ਪਟਨੇ ਵਾਲੀ ਬੀੜ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਪਟਨੇ ਵਾਲੀ ਬੀੜ (ਦਸਮ ਗ੍ਰੰਥ): ਇਹ ਬੀੜ ਗੁਰਦੁਆਰਾ ਜਨਮ-ਸਥਾਨ ਪਟਨਾ ਸਾਹਿਬ ਦੇ ਤੋਸ਼ਾਖ਼ਾਨੇ ਵਿਚ ਪਈ ਹੈ। ਉਥੇ ਦਸਮ-ਗ੍ਰੰਥ ਦੀਆਂ ਕਈ ਬੀੜਾਂ ਪਈਆਂ ਹਨ। ਉਨ੍ਹਾਂ ਵਿਚੋਂ ਦੋ ਜ਼ਿਆਦਾ ਪ੍ਰਾਚੀਨ ਹਨ। ਪਰ ਉਨ੍ਹਾਂ ਦੋਹਾਂ ਦੇ ਲਿਖੇ ਜਾਣ ਦੇ ਸਮੇਂ ਬਾਰੇ ਕਿਸੇ ਵਿਚ ਵੀ ਕੋਈ ਜਾਣਕਾਰੀ ਨਹੀਂ ਮਿਲਦੀ। ਇਕ ਬੀੜ ਸਾਧਾਰਣ ਢੰਗ ਨਾਲ ਲਿਖੀ ਹੋਈ ਹੈ (ਇਸ ਦੇ ਕੇਵਲ ਪਹਿਲੇ ਪੰਨੇ ਅੰਕ 21 ਉਤੇ ਵੇਲ ਬਣੀ ਹੋਈ ਹੈ) ਅਤੇ ਦੂਜੀ ਬੀੜ ਦੀ ਹਰ ਇਕ ਰਚਨਾ/ ਬਾਣੀ ਦਾ ਪਹਿਲਾ ਪੰਨਾ ਚਿਤਰਮਈ ਹੈ। ਦੋਵੇਂ ਬੀੜਾਂ ਲਗਭਗ ਨੇੜੇ ਤੇੜੇ ਦੇ ਸਮੇਂ ਵਿਚ ਹੀ ਲਿਖੀਆਂ ਗਈਆਂ ਸਨ , ਪਰ ਇਤਿਹਾਸਿਕ ਦ੍ਰਿਸ਼ਟੀ ਤੋਂ ਸਾਧਾਰਣ ਢੰਗ ਨਾਲ ਲਿਖੀ ਬੀੜ ਦਾ ਮਹੱਤਵ ਅਧਿਕ ਹੈ ਕਿਉਂਕਿ ਇਸ ਬੀੜ ਵਿਚ ਖ਼ਾਸ ਦਸਖ਼ਤੀ ਪਤਰਿਆਂ ਦੇ ਉਤਾਰੇ ਦੂਜੀ ਬੀੜ ਨਾਲੋਂ ਵਧ ਹਨ। ਇਸ ਵਿਚ ਦੂਜੀ ਬੀੜ ਨਾਲੋਂ ਕੁਝ ਬਾਣੀਆਂ ਵੀ ਜ਼ਿਆਦਾ ਹਨ। ਇਸ ਬੀੜ ਦਾ ਪਿਛਲਾ ਇਤਿਹਾਸ ਉਥੇ ਕਿਸੇ ਨੂੰ ਪਤਾ ਨਹੀਂ। ਇਸ ਨੂੰ ਉਹ ਖ਼ਾਸ ਬੀੜ ਵੀ ਨਹੀਂ ਮੰਨਿਆ ਜਾ ਸਕਦਾ ਜਿਸ ਨੂੰ ਗਿਆਨੀ ਗਿਆਨ ਸਿੰਘ ਅਨੁਸਾਰ ਭਾਈ ਸੁਖਾ ਸਿੰਘ ਨੇ ਤਿਆਰ ਕੀਤਾ ਸੀ , ਕਿਉਂਕਿ ਗਿਆਨੀ ਗਿਆਨ ਸਿੰਘ ਵਲੋਂ ਦਸੇ ਤੱਥਾਂ ਨਾਲ ਇਹ ਮੇਲ ਨਹੀਂ ਖਾਂਦੀ।
ਇਸ ਬੀੜ ਵਿਚ 713 ਪੱਤਰੇ ਹਨ। ਸ਼ੁਰੂ ਵਿਚ ਦੋ ਪੱਤਰੇ ਅੰਕ ਰਹਿਤ ਹਨ। ਪੱਤਰਾ ਅੰਕ 1 ਤੋਂ 19 ਤਕ , ਸੰਖਿਪਤ ਅਤੇ ਵਿਸਤਰਿਤ, ਦੋ ਤਰ੍ਹਾਂ ਦਾ ਤਤਕਰਾ ਦਿੱਤਾ ਹੈ। ਪੱਤਰਾ 20 ਖ਼ਾਲੀ ਹੈ ਅਤੇ 21 ਅੰਕ ਵਾਲੇ ਪੱਤਰੇ ਤੋਂ ਜਾਪੁ ਸਾਹਿਬ ਦਾ ਪਾਠ ਸ਼ੁਰੂ ਹੁੰਦਾ ਹੈ। ਇਸ ਬੀੜ ਦਾ ਪੱਤਰਾ ਅੰਕ 370 ਖ਼ਾਲੀ ਹੈ ਅਤੇ ਅੰਤ ਵਿਚ ਵੀ ਕੁਝ ਪੱਤਰੇ ਬਿਨਾ ਅੰਕ ਲਿਖੇ ਖ਼ਾਲੀ ਹਨ। ਜਿਲਦ ਦੇ ਬਾਹਰ ਵਾਲਾ ਕਪੜਾ ਪੀਲਾ ਅਤੇ ਮਟਮੈਲਾ ਹੈ ਅਤੇ ਅੰਦਰ ਵਾਲਾ ਬੂਟੀਦਾਰ ਲਾਲ ਹੈ। ਇਸ ਵਿਚ ਮੁਢਲੀਆਂ ਉਕਤੀਆਂ, ਅੰਤਿਮ ਪੁਸ਼ਪਿਕਾਵਾਂ ਅਤੇ ਛੰਦਾਂ ਦੇ ਅੰਕ ਲਾਲ ਸਿਆਹੀ ਨਾਲ ਲਿਖੇ ਹਨ। ਹੜਤਾਲ ਦੀ ਵਰਤੋਂ ਬਹੁਤ ਘਟ ਹੋਈ ਹੈ। ਉਪਰ ਅਤੇ ਹੇਠਾਂ ਹਾਸ਼ੀਏ ਦੀਆਂ ਲਕੀਰਾਂ ਨਹੀਂ ਲਗੀਆਂ ਹੋਈਆਂ, ਕੇਵਲ ਥਾਂ ਛਡੀ ਹੋਈ ਮਿਲਦੀ ਹੈ। ਸੱਜੇ ਅਤੇ ਖੱਬੇ ਚਾਰ ਲਕੀਰੀ ਹਾਸ਼ੀਆ ਲਗਿਆ ਹੋਇਆ ਹੈ। ਚੌਹਾਂ ਵਿਚੋਂ ਬਾਹਰਲੀਆਂ ਲਕੀਰਾਂ ਲਾਲ ਹਨ ਅਤੇ ਅੰਦਰਲੀਆਂ ਨੀਲੀਆਂ, ਕਾਗ਼ਜ਼ ਵੀ ਪੁਰਾਣਾ ਹੈ। ਇਸ ਬੀੜ ਦੀ ਲਿਪੀ ਦਾ ਸਰੂਪ, ਕਾਗ਼ਜ਼ ਦੀ ਪੁਰਾਤਨਤਾ, ਆਦਿ ਤੱਥ ਇਸ ਨੂੰ ਦੋ ਸੌ ਵਰ੍ਹੇ ਪੁਰਾਣਾ ਸਿਧ ਕਰਦੇ ਹਨ। ਇਹ ਬੀੜ ਇਕੋ ਹੱਥ ਦੀ ਲਿਖੀ ਹੋਈ ਹੈ। ਜਿਸ ਖ਼ਾਸ ਬੀੜ ਦਾ ਜ਼ਿਕਰ ਭਾਈ ਰਣਧੀਰ ਸਿੰਘ ਨੇ ਆਪਣੀ ਪੁਸਤਕ ‘ਦਸਵੇਂ ਪਾਤਿਸ਼ਾਹ ਕੇ ਗ੍ਰੰਥ ਦਾ ਇਤਿਹਾਸ’ (ਪੰਨੇ 44-45) ਵਿਚ ਕੀਤਾ ਹੈ, ਉਹ ਇਹ ਬੀੜ ਨਹੀਂ ਹੈ ਕਿਉਂਕਿ ਇਨ੍ਹਾਂ ਦੋਹਾਂ ਦੇ ਵੇਰਵੇ ਆਪਸ ਵਿਚ ਮੇਲ ਨਹੀਂ ਖਾਂਦੇ। ਭਾਈ ਰਣਧੀਰ ਸਿੰਘ ਦੁਆਰਾ ਦਸੀ ਬੀੜ ਦੀ ਕਿਤੇ ਸੂਹ ਨਹੀਂ ਮਿਲੀ।
ਇਸ ਬੀੜ ਵਿਚ ਰਚਨਾਵਾਂ ਅਗੇ ਲਿਖੇ ਕ੍ਰਮ ਨਾਲ ਦਰਜ ਹੋਈਆਂ ਹਨ—(1) ਜਾਪੁ, (2) ਅਕਾਲ ਉਸਤਤਿ , (3) ਸਵੈਯੇ 32, (4) ਬਚਿਤ੍ਰ ਨਾਟਕ , (5) ਚੌਬੀਸ ਅਵਤਾਰ , (6) ਚੰਡੀ ਚਰਿਤ੍ਰ-੧ , (7) ਬ੍ਰਹਮਾਵਤਾਰ, (8) ਗਿਆਨ ਪ੍ਰਬੋਧ , (9) ਚੰਡੀ ਚਰਿਤ੍ਰ-੨ , (10) ਰੁਦ੍ਰਾਵਤਾਰ, (11) ਬਿਸਨਪਦੇ, (12) ਛਕਾ ਭਗੌਤੀ ਜੂ ਕਾ , (13) ਸਸਤ੍ਰ ਨਾਮ ਮਾਲਾ , (14) ਵਾਰ ਦੁਰਗਾ ਕੀ , (15) ਚਰਿਤ੍ਰੋਪਾਖਿਆਨ , (16) ਅਸਫੋਟਕ ਕਬਿਤ, (17) ਭਗਵੰਤ ਗੀਤਾ, (18) ਸੰਸਾਹਰ ਸੁਖਮਨਾ , (19) ਸਬਦ (ਰਾਗਾਂ ਵਿਚ ਲਿਖੇ), (20) ਵਾਰ ਮਾਲਕੌਂਸ ਕੀ, (21) ਵਾਰ ਭਗਉਤੀ ਜੂ ਕੀ ਅਤੇ (22) ਜ਼ਫ਼ਰਨਾਮਾ (ਗੁਰੁਮਖੀ)।
ਧਿਆਨ ਰਹੇ ਕਿ ਚੰਡੀ ਚਰਿਤ੍ਰ-੧, ‘ਕ੍ਰਿਸ਼ਨਾਵਾਤਾਰ’ ਪ੍ਰਸੰਗ ਵਿਚ ‘ਬਿਰਹ ਨਾਟਕ ’ ਖੰਡ ਤੋਂ ਬਾਦ ਲਿਖਿਆ ਹੋਇਆ ਹੈ। ਇਸ ਬੀੜ ਵਿਚ 33 ਦੀ ਥਾਂ 32 ਸਵੈਯੇ ਲਿਖੇ ਹਨ ਕਿਉਂਕਿ ‘ਜਾਗਤ ਜੋਤਿ-ਜਪੈ’ ਨਾਲ ਸ਼ੁਰੂ ਹੋਣ ਵਾਲਾ ਪਹਿਲਾ ਸਵੈਯਾ ਅਸਫੋਟਕ ਕਬਿੱਤਾਂ ਨਾਲ ਲਿਖਿਆ ਹੈ। ਕ੍ਰਮ ਅੰਕ 21 ਉਤੇ ਲਿਖੀ ‘ਵਾਰ ਭਗਉਤੀ ਜੂ ਕੀ’ ਕ੍ਰਮ ਅੰਕ 14 ਨਾਲੋਂ ਵਖਰੀ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1558, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First