ਨੌਟੰਕੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਨੌਟੰਕੀ: ਪੰਜਾਬੀ ਲੋਕ-ਨਾਟਕ ਦੀ ਮਹੱਤਵਪੂਰਨ ਵੰਨਗੀ ਨੌਟੰਕੀ ਹੈ। ਨੌਟੰਕੀ ਉੱਤਰ ਪ੍ਰਦੇਸ਼, ਰਾਜਸਥਾਨ, ਪੰਜਾਬ ਅਤੇ ਹਰਿਆਣਾ ਵਿੱਚ ਖੇਡੀ ਜਾਂਦੀ ਹੈ। ਲੋਕ ਨਾਟਕ ਦੀ ਇਹ ਵੰਨਗੀ ਅਲੱਗ-ਅਲੱਗ ਰਾਜਾਂ ਵਿੱਚ ਵੱਖੋ-ਵੱਖਰੇ ਨਾਂਵਾਂ ਹੇਠ ਖੇਡੀ ਜਾਂਦੀ ਹੈ। ਰਾਜਸਥਾਨ ਵਿੱਚ ‘ਖਿਆਲ’ ਨਾਮ ਨਾਲ ਪ੍ਰਚਲਿਤ ਹੈ। ਪੰਜਾਬ ਵਿੱਚ ਨੌਟੰਕੀ ਖੇਡਣ ਵਾਲਿਆਂ ਨੂੰ ਰਾਸਧਾਰੀਏ ਵੀ ਕਿਹਾ ਜਾਂਦਾ ਹੈ। ਅਸਲ ਵਿੱਚ ਸਮੇਂ ਤੇ ਸਥਾਨ ਨਾਲ ਲੋਕ ਨਾਟਕਾਂ ਦੇ ਨਾਂਵਾਂ ਵਿੱਚ ਵੀ ਤਬਦੀਲੀ ਆ ਜਾਂਦੀ ਹੈ ਅਤੇ ਸਰੂਪ ਵਿੱਚ ਕੁਝ ਨਾ ਕੁਝ ਤਬਦੀਲੀ ਹੁੰਦੀ ਰਹਿੰਦੀ ਹੈ। ਨੌਟੰਕੀ ਮੱਧ-ਕਾਲ ਵਿੱਚ ਸੂਰਬੀਰਾਂ ਦੀਆਂ ਗਾਥਾਵਾਂ ਗਾਉਣ ਵਾਲੇ ਭੱਟਾਂ ਦੀ ਕਵਿਤਾ ਹੌਲੀ-ਹੌਲੀ ਵਿਕਸਿਤ ਹੋਈ। ਸੂਰਬੀਰਾਂ ਦੀਆਂ ਇਹ ਗਾਥਾਵਾਂ ਜਦੋਂ ਖੇਡ ਕੇ ਵਿਖਾਈਆਂ ਗਈਆਂ ਤਾਂ ਨੌਟੰਕੀ ਦੀ ਵੰਨਗੀ ਬਣ ਗਈ। ਨੌਟੰਕੀ ਦੇ ਨਾਮ ਬਾਰੇ ਵਿਦਵਾਨ ਇੱਕ ਮੱਤ ਨਹੀਂ ਹਨ। ਕਈ ਵਿਦਵਾਨਾਂ ਦੇ ਮੱਤ ਅਨੁਸਾਰ ਨੌਟੰਕੀ ਦੇ ਬਿਆਨ ਸਮੇਂ ਨੌਂ ਸਾਜ਼ ਵਜਾਏ ਜਾਂਦੇ ਸਨ। ਇੱਕ ਮੱਤ ਇਹ ਵੀ ਹੈ ਕਿ ਨਗਾਰਿਆਂ ਨੂੰ ਨੌਟੰਕੀ ਵਿੱਚ ਵਧੇਰੇ ਵਰਤਿਆ ਜਾਂਦਾ ਸੀ ਪਰ ਨਾਲ ਹੀ ਢੋਲਕ, ਡੱਫਲੀ, ਸਾਰੰਗੀ ਤੇ ਚਿਮਟਾ ਵੀ ਵਜਾਇਆ ਜਾਂਦਾ ਸੀ ਅਤੇ ਇਹਨਾਂ ਸਾਜ਼ਾਂ ਲਈ ਕੁੱਲ ਨੌਂ ਸਾਜਿੰਦੇ ਹੁੰਦੇ ਸਨ। ਇਸੇ ਲਈ ਇਸ ਲੋਕ ਨਾਟਕ ਦਾ ਨਾਮ ‘ਨੌਟੰਕੀ’ ਪੈ ਗਿਆ।

     ਨੌਟੰਕੀ ਦੇਖਣ ਲਈ ਮੰਚ ਦੇ ਚਾਰੇ ਪਾਸੇ ਦਰਸ਼ਕ ਬੈਠਦੇ ਹਨ। ਲਗਪਗ ਚਾਰ-ਪੰਜ ਫੁੱਟ ਉੱਚੀ ਮੰਚ ਹੁੰਦੀ ਹੈ। ਪਿੰਡ ਜਾਂ ਸ਼ਹਿਰ ਦੇ ਕਿਸੇ ਗਲੀ, ਮੁਹੱਲੇ, ਬਰਾਂਡੇ ਜਾਂ ਨੁੱਕਰ ਤੇ ਵੀ ਨੌਟੰਕੀ ਖੇਡੀ ਜਾ ਸਕਦੀ ਹੈ। ਕਿਸੇ ਖ਼ਾਸ ਮੰਚ ਦੀ ਉਸਾਰੀ ਨਹੀਂ ਕੀਤੀ ਜਾਂਦੀ। ਬਰਾਂਡੇ, ਖਿੜਕੀ, ਚੌਕ ਜਾਂ ਛੱਤ ਨੂੰ ਕਲਾਕਾਰ ਆਪਣੀ ਲੋੜ ਅਨੁਸਾਰ ਕਾਰਜ ਖੇਤਰ ਬਣਾ ਲੈਂਦੇ ਹਨ। ਨਗਾਰੇ ਨਾਲ ਪਿੰਡ ਵਿੱਚ ਮੁਨਿਆਦੀ ਕਰਵਾਈ ਜਾਂਦੀ ਹੈ। ‘ਨਗਾਰਾ’ ਨੌਟੰਕੀ ਦਾ ਅਹਿਮ ਤੇ ਜ਼ਰੂਰੀ ਸਾਜ਼ ਹੈ। ਨੌਟੰਕੀ ਦਾ ਵਿਸ਼ਾ ਰਾਮਾਇਣ, ਮਹਾਭਾਰਤ, ਪੌਰਾਣਿਕ ਕਥਾਵਾਂ ਜਾਂ ਰਾਜਪੂਤਾਂ ਦੀਆਂ ਵੀਰ ਗਥਾਵਾਂ ਵਿੱਚੋਂ ਲਿਆ ਜਾਂਦਾ ਹੈ। ਨੌਟੰਕੀ ਦੇ ਗੀਤ ਮਾਧਵੀ, ਰਾਜਸਥਾਨੀ, ਬ੍ਰਜ, ਪੰਜਾਬੀ ਅਤੇ ਉਰਦੂ ਵਿੱਚ ਹੁੰਦੇ ਹਨ। ਰਾਜਕੁਮਾਰੀ ਨੌਟੰਕੀ ਤੇ ਭੂਪ ਸਿੰਘ ਦੀ ਪ੍ਰੇਮ-ਕਥਾ ਹੀ ਨੌਟੰਕੀ ਦਾ ਅਰੰਭ ਹੈ; ਭਾਵੇਂ ਪਿੱਛੋਂ ਹੋਰ ਕਥਾਵਾਂ ਵੀ ਨੌਟੰਕੀ ਰੂਪਾਕਾਰ ਦਾ ਹਿੱਸਾ ਬਣ ਗਈਆਂ। ਸੰਗੀਤਕਾਰਾਂ ਦੇ ਪ੍ਰਵੇਸ਼ ਨਾਲ ਹੀ ਨੌਟੰਕੀ ਸ਼ੁਰੂ ਹੁੰਦੀ ਹੈ। ਸਾਜਿੰਦਿਆਂ ਕੋਲ ਨਗਾਰਾ, ਢੋਲ ਸ਼ਹਿਨਾਈ ਤੇ ਸਾਰੰਗੀ ਆਦਿ ਸਾਜ਼ ਹੁੰਦੇ ਹਨ।

     ਪਾਤਰ ਰੰਗਾ ਜੋ ਨੌਟੰਕੀ ਦਾ ਸੂਤਰਧਾਰ ਹੁੰਦਾ ਹੈ ਪ੍ਰਾਰਥਨਾ ਨਾਲ ਨੌਟੰਕੀ ਸ਼ੁਰੂ ਕਰਦਾ ਹੈ। ਸ਼ਿਵ, ਕ੍ਰਿਸ਼ਨ ਤੇ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ। ਰੰਗਾ ਨੌਟੰਕੀ ਦੀ ਕਹਾਣੀ ਤੇ ਪਾਤਰਾਂ ਬਾਰੇ ਦਰਸ਼ਕਾਂ ਨੂੰ ਕਵਿਤਾ ਰੂਪ ਵਿੱਚ ਗਾ ਕੇ ਦੱਸਦਾ ਹੈ। ਨੌਟੰਕੀ ਦੇ ਪਾਤਰ ਮੰਚ ਦੇ ਚਾਰਾਂ ਕੋਨਿਆਂ ਵਿੱਚ ਜਾ ਕੇ ਅਭਿਨੈ ਕਰਦੇ ਹਨ ਤੇ ਕਈ ਵਾਰ ਤਾਂ ਇੱਕ ਸਤਰ ਨੂੰ ਦੋ-ਚਾਰ ਵਾਰ ਵੀ ਉਚਾਰਦੇ ਹਨ। ਦਰਸ਼ਕਾਂ ਦੀ ਗਿਣਤੀ ਵਧੇਰੇ ਹੋਣ ਕਰ ਕੇ ਕਲਾਕਾਰਾਂ ਨੂੰ ਉੱਚੀ ਬੋਲਣਾ ਪੈਂਦਾ ਹੈ। ਨੌਟੰਕੀ ਦਾ ਸੰਗੀਤ ਰਾਗਾਂ ਉੱਤੇ ਆਧਾਰਿਤ ਹੈ। ਕੁਝ ਰਾਗ ਹਿੰਦੁਸਤਾਨੀ ਸ਼ੈਲੀ ਤੇ ਉੱਤਰ ਪ੍ਰਦੇਸ਼ ਦੇ ਲੋਕ ਸੰਗੀਤ ਵਿੱਚੋਂ ਲਏ ਹੋਏ ਹਨ। ਪੀਲੂ, ਭੈਰਵੀ ਤੇ ਬਿਲਾਵਲ ਨੌਟੰਕੀ ਦੇ ਪ੍ਰਸਿੱਧ ਰਾਗ ਹਨ।

     ਨੌਟੰਕੀ ਕਲਾਕਾਰ ਸਾਜਿੰਦਿਆਂ ਕੋਲ ਹੀ ਮੰਚ `ਤੇ ਬੈਠਦੇ ਹਨ। ਅਭਿਨੈ ਕਰਨ ਲਈ ਇੱਥੋਂ ਹੀ ਉੱਠ ਕੇ ਜਾਂਦੇ ਅਤੇ ਮੰਚ `ਤੇ ਆਉਂਦੇ ਹਨ। ਨੌਟੰਕੀ ਵਿੱਚ ਇਸਤਰੀਆਂ ਦੇ ਰੋਲ ਸੋਹਣੇ ਅਣ-ਦਾੜੀਏ ਮੁੰਡੇ ਕਰਦੇ ਹਨ। ਨੌਟੰਕੀ ਕਲਾਕਾਰ ਅਖਾੜਿਆਂ ਨਾਲ ਸੰਬੰਧਿਤ ਹੁੰਦੇ ਹਨ। ਜਿੱਥੇ ਗੀਤ, ਸੰਗੀਤ, ਨ੍ਰਿਤ, ਕੁਸ਼ਤੀ ਤੇ ਅਭਿਨੈ ਦੀ ਸਿੱਖਿਆ ਦਿੱਤੀ ਜਾਂਦੀ ਹੈ। ਕਾਨਪੁਰੀ ਨੌਟੰਕੀਆਂ ਮਸ਼ਹੂਰ ਹਨ। ਹਾਸਰਸ ਵਿੱਚ ਸ਼ਾਸਤਰੀ ਸੰਗੀਤ `ਤੇ ਜ਼ੋਰ ਦਿੱਤਾ ਜਾਂਦਾ ਹੈ ਅਤੇ ਕਾਨਪੁਰੀ ਵਿੱਚ ਵਾਰਤਾਲਾਪ ਤੇ ਅਭਿਨੈ ਉੱਤੇ। ਪ੍ਰਸਿੱਧ ਨੌਟੰਕੀਆਂ ਅਮਰ ਸਿੰਘ ਰਾਠੌਰ, ਪ੍ਰਿਥਵੀ ਰਾਜ ਚੌਹਾਨ, ਪੰਨਾ ਬਾਈ, ਰਾਣੀ ਦੁਰਗਾਵਤੀ, ਟੀਪੂ ਸੁਲਤਾਨ, ਮਹਾਰਾਣਾ ਪ੍ਰਤਾਪ ਆਦਿ ਬਾਰੇ ਹਨ।

     ਉਪਰੋਕਤ ਨੌਟੰਕੀਆਂ ਵਿੱਚ ਯੋਧਿਆਂ ਦੀ ਬਹਾਦਰੀ ਦੇਸ ਪ੍ਰਤਿ ਪਿਆਰ ਤੇ ਕੁਰਬਾਨੀ ਆਦਿ ਦਾ ਵਰਣਨ ਕੀਤਾ ਗਿਆ ਹੈ। ਸ਼ਾਹੀ ਲੱਕੜਹਾਰਾ, ਸੁਲਤਾਨਾ ਡਾਕੂ, ਸ਼ਿਆਹ ਪੋਸ਼, ਰੇਸ਼ਮੀ ਰੁਮਾਲ, ਛਬੀਲੀ ਭਠਿਆਰਨ ਤੇ ਇੰਦਰ ਹਰਨ ਨੌਟੰਕੀਆਂ ਵਿੱਚ ਸਮਾਜਿਕ ਸਰੋਕਾਰ ਦਰਸਾਇਆ ਗਿਆ ਹੈ। ਸੰਤਾਂ, ਡਾਕੂਆਂ, ਆਸ਼ਿਕਾਂ ਦੀਆਂ ਕਹਾਣੀਆਂ ਨੂੰ ਵੀ ਨੌਟੰਕੀ ਦੇ ਰੂਪ ਵਿੱਚ ਖੇਡਿਆ ਜਾਂਦਾ ਹੈ। ਭਗਤ ਜਾਂ ਸਵਾਂਗ, ਖ਼ਿਆਲ ਲੋਕ ਨਾਟਕਾਂ ਦੇ ਰੂਪ ਨੌਟੰਕੀ ਨਾਲ ਮਿਲਦੇ-ਜੁਲਦੇ ਹਨ। ਸਵਾਂਗ ਵਿੱਚ ਪਾਤਰ ਦੇ ਅਭਿਨੈ ਤੇ ਸਵਾਂਗ ਦੀ ਪ੍ਰਧਾਨਤਾ ਹੁੰਦੀ ਹੈ ਜਦ ਕਿ ਨੌਟੰਕੀ ਵਿੱਚ ਸੰਗੀਤ ਤੇ ਨਾਚ ਦੀ। ਨੌਟੰਕੀ ਵਿੱਚ ਬੀਰ ਰਸ ਤੇ ਸ਼ਿੰਗਾਰ ਰਸ ਦੀ ਬਹੁਤਾਤ ਹੁੰਦੀ ਹੈ। ਸਵਾਂਗ ਵਿੱਚ ਪ੍ਰਾਰਥਨਾ ਤੋਂ ਛੁੱਟ ਕੋਈ ਹੋਰ ਧਾਰਮਿਕ ਰੰਗ ਨਹੀਂ ਹੁੰਦਾ। ਸਗੋਂ ਕਹਾਣੀਆਂ ਦਾ ਵਿਸ਼ਾ ਪ੍ਰੇਮ `ਤੇ ਆਧਾਰਿਤ ਹੁੰਦਾ ਹੈ।

     ਨੌਟੰਕੀ ਦੇ ਪਾਤਰ ਚਮਕੀਲੇ, ਮਹਿੰਗੇ ਤੇ ਉੱਚ ਘਰਾਣੇ ਨਾਲ ਸੰਬੰਧਿਤ ਪੁਸ਼ਾਕਾਂ ਪਹਿਨਦੇ ਹਨ। ਰੂਪ-ਸੱਜਾ ਵਿੱਚ ਔਰਤਾਂ ਪੁਰਸ਼ਾਂ ਦੇ ਮੁਕਾਬਲੇ ਵਧੇਰੇ ਚੇਤੰਨ ਹਨ। ਮਸਲਨ ਮੂੰਹ `ਤੇ ਪਾਊਡਰ ਲਾ ਕੇ ਅਤੇ ਗੇਰੂ ਲਾ ਕੇ ਤਾਰਿਆਂ ਦੀਆਂ ਕਟੋਰੀਆਂ ਜੜਦੀਆਂ ਹਨ। ਔਰਤਾਂ ਅੱਖਾਂ, ਗਲ੍ਹਾਂ, ਮੱਥੇ ਤੇ ਠੋਡੀ `ਤੇ ਸ਼ਿੰਗਾਰ ਕਰਦੀਆਂ ਹਨ।

     ਪਹਿਲਾਂ ਨੌਟੰਕੀ ਵਿੱਚ ਇੱਕ ਹੀ ਦ੍ਰਿਸ਼ ਹੁੰਦਾ ਸੀ ਪਰ ਅੱਜ ਅਨੇਕ ਹੀ ਦ੍ਰਿਸ਼ ਹੁੰਦੇ ਹਨ। ਇਹਨਾਂ ਦ੍ਰਿਸ਼ਾਂ ਦੀ ਸੂਚਨਾ ਰੰਗਾ ਪਹਿਲਾਂ ਹੀ ਦੇ ਦਿੰਦਾ ਹੈ।

          ਨੌਟੰਕੀ ਦੀ ਸਰਲ ਭਾਸ਼ਾ ਇਸ ਦੀ ਖ਼ਾਸ ਵਿਸ਼ੇਸ਼ਤਾ ਹੈ। ਨੌਟੰਕੀ ਕਲਾਕਾਰ ਕੂਚਿਪੁਡੀ (ਲੋਕ ਨਾਟਕ/ਵੰਨਗੀ) ਵਾਂਗ ਕਿਸੇ ਇੱਕ ਜਾਤ ਜਾਂ ਮਜ਼੍ਹਬ ਨਾਲ ਸੰਬੰਧਿਤ ਨਾ ਹੋ ਕੇ ਵੱਖ-ਵੱਖ ਵਰਗਾਂ ਦੇ ਹੁੰਦੇ ਹਨ।


ਲੇਖਕ : ਇੰਦਰਜੀਤ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2467, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਨੌਟੰਕੀ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਨੌਟੰਕੀ : ਸਵਾਂਗ ਦਾ ਰੂਪ ਜਿਸ ਦਾ ਮੁੱਢ ਨੌਟੰਕੀ ਨਾਂ ਦੀ ਰਾਜਕੁਮਾਰੀ ਦੇ ਗੀਤ ਨਟ ਤੋਂ ਬੱਝਿਆ ।

ਨੌਟੰਕੀ ਮੁਲਤਾਨ ਦੀ ਰਾਜਕੁਮਾਰੀ ਸੀ । ਇਕ ਸ਼ਿਕਾਰੀ ਦਾ ਪੁੱਤਰ ਜਿਸ ਦਾ ਨਾਂ ਫੂਲ ਸਿੰਘ ਸੀ , ਦੇ ਦਿਲ ਵਿਚ ਰਾਜਕੁਮਾਰੀ ਨੂੰ ਦੇਖਣ ਦੀ ਇੱਛਾ ਜਾਗੀ । ਉਹ ਮੁਲਤਾਨ ਦੇ ਸ਼ਾਹੀ ਬਾਗ ਦੀ ਮਾਲਣ ਦੀ ਝੁੱਗੀ ਵਿਚ ਰਹਿਣ ਲਗ ਪਿਆ । ਮਾਲਣ ਹਰ ਰੋਜ਼ ਫੁੱਲਾਂ ਦੇ ਗਜਰੇ ਲੈ ਕੇ ਰਾਜਕੁਮਾਰੀ ਕੋਲ ਜਾਂਦੀ ਸੀ । ਇਕ ਦਿਨ ਮਾਲਣ ਦੀ ਸਿਹਤ ਠੀਕ ਨਾ ਹੋਣ ਕਾਰਨ ਫੂਲ ਸਿੰਘ ਨੇ ਗਜਰੇ ਬਣਾਏ । ਮਾਲਣ ਜਦੋਂ ਉਹ ਗਜਰੇ ਲੈ ਕੇ ਰਾਜਕੁਮਾਰੀ ਕੋਲ ਗਈ ਤਾਂ ਰਾਜਕੁਮਾਰੀ ਕਹਿਣ ਲੱਗੀ ਕਿ ਇਹ ਗਜਰੇ ਕਿਸੇ ਹੋਰ ਦੇ ਬਣਾਏ ਹੋਏ ਹਨ । ਮਾਲਣ ਨੇ ਕਿਹਾ ਕਿ ਇਹ ਗਜਰੇ ਉਸ ਦੀ ਭੈਣ ਨੇ ਬਣਾਏ ਹਨ । ਰਾਜਕੁਮਾਰੀ ਨੇ ਉਸ ਦੀ ਭੈਣ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਕਿਉਂਕਿ ਉਸ ਦੇ ਬਣਾਏ ਗਜਰੇ ਰਾਜਕੁਮਾਰੀ ਨੂੰ ਪਸੰਦ ਆਏ ਸਨ। ਮਾਲਣ ਨੇ ਘਰ ਆ ਕੇ ਸਾਰੀ ਗੱਲ ਫੂਲ ਸਿੰਘ ਨੂੰ ਦੱਸੀ ਅਤੇ ਉਸ ਨੂੰ ਔਰਤ ਦੇ ਭੇਸ ਵਿਚ ਰਾਜਕੁਮਾਰੀ ਕੋਲ ਭੇਜ ਦਿੱਤਾ । ਰਾਜਕੁਮਾਰੀ ਦਾ ਔਰਤ ਦੇ ਭੇਸ ਵਾਲੇ ਫੂਲ ਸਿੰਘ ਨਾਲ ਸਹੇਲਪੁਣਾ ਪੈ ਗਿਆ ਅਤੇ ਇਸ ਤਰ੍ਹਾਂ ਇਸ ਦਾ ਰਾਜਮਹਿਲ ਵਿਚ ਆਉਣਾ ਜਾਣਾ ਵੱਧ ਗਿਆ ।

ਇਕ ਦਿਨ ਰਾਜਕੁਮਾਰੀ ਉਸ ਨੂੰ ਕਹਿਣ ਲੱਗੀ ਕਿ ਕਿੰਨਾ ਚੰਗਾ ਹੁੰਦਾ ਜੇਕਰ ਤੂੰ ਮੁੰਡਾ ਹੁੰਦੀ ਅਤੇ ਮੈਂ ਤੇਰੇ ਨਾਲ ਵਿਆਹ ਕਰ ਲੈਂਦੀ । ਫੂਲ ਸਿੰਘ ਨੇ ਕਿਹਾ ਕਿ ਜੇਕਰ ਪੂਰਨਮਾਸ਼ੀ ਨੂੰ ਸੱਚੇ ਦਿਲ ਨਾਲ ਦੇਵੀ ਅੱਗੇ ਅਰਦਾਸ ਕੀਤੀ ਜਾਵੇ ਤਾਂ ਅਜਿਹਾ ਹੋ  ਸਕਦਾ ਹੈ । ਰਾਜਕੁਮਾਰੀ ਨੇ ਅਜਿਹਾ ਹੀ ਕੀਤਾ ਅਤੇ ਜਦੋਂ ਅੱਖ ਖੋਲ੍ਹੀ ਤਾਂ ਉਸ ਦੇ ਸਾਹਮਣੇ ਮਾਲਣ ਦੀ ਭੈਣ ਦੀ ਥਾਵੇਂ ਇਕ ਸੁੰਦਰ ਗਭਰੂ ਖੜਾ ਸੀ । ਨੌਟੰਕੀ ਨੇ ਉਸ ਨੂੰ ਗਲਵੱਕੜੀ ਪਾ ਲਈ । ਇਹ ਸਾਰਾ ਕੁਝ ਇਕ ਗੋਲੀ ਚੋਰੀ ਛੁਪੇ ਵੇਖ ਰਹੀ ਸੀ ਅਤੇ ਉਸ ਨੇ ਇਸ ਸਬੰਧੀ ਰਾਜੇ ਨੂੰ ਸ਼ਿਕਾਇਤ ਕਰ ਦਿੱਤੀ। ਰਾਜੇ ਨੇ ਤੁਰੰਤ ਹੀ ਫੂਲ ਸਿੰਘ ਨੂੰ ਪਕੜਵਾ ਭੇਜਿਆ ਅਤੇ ਉਸ ਨੂੰ ਫਾਂਸੀ ਦੇ ਤਖ਼ਤੇ ਉੱਤੇ ਚੜਵਾ ਦਿੱਤਾ । ਫੂਲ ਸਿੰਘ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਨੌਟੰਕੀ ਨੇ ਆਤਮਹੱਤਿਆ ਕਰ ਲਈ ਅਤੇ ਇਸ ਤਰ੍ਹਾਂ ਇਸ ਅਨੋਖੇ ਪ੍ਰੇਮ ਦਾ ਦੁਖਦਾਈ ਅੰਤ ਹੋਇਆ ।

ਇਹ ਨਾਟਕੀ ਕਥਾ ਇੰਨੀ ਲੋਕਪ੍ਰਿਯ ਹੋਈ ਕਿ ਸਾਰੇ ਹੀ ਸਵਾਂਗਾਂ ਨੂੰ ਨੌਟੰਕੀ ਕਿਹਾ ਜਾਣ ਲਗ ਪਿਆ ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1186, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-02-04-49-57, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਲੋ. ਵਿ. ਕੋ. : ਪੰਜਾਬੀ ਲੋਕਯਾਨ ਦੀ ਰੂਪ ਰੇਖਾ-ਗੁਲਜ਼ਾਰ ਸਿੰਘ ਕੰਗ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.