਂ ਤਮਾਮ ਸੀਮਾਵਾਂ ਸਮੇਤ ਚਿਤਰਦੀ ਹੈ। ਇਹ ਮਨੁੱਖ ਨੂੰ ਫ਼ਿਲਮ ਦੇ ਉਸ ਹੀਰੋ ਵਾਂਗ ਪੇਸ਼ ਨਹੀਂ ਕਰਦੀ ਜਿਹੜਾ ਸਾਰੀਆਂ ਸਮੱਸਿਆਵਾਂ ਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ। ਨਿੱਕੀ ਕਹਾਣੀ ਦਾ ਮਨੁੱਖ ਸਾਡੇ ਸਾਰਿਆਂ ਵਰਗਾ ਹੈ, ਜਿਹੜਾ ਨਿੱਕੀਆਂ ਵੱਡੀਆਂ ਗੱਲਾਂ ਤੇ ਖ਼ੁਸ਼ ਤੇ ਦੁੱਖੀ ਹੁੰਦਾ ਹੈ ਅਤੇ ਜ਼ਿੰਦਗੀ ਬਿਤਾਉਂਦਾ ਕਦੇ ਹਾਰਦਾ ਤੇ ਕਦੇ ਜਿੱਤਦਾ ਹੈ। ਸੰਤ ਸਿੰਘ ਸੇਖੋਂ ਅਨੁਸਾਰ ਸਧਾਰਨ ਮਨੁੱਖ ਦੀ ਸਧਾਰਨਤਾ ਨੂੰ ਛੋਟੀ ਕਹਾਣੀ ਇਸ ਤਰ੍ਹਾਂ ਬਰਕਰਾਰ ਰੱਖਦੀ ਹੈ ਕਿ ਇਹ ਉਸ ਦੇ ਸਮੁੱਚੇ ਜੀਵਨ ਵਿੱਚ ਕੋਈ ਮਹਾਨ ਅਰਥ ਨਹੀਂ ਭਰਦੀ। ਇੱਥੇ ਸਧਾਰਨਤਾ ਤੋਂ ਭਾਵ ਇਹ ਨਹੀਂ ਕਿ ਜਿਸ ਮਨੁੱਖ ਦੀ ਗੱਲ ਹੋ ਰਹੀ ਹੈ, ਉਸ ਵਿੱਚ ਕੋਈ ਵੱਡਾ ਗੁਣ ਨਹੀਂ ਹੋ ਸਕਦਾ, ਸਗੋਂ ਇਸ ਦਾ ਭਾਵ ਇਹ ਹੈ ਕਿ ਉਹ ਵੱਡੇ ਗੁਣ ਦੇ ਬਾਵਜੂਦ ਵੀ ਅਸਧਾਰਨ ਨਹੀਂ ਬਣਦਾ। ਮਿਸਾਲ ਦੇ ਤੌਰ ਤੇ ਕੁਲਵੰਤ ਸਿੰਘ ਵਿਰਕ ਦੀ ਕਹਾਣੀ ‘ਧਰਤੀ ਹੇਠਲਾ ਬਲਦ’ ਦੇਖੀ ਜਾ ਸਕਦੀ ਹੈ। ਇਸ ਕਹਾਣੀ ਵਿੱਚ ਕਰਮ ਸਿੰਘ ਦੇ ਪਿਤਾ ਨੂੰ ਉਸ ਬਲਦ ਨਾਲ ਤੁਲਨਾਇਆ ਗਿਆ ਹੈ ਜਿਸ ਬਾਰੇ ਇਹ ਮਿੱਥ ਹੈ ਕਿ ਧਰਤੀ ਉਸ ਦੇ ਸਿੰਗਾਂ ਦੇ ਆਸਰੇ ਖੜ੍ਹੀ ਹੈ। ਏਨੀ ਵੱਡੀ ਤੁਲਨਾ ਦੇ ਬਾਵਜੂਦ ਵੀ ਕਹਾਣੀਕਾਰ ਉਸ ਨੂੰ ਵਿਸ਼ੇਸ਼ ਨਹੀਂ ਬਣਨ ਦਿੰਦਾ, ਕਿਉਂਕਿ ਉਸ ਅਨੁਸਾਰ ਅਜਿਹਾ ਹੋਣਾ ਕੇਵਲ ਇੱਕ ਵਿਅਕਤੀ ਦੀ ਸਮਰੱਥਾ ਨਹੀਂ ਸਗੋਂ ਮਾਝੇ ਦੇ ਵਿਸ਼ੇਸ਼ ਹਾਲਾਤਾਂ ਕਾਰਨ ਉੱਥੋਂ ਦੇ ਹਰ ਬੰਦੇ ਦੀ ਸੰਭਾਵਿਤ ਸਮਰੱਥਾ ਹੈ। ਇਸ ਤੋਂ ਬਿਨਾ ਨਿੱਕੀ ਕਹਾਣੀ ਦਾ ਫੋਕਸ ਕੋਈ ਵਿਅਕਤੀ ਵਿਸ਼ੇਸ਼ ਨਾ ਹੋ ਕੇ ਕੋਈ ਇੱਕ ਵਿਸ਼ੇਸ਼ ਮਨੁੱਖੀ ਅਨੁਭਵ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਪੇਸ਼ਕਾਰੀ ਅਤੇ ਪੇਸ਼ ਭਾਵ ਕਮਾਲ ਦਾ ਹੋਣ ਦੇ ਬਾਵਜੂਦ ਇਸ ਵਿਚਲਾ ਸਧਾਰਨ ਮਨੁੱਖ ਸਧਾਰਨ ਹੀ ਬਣਿਆ ਰਹਿੰਦਾ ਹੈ।
ਇਸ ਗੱਲ ਨੂੰ ਨਾਵਲ ਨਾਲ ਤੁਲਨਾ ਦੇ ਪ੍ਰਸੰਗ ਵਿੱਚ ਸਮਝਦੇ ਹਾਂ। ਨਾਵਲ ਵਿੱਚ ਵੀ ਵਿਅਕਤੀ ਤਾਂ ਸਧਾਰਨ ਹੀ ਹੁੰਦਾ ਹੈ ਪਰ ਨਾਵਲ ਉਸ ਦੀ ਪੇਸ਼ਕਾਰੀ ਵੇਲੇ ਉਸ ਨੂੰ ਅਸਧਾਰਨ ਬਣਾ ਦਿੰਦਾ ਹੈ। ਉਸ ਨੂੰ ਵਿਸ਼ੇਸ਼ ਬਣਾਉਣ ਵਾਲੀ ਪਹਿਲੀ ਗੱਲ ਤਾਂ ਇਹ ਹੈ ਕਿ ਉਸ ਦਾ ਜੀਵਨ ਆਕਾਰ ਵਿੱਚ ਏਨੀ ਵੱਡੀ ਰਚਨਾ (ਨਾਵਲ) ਦਾ ਵਿਸ਼ਾ ਹੈ। ਨਾਵਲ ਦਾ ਹਰ ਪਸਾਰ ਉਸੇ ਨਾਲ ਹੋਂਦ ਗ੍ਰਹਿਣ ਕਰਦਾ ਹੈ। ਦੂਸਰੇ ਨਾਵਲ ਨੇ ਕਿਸੇ ਦੌਰ ਵਿਸ਼ੇਸ਼ ਦੇ ਵੱਡੇ ਇਤਿਹਾਸਿਕ ਮਸਲਿਆਂ ਨੂੰ ਸਮਝਣਾ ਅਤੇ ਸੇਧਿਤ ਕਰਨਾ ਹੁੰਦਾ ਹੈ ਤੇ ਅਜਿਹਾ ਉਹ ਮੁੱਖ ਪਾਤਰ ਨੂੰ ਇਹਨਾਂ ਸਥਿਤੀਆਂ ਦੀ ਟੱਕਰ ਵਿੱਚ ਰੱਖ ਕੇ ਕਰਦਾ ਹੈ, ਨਤੀਜੇ ਵਜੋਂ ਨਾਵਲ ਦਾ ਸਧਾਰਨ ਨਾਇਕ ਵੀ ਅਸਧਾਰਨ ਸਮਰੱਥਾ ਦਾ ਮਾਲਕ ਬਣ ਕੇ ਪੇਸ਼ ਹੁੰਦਾ ਹੈ। ਭਾਵੇਂ ਉਹ ਹਾਰੇ ਜਾਂ ਜਿੱਤੇ, ਉਸ ਦਾ ਨਾਇਕਤਵ ਕਾਇਮ ਰਹਿੰਦਾ ਹੈ।
ਨਿੱਕੀ ਕਹਾਣੀ ਦਾ ਕਮਾਲ ਤੇ ਇਸ ਦੀ ਖਿੱਚ ਇਸ ਗੱਲ ਵਿੱਚ ਹੈ ਕਿ ਇਹ ਸਧਾਰਨ ਬੰਦਿਆਂ ਦੇ ਜੀਵਨ ਵਿੱਚੋਂ ਵੀ ਕਿਸੇ ਅਸਧਾਰਨ ਗੱਲ ਨੂੰ ਲੱਭ ਲੈਂਦੀ ਹੈ। ਇਹ ਅਸਧਾਰਨਤਾ ਵਿਚਾਰ ਦੀ ਨਵੀਨਤਾ ਦੀ ਜਾਂ ਫਿਰ ਵਿਚਾਰ ਦੀ ਨਵੀਨ ਵਿਆਖਿਆ ਦੀ ਹੋ ਸਕਦੀ ਹੈ। ਨਿੱਕੀ ਕਹਾਣੀ ਜੀਵਨ ਦੇ ਕਿਸੇ ਅਭੁੱਲ ਅਤੇ ਮਹੱਤਵਪੂਰਨ ਛਿਣ ਦੀ ਕਲਾਤਮਿਕ ਪਕੜ ਹੈ। ਇਸ ਧਾਰਨਾ ਨੂੰ ਇਉਂ ਵੀ ਸਮਝਿਆ ਜਾ ਸਕਦਾ ਹੈ ਕਿ ਕਿਸੇ ਸਧਾਰਨ ਮਨੁੱਖ ਦੇ ਜੀਵਨ ਵਿੱਚ ਕੁਝ ਪਲ ਤੇ ਭਾਵ ਅਜਿਹੇ ਜ਼ਰੂਰ ਹੁੰਦੇ ਹਨ ਜਿਹੜੇ ਦੇਖਣ ਨੂੰ ਤਾਂ ਭਾਵੇਂ ਸਧਾਰਨ ਨਜ਼ਰ ਆਉਣ ਪਰ ਅਸਲ ਵਿੱਚ ਉਹ ਅਸਧਾਰਨ ਬਿਰਤੀ ਦੇ ਹੁੰਦੇ ਹਨ। ਮਿਸਾਲ ਦੇ ਤੌਰ `ਤੇ ਇੱਕ ਸਧਾਰਨ ਬੰਦਾ ਜ਼ਿੰਦਗੀ ਵਿੱਚ ਵਾਪਰੇ ਵੱਡੇ ਹਾਦਸਿਆਂ ਤੋਂ ਬਾਅਦ ਵੀ ਮੁੜ ਖ਼ੁਸ਼ ਰਹਿਣ ਦਾ ਜਜ਼ਬਾ ਰੱਖਦਾ ਹੈ। ਆਮ ਨਜ਼ਰ ਤੋਂ ਦੇਖਿਆਂ ਇਹ ਗੱਲ ਸਧਾਰਨ ਜਿਹੀ ਲੱਗਦੀ ਹੈ ਪਰ ਜਦੋਂ ਕਹਾਣੀਕਾਰ ਇਸ ਦੀ ਪੇਸ਼ਕਾਰੀ ਕਰਦਾ ਹੈ ਤਾਂ ਇਸ ਵਿਚਲੀ ਅਸਧਾਰਨਤਾ ਉਘੜ ਆਉਂਦੀ ਹੈ। ਮਿਸਾਲ ਲਈ ਕੁਲਵੰਤ ਸਿੰਘ ਵਿਰਕ ਦੀ ਕਹਾਣੀ ‘ਖੱਬਲ’ ਦੇਖੀ ਜਾ ਸਕਦੀ ਹੈ। ਕਹਾਣੀਕਾਰ ਅਜਿਹਾ ਸੂਖਮ ਵਿਅਕਤੀ ਹੁੰਦਾ ਹੈ, ਜਿਹੜਾ ਮਨੁੱਖੀ ਭਾਵਾਂ ਦੀ ਕਲਾਤਮਿਕ ਤੇ ਦਿਲ-ਖਿੱਚਵੀਂ ਪੇਸ਼ਕਾਰੀ ਪੇਸ਼ ਕਰਦਾ ਹੈ।
ਨਿੱਕੀ ਕਹਾਣੀ ਦਾ ਸਮੁੱਚਾ ਤਾਣਾ-ਬਾਣਾ ਕਹਾਣੀ ਵਿੱਚ ਮੌਜੂਦ ਇੱਕ ਸਿਖਰ/ਪ੍ਰਕਾਸ਼-ਬਿੰਦੂ ਵੱਲ ਸੇਧਿਤ ਹੁੰਦਾ ਹੈ ਜਿਸ ਦਾ ਪਤਾ ਕਹਾਣੀ ਦੇ ਅੰਤ ਤੇ ਪਹੁੰਚ ਕੇ ਲੱਗਦਾ ਹੈ। ਨਿੱਕੀ ਕਹਾਣੀ ਦਾ ਸਾਰਾ ਭਾਵ ਅੰਤ ਤੇ ਮੌਜੂਦ ਇਸੇ ਪ੍ਰਕਾਸ਼ ਬਿੰਦੂ ਵਿੱਚ ਪਿਆ ਹੁੰਦਾ ਹੈ। ਕਹਾਣੀ ਦਾ ਹਰ ਅੰਸ਼ ਪੂਰੀ ਇਕਾਗਰਤਾ ਤੇ ਕਾਹਲ ਨਾਲ ਇਸ ਬਿੰਦੂ ਵੱਲ ਤੁਰਦਾ ਹੈ। ਇਸ ਬਿੰਦੂ ਤੇ ਪਹੁੰਚਣ ਤੇ ਪਹਿਲੀਆਂ ਸਭ ਘਟਨਾਵਾਂ ਅਤੇ ਵੇਰਵੇ ਇਸ ਬਿੰਦੂ ਦੀ ਰੋਸ਼ਨੀ ਵਿੱਚ ਅਰਥ ਸਿਰਜਣ ਦੇ ਕਾਬਲ ਹੁੰਦੇ ਹਨ। ਮਿਸਾਲ ਦੇ ਤੌਰ ਤੇ ਕਹਾਣੀ ‘ਧਰਤੀ ਹੇਠਲਾ ਬਲਦ’ ਵਿੱਚ ਅੰਤ ਤੋਂ ਪਹਿਲਾਂ ਸਾਰੇ ਵੇਰਵੇ ਸਧਾਰਨ ਜਿਹੇ ਲੱਗਦੇ ਹਨ ਪਰ ਅੰਤ ਤੇ ਪਹੁੰਚ ਕੇ ਜਦੋਂ ਫ਼ੌਜੀ ਕਰਮ ਸਿੰਘ ਨੂੰ ਆਪਣੇ ਦੋਸਤ ਮਾਨ ਸਿੰਘ ਅਣਆਈ ਮੌਤ ਦਾ ਪਤਾ ਲੱਗਦਾ ਹੈ ਤਾਂ ਪਹਿਲੇ ਸਭ ਵੇਰਵੇ ਸਾਰਥਕ ਹੋ ਜਾਂਦੇ ਹਨ ਤੇ ਕਹਾਣੀ ਵਡੇਰੇ ਅਰਥ ਦੇਣ ਲੱਗਦੀ ਹੈ।
ਆਧੁਨਿਕਤਾ ਸੋਚਣ ਦਾ ਇੱਕ ਨਵਾਂ ਢੰਗ ਸੀ, ਜਿਸ ਦਾ ਆਧਾਰ ਵਿਗਿਆਨ ਅਤੇ ਤਰਕ ਸੀ। ਇਸ ਤੋਂ ਪਹਿਲਾਂ ਮਨੁੱਖ ਦੀ ਸੋਚ ਧਰਮ ਅਤੇ ਵਿਸ਼ਵਾਸ ਤੇ ਆਧਾਰਿਤ ਸੀ। ਇਸ ਸੋਚ ਕਾਰਨ ਉਹ ਜ਼ਿੰਦਗੀ ਦੇ ਦੁੱਖਾਂ ਦੇ ਅਸਲ ਕਾਰਨਾਂ ਨੂੰ ਸਮਝਣ ਤੋਂ ਅਸਮਰਥ ਸੀ ਅਤੇ ਆਪਣੇ ਦੁੱਖਾਂ ਦਾ ਕਾਰਨ ਕਿਸਮਤ ਨੂੰ ਅਤੇ ਪਿਛਲੇ ਜਨਮ ਵਿੱਚ ਕੀਤੇ ਕਰਮਾਂ ਨੂੰ ਸਮਝਦਾ ਸੀ। ਇਸ ਜਨਮ ਨੂੰ ਤੇ ਅਗਲੇ ਜਨਮ ਨੂੰ ਸੁਆਰਨ ਲਈ ਰੱਬ ਦੀ ਭਗਤੀ ਤੇ ਧਰਮ/ਨੈਤਿਕਤਾ ਦੇ ਰਸਤੇ ਤੇ ਤੁਰਨਾ ਉਸ ਦੇ ਮੁੱਖ ਆਦਰਸ਼ ਸਨ। ਜਨਮ-ਸਾਖੀਆਂ ਤੇ ਵਾਰਾਂ ਦੇ ਨਾਇਕ ਇਸ ਦੇ ਉਦਾਹਰਨ ਹਨ। ਇਹ ਲੋਕਾਂ ਨੂੰ ਜੀਵਨ ਦੀਆਂ ਜ਼ਮੀਨੀ ਹਕੀਕਤਾਂ ਨਾਲ ਜੋੜਦੀ ਹੈ। ਰੱਬ ਅਤੇ ਧਰਮ ਦੀ ਥਾਂ ਸਧਾਰਨ ਸਥਿਤੀਆਂ ਅਤੇ ਸਧਾਰਨ ਮਨੁੱਖ ਚਿੰਤਨ ਦਾ ਵਿਸ਼ਾ ਬਣਦੇ ਹਨ। ਰਾਜਿਆਂ ਦੇ ਰਾਜ ਦਾ ਖ਼ਾਤਮਾ ਅਤੇ ਵੋਟਾਂ ਦੀ ਆਮਦ ਸਧਾਰਨ ਬੰਦੇ ਦੀ ਅਹਿਮੀਅਤ ਨੂੰ ਹੋਰ ਵਧਾ ਦਿੰਦੇ ਹਨ। ਅਜਿਹੀ ਸਥਿਤੀ ਵਿੱਚ ਸਧਾਰਨ ਮਨੁੱਖ ਅਤੇ ਉਸ ਦੀਆਂ ਸਧਾਰਨ ਖ਼ਾਹਸ਼ਾਂ ਸਾਹਿਤ ਦਾ ਵਿਸ਼ਾ ਬਣਦੀਆਂ ਹਨ, ਜਿਸ ਦੇ ਪ੍ਰਗਟਾਅ ਲਈ ਨਿੱਕੀ ਕਹਾਣੀ ਦਾ ਰੂਪ ਸਾਮ੍ਹਣੇ ਆਉਂਦਾ ਹੈ। ਇੱਥੇ ਇੱਕ ਗੱਲ ਵਿਸ਼ੇਸ਼ ਤੌਰ ਤੇ ਧਿਆਨਯੋਗ ਹੈ ਕਿ ਨਿੱਕੀ ਕਹਾਣੀ ਦੇ ਜਨਮ ਪਿੱਛੇ ਕੇਵਲ ਆਧੁਨਿਕ ਚੇਤਨਾ ਦੀ ਹੀ ਨਹੀਂ ਸਗੋਂ ਮੱਧ-ਕਾਲੀ ਕਹਾਣੀ ਰੂਪੀ ਵਿਰਾਸਤ ਦੀ ਵੀ ਮਹੱਤਵਪੂਰਨ ਭੂਮਿਕਾ ਹੈ।
ਲੇਖਕ : ਗੁਰਮੁਖ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 30412, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਨਿੱਕੀ ਕਹਾਣੀ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਨਿੱਕੀ ਕਹਾਣੀ : ਕਹਾਣੀ ਮੁੱਢ ਤੋਂ ਹੀ ਸਾਹਿੱਤ ਦਾ ਲੋਕ ਪ੍ਰਿਯ ਅੰਗ ਚਲਿਆ ਆ ਰਿਹਾ ਹੈ। ਇਸ ਦੀ ਪਰੰਪਰਾ ਅਤਿਅੰਤ ਪ੍ਰਾਚੀਨ ਹੈ। ਭਾਰਤੀ ਸਾਹਿੱਤ ਵਿਚ ਰਿਗਵੇਦ ਵਿਚ ਆਏ ਯਮ–ਯਮੀ, ਪੁਰੁਰਵਾ–ਉਰਵਸ਼ੀ, ਸਰਮਾ–ਪਣਿਗਣ ਆਦਿ ਸੰਵਾਦਾਂ ਵਿਚ, ਬ੍ਰਾਹਮਣਾਂ ਵਿਚ ਸੌਪਰਣੀ–ਕਾਦ੍ਰਬ ਵਰਗੇ ਰੂਪਾਤਮਕ ਵਿਆਖਿਆਨਾਂ ਵਿਚ, ਉਪਨਿਸ਼ਦਾਂ ਦੇ ਸਨਤਕੁਮਾਰ–ਨਾਰਦ ਵਰਗੇ ਭਾਵਪੂਰਣ ਅਧਿਆਤਮਕ ਵਿਆਖਿਆਨਾਂ ਵਿਚ, ਮਹਾਭਾਰਤ ਦੀਆਂ ਉਪਕਾਥਾਵਾਂ ਅਤੇ ਪੁਰਾਣਾਂ ਦੀਆਂ ਕਥਾਵਾਂ ਵਿਚ ਆਧੁਨਿਕ ਕਹਾਣੀ ਦੇ ਅੰਸ਼ ਲੱਭੇ ਜਾ ਸਕਦੇ ਹਨ। ਇਨ੍ਹਾਂ ਕਹਾਣੀਆਂ ਦੀ ਪ੍ਰੇਰਣਾ ਦਾ ਆਧਾਰ ਧਾਰਮਿਕ ਆਚਾਰ, ਅਧਿਆਤਮਕ ਤੱਤ, ਚਿੰਤਨ ਅਤੇ ਨੀਤੀ ਤੇ ਕਰਤੱਵ ਦੀ ਸਿੱਖਿਆ ਪ੍ਰਦਾਨ ਕਰਨਾ ਸੀ। ਘਟਨਾ–ਪ੍ਰਧਾਨ ਕਥਾਵਾਂ ਦਾ ਆਰੰਭ ਗੁਣਾਡੑਯ ਦੀ ‘ਬਿਰਹ ਕਥਾ’ ਤੋਂ ਹੋਇਆ ਹੈ। ਰਾਜਿਆਂ, ਰਾਜ ਕੁਮਾਰਾਂ ਅਤੇ ਪ੍ਰਾਕ੍ਰਮੀ ਵੀਰਾਂ ਦੀਆਂ ਘਟਨਾ–ਪ੍ਰਧਾਨ ਕਹਾਣੀਆਂ ਦਾ ਵਿਕਾਸ ਸਾਨੂੰ ਬੌਧ ਜਾਤਕ ਕਥਾਵਾਂ ਤੋਂ ਛੁੱਟ, ਵਿਸ਼ਣੂ ਸ਼ਰਮਾ ਦੀ ‘ਪੰਚ ਤੰਤ੍ਰ’, ਬੁੱਧ ਸੁਆਮੀ ਦੀ ‘ਬ੍ਰਿਹਤ ਕਥਾ ਸ਼ਲੋਕ ਸੰਗ੍ਰਹਿ’, ਕਸ਼ੇਮੇਂਦ੍ਰ ਦੀ ‘ਬ੍ਰਿਹਤ ਕਥਾ ਮੰਜਰੀ’, ਸੋਮ ਦੇਵ ਦੀ ‘ਕਥਾਦਿ ਰਤਨਾਕਰ’, ਦੰਡੀ ਦੀ ‘ਦਸ਼ਕੁਮਾਰ ਚਰਿਤ’, ਬਾਣਭੱਟ ਦੀ ‘ਕਾਦੰਬਰੀ’, ਸੰਬੰਧੂ ਦੀ ‘ਵਾਸਵਦੱਤਾ’, ਅਤੇ ਨਾਰਾਇਣ ਦੀ ‘ਹਿਤੋਪਦੇਸ਼’ ਵਿਚ ਮਿਲਦਾ ਹੈ। ਇਸੇ ਤਰ੍ਹਾਂ ਪ੍ਰਾਚੀਨ ਮਿਸਰ ਦੀਆਂ ‘ਜਾਦੂ ਕਹਾਣੀਆਂ’, ਬਾਈਬਲ ਵਿਚ ਅੰਕਿਤ ਯਹੂਦੀਆਂ ਦੀਆਂ ਕਹਾਣੀਆਂ, ਅਰਬ ਦੀਆਂ ਜਾਦੂ ਕਹਾਣੀਆਂ ਅਤੇ ਅਲਫ਼ ਲੈਲਾ, ਮੱਧ–ਕਾਲ ਦੀਆਂ ਈਸਪ ਦੀਆਂ ਪਸ਼ੂ ਕਹਾਣੀਆਂ, ਬੁਕਾਚੂ ਦੀਆਂ ਰੁਮਾਨੀ ਕਹਾਣੀਆਂ ਬੜੇ ਰੌਚਕ ਢੰਗ ਨਾਲ ਲਿਖੀਆਂ ਹੋਈਆਂ ਮਿਲਦੀਆਂ ਹਨ। ਮੱਧ–ਕਾਲ ਦੇ ਅੰਤ ਦੀਆਂ ਕਹਾਣੀਆਂ ਅੰਗ੍ਰੇਜ਼ੀ ਲੇਖਕ ਚੌਸਰ ਦੇ ਸੰਗ੍ਰਹਿ ‘ਕੈਂਟਰਬਰੀ ਟੇਲਜ਼’ ਵਿਚ ਮਿਲਦੀਆਂ ਹਨ। ਇਸ ਦੌਰ ਦੀਆਂ ਕਹਾਣੀਆਂ ਬਹਾਦਰਾਂ ਦੇ ਕਾਰਨਾਮਿਆਂ ਦੁਆਲੇ ਹੀ ਘੁੰਮਦੀਆਂ ਸਨ ਜਾਂ ਫਿਰ ਧਾਰਮਿਕ ਅਤੇ ਨੈਤਿਕ ਸਿੱਖਿਆ ਦੇਣਾ ਹੀ ਇਨ੍ਹਾਂ ਦਾ ਵਿਸ਼ੇਸ਼ ਉੱਦਮ ਸੀ। ਇਹ ਸਮੁੱਚੇ ਸਾਹਿੱਤ ਦਾ ਹੀ ਇਕ ਅੰਗ ਸੀ, ਵਿਸ਼ੇਸ਼ ਤਕਨੀਕੀ ਨਿਯਮਾਂ ਨੂੰ ਮੁੱਖ ਰੱਖ ਕੇ ਇਨ੍ਹਾਂ ਦੀ ਰਚਨਾ ਨਹੀਂ ਸੀ ਕੀਤੀ ਜਾਂਦੀ। ਨਵ–ਜਾਗ੍ਰਿਤੀ ਕਾਲ ਵਿਚ ਇਟਲੀ ਵਿਚ ਨੌਵੇਲਾ (novella) ਨਾਮ ਦੀਆਂ ਲੰਮੇਰੀਆਂ ਕਹਾਣੀਆਂ ਲਿਖੀਆਂ ਜਾਣ ਲੱਗੀਆਂ ਅਤੇ ਇਹ ਨਾਉਂ ਪਿਛਲੇਰੀ ਰਚਨਾ ‘ਨਾਵਲ’ ਨਾਲ ਲਗਾ ਦਿੱਤਾ ਗਿਆ ਭਾਵੇਂ ਨਾਵਲ ਦਾ ਵਿਕਾਸ ਨੌਵੇਲਾ ਦੀਆਂ ਲੀਹਾਂ ਉੱਤੇ ਨਹੀਂ ਹੋਇਆ।
ਅਠਾਰ੍ਹਵੀਂ ਸਦੀ ਈ. ਵਿਚ ਯੂਰਪ ਵਿਚ ਗੱਦ ਸਾਹਿੱਤ ਦਾ ਵਿਕਾਸ ਬੜੇ ਜ਼ੋਰਾਂ ਨਾਲ ਹੋਇਆ। ਕੁਝ ਸਮਾਜੀ ਸ਼ਕਤੀਆਂ ਨੇ ਮਨੁੱਖੀ ਮਨ ਵਿਚ ਤਰਕ ਤੇ ਨਿਆਂ ਦੀਆਂ ਪ੍ਰਵ੍ਰਿਤੀਆਂ ਉਜਾਗਰ ਕੀਤੀਆਂ, ਜਿਸ ਦੇ ਪ੍ਰਗਟਾ ਲਈ ਗੱਦਾ ਇਕ ਸ਼ਕਤੀਸ਼ਾਲੀ ਸਾਧਨ ਹੈ। ਇਸੇ ਕਾਲ ਵਿਚ ਨਿਬੰਧ, ਆਰਟੀਕਲ, ਨਾਵਲ ਅਤੇ ਕਹਾਣੀਆਂ ਦਾ ਵਿਕਾਸ ਹੋਇਆ। ਫ਼੍ਰਾਂਸੀਸੀ ਸਾਹਿੱਤਕਾਰ ਅਤੇ ਦਾਰਸ਼ਨਿਕ ਵਾਲਟੇਅਰ ਨੇ ਨਾਵਲਾਂ ਤੋਂ ਛੁੱਟ ਕਈ ਕਹਾਣੀਆਂ ਲਿਖੀਆਂ। ਇਸ ਪਿੱਛੋਂ ਬਾਲਜ਼ਕ, ਫਲਾਬੇਅਰ, ਮੋਪਾਸਾਂ ਐਨੋਤੋਲ ਫ੍ਰਾਂ ਆਦਿ ਨੇ ਬੜੀਆਂ ਪ੍ਰਭਾਵਯੁਕਤ ਕਹਾਣੀਆਂ ਲਿਖੀਆਂ ਅਤੇ ਇਹ ਕਹਾਣੀਆਂ ਨਿੱਕੀ ਕਹਾਣੀ ਨੂੰ ਨਿਯਮਬੱਧ ਕਰਨ ਵਿਚ ਸਹਾਈ ਹੋਈਆਂ। ਰੂਸੀ ਲੇਖਕ ਤੁਰਗਨੀਫ਼, ਤਾਲਸਤਾਈ, ਚੈਖ਼ਵ, ਗੋਰਕੀ ਅਤੇ ਸ਼ੋਲੋਖੋਵ; ਜਰਮਨੀ ਵਿਚ ਗ੍ਰਿਮ (Grimm) ਦੀਆਂ ਪਰੀ ਕਹਾਣੀਆਂ (Fairy Tales) ਤੋਂ ਛੁੱਟ ਜਰਮਨੀ ਲੇਖਕ ਹੌਫ਼ਮਾਨ, ਹੈਰਮਨ ਸੁੰਡਰਮਾਨ ਅਤੇ ਟਾਮਸ ਮਾਨ, ਅੰਗ੍ਰੇਜ਼ ਲੇਖਕ ਸਕਾਟ, ਡਿਕਨਜ਼, ਥੈਕਰੇ, ਹਾਰਡੀ, ਕਾਨਰਡ, ਸਟੀਵਨਸਨ, ਕਿਪਲਿੰਗ, ਵੈਲਜ਼, ਗਾਲਜ਼ਵਰਦੀ, ਲਾਰੰਸ, ਕੈਥਰੀਨ ਮੈਨਸਫ਼ੀਲਡ ਅਤੇ ਹਕਸਲੇ; ਅਮਰੀਕੀ ਲੇਖਕ ਐਡਗਰ ਐਲਨ ਪੋ, ਵਾਸ਼ਿੰਗਟਨ ਇਰਵਿੰਗ, ਹਾਥੌਰਨ, ਬ੍ਰੈਟ ਹਾਰਟ ਅਤੇ ਓ’ ਹੇਨਰੀ ਆਦਿ ਦੀਆਂ ਕਹਾਣੀਆਂ ਨੇ ਕਹਾਣੀ ਨੂੰ ਸਾਹਿੱਤ ਦੀ ਇਕ ਵੱਖਰੀ ਵੰਨਗੀ ਬਣਾ ਦਿੱਤਾ ਹੈ ਜਿਸ ਨੂੰ ਉਪਨਿਆਸ ਅਤੇ ਉਪਨਿਆਸਕਾ ਤੋਂ ਸਹਿਜੇ ਹੀ ਨਿਖੇੜਿਆ ਜਾ ਸਕਦਾ ਹੈ।
ਹਾਥੌਰਨ (Hawthron) ਦੇ ਕਹਾਣੀ ਸੰਗ੍ਰਹਿ ‘ਟੁਆਈਸ ਟੋਲਡ ਸਟੋਰੀਜ਼’ (Twice Told Stories) ਦਾ 1842 ਈ. ਵਿਚ ਰਿਵੀਊ ਕਰਦੇ ਹੋਏ ਐਡਗਰ ਐਲਨ ਪੋ (Edgar Allen Poe) ਨੇ ਸਭ ਤੋਂ ਪਹਿਲਾਂ ਨਿੱਕੀ ਕਹਾਣੀ ਦੇ ਕੁਝ ਤਕਨੀਕੀ ਨਿਯਮ ਨਿਰਧਾਰਤ ਕੀਤੇ ਸਨ ਅਤੇ ਇਸ ਨੂੰ ਲੰਮੀ ਬਿਆਨੀਆਂ ਕਹਾਣੀ ਤੋਂ ਨਿਖੇੜਿਆ ਸੀ। ਉਸ ਅਨੁਸਾਰ ਇਕ ਚੰਗੀ ਨਿੱਕੀ ਕਹਾਣੀ ਨੂੰ ਪੜ੍ਹਨ ਲਈ ਅੱਧ ਘੰਟੇ ਤੋਂ ਲੈ ਕੇ ਇਕ ਘੰਟਾ ਜਾਂ ਦੋ ਘੰਟੇ ਲੱਗਣੇ ਚਾਹੀਦੇ ਹਨ। ਇਸ ਸੰਖੇਪਤਾ ਵਿਚ ਹੀ ਇਸ ਦੀ ਬਣਤਰ ਦਾ ਰਾਜ਼ ਹੈ। ਲੇਖਕ ਇਕ ਵਿਸ਼ੇਸ਼ ਮਹੱਤਵਪੂਰਣ ਪ੍ਰਭਾਵ ਪ੍ਰਗਟ ਕਰਨ ਦੀ ਕਲਪਨਾ ਕਰਦਾ ਹੈ, ਜਿਸ ਲਈ ਉਹ ਵਿਸ਼ੇਸ਼ ਘਟਨਾਵਾਂ ਅਤੇ ਸ਼ਬਦਾਂ ਦਾ ਪ੍ਰਯੋਗ ਕਰਦਾ ਹੈ। ਉਸ ਦਾ ਮੰਤਵ ਕੇਵਲ ਇਕ ਸਮੁੱਚਾ ਪ੍ਰਭਾਵ ਪਾਉਣਾ ਹੀ ਹੁੰਦਾ ਹੈ। ਘਟਨਾਵਾਂ ਅਤੇ ਸ਼ੈਲੀ ਦਾ ਢੁੱਕਵਾਂਪਨ ਅਤੇ ਸੰਜਮ ਨਿੱਕੀ ਕਹਾਣੀ ਦੇ ਵਿਸ਼ੇਸ਼ ਤਕਨੀਕੀ ਗੁਣ ਹਨ। ਨਿੱਕੀ ਕਹਾਣੀ ਉਪਨਿਆਸ ਦੇ ਇਕ ਤੱਤ ਨੂੰ ਕੇਂਦਰ ਬਣਾਉਂਦੀ ਹੈ ਅਤੇ ਪਾਤਰ ਨੂੰ ਕੇਵਲ ਪ੍ਰਕਾਸ਼ਮਾਨ ਹੀ ਕੀਤਾ ਜਾਂਦਾ ਹੈ, ਉਪਨਿਆਸਿਕਾ ਦੇ ਪਾਤਰ ਵਾਂਗ ਉਸ ਦਾ ਵਿਕਾਸ ਨਹੀਂ ਕੀਤਾ ਜਾਂਦਾ। 1885 ਈ. ਵਿਚ ਬ੍ਰੈਂਡਰ ਮੈਥੀਉਜ਼ (Brander Matthews) ਨੇ ਨਿੱਕੀ ਕਹਾਣੀ ਦੇ ਵਿਸ਼ੇਸ਼ ਰੂਪ ਤੇ ਜ਼ੋਰ ਦਿੱਤਾ ਅਤੇ ਇਸ ਨੂੰ ਬਿਆਨੀਆ ਕਹਾਣੀਆਂ, ਖ਼ਾਕੇ ਅਤੇ ਨਿਬੰਧਾਂ ਤੋਂ ਵੱਖ ਮਹੱਤਵ ਪ੍ਰਦਾਨ ਕੀਤਾ। ਚੈਖ਼ਵ ਨੇ ਨਿੱਕੀ ਕਹਾਣੀ ਨੂੰ ਬਾਹਰਮੁਖਤਾ ਪ੍ਰਦਾਨ ਕੀਤੀ ਅਤੇ ਕਹਾਣੀ ਨੂੰ ‘ਜੀਵਨ ’ਚੋਂ ਲਈ ਇਕ ਝਾਕੀ’ (a slice of life) ਦਾ ਨਾਉਂ ਦਿੱਤਾ। ਕੈਥਰੀਨ ਮੈਨਸਫ਼ੀਲਡ (Katherine Mansfield) ਨੇ ਜੀਵਨ ਦੀ ਇਕ ਝਾਕੀ ਨੂੰ ਬੜੇ ਸੰਜਮ ਨਾਲ ਸਾਦੇ ਪਲਾਟਾਂ ਵਿਚ ਪ੍ਰਗਟ ਕੀਤਾ। ਘੱਟ ਤੋਂ ਘੱਟ ਘਟਨਾਵਾਂ ਅਤੇ ਘੱਟ ਤੋ ਘੱਟ ਸ਼ਬਦਾਂ ਰਾਹੀਂ ਜੀਵਨ ਦੇ ਵੱਧ ਤੋਂ ਵੱਧ ਹਿੱਸੇ ਨੂੰ ਵਿਅਕਤ ਕਰਨਾ ਇਨ੍ਹਾਂ ਕਹਾਣੀਆਂ ਦਾ ਵਿਸ਼ੇਸ਼ ਆਦਰਸ਼ ਹੈ।
ਪੋ ਨੇ ਨਿੱਕੀ ਕਹਾਣੀ ਦੀ ਲੰਬਾਈ ਸਮੇਂ ਦੇ ਆਧਾਰ ਤੇ ਕੀਤੀ ਸੀ ਪਰੰਤੂ ਪਿਛਲੇਰੇ ਕਹਾਣੀਕਾਰਾਂ ਨੇ 2500 ਸ਼ਬਦਾਂ ਤੋਂ ਲੈ ਕੇ 10,000 ਸ਼ਬਦਾਂ ਦੀਆਂ ਕਹਾਣੀਆਂ ਲਿਖਆਂ ਹਨ। 2500 ਤੋਂ ਘੱਟ ਸ਼ਬਦਾਂ ਵਾਲੀ ਕਹਾਣੀ ਨੂੰ ‘ਨਿੱਕੀ ਨਿੱਕੀ ਕਹਾਣੀ’ (short short story) ਅਤੇ 10,000 ਸ਼ਬਦਾਂ ਤੋਂ ਵੱਧ ਕਹਾਣੀ ਨੂੰ ‘ਲੰਮੀ ਨਿੱਕੀ ਕਹਾਣੀ’ (Long short story) ਦਾ ਨਾਉਂ ਦਿੱਤਾ ਜਾਂਦਾ ਹੈ। ਇਕਾਤਮਕਤਾ ਨਿੱਕੀ ਕਹਾਣੀ ਦਾ ਖ਼ਾਸ ਗੁਣ ਹੈ। ਨਿੱਕੀ ਕਹਾਣੀ ਦੀ ਇਕਾਤਮਕਤਾ ਪੁਰਾਤਨ ਯੂਨਾਨੀ ਨਾਟਕ ਦੀ ਤਿੰਨਏਕਤਾ ਨਾਲ ਮੇਲ ਨਹੀਂ ਖਾਂਦੀ। ਇਹ ਇਕਾਤਮਕਤਾ ਕੋਈ ਤਕਨੀਕੀ ਸੰਕਲਨ ਨਹੀਂ ਹੈ। ਇਸ ਦਾ ਅਰਥ ਕੇਵਲ ਇਤਨਾ ਹੈ ਕਿ ਨਿੱਕੀ ਕਹਾਣੀ ਕੋਈ ਅਜਿਹੀ ਬੋਰੀ ਨਹੀਂ ਜਿਸ ਵਿਚ ਹਰੇਕ ਭਾਂਤ ਦੀ ਚੀਜ਼ ਪਾਈ ਜਾ ਸਕਦੀ ਹੈ। ਨਿੱਕੀ ਕਹਾਣੀ ਵਿਚ ਇਕ ਸਮੁੱਚੀ ਸਥਿਤੀ, ਜਾਂ ਇਕ ਸਮੁੱਚਾ ਪ੍ਰਭਾਵ ਸੰਭਵ ਹੋ ਸਕੇ। ਜਿੱਥੇ ਉਪਨਿਆਸ ਵਿਚ ਅਣਗਿਣਤ ਘਟਨਾਵਾਂ, ਪਾਤਰ ਅਤੇ ਸਥਿਤੀਆਂ ਵਿਦਮਾਨ ਹੋ ਸਕਦੀਆਂ ਹਨ ਉੱਥੇ ਕਹਾਣੀ ਵਿਚੋਂ ਇਕ ਪ੍ਰਭਾਵ ਨੂੰ ਕਾਇਮ ਕਰਨ ਲਈ ਸਾਰੀਆਂ ਬੇਲੋੜੀਆਂ ਚੀਜ਼ਾਂ ਨੂੰ ਕੱਢ ਦਿੱਤਾ ਜਾਂਦਾ ਹੈ। ਨਿੱਕੀ ਕਹਾਣੀ ਦੇ ਪਲਾਟ ਵਿਚ ਨਾਵਲ ਵਾਂਗ ਵਿਸਤਾਰ ਨਹੀਂ ਹੋ ਸਕਦਾ। ਸਿੱਧਾ ਆਰੰਭ, ਸਿੱਖਰ, ਲਟਕਾ ਅਤੇ ਅੰਤ ਨਿੱਕੀ ਕਹਾਣੀ ਦੇ ਪਲਾਟ ਦੇ ਅੰਸ਼ ਹਨ। ਉਤਸੁਕਤਾ ਜਾਂ ਲਟਕਾ, ਹੈਰਾਨੀ ਜਾਂ ਅਸਚਰਜ ਉਤੇਜਿਤ ਕਰਨਾ ਨਿੱਕੀ ਕਹਾਣੀ ਦੇ ਗੁਣ ਹਨ। ਕਿਸੇ ਆਲੋਚਕ ਨੇ ਸਭ ਤੋਂ ਵਧੀਆ ਕਹਾਣੀ ਉਸ ਨੂੰ ਆਖਿਆ ਹੈ ਜਿਹੜੀ ਅਸਚਰਜ ਉਤੇਜਿਤ ਕਰਨਾ ਨਿੱਕੀ ਕਹਾਣੀ ਦੇ ਗੁਣ ਹਨ। ਕਿਸੇ ਆਲੋਚਕ ਨੇ ਸਭ ਤੋਂ ਵਧੀਆ ਕਹਾਣੀ ਉਸ ਨੂੰ ਆਖਿਆ ਹੈ ਜਿਹੜੀ ਅਸਚਰਜ ਨਾਲ ਪਾਠਕ ਦੇ ਰੌਂਗਟੇ ਖੜੇ ਕਰ ਦੇਵੇ। ਜਿਵੇਂ ਇਕ ਡੱਬੇ ਵਿਚ ਦੋ ਯਾਤਰੀ ਸਫ਼ਰ ਕਰ ਰਹੇ ਸਨ। ‘ਉ‘ ਨੇ ‘ਅ’ ਨੂੰ ਪੁੱਛਿਆ “ਕਿਉਂ ਭਾਈ ਤੈਨੂੰ ਭੂਤਾਂ ਵਿਚ ਵਿਸ਼ਵਾਸ ਹੈ?” ‘ਅ’ ਨੇ ਉੱਤਰ ਦਿੱਤਾ ‘ਨਹੀਂ’! ‘ੳ’ ਨੇ ਕਿਹਾ ‘ਨਹੀਂ’? ਤੇ ਕਹਿੰਦੇ ਸਾਰ ਹੀ ਗ਼ਾਇਬ ਹੋ ਗਿਆ। ਇਹ ਹੈ ਕਿ ਇਕ ਆਦਰਸ਼ ਨਿੱਕੀ ਕਹਾਣੀ ਜਿਹੜੀ ਸਮੱਸਿਆ ਪੈਦਾ ਕਰਦੀ ਹੈ ਉਸ ਦੇ ਸੁਲਝਾਉ ਪਾਠਕ ਤੇ ਛੱਡ ਦਿੰਦੀ ਹੈ।
ਪਤ੍ਰ–ਪਤ੍ਰਿਕਾਵਾਂ ਦੇ ਚਲਣ ਦੇ ਨਾਲ ਨਿੱਕੀ ਕਹਾਣੀ ਲੋਕ ਪ੍ਰਿਯ ਸਾਹਿੱਤ ਦਾ ਵਿਸ਼ੇਸ਼ ਅੰਗ ਬਣ ਗਈ। ਇਕ ਅੰਦਾਜ਼ੇ ਅਨੁਸਾਰ ਪਹਿਲੇ ਮਹਾਨ ਯੁੱਧ ਦੇ ਸਮੇਂ ਤੋਂ ਲੈ ਕੇ 1938 ਈ. ਤਕ ਪੱਛਮ ਵਿਚ ਲਗਭਗ ਇਕ ਲੱਖ ਕਹਾਣੀਆਂ ਲਿਖੀਆਂ ਗਈਆਂ। ਤਕਨੀਕੀ ਅਤੇ ਸਾਹਿਤਿਕ ਕਹਾਣੀ ਦੀ ਉਪਜ ਭਾਰਤ ਦੀਆਂ ਭਾਸ਼ਾਵਾਂ ਵਿਚ ਕਿਸੇ ਕਾਲ ਵਿਚ ਹੋਈ। ਲੇਖਕਾਂ ਨੇ ਕਹਾਣੀ ਨੂੰ ਵੱਖ ਵੱਖ ਰੂਪ ਪ੍ਰਦਾਨ ਕੀਤੇ ਹਨ। ਘਟਨਾ–ਪ੍ਰਧਾਨ ਕਹਾਣੀਆਂ ਵਿਚ ਲੇਖਕ ਇਕ ਘਟਨਾ ਨੂੰ ਹੀ ਮੁੱਖ ਰੱਖਦੇ ਹਨ। ਕਈ ਕਹਾਣੀਆਂ ਕੇਵਲ ਇਕੋ ਪਾਤਰ ਦੁਆਲੇ ਘੁੰਮਦੀਆਂ ਹਨ ਅਤੇ ਪਾਤਰ–ਪ੍ਰਧਾਨ ਕਹਾਣੀਆਂ ਅਖਵਾਉਂਦੀਆਂ ਹਨ। ਕਈ ਕਹਾਣੀਆਂ ਕਿਸੇ ਵਿਸ਼ੇਸ਼ ਭਾਵ ਨੂੰ ਵਿਅਕਤ ਕਰਦੀਆਂ ਹਨ ਅਤੇ ਭਾਵ–ਪ੍ਰਧਾਨ ਕਹਾਣੀਆਂ ਅਖਵਾਉਂਦੀਆਂ ਹਨ। ਵਾਤਾਵਰਣ–ਪ੍ਰਧਾਨ ਕਹਾਣੀ ਵਿਚ ਕੇਵਲ ਇਕ ਵਾਤਾਵਰਣ ਪੇਸ਼ ਕੀਤਾ ਜਾਂਦਾ ਹੈ। ਮਨੋਵਿਗਿਆਨਕ ਕਹਾਣੀਆਂ ਅਤੇ ਮਨੋਵਿਸ਼ਲੇਸ਼ਣ–ਪ੍ਰਧਾਨ ਕਹਾਣੀਆਂ ਵਿਚ ਪਾਤਰਾਂ ਦਾ ਮਨੋਵਿਗਿਆਨਕ ਅਧਿਐਨ ਹੁੰਦਾ ਹੈ। ਜਾਸੂਸੀ ਕਹਾਣੀਆਂ ਕਾਰਜ–ਪ੍ਰਧਾਨ ਅਤੇ ਕਲਪਨਾ–ਪ੍ਰਧਾਨ ਕਹਾਣੀਆਂ ਹੁੰਦੀਆਂ ਹਨ।
ਪੰਜਾਬੀ ਦੀਆਂ ਲੋਕ–ਕਹਾਣੀਆਂ ਵਿਚੋਂ ਨਿੱਕੀ ਕਹਾਣੀ ਦੀ ਉਤਸੁਕਤਾ ਜਾਂ ਲਟਕਾ ਵਾਲੇ ਅੰਸ਼ ਲੱਭੇ ਜਾ ਸਕਦੇ ਹਨ। ‘ਪੁਰਾਤਨ ਜਨਮਸਾਖੀ’ ਦੀਆਂ ਕਈ ਸਾਖੀਆਂ ਜਿਵੇਂ ਸਾਖੀ ਨੰਬਰ ਇਕੱਤੀ (‘ਪਿਤਾ ਜੀ ਨਾਲ ਮੇਲ’) ਅਤੇ ਸਾਖੀ ਨੰਬਰ ਚਾਰ (‘ਖੇਤ ਹਰਿਆ’), ਡਾ. ਮੋਹਨ ਸਿੰਘ ਅਨੁਸਾਰ ਨਿੱਕੀ ਕਹਾਣੀ ਦੇ ਵਧੀਆਂ ਨਮੂਨੇ ਹਨ। ਇਨ੍ਹਾਂ ਵਿਚ ਪਾਤਰਾਂ ਅਤੇ ਘਟਨਾਵਾਂ ਦੀ ਸੰਖੇਪਤਾ ਅਤੇ ਬਿਆਨ ਵਿਚ ਸੰਜਮ ਹੈ। ਈਸਾਈ ਮਿਸ਼ਨਰੀਆਂ ਨੇ ‘ਦੋਪੱਤਰੇ’ ਅਤੇ ‘ਚੌਪੱਤਰੇ’ ਨਾਉਂ ਦੇ ਟ੍ਰੈਕਟਾਂ ਵਿਚ ਛੋਟੀਆਂ ਛੋਟੀਆਂ ਕਹਾਣੀਆਂ ਰਾਹੀਂ ਪ੍ਰਚਾਰ ਆਰੰਭਿਆ। ਇਨ੍ਹਾਂ ਕਹਾਣੀਆਂ ਦੀ ਪਲਾਟ ਬਣਤਰ ਅਤੇ ਸਿੱਖਰ ਇਕ ਚੰਗੀ ਕਹਾਣੀ ਦੇ ਅੰਸ਼ ਮੰਨੇ ਜਾ ਸਕਦੇ ਹਨ। ਵੀਹਵੀਂ ਸਦੀ ਈ. ਦੇ ਪਹਿਲੇ ਦਹਾਕਿਆਂ ਵਿਚ ‘ਅਕਾਲੀ’, ‘ਫੁਲਵਾੜੀ’, ‘ਹੰਸ’, ‘ਮੌਜੀ’, ‘ਪੰਜਾਬੀ ਦਰਬਾਰ’, ‘ਪ੍ਰੀਤਮ’, ‘ਲਿਖਾਰੀ’, ‘ਅਦਬੀ ਅਫ਼ਸਾਨੇ’ ਆਦਿ ਪਤ੍ਰ–ਪਤ੍ਰਿਕਾਵਾਂ ਦੇ ਜਾਰੀ ਹੋਣ ਨਾਲ ਪੰਜਾਬੀ ਵਿਚ ਨਿੱਕੀ ਕਹਾਣੀ ਦਾ ਉਦਗਮ ਤੇ ਵਿਕਾਸ ਹੋਇਆ। ਹੀਰਾ ਸਿੰਘ ਦਰਦ ਦੇ ਕਥਨ ਅਨੁਸਾਰ ਲਾਲ ਸਿੰਘ ਕਮਲਾ ਅਕਾਲੀ ਦੀ 1926 ਈ. ਵਿਚ ਛਪੀ ‘ਅਕਾਲੀ’ ਵਿਚ ਕਹਾਣੀ ‘ਸਰਬਲੋਹ ਦੀ ਵਹੁਟੀ’ ਪੰਜਾਬੀ ਦੀ ਪਹਿਲੀ ਨਿੱਕੀ ਕਹਾਣੀ ਸੀ। ਮੋਹਨ ਸਿੰਘ ਵੈਦ ਨੇ ‘ਹੀਰੇ ਦੀਆਂ ਕਹਾਣੀਆਂ’ ਸੰਗ੍ਰਹਿ (1927 ਈ.) ਵਿਚ ਪੱਛਮੀ ਕਹਾਣੀਆਂ ਦੇ ਅਨੁਵਾਦ ਛਾਪੇ। ਚਰਨ ਸਿੰਘ ਸ਼ਹੀਦ ਆਪਣੇ ਕਹਾਣੀ–ਸੰਗ੍ਰਹਿ ‘ਹਸਦੇ ਹੰਝੂ’ (1929–30 ਈ.) ਦੇ ਮੁਖਬੰਧ ਵਿਚ ਪੱਛਮੀ ਕਹਾਣੀ ਨਾਲ ਜਾਣਕਾਰੀ ਪ੍ਰਗਟ ਕਰਦਾ ਹੈ। ਨਾਨਕ ਸਿੰਘ ਅਤੇ ਗੁਰਬਖ਼ਸ਼ ਸਿੰਘ ਨੇ ਸਮਾਜਕ ਵਿਸ਼ੈ ਆਪਣੀਆਂ ਕਹਾਣੀਆਂ ਲਈ ਚੁਣੇ। ‘ਜੀਵਨ ਦੀ ਇਕ ਟੁਕੜੀ’ ਤਕਨੀਕ ਵਾਲੀ ਸਾਹਿਤਿਕ ਨਿੱਕੀ ਕਾਹਣੀ ਸੰਤ ਸਿੰਘ ਸੇਖੋਂ ਦੇ ਕਹਾਣੀ ਸੰਗ੍ਰਹਿ ‘ਸਮਾਚਾਰ’ ਦੇ ਛਪਣ ਨਾਲ ਸ਼ੁਰੂ ਹੋਈ। ਸੇਖੋਂ, ਸੁਜਾਨ ਸਿੰਘ, ਜਸਵੰਤ ਸਿੰਘ, ਮੋਹਨ ਸਿੰਘ, ਕੁਲਵੰਘ ਸਿੰਘ ਵਿਰਕ, ਹਰੀ ਸਿੰਘ ਦਿਲਬਰ, ਮਹਿੰਦਰ ਸਿੰਘ ਸਰਨਾ, ਜਸਵੰਤ ਸਿੰਘ ਕੰਵਲ, ਬਲਵੰਤ ਗਾਰਗੀ ਆਦਿ ਨੇ ਸਮਾਜਕ ਵਿਸ਼ਿਆਂ ਨੂੰ ਆਪਣੀਆਂ ਕਹਾਣੀਆਂ ਵਿਚ ਮੁੱਖ ਰੱਖਿਆ ਹੈ। ਸੁਰਿੰਦਰ ਸਿੰਘ ਨਰੂਲਾ, ਕਰਤਾਰ ਸਿੰਘ ਦੁੱਗਲ ਨੇ ਪ੍ਰਾਕ੍ਰਿਤਿਕਵਾਦੀ ਅਤੇ ਮਨੋਵਿਗਆਨਕ ਵਿਸ਼ਿਆਂ ਨੂੰ ਕਹਾਣੀਆਂ ਦਾ ਆਧਾਰ ਬਣਾਇਆ ਹੈ। ਦੁੱਗਲ ਅਤੇ ਸੁਰਜੀਤ ਸਿੰਘ ਸੇਠੀ ਨੇ ‘ਚੇਤਨਾ ਪ੍ਰਵਾਹ’ ਤਕਨੀਕ ਵੀ ਆਪਣੀਆਂ ਕਹਾਣੀਆਂ ਵਿਚ ਵਰਤੀ ਹੈ। ਸੰਤੋਖ ਸਿੰਘ ਧੀਰ ਦੀਆਂ ਕਹਾਣੀਆਂ ਵਿਚ ਸਥਾਨਕ ਰੰਗ ਹੈ। ਵੀਹਵੀਂ ਸਦੀ ਈ. ਵਿਚ ਸਾਹਿੱਤ ਦੇ ਨਵੇਂ ਪ੍ਰਯੋਗਾਂ ਦੇ ਨਾਲ ਨਾਲ ਪੰਜਾਬੀ ਕਹਾਣੀ ਵਿਚ ਨਿੱਤ ਨਵੇਂ ਪ੍ਰਯੋਗ ਹੋ ਰਹੇ ਹਨ। ਸ਼ਾਇਦ ਇਹ ਕਹਿਣਾ ਅਯੋਗ ਨਹੀਂ ਕਿ ਪੰਜਾਬੀ ਸਾਹਿੱਤ ਵਿਚ ਥੋੜੇ ਸਮੇਂ ਵਿਚ ਹੀ ਜਿੰਨਾ ਵਿਕਾਸ ਨਿੱਕੀ ਕਹਾਣੀ ਨੇ ਕੀਤਾ ਹੈ ਹੋਰ ਕਿਸੇ ਵੰਨਗੀ ਦਾ ਨਹੀਂ ਹੋਇਆ। ਇਸ ਦਾ ਭਵਿਸ਼ ਵੀ ਉਜਲਾ ਹੈ।
ਲੇਖਕ : ਡਾ. ਮਹਿੰਦਰ ਪਾਲ ਕੋਹਲੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 25798, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
ਬਲਵਿੰਦਰ ਸਿੰਘ ਬਾਈਸਨ (1976 - till) ਨੇ ਧਰਮ ਅੱਤੇ ਸਦਾਚਾਰ ਵਿਸ਼ੇ ਤੇ ਨਿੱਕੀ ਕਹਾਣੀ ਨੂੰ ਇੱਕ ਨਵਾਂ ਰਾਹ ਵਿਖਾਇਆ ਹੈ। ਬਾਈਸਨ ਦੀਆਂ ਨਿੱਕੀਆਂ ਕਹਾਣੀਆ ਨੂੰ ਇੱਕ ਵੱਡੇ ਵਰਗ ਨੇ ਪਸੰਦ ਕੀਤਾ ਅੱਤੇ ਸਲਾਹਿਆ ਹੈ। ਸਾਦੀ ਬੋਲ ਚਾਲ ਦੀ ਭਾਸ਼ਾ ਵਿੱਚ ਸੁਆਦਲੀ ਕਹਾਣੀਆਂ ਬਾਈਸਨ ਦੀ ਲੇਖਣੀ ਦੀ ਲਖਾਇਕ ਹਨ। ਸੋਸ਼ਲ ਮੀਡਿਆ ਅੱਤੇ ਦੇਸ਼ਾਂ ਵਿਦੇਸ਼ਾਂ ਦੀਆਂ ਵੇਬਸਾਈਟਾਂ ਤੇ ਇਨ੍ਹਾਂ ਕਹਾਣੀਆਂ ਨੂੰ ਥਾਂ ਮਿੱਲੀ ਹੈ ਅੱਤੇ 40 ਤੋਂ ਵੱਧ ਦੇਸ਼ਾਂ ਵਿੱਚ ਇਸਦੇ ਪੜਨ ਵਾਲੇ ਹਨ। ਨਿੱਕੀ ਕਹਾਣੀ ਨੂੰ ਹੌਸਲਾ ਅਫਜਾਈ ਦਿੰਦੇ ਹੋਏ ਸਨ 2013 ਬਾਬਾ ਦੀਪ ਸਿੰਘ ਸੋਸਾਇਟੀ ਵੱਲੋਂ ਇੱਕ ਵੱਡੇ ਸਮਾਗਮ ਵਿੱਚ 10000 ਤੋਂ ਵੱਧ ਗਿਣਤੀ ਦੇ ਵਿਚ ਸੰਗਤਾਂ ਦੇ ਸਾਹਮਣੇ ਬਲਵਿੰਦਰ ਸਿੰਘ ਬਾਈਸਨ ਨੂੰ "Sikh Spiritual Personality Award 2013" ਨਾਲ ਸਨਮਾਨਿਆ ਗਿਆ। ਨਿੱਕੀ ਕਹਾਣੀ ਨੂੰ ਅੱਗੇ ਵਧਾਉਣ ਲਈ http://nikkikahani.com ਵੇਬਸਾਈਟ ਅੱਤੇ Android Phone ਤੇ ਚਲਣ ਵਾਲੀ ਇੱਕ ਐਪਲੀਕੇਸ਼ਨ ਵੀ NIKKI KAHANI ਨਾਮ ਨਾਲ ਬਣਾਈ ਗਈ ਹੈ !
ਵੇਬਸਾਈਟ : http://nikkikahani.com/
ਏੰਡਰਾਈਡ ਐਪਲੀਕੇਸ਼ਨ : https://play.google.com/store/apps/details?id=com.NikkiKahani
Balvinder Singh,
( 2014/06/08 12:00AM)
Please Login First