ਪਟਿਆਲਾ ਰਿਆਸਤ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਪਟਿਆਲਾ ਰਿਆਸਤ: ਹਿੰਦੁਸਤਾਨ ਦੀ ਸਭ ਤੋਂ ਵੱਡੀ ਸਿੱਖ ਰਿਆਸਤ ਜਿਸ ਦੀ ਬੁਨਿਆਦ ਬਾਬਾ ਆਲਾ ਨੇ ਰਖੀ। ਬਾਬਾ ਆਲਾ, ਬਾਬਾ ਫੂਲ (ਵੇਖੋ) ਦਾ ਪੋਤਰਾ , ਚੌਧਰੀ ਰਾਮੇ (ਰਾਮ ਸਿੰਘ) ਦਾ ਪੁੱਤਰ ਸੀ , ਜੋ ਮਾਈ ਸਾਬੀ ਦੀ ਕੁੱਖੋਂ ਸੰਨ 1694 ਈ. (ਦੂਜੇ ਮਤ ਅਨੁਸਾਰ 1691 ਈ.) ਵਿਚ ਪੈਦਾ ਹੋਇਆ ਸੀ। ਅਠਾਰ੍ਹਵੀਂ ਸਦੀ ਵਿਚ ਜਦੋਂ ਦਲ ਖ਼ਾਲਸਾ ਨੇ ਮੱਲਾਂ ਮਾਰਨੀਆਂ ਸ਼ੁਰੂ ਕੀਤੀਆਂ ਤਾਂ ਮਾਲਵਾ ਖੇਤਰ ਵਿਚ ਬਾਬਾ ਆਲਾ ਸਿੰਘ ਨੇ ਆਪਣੀ ਧਾਕ ਜਮਾਉਣੀ ਸ਼ੁਰੂ ਕੀਤੀ। ਦੋਸ਼-ਮੁਕਤ ਚਰਿਤ੍ਰ ਵਾਲਾ ਬਾਬਾ ਆਲਾ ਸਿੰਘ ਤੇਗ਼ ਦਾ ਧੰਨੀ ਅਤੇ ਸੰਤ ਜਾਂ ਫ਼ਕੀਰ ਦੇ ਬਾਣੇ ਵਿਚ ਰਹਿਣ ਵਾਲਾ ਇਕ ਦਰਵੇਸ਼ ਸਰਦਾਰ ਸੀ, ਪਰ ਰਾਜ-ਪ੍ਰਬੰਧ ਵਿਚ ਬੜਾ ਨਿਪੁਣ ਅਤੇ ਰਾਜਨੈਤਿਕ ਗੰਢ-ਤਰੁਪ ਕਰਨ ਵਿਚ ਬੜਾ ਚਤੁਰ ਸੀ। ਸਤਲੁਜ ਤੋਂ ਜਮਨਾ ਤਕ ਇਸ ਦੀ ਟੱਕਰ ਦਾ ਕੋਈ ਚੌਧਰੀ ਨਹੀਂ ਸੀ। ਇਸ ਨੂੰ ਵਿਰਸੇ ਵਿਚ ਕੇਵਲ ਦੋ ਦਰਜਨ ਪਿੰਡਾਂ ਦੀ ਚੌਧਰ ਮਿਲੀ ਸੀ, ਪਰ ਸੰਨ 1761 ਈ. ਤਕ ਇਸ ਅਧੀਨ 726 ਪਿੰਡ ਸਨ। ਇਹੀ ਕਾਰਣ ਹੈ ਕਿ ਅਹਿਮਦ ਸ਼ਾਹ ਦੁਰਾਨੀ ਨੇ ਇਸ ਨੂੰ ਸਰਹਿੰਦ ਦੀ ਸੂਬੇਦਾਰੀ ਦੀ ਅਧੀਨਗੀ ਤੋਂ ਸੁਤੰਤਰ ਕਰ ਦਿੱਤਾ ਸੀ। ਇਸ ਨੇ ਸੰਨ 1722 ਈ. ਵਿਚ ਬਰਨਾਲੇ ਨੂੰ ਆਪਣੀ ਰਿਆਸਤ ਦਾ ਸਦਰ ਮੁਕਾਮ ਬਣਾਇਆ ਅਤੇ ਸੰਨ 1727 ਈ. ਵਿਚ ਲੌਂਗੋਵਾਲ ਵਸਾਇਆ। ਇਸ ਦੀ ਚੜ੍ਹਤ ਨੂੰ ਮਾਲਵੇ ਦੇ ਕਈ ਮੁਸਲਮਾਨ ਚੌਧਰੀਆਂ ਤੋਂ ਜਰਿਆ ਨ ਗਿਆ। ਫਲਸਰੂਪ, ਰਾਏਕੋਟ , ਤਲਵੰਡੀ, ਹਲਵਾਰਾ, ਮੈਲਸੀਆਂ, ਮਲੇਰਕੋਟਲਾ ਦੇ ਚੌਧਰੀਆਂ ਅਤੇ ਜਲੰਧਰ ਦੇ ਫ਼ੌਜਦਾਰ ਨੇ ਰਲ ਕੇ ਬਰਨਾਲੇ ਨੂੰ ਘੇਰ ਲਿਆ। ਬਾਬਾ ਆਲਾ ਨੇ ਖ਼ਾਲਸੇ ਨੂੰ ਸਹਾਇਤਾ ਲਈ ਨਿਮੰਤਰਿਤ ਕੀਤਾ। ਖ਼ਾਲਸੇ ਨੇ ਮਿਲ ਕੇ ਮੁਸਲਮਾਨਾਂ ਨੂੰ ਖਦੇੜ ਦਿੱਤਾ। ਬਾਬਾ ਆਲਾ ਨੇ ਬਾਬਾ ਦੀਪ ਸਿੰਘ ਸ਼ਹੀਦ ਤੋਂ ਅੰਮ੍ਰਿਤ ਪਾਨ ਕੀਤਾ ਅਤੇ ਆਲਾ ਸਿੰਘ ਬਣਿਆ। ਉਸ ਤੋਂ ਬਾਦ ਇਹ ਆਪਣੀ ਤਾਕਤ ਵਧਾਉਣ ਲਈ ਸਰਗਰਮ ਰਿਹਾ। ਦਲ ਖ਼ਾਲਸੇ ਦੀ ਮਦਦ ਨਾਲ ਇਸ ਨੇ ਭਵਾਨੀਗੜ੍ਹ , ਸਨੌਰ , ਬਡਲਾਢਾ, ਸਮਾਣਾ ਅਤੇ ਸੁਨਾਮ ਉਤੇ ਆਪਣਾ ਕਬਜ਼ਾ ਕਰ ਲਿਆ।
ਬਾਬਾ ਆਲਾ ਸਿੰਘ ਦੀਆਂ ਸਰਗਰਮੀਆਂ ਨੂੰ ਵੇਖ ਕੇ ਅਹਿਮਦ ਸ਼ਾਹ ਦੁਰਾਨੀ ਨੇ ਇਸ ਨੂੰ ਰਾਜਨੈਤਿਕ ਸਰਪ੍ਰਸਤੀ ਪ੍ਰਦਾਨ ਕਰਨੀ ਚਾਹੀ। ਪਰ ਇਸ ਗੱਲੋਂ ਦਲ ਖ਼ਾਲਸਾ ਨਾਰਾਜ਼ ਹੋ ਗਿਆ। ਸ. ਜੱਸਾ ਸਿੰਘ ਆਹਲੂਵਾਲੀਆ ਨੇ ਵਿਚ ਪੈ ਕੇ ਆਲਾ ਸਿੰਘ ਵਲੋਂ ਦਲ ਖ਼ਾਲਸਾ ਪ੍ਰਤਿ ਆਪਣੀ ਗੁਸਤਾਖ਼ੀ ਦੀ ਮਾਫ਼ੀ ਮੰਗਵਾਈ। ਬਾਬਾ ਆਲਾ ਸਿੰਘ ਨੇ ਆਪਣੇ ਪੋਤਰੇ ਕੰਵਰ ਅਮਰ ਸਿੰਘ ਨੂੰ ਸਰਦਾਰ ਆਹਲੂਵਾਲੀਆ ਤੋਂ ਅੰਮ੍ਰਿਤ ਪਾਨ ਕਰਵਾਇਆ। ਸੰਨ 1763 ਈ. ਵਿਚ ਪਟਿਆਲੇ ਦੇ ਕਿਲ੍ਹੇ ਦੀ ਬੁਨਿਆਦ ਰਖੀ। ਸੰਨ 1764 ਈ. ਵਿਚ ਜ਼ੈਨ ਖ਼ਾਨ ਦੇ ਕਤਲ ਤੋਂ ਬਾਦ ਦਲ ਖ਼ਾਲਸਾ ਨੇ ਸਰਹਿੰਦ ਨਗਰ ਸ. ਬੁੱਢਾ ਸਿੰਘ ਨੂੰ ਦਿੱਤਾ, ਜਿਸ ਤੋਂ 25 ਹਜ਼ਾਰ ਰੁਪਏ ਦੇ ਕੇ ਬਾਬਾ ਆਲਾ ਸਿੰਘ ਨੇ ਖ਼ਰੀਦ ਲਿਆ। ਅਹਿਮਦ ਸ਼ਾਹ ਦੁਰਾਨੀ ਨੇ ਸੰਨ 1764 ਈ ਵਿਚ ਆਪਣੇ ਸੱਤਵੇਂ ਹਮਲੇ ਵੇਲੇ ਆਲਾ ਸਿੰਘ ਨੂੰ ਧੌਂਸਾ ਅਤੇ ਝੰਡਾ ਬਖ਼ਸ਼ਿਆ ਅਤੇ ਸਰਹਿੰਦ ਦੀ ਸੂਬੇਦਾਰੀ ਦਿੱਤੀ। 7 ਅਗਸਤ 1765 ਈ. ਨੂੰ ਬਾਬਾ ਆਲਾ ਸਿੰਘ ਦਾ ਦੇਹਾਂਤ ਹੋ ਗਿਆ।
ਬਾਬਾ ਆਲਾ ਸਿੰਘ ਤੋਂ ਬਾਦ ਉਸ ਦਾ ਪੋਤਰਾ ਅਮਰ ਸਿੰਘ ਗੱਦੀ ਉਤੇ ਬੈਠਾ। ਇਹ ਚੰਗਾ ਯੁੱਧਵੀਰ ਅਤੇ ਨੀਤੀਵਾਨ ਪ੍ਰਸ਼ਾਸਕ ਸੀ। ਇਸ ਨੇ ਆਪਣੀ ਰਿਆਸਤ ਨੂੰ ਹੋਰ ਵਿਸਤਰਿਤ ਕੀਤਾ। ਸ. ਜੱਸਾ ਸਿੰਘ ਆਹਲੂਵਾਲੀਆ ਦੀ ਇਸ ਨੂੰ ਸਰਪ੍ਰਸਤੀ ਪ੍ਰਾਪਤ ਸੀ। ਇਸ ਨੇ ਕਈ ਪ੍ਰਕਾਰ ਦੀਆਂ ਲੜਾਈਆਂ ਲੜੀਆਂ ਅਤੇ ਯਮਨਾ ਤੇ ਸਤਲੁਜ ਦਰਿਆਵਾਂ ਦੇ ਵਿਚਾਲੇ ਦੇ ਮਿਲਖ ਦਾ ਵੱਡਾ ਰਾਜਾ ਬਣਨ ਦਾ ਮਾਣ ਪ੍ਰਾਪਤ ਕੀਤਾ। ਅਹਿਮਦਸ਼ਾਹ ਦੁਰਾਨੀ ਨੇ ਇਸ ਨੂੰ ‘ਰਾਜਾ-ਏ-ਰਾਜਗਾਨ’ ਦਾ ਖ਼ਿਤਾਬ ਦਿੱਤਾ। ਇਸ ਨੇ ਮਥੁਰਾ ਅਤੇ ਸਹਾਰਨਪੁਰ ਦੀਆਂ ਸੈਂਕੜੇ ਲੜਕੀਆਂ ਨੂੰ ਵਿਦੇਸ਼ੀ ਹਮਲਾਵਰਾਂ ਤੋਂ ਦੋ ਲੱਖ ਰੁਪਏ ਤਾਰ ਕੇ ਆਜ਼ਾਦ ਕਰਵਾਇਆ। ਇਸ ਨੇ ਆਪਣੇ ਪੁੱਤਰ ਸਾਹਿਬ ਸਿੰਘ ਨੂੰ ਸ. ਬਘੇਲ ਸਿੰਘ ਤੋਂ ਅੰਮ੍ਰਿਤ ਪਾਨ ਕਰਵਾਇਆ। ਫਰਵਰੀ 1781 ਈ. ਵਿਚ ਇਸ ਦੇ ਦੇਹਾਂਤ ਤੋਂ ਬਾਦ ਇਸ ਦਾ ਸੱਤ ਸਾਲਾਂ ਦਾ ਪੁੱਤਰ ਸਾਹਿਬ ਸਿੰਘ ਗੱਦੀ ਉਤੇ ਬੈਠਾ।
ਸਾਹਿਬ ਸਿੰਘ ਦੇ ਨਾਬਾਲਗ਼ ਹੋਣ ਕਰਕੇ ਰਿਆਸਤ ਦਾ ਪ੍ਰਬੰਧ ਪਹਿਲਾਂ ਉਸ ਦੀ ਦਾਦੀ ਹੁਕਮਾ ਦੀਵਾਨ ਨਾਨੂੰਮੱਲ ਦੀ ਮਦਦ ਨਾਲ ਚਲਾਉਂਦੀ ਰਹੀ। ਦਾਦੀ ਦੇ ਦੇਹਾਂਤ ਤੋਂ ਬਾਦ ਇਸ ਦੀ ਭੂਆ ਬੀਬੀ ਰਾਜਿੰਦਰ ਕੌਰ ਨੇ ਕੰਮ ਸੰਭਾਲਿਆ। ਬਾਦ ਵਿਚ ਇਸ ਦੀ ਭੈਣ ਬੀਬੀ ਸਾਹਿਬ ਕੌਰ ਨੇ ਰਾਜ-ਪ੍ਰਬੰਧ ਚਲਾਇਆ। ਇਸ ਨੇ ਮਰਾਠਿਆਂ ਤੋਂ ਰਿਆਸਤ ਨੂੰ ਬਚਾਇਆ ਅਤੇ ਦੀਵਾਨ ਨਾਨੂੰਮੱਲ ਨੂੰ ਉਸ ਦੀਆਂ ਕਾਰ- ਸਤਾਨੀਆ ਦੀ ਸਜ਼ਾ ਦਿੱਤੀ। ਹੋਰ ਵੀ ਕਈ ਸੰਕਟਾਂ ਤੋਂ ਰਿਆਸਤ ਨੂੰ ਸੁਰਖਿਅਤ ਰਖਦੇ ਹੋਇਆਂ ਸੰਨ 1799 ਈ. ਵਿਚ ਆਪਣੇ ਪ੍ਰਾਣ ਤਿਆਗੇ। ਉਸ ਤੋਂ ਬਾਦ ਰਾਣੀ ਆਸ ਕੌਰ ਨੇ ਰਿਆਸਤ ਦਾ ਪ੍ਰਬੰਧ ਚਲਾਇਆ। ਇਸ ਦੇ ਰਾਜ- ਕਾਲ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਪ੍ਰਤਾਪ ਵਧਿਆ। ਉਸ ਦੀ ਸ਼ਕਤੀ ਤੋਂ ਡਰਦਿਆਂ ਸਤਲੁਜ ਪਾਰ ਦੀਆਂ ਸਾਰੀਆਂ ਰਿਆਸਤਾਂ ਨੇ ਮਿਲ ਕੇ ਸੰਨ 1808 ਈ. ਵਿਚ ਅੰਗ੍ਰੇਜ਼ਾਂ ਦੀ ਸਰਪ੍ਰਸਤੀ ਵਿਚ ਜਾਣ ਦਾ ਫ਼ੈਸਲਾ ਕੀਤਾ ਅਤੇ 25 ਅਪ੍ਰੈਲ 1809 ਈ. ਦੇ ਅਹਿਦਨਾਮੇ ਅਨੁਸਾਰ ਸਤਲੁਜ ਪਾਰ ਦੇ ਇਲਾਕੇ ਵਲ ਮਹਾਰਾਜਾ ਰਣਜੀਤ ਸਿੰਘ ਦੀ ਸਰਗਰਮੀ ਰੁਕ ਗਈ। ਸੰਨ 1810 ਈ. ਵਿਚ ਕਰਨਲ ਅਕਟਰ ਲੋਨੀ ਦੀ ਸਿਫ਼ਾਰਸ਼’ਤੇ ਮੁਗ਼ਲ ਬਾਦਸ਼ਾਹ ਅਕਬਰ ਸਾਨੀ ਨੇ ਸਾਹਿਬ ਸਿੰਘ ਨੂੰ ‘ਮਹਾਰਾਜਾ’ ਦਾ ਖ਼ਿਤਾਬ ਦਿੱਤਾ। ਇਸ ਦਾ ਦੇਹਾਂਤ ਸੰਨ 1813 ਈ. ਵਿਚ ਹੋਇਆ।
ਸਾਹਿਬ ਸਿੰਘ ਤੋਂ ਬਾਦ ਉਸ ਦਾ ਪੁੱਤਰ ਕਰਮ ਸਿੰਘ ਮਹਾਰਾਜਾ ਬਣਿਆ। ਇਹ ਇਕ ਯੋਗ ਪ੍ਰਸ਼ਾਸਕ ਸੀ। ਇਸ ਨੇ ਗੋਰਖਿਆਂ ਨਾਲ ਯੁੱਧ ਵਿਚ ਅੰਗ੍ਰੇਜ਼ਾਂ ਦੀ ਮਦਦ ਕੀਤੀ ਅਤੇ ਹਿਮਾਲਯ ਖੇਤਰ ਵਿਚ ਬਹੁਤ ਜਾਗੀਰ ਹਾਸਲ ਕੀਤੀ। ਇਸ ਨੇ ਸਾਰੀਆਂ ਫੂਲਕੀਆਂ ਰਿਆਸਤਾਂ ਦਾ ਮਈ 1834 ਈ. ਨੂੰ ਭਵਾਨੀਗੜ੍ਹ ਵਿਚ ਇਕੱਠ ਕਰਕੇ ਪਰਸਪਰ ਤਾਲਮੇਲ ਵਧਾਉਣ ਦਾ ਉਦਮ ਕੀਤਾ। ਗੁਰੂ-ਧਾਮਾਂ ਦੀ ਉਸਾਰੀ ਕਰਵਾਈ ਅਤੇ ਗੁਜ਼ਾਰੇ ਲਈ ਉਨ੍ਹਾਂ ਨਾਲ ਜਾਗੀਰਾਂ ਲਗਵਾਈਆਂ। ਇਸ ਨੇ ਅੰਗ੍ਰੇਜ਼ ਸਰਕਾਰ ਨਾਲ ਬਣਾਈ ਰਖੀ ਅਤੇ ਅੰਗ੍ਰੇਜ਼-ਸਿੱਖ ਯੁੱਧ ਵਿਚ ਅੰਗ੍ਰੇਜ਼ਾਂ ਦੀ ਮਦਦ ਕੀਤੀ। 23 ਦਸੰਬਰ 1845 ਈ. ਨੂੰ ਇਸ ਦੇ ਦੇਹਾਂਤ ਤੋਂ ਬਾਦ ਇਸ ਦਾ ਪੁੱਤਰ ਨਰਿੰਦਰ ਸਿੰਘ ਮਹਾਰਾਜਾ ਬਣਿਆ।
ਸੰਨ 1845-46 ਈ. ਦੇ ਅੰਗ੍ਰੇਜ਼-ਸਿੱਖ ਯੁੱਧ ਵਿਚ ਕੀਤੀ ਮਦਦ ਦੇ ਬਦਲੇ ਇਸ ਨੂੰ ਨਾਭੇ ਦੇ ਜ਼ਬਤ ਕੀਤੇ ਇਲਾਕਿਆਂ ਵਿਚੋਂ ਕੁਝ ਕੁ ਇਲਾਕਾ ਮਿਲਿਆ ਅਤੇ ਲਾਡਵੇ ਵਾਲੀ ਕੋਠੀ ਵੀ ਮਿਲੀ। ਸੰਨ 1857 ਈ. ਵਿਚ ਗ਼ਦਰ ਦੌਰਾਨ ਇਸ ਨੇ ਅੰਗ੍ਰੇਜ਼ਾਂ ਦੀ ਬਹੁਤ ਮਦਦ ਕੀਤੀ ਅਤੇ ਬਦਲੇ ਵਿਚ ਨਾਰਨੌਲ ਦਾ ਇਲਾਕਾ ਅਤੇ ਕੁਝ ਹੋਰ ਜਾਇਦਾਦ ਹਾਸਲ ਕੀਤੀ। ਇਸ ਨੇ ਵਿਦਵਾਨਾਂ ਨੂੰ ਸਰਪ੍ਰਸਤੀ ਦਿੱਤੀ। ਸੰਨ 1861 ਈ. ਵਿਚ ਨਾਭਾ ਅਤੇ ਜੀਂਦ ਦੀਆਂ ਰਿਆਸਤਾਂ ਤੋਂ ਮਾਇਕ ਸਹਾਇਤਾ ਲੈ ਕੇ ਪਟਿਆਲਾ ਵਿਚ ਨਿਰਮਲਿਆਂ ਦਾ ਧਰਮ-ਧੁਜਾ ਪੰਚਾਇਤੀ ਅਖਾੜਾ ਸਥਾਪਿਤ ਕੀਤਾ। ਸੰਨ 1862 ਈ.ਵਿਚ ਵਾਇਸਰਾਇ ਦੀ ਕੋਂਸਲ ਦਾ ਮੈਂਬਰ ਬਣਿਆ। 13 ਨਵੰਬਰ 1862 ਈ. ਵਿਚ ਇਸ ਦੀ ਮ੍ਰਿਤੂ ਤੋਂ ਬਾਦ ਇਸ ਦਾ ਨਾਬਾਲਗ਼ ਪੁੱਤਰ ਮਹਿੰਦਰ ਸਿੰਘ ਗੱਦੀ ਉਤੇ ਬੈਠਾ। ਇਸ ਨੇ ਰੋਪੜ ਤੋਂ ਸਰਹਿੰਦ ਨਹਿਰ ਕਢਣ ਲਈ ਕਰੋੜਾਂ ਰੁਪਏ ਖ਼ਰਚ ਕੀਤੇ। ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਅਤੇ ਬੰਗਾਲ ਦੇ ਕਾਲ- ਪੀੜਿਤ ਲੋਕਾਂ ਦੀ ਖੁਲ੍ਹ ਕੇ ਸਹਾਇਤਾ ਕੀਤੀ। 29 ਮਾਰਚ 1875 ਈ. ਨੂੰ ਇਸ ਨੇ ਮਹਿੰਦਰਾ ਕਾਲਜ ਦੀ ਸਥਾਪਨਾ ਕੀਤੀ ਜਿਸ ਵਿਚ ਪੜ੍ਹਨ ਵਾਲਿਆਂ ਦੀ ਫੀਸ ਮਾਫ਼ ਸੀ। ਇਸ ਤੋਂ ਬਾਦ ਇਸ ਦਾ ਲੜਕਾ ਰਾਜਿੰਦਰ ਸਿੰਘ ਗੱਦੀ ਉਤੇ ਬੈਠਾ। ਇਸ ਨੇ ਪੰਜਾਬ ਯੂਨੀਵਰਸਿਟੀ ਨੂੰ ਸਹਾਇਤਾ ਦੇਣ ਤੋਂ ਇਲਾਵਾ, ਲਾਹੌਰ ਵਿਚ ਐਚਿਸਨ ਚੀਫ਼ ਕਾਲਿਜ ਦੀ ਸਥਾਪਨਾ ਵੇਲੇ ਤਕੜੀ ਮਾਇਕ ਸਹਾਇਤਾ ਦਿੱਤੀ। ਇਸ ਦੇ ਰਾਜ-ਕਾਲ ਵਿਚ ਰਾਜਪੁਰਾ-ਬਠਿੰਡਾ ਰੇਲਵੇ ਲਾਈਨ ਵਿਛਾਈ ਗਈ। ਇਹ 28 ਵਰ੍ਹਿਆਂ ਦੀ ਉਮਰ ਵਿਚ ਹੀ ਨਵੰਬਰ 1900 ਈ. ਵਿਚ ਮਰ ਗਿਆ।
ਆਪਣੇ ਪਿਤਾ ਦੀ ਮ੍ਰਿਤੂ ਤੋਂ ਬਾਦ ਭੂਪਿੰਦਰ ਸਿੰਘ 9 ਵਰ੍ਹਿਆਂ ਦੀ ਉਮਰ ਵਿਚ ਮਹਾਰਾਜਾ ਬਣਿਆ। ਇਸ ਦੇ ਬਾਲਗ਼ ਹੋਣ ਤਕ ਕੌਂਸਲ ਹੀ ਕੰਮ ਚਲਾਉਂਦੀ ਰਹੀ। ਇਸ ਨੇ ਐਚਿਸਨ ਕਾਲਜ ਲਾਹੌਰ ਵਿਚ ਤਾਲੀਮ ਹਾਸਲ ਕੀਤੀ। ਸੰਨ 1909 ਈ. ਵਿਚ ਇਸ ਨੇ ਰਾਜ-ਪ੍ਰਬੰਧ ਆਪਣੇ ਹੱਥ ਵਿਚ ਲਿਆ। ਇਸ ਦਾ ਸ਼ੌਕ ਕ੍ਰਿਕਟ ਅਤੇ ਪੋਲੋ ਦੀਆਂ ਖੇਡਾਂ ਵਿਚ ਸੀ। ਇਸ ਨੇ ਭਾਰਤ ਵਿਚ ਕ੍ਰਿਕਟ ਦੀ ਟੀਮ ਦਾ ਆਯੋਜਨ ਕੀਤਾ ਅਤੇ ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਅਤੇ ਕ੍ਰਿਕਟ ਕਲਬ ਦਾ ਪ੍ਰਧਾਨ ਬਣਿਆ। ਸੰਨ 1926 ਈ. ਤੋਂ ਜੀਵਨ ਅੰਤ ਤਕ ਇਹ ਚੈਂਬਰ ਆਫ਼ ਪ੍ਰਿੰਸਿਜ਼ (ਨਰੇਂਦ੍ਰ ਮੰਡਲ) ਦਾ ਚਾਂਸਲਰ ਰਿਹਾ ਅਤੇ 1930 ਈ. ਵਿਚ ਪ੍ਰਿੰਸਿਜ਼ ਦੇ ਪ੍ਰਤਿਨਿਧ ਵਜੋਂ ਲੰਡਨ ਜਾ ਕੇ ਗੋਲ ਮੇਜ਼ ਕਾਨਫ੍ਰੰਸ ਵਿਚ ਹਿੱਸਾ ਲਿਆ। ਇਸ ਨੇ ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਸਥਾਪਨਾ ਵਿਚ ਹੋਰਨਾਂ ਫੂਲਕੀਆਂ ਰਿਆਸਤਾਂ ਨਾਲ ਰਲ ਕੇ ਪੰਜ ਲੱਖ ਰੁਪਏ ਦੀ ਸਹਾਇਤਾ ਕੀਤੀ। ਸੰਨ 1923 ਈ. ਵਿਚ ਹਰਿਮੰਦਿਰ ਸਾਹਿਬ ਅੰਮ੍ਰਿਤਸਰ ਦੀ ਕਾਰ-ਸੇਵਾ ਵਿਚ ਹਿੱਸਾ ਲਿਆ। ਪੰਜਾਬੀ ਨੂੰ ਰਾਜ-ਪ੍ਰਬੰਧ ਦੀ ਭਾਸ਼ਾ ਬਣਾਇਆ। ਭਾਈ ਕਾਨ੍ਹ ਸਿੰਘ ਰਚਿਤ ‘ਮਹਾਨਕੋਸ਼’ ਨੂੰ ਛਾਪਣ ਲਈ ਸਾਰਾ ਖ਼ਰਚਾ ਕੀਤਾ। ਇਸ ਤਰ੍ਹਾਂ ਇਸ ਨੇ ਹਰ ਖੇਤਰ ਵਿਚ ਵਿਕਾਸ ਕਾਰਜਾਂ ਲਈ ਮਾਇਕ ਸਹਾਇਤਾ ਦਿੱਤੀ।
ਸੰਨ 1938 ਈ. ਵਿਚ ਆਪਣੇ ਪਿਤਾ ਮਹਾਰਾਜਾ ਭੂਪਿੰਦਰ ਸਿੰਘ ਦੇ ਦੇਹਾਂਤ ਤੋਂ ਬਾਦ ਯਾਦਵਿੰਦਰ ਸਿੰਘ ਮਹਾਰਾਜਾ ਬਣਿਆ। ਐਚਿਸਨ ਕਾਲਜ, ਲਾਹੌਰ ਤੋਂ ਪੜ੍ਹਿਆ ਇਹ ਪ੍ਰਬੁੱਧ ਅਤੇ ਸਚੇਤ ਸ਼ਾਸਕ ਸੀ। ਇਸ ਨੇ ਲੋਕ ਹਿਤਾਂ ਲਈ ਬੜੇ ਕੰਮ ਕੀਤੇ। ਸੰਨ 1943 ਈ. ਵਿਚ ਇਹ ਚੈਂਬਰ ਆਫ਼ ਪ੍ਰਿੰਸਿਜ਼ ਦਾ ਚਾਂਸਲਰ ਬਣਿਆ। ਆਜ਼ਾਦੀ ਮਿਲਣ ਤੋਂ ਪਹਿਲਾਂ ਮਾਰਚ 1947 ਈ. ਵਿਚ ਪੋਠੋਹਾਰ ਵਿਚ ਹੋਈ ਹਿੰਦੂਆਂ-ਸਿੱਖਾਂ ਦੀ ਕਤਲੋ-ਗ਼ਾਰਤ ਵੇਲੇ ਇਸ ਨੇ ਦੰਗਾ- ਪੀੜਿਤਾਂ ਨੂੰ ਆਪਣੀ ਰਿਆਸਤ ਵਿਚ ਵਸਾਇਆ। ਹਿੰਦੁਸਤਾਨੀ ਰਾਜਿਆਂ ਨੂੰ ਭਾਰਤੀ ਸੰਘ ਵਿਚ ਸ਼ਾਮਲ ਹੋਣ ਲਈ ਪ੍ਰੇਰਿਆ। 30 ਅਗਸਤ 1948 ਈ ਨੂੰ ਪੈਪਸੂ ਦਾ ਰਾਜ ਪ੍ਰਮੁਖ ਬਣਾਇਆ ਗਿਆ ਅਤੇ ਸੰਨ 1956 ਈ. ਵਿਚ ਪੈਪਸੂ ਨੂੰ ਪੰਜਾਬ ਵਿਚ ਸ਼ਾਮਲ ਕਰਨ ਲਈ ਇਸ ਨੇ ਹੁੰਗਾਰਾ ਭਰਿਆ। ਇਸ ਤਰ੍ਹਾਂ 5812 ਮੁਰਬਾ ਮੀਲ ਦੀ ਸਭ ਤੋਂ ਵੱਡੀ ਸਿੱਖ ਰਿਆਸਤ ਦਾ ਅੰਤ ਹੋ ਗਿਆ। 17 ਜੂਨ 1974 ਈ. ਨੂੰ ਇਸ ਦੀ ਨਿਦਰਲੈਂਡਜ਼ ਵਿਚ ਮ੍ਰਿਤੂ ਹੋ ਗਈ, ਜਿਥੇ ਇਹ ਭਾਰਤੀ ਰਾਜਦੂਤ ਵਜੋਂ ਜ਼ਿੰਮੇਵਾਰੀ ਨਿਭਾ ਰਿਹਾ ਸੀ। ਉਥੋਂ ਇਸ ਦੀ ਦੇਹ ਨੂੰ ਲਿਆ ਕੇ 21 ਜੂਨ ਨੂੰ ਪਟਿਆਲਾ ਵਿਚ ਸਸਕਾਰ ਕੀਤਾ ਗਿਆ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5709, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਪਟਿਆਲਾ ਰਿਆਸਤ ਸਰੋਤ :
ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ
ਪਟਿਆਲਾ ਰਿਆਸਤ : ਫੂਲਕੀਆਂ ਰਿਆਸਤਾਂ ਵਿੱਚੋਂ ਪਟਿਆਲਾ ਰਿਆਸਤ ਸਭ ਤੋਂ ਵੱਡੀ ਸੀ ਅਤੇ ਬਾਕੀ ਦੀਆਂ ਦੋ ਰਿਆਸਤਾਂ ਨਾਭਾ ਅਤੇ ਜੀਂਦ ਸਨ। ਰਾਜਨੀਤਿਕ ਭੂਗੋਲਿਕ ਰੂਪ ਵਿੱਚ ਪਟਿਆਲਾ, ਸਤਲੁਜ ਉਰਾਰ ਦੀਆਂ ਰਿਆਸਤਾਂ ਨਾਲ ਸੰਬੰਧਿਤ ਸੀ ਅਤੇ ਇਸ ਦੇ ਮੁੱਖ ਰੂਪ ਵਿੱਚ ਤਿੰਨ ਭਾਗ ਸਨ-ਪਹਿਲਾ ਸਤਲੁਜ ਦਰਿਆ ਦੇ ਖੱਬੇ ਕੰਢੇ (ਦੱਖਣੀ ਪਾਸੇ) ਦਾ ਹਿੱਸਾ, ਦੂਜਾ ਸ਼ਿਮਲੇ ਦੀਆਂ ਪਹਾੜੀਆਂ ਅਤੇ ਤੀਜਾ ਨਾਰਨੌਲ ਦਾ ਇਲਾਕਾ। ਇਹ ਰਿਆਸਤ 27°-17´ ਅਤੇ 31° -10 ´ ਵਿਚਕਾਰ ਅਤੇ 74 ° -40´ ਅਤੇ 77° -17´ ਰੇਖਾਂਸ ਵਿਚਕਾਰ ਸਥਿਤ ਸੀ। ਇਸ ਦਾ ਘੇਰਾ 5412 ਮੀਲ ਸੀ। 1904 ਈ. ਦੀ ਜਨ-ਗਣਨਾ ਅਨੁਸਾਰ ਇਸ ਦੀ ਜਨ-ਸੰਖਿਆ 1596692 ਸੀ। ਇੱਥੋਂ ਲਗਭਗ 60 ਲੱਖ ਰੁਪਏ ਲਗਾਨ ਦੇ ਰੂਪ ਵਿੱਚ ਉਗਰਾਹੇ ਜਾਂਦੇ ਸਨ। ਇਸ ਰਿਆਸਤ ਦੀ ਰਾਜਧਾਨੀ ਪਟਿਆਲਾ ਸ਼ਹਿਰ ਸੀ, ਜੋ 30° -20´ ਉੱਤਰ ਅਤੇ 75° -25´ ਪੂਰਬ ਵਿੱਚ ਭਾਰਤ ਦੇ ਨਕਸ਼ੇ ਵਿੱਚ ਸਥਿਤ ਹੈ।
ਪਟਿਆਲਾ ਰਿਆਸਤ ਸਤਲੁਜ ਉਰਾਰ ਦੇ ਇਲਾਕੇ ਵਿੱਚ ਸਭ ਤੋਂ ਵੱਡੀ ਸਿੱਖ ਰਿਆਸਤ ਸੀ, ਜਿਸ ਦਾ ਮੁੱਢ ਬਾਬਾ ਆਲਾ ਸਿੰਘ, ਜੋ ਚੌਧਰੀ ਫੂਲ ਦਾ ਪੋਤਾ ਅਤੇ ਰਾਮ ਸਿੰਘ ਦਾ ਤੀਸਰਾ ਪੁੱਤਰ ਸੀ, ਨੇ ਬੰਨ੍ਹਿਆ।
ਇਹਨਾਂ ਰਿਆਸਤਾਂ ਦਾ ਨਾਂ ਚੌਧਰੀ ਫੂਲ, ਜੋ ਮੁਗ਼ਲ ਪ੍ਰਬੰਧਕੀ ਢਾਂਚੇ ਦਾ ਕਰਮਚਾਰੀ ਸੀ, ਦੇ ਨਾਂ ਤੇ ਫੂਲਕੀਆਂ ਪਿਆ। ਕਿਹਾ ਜਾਂਦਾ ਹੈ ਕਿ ਚੌਧਰੀ ਫੂਲ ਨੂੰ ਸਿੱਖਾਂ ਦੇ ਸੱਤਵੇਂ ਗੁਰੂ ਹਰਿ ਰਾਏ ਨੇ ਵਰਦਾਨ ਦਿੱਤਾ ਸੀ ਕਿ ਤੇਰੀ ਔਲਾਦ ਦੇ ਘੋੜੇ ਜਮਨਾ ਦਰਿਆ ਦਾ ਪਾਣੀ ਪੀਣਗੇ। ਫੂਲ ਦੇ ਪੁੱਤਰਾਂ ਵਿੱਚੋਂ ਰਾਮਾ ਅਤੇ ਤਿਲੋਕਾ ਉੱਘੇ ਹੋਏ। ਇਹ ਦੋਵੇਂ ਗੁਰੂ ਗੋਬਿੰਦ ਸਿੰਘ ਦੇ ਸ਼ਰਧਾਲੂ ਸਨ। ਗੁਰੂ ਗੋਬਿੰਦ ਸਿੰਘ ਨੇ ਪਹਾੜੀ ਰਾਜਿਆਂ ਵਿਰੁੱਧ ਯੁੱਧ ਦੇ ਸਮੇਂ ਇਹਨਾਂ ਦੋਹਾਂ ਭਰਾਵਾਂ ਨੂੰ ਇੱਕ ਹੁਕਮਨਾਮਾ ਭੇਜਿਆ। ਇਸ ਹੁਕਮਨਾਮੇ ਵਿੱਚ ਗੁਰੂ ਜੀ ਨੇ ਇਸ ਪਰਿਵਾਰ ਬਾਰੇ ‘ਤੇਰਾ ਘਰ ਮੇਰ ਆਸਿ’ ਲਿਖਿਆ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਇਸ ਪਰਿਵਾਰ ਤੇ ਗੁਰੂ ਦੀ ਕਿੰਨੀ ਮਿਹਰ ਸੀ। ਭਾਈ ਚਰਨਦਾਸ, ਜੋ ਉਸ ਸਮੇਂ ਦੇ ਪ੍ਰਸਿੱਧ ਸੰਤ ਸਨ, ਨੇ ਵੀ ਅਸ਼ੀਰਵਾਦ ਦਿੱਤਾ ਸੀ ਕਿ ਬਾਬਾ ਰਾਮ ਸਿੰਘ ਦੇ ਪੁੱਤਰਾਂ ਵਿੱਚੋਂ ਇੱਕ ਰਾਜਾ ਬਣੇਗਾ। ਬਾਬਾ ਆਲਾ ਸਿੰਘ ਦੇ ਵਾਰ-ਵਾਰ ਕਹਿਣ ਤੇ ਕਿ ਕੌਣ ਰਾਜਾ ਬਣੇਗਾ ਤਾਂ ਭਾਈ ਚਰਨਦਾਸ ਨੇ ਕਿਹਾ ਕਿ ਜਿਹੜਾ ਇਹ ਗੱਲ ਪੁੱਛ ਰਿਹਾ ਹੈ, ਉਹੀ ਰਾਜਾ ਬਣੇਗਾ। ਇਹ ਭਵਿੱਖਬਾਣੀ ਠੀਕ ਸਿੱਧ ਹੋਈ।
ਬਾਬਾ ਆਲਾ ਸਿੰਘ ਨੇ ਆਪਣੇ-ਆਪ ਨੂੰ ਦਲ ਖ਼ਾਲਸੇ ਨਾਲ ਜੋੜ ਲਿਆ ਅਤੇ ਉਸ ਸਮੇਂ ਦੇ ਸਭ ਤੋਂ ਮਹੱਤਵਪੂਰਨ ‘ਸਿੰਘ’ ਨਵਾਬ ਕਪੂਰ ਸਿੰਘ ਦੇ ਹੱਥੋਂ ਅੰਮ੍ਰਿਤ ਛਕਿਆ। ਇਹ ਪਾਹੁਲ ਪਿੰਡ ਠੀਕਰੀਵਾਲਾ ਵਿੱਚ ਲਈ ਗਈ, ਜਿੱਥੇ ਇਸ ਦੀ ਯਾਦਗਾਰ ਦੇ ਚਿੰਨ੍ਹ ਵੱਜੋਂ ਇੱਕ ਗੁਰਦੁਆਰਾ ਸਥਾਪਿਤ ਹੈ। ਬਾਬਾ ਆਲਾ ਸਿੰਘ ਨੇ ਦਲ ਖ਼ਾਲਸੇ ਦੀ ਸਹਾਇਤਾ ਨਾਲ ਭੱਟੀਆਂ ਦੀ ਸ਼ਕਤੀ ਨੂੰ ਨਸ਼ਟ ਕਰ ਦਿੱਤਾ ਅਤੇ ਉਹ ਮਾਲਵੇ ਦੇ ਖਿੱਤੇ ਵਿੱਚ ਮਹਾਨ ਆਗੂ ਦੇ ਤੌਰ ਤੇ ਉੱਭਰ ਕੇ ਅੱਗੇ ਆਇਆ। ਇਹ ਇਲਾਕਾ ਭਾਵੇਂ ਸਰਹੰਦ ਦੇ ਸੂਬੇਦਾਰ ਅਧੀਨ ਆਉਂਦਾ ਸੀ ਪਰੰਤੂ ਉਸ ਦਾ ਹੁਕਮ ਕੇਵਲ ਸਰਹੰਦ ਸ਼ਹਿਰ ਦੇ ਨੇੜਲੇ ਇਲਾਕੇ ਤੱਕ ਹੀ ਸੀ। ਵੱਖ-ਵੱਖ ਪਰਗਣੇ-ਬਨੂੜ, ਸਨੌਰ, ਸਮਾਣਾ, ਢੋਡੇ, ਸੁਨਾਮ, ਘੁੜਾਮ, ਆਦਿ ਅਰਧ-ਸੁਤੰਤਰ ਰੂਪ ਵਿੱਚ ਵਿਚਰ ਰਹੇ ਸਨ। ਬਾਬਾ ਆਲਾ ਸਿੰਘ ਨੇ ਸਨੌਰ ਉੱਪਰ ਕਬਜ਼ਾ ਕਰਨ ਉਪਰੰਤ ਆਪਣੀਆਂ ਰਾਜਨੀਤਿਕ ਗਤੀਵਿਧੀਆਂ ਦੇ ਕੇਂਦਰੀ-ਸਥਾਨ ਪਟਿਆਲਾ ਦੀ ਨੀਂਹ 1757 ਈ. ਵਿੱਚ ਕੱਚੀ ਗੜ੍ਹੀ ਦੇ ਰੂਪ ਵਿੱਚ ਕੀਤੀ ਅਤੇ ਪਿੱਛੋਂ 1763 ਈ. ਵਿੱਚ ਕਿਲ੍ਹਾ ਮੁਬਾਰਕ ਦੀ ਨੀਂਹ ਰੱਖ ਕੇ ਇਸ ਨੂੰ ਆਪਣੀ ਰਾਜਧਾਨੀ ਬਣਾਇਆ।
ਬਾਬਾ ਆਲਾ ਸਿੰਘ ਬਹੁਤ ਜ਼ਿਆਦਾ ਸਮੇਂ ਤੱਕ ਰਾਜ ਨਾ ਕਰ ਸਕਿਆ ਅਤੇ 1765 ਈ. ਵਿੱਚ ਅਕਾਲ ਚਲਾਣਾ ਕਰ ਗਿਆ। ਉਸ ਦੇ ਸਥਾਨ ਤੇ ਉਸ ਦਾ ਪੋਤਰਾ ਰਾਜਾ ਅਮਰ ਸਿੰਘ ਗੱਦੀ ਤੇ ਬੈਠਾ, ਜਿਸ ਨੇ 1765 ਤੋਂ 1782 ਈ. ਤੱਕ ਰਾਜ ਕੀਤਾ। ਇਸ ਅਧੀਨ ਪਟਿਆਲੇ ਦੀਆਂ ਰਿਆਸਤਾਂ ਦੀਆਂ ਹੱਦਾਂ ਦਾ ਬਹੁਤ ਵਿਸਥਾਰ ਹੋਇਆ।
ਰਾਜਾ ਅਮਰ ਸਿੰਘ ਤੋਂ ਬਾਅਦ ਉਸ ਦਾ ਪੁੱਤਰ ਰਾਜਾ ਸਾਹਿਬ ਸਿੰਘ ਸੱਤ ਸਾਲ ਦੀ ਬਾਲ-ਅਵਸਥਾ ਵਿੱਚ ਗੱਦੀ ਤੇ ਬੈਠਾ। ਇਸ ਦੇ ਰਾਜ ਕਾਲ ਦਾ ਸਮਾਂ ਅੰਦਰੂਨੀ ਮੁਸੀਬਤਾਂ ਭਰਿਆ ਸੀ ਅਤੇ ਬਾਹਰੀ ਹਮਲੇ ਵੀ ਹੁੰਦੇ ਰਹੇ। ਇਸ ਦੇ ਬਾਵਜੂਦ ਵੀ ਉਸ ਨੇ ਪਟਿਆਲੇ ਦੀ ਉੱਨਤੀ ਲਈ ਬਹੁਤ ਕਦਮ ਉਠਾਏ। 1813 ਈ. ਵਿੱਚ ਰਾਜਾ ਸਾਹਿਬ ਸਿੰਘ ਦੀ ਮੌਤ ਹੋ ਗਈ ਅਤੇ ਉਸ ਦਾ ਨਾਬਾਲਗ਼ ਪੁੱਤਰ ਮਹਾਰਾਜਾ ਕਰਮ ਸਿੰਘ ਗੱਦੀ ਤੇ ਬੈਠਾ। ਮਹਾਰਾਜਾ ਕਰਮ ਸਿੰਘ ਨੇ ਅੰਗਰੇਜ਼ਾਂ ਦੇ ਨੇਪਾਲ ਵਿਰੁੱਧ ਸੰਘਰਸ਼ ਸਮੇਂ ਸਹਾਇਤਾ ਕੀਤੀ, ਜਿਸ ਦੇ ਫਲਸਰੂਪ ਉਸ ਨੂੰ ਕੋਹਸਤਾਨ, ਸ਼ਿਮਲਾ, ਡਗਸ਼ਈ ਅਤੇ ਕਾਲਕਾ ਦੇ ਇਲਾਕੇ ਪ੍ਰਾਪਤ ਹੋਏ, ਜਿਸ ਨਾਲ ਉਸ ਦੀਆਂ ਰਾਜ ਸੀਮਾਵਾਂ ਦੂਰ-ਦੂਰ ਤੱਕ ਫੈਲ ਗਈਆਂ। ਮਹਾਰਾਜੇ ਨੇ ਪਟਿਆਲਾ ਸ਼ਹਿਰ ਵਿੱਚ ਨਵੀਆਂ ਉਸਾਰੀਆਂ ਕਰਵਾਈਆਂ। ਮਹਾਰਾਜਾ ਨਰਿੰਦਰ ਸਿੰਘ ਦੇ ਰਾਜ ਕਾਲ ਦਾ ਸਮਾਂ 1845-62 ਈ. ਵਿਚਕਾਰ ਸੀ। ਪਟਿਆਲਾ ਸ਼ਹਿਰ ਦੇ ਆਲੇ-ਦੁਆਲੇ ਗੇਟ ਅਤੇ ਦਿਵਾਰ ਇਸ ਦੇ ਸਮੇਂ ਹੀ ਉਸਾਰੀ ਸੀ। ਇਹ ਪਹਿਲਾ ਭਾਰਤੀ ਰਾਜਾ ਸੀ, ਜਿਸ ਨੂੰ ਬਰਤਾਨਵੀ ਸਰਕਾਰ ਨੇ ‘ਨਾਈਟ ਕਮਾਂਡਰ ਆਫ਼ ਦੀ ਸਟਾਰ’ ਦਾ ਖ਼ਿਤਾਬ ਪ੍ਰਦਾਨ ਕੀਤਾ।
ਮਹਾਰਾਜਾ ਮਹਿੰਦਰ ਸਿੰਘ ਨੇ ਇਸ ਰਿਆਸਤ ਦੀ ਵਾਗ ਡੋਰ 1862-76 ਈ. ਤੱਕ ਸੰਭਾਲੀ ਰੱਖੀ। ਇਸ ਨੇ ਰਿਆਸਤ ਦੀ ਜਨਤਾ ਲਈ ਕਈ ਭਲਾਈ ਦੇ ਕੰਮ ਕੀਤੇ। ਮਹਿੰਦਰਾ ਕਾਲਜ, ਪਟਿਆਲਾ ਇਸ ਰਿਆਸਤ ਦਾ ਹੀ ਨਹੀਂ ਸਗੋਂ ਉੱਤਰੀ ਭਾਰਤੀ ਖਿੱਤੇ ਦੇ ਲੋਕਾਂ ਲਈ ਬਹੁਤ ਹੀ ਮਹੱਤਵਪੂਰਨ ਵਿੱਦਿਅਕ ਅਦਾਰਾ ਸਾਬਤ ਹੋਇਆ।
ਮਹਾਰਾਜਾ ਰਾਜਿੰਦਰ ਸਿੰਘ ਪਟਿਆਲਾ ਰਿਆਸਤ ਦੀ ਗੱਦੀ ਤੇ 1876 ਈ. ਵਿੱਚ ਬੈਠਾ ਅਤੇ 1900 ਈ. ਤੱਕ ਬੜੇ ਸੁਚੱਜੇ ਢੰਗ ਨਾਲ ਇਸ ਦਾ ਰਾਜ-ਪ੍ਰਬੰਧ ਚਲਾਇਆ।
ਮਹਾਰਾਜਾ ਭੂਪਿੰਦਰ ਸਿੰਘ (1900-1938 ਈ.) ਅਤੇ ਮਹਾਰਾਜਾ ਯਾਦਵਿੰਦਰ ਸਿੰਘ (1938-48 ਈ.) ਤੱਕ ਇਸ ਰਿਆਸਤ ਦੇ ਹੁਕਮਰਾਨ ਰਹੇ। ਮਹਾਰਾਜਾ ਭੂਪਿੰਦਰ ਸਿੰਘ ਨੇ ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਦਾ ਦਰਜਾ ਦਿੱਤਾ ਅਤੇ ਪੰਜਾਬੀ ਟਾਈਪ ਮਸ਼ੀਨ ਤਿਆਰ ਕਰਵਾਈ।
ਭਾਰਤ ਦੇ ਦੂਸਰੇ ਰਾਜਾਂ ਵਾਂਗ ਪਟਿਆਲਾ ਰਿਆਸਤ ਵੀ ਭਾਰਤੀ ਯੂਨੀਅਨ ਰਾਜ ਵਿੱਚ ਸ਼ਾਮਲ ਹੋ ਗਈ। 1948 ਈ. ਵਿੱਚ ਪੈਪਸੂ ਹੋਂਦ ਵਿੱਚ ਆਇਆ ਅਤੇ ਮਹਾਰਾਜਾ ਯਾਦਵਿੰਦਰ ਸਿੰਘ ਨੂੰ ਇਸ ਦਾ ਰਾਜ-ਪ੍ਰਮੁੱਖ ਅਤੇ ਕਪੂਰਥਲੇ ਦੇ ਮਹਾਰਾਜੇ ਨੂੰ ਉਪ ਰਾਜ- ਪ੍ਰਮੁੱਖ ਨਿਯੁਕਤ ਕੀਤਾ ਗਿਆ।
ਪਟਿਆਲਾ ਰਿਆਸਤ ਦੇ ਲਗਭਗ ਸਾਰੇ ਹੀ ਸ਼ਾਸਕ ਵਿੱਦਿਆ, ਖੇਡਾਂ, ਕਲਾ, ਉਸਾਰੀ ਕਲਾ, ਸੰਗੀਤ ਦੇ ਸਰਪ੍ਰਸਤ ਰਹੇ ਸਨ। ਇਹਨਾਂ ਦੇ ਸਮੇਂ ਇਸ ਰਿਆਸਤ ਵਿੱਚ ਇਹਨਾਂ ਖੇਤਰਾਂ ਵਿੱਚ ਬਹੁਤ ਉੱਨਤੀ ਹੋਈ।
ਇਸ ਰਿਆਸਤ ਦੀ ਵੱਸੋਂ ਵਿੱਚੋਂ ਲਗਪਗ ਅੱਧੇ ਸਿੱਖ ਸਨ। ਇੱਥੋਂ ਦੇ ਲੋਕਾਂ ਦਾ ਮੁੱਖ ਧੰਦਾ ਖੇਤੀ-ਬਾੜੀ ਸੀ ਪਰ ਕੁਝ ਲੋਕ ਨੌਕਰੀ ਅਤੇ ਵਪਾਰ ਵੀ ਕਰਦੇ ਸਨ। ਏਥੇ ਗਰਮੀਆਂ ਵਿੱਚ ਬਹੁਤ ਗਰਮੀ ਅਤੇ ਸਰਦੀਆਂ ਵਿੱਚ ਅਤਿ ਦੀ ਸਰਦੀ ਪੈਂਦੀ ਸੀ।
ਕਣਕ, ਮੱਕੀ, ਜੌਂ, ਬਾਜਰਾ, ਗੰਨਾ, ਕਪਾਹ ਆਦਿ ਮੁੱਖ ਫ਼ਸਲਾਂ ਪੈਦਾ ਕੀਤੀਆਂ ਜਾਂਦੀਆਂ ਸਨ। ਇੱਥੋਂ ਦੇ ਲੋਕ ਗੁਰਦੁਆਰਾ, ਮੰਦਰਾਂ ਅਤੇ ਮਸਜਿਦਾਂ ਵਿੱਚ ਬੜੀ ਸ਼ਰਧਾ ਨਾਲ ਜਾਂਦੇ ਸਨ।
ਪਟਿਆਲਾ ਰਿਆਸਤ ਦੀਆਂ ਹੇਠ ਲਿਖੀਆਂ ਨਿਜ਼ਾਮਤਾਂ (ਜ਼ਿਲ੍ਹੇ) ਸਨ-ਪਟਿਆਲਾ, ਬਸੀ, ਬਰਨਾਲਾ, ਸੁਨਾਮ, ਨਾਰਨੌਲ ਅਤੇ ਕੋਹਸਤਾਨ।
ਲੇਖਕ : ਦੇਵਿੰਦਰ ਕੁਮਾਰ ਵਰਮਾ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 1760, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-03-25-12-34-59, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First