ਪਤੀ ਪਤਨੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Husband and wife_ਪਤੀ ਪਤਨੀ: ਵਿਆਹਕ ਸਬੰਧਾਂ ਦੀਆਂ ਧਿਰਾਂ।

       ਪਤੀ ਪਤਨੀ ਦੇ ਇਕ ਦੂਜੇ ਪ੍ਰਤੀ ਅਤੇ ਅਨਯ ਵਿਅਕਤੀਆਂ ਪ੍ਰਤੀ ਉਨ੍ਹਾਂ ਦੀ ਦੇਣਦਾਰੀ, ਅਧਿਕਾਰ ਅਤੇ ਕਰਤੱਵ ਕੁਦਰਤੀ ਤੌਰ ਤੇ ਉਨ੍ਹਾਂ ਦੇ ਆਪਸੀ ਸਬੰਧਾਂ ਦੇ ਉਸ ਕਾਨੂੰਨੀ ਸੰਕਲਪ ਤੇ ਨਿਰਭਰ ਕਰਦੇ ਹਨ ਜੋ ਉਸ ਖੇਤਰ ਵਿਚ ਪ੍ਰਚਲਤ ਹੋਵੇ ਜਿਸ ਵਿਚ ਉਹ ਰਹਿੰਦੇ ਹਨ। ਕਦੇ ਸਮਾਂ ਸੀ ਜਦੋਂ ਪਤਨੀ ਦੀ ਹੋਂਦ ਪਤੀ ਤੋਂ ਵਖਰੀ ਨਹੀਂ ਸੀ ਸਮਝੀ ਜਾਂਦੀ ਜਦ ਕਿ ਨਵੇਂ ਕਾਨੂੰਨਾਂ ਅਧੀਨ ਪਤਨੀ ਨੂੰ ਵਿਅਕਤੀਗਤ ਪਹਿਲ ਅਤੇ ਕਾਰਵਾਈ ਕਰਨ ਦੇ ਅਧਿਕਾਰ ਕਾਫ਼ੀ ਹਦ ਤਕ ਪ੍ਰਾਪਤ ਹੋ ਗਏ ਹਨ। ਪੁਰਾਣੇ ਰੋਮਨ ਕਾਨੂੰਨ ਅਨੁਸਾਰ ਪਤੀ ਆਪਣੀ ਪਤਨੀ ਨੂੰ ਮਾਰਨ ਕੁਟਣ ਤੋਂ ਇਲਾਵਾ ਵੇਚ ਵਟਾ ਸਕਦਾ ਸੀ ਅਤੇ ਸ਼ਾਇਦ ਉਸ ਨੂੰ ਮਾਰ ਦੇਣ ਦਾ ਹੱਕ ਵੀ ਪ੍ਰਾਪਤ ਸੀ। ਭਾਵੇਂ ਮਾਰ ਦੇਣ ਦਾ ਹੱਕ ਮਸ਼ਕੂਕ ਵੀ ਹੋਵੇ ਤਦ ਵੀ ਰਾਮਾਇਣ ਅਤੇ ਮਹਾਂਭਾਰਤ ਤੋਂ ਸਪਸ਼ਟ ਹੈ ਕਿ ਉਹ ਸੁਣੀ ਸੁਣਾਈ ਦੇ ਆਧਾਰ ਤੇ ਪਤਨੀ ਨੂੰ ਘਰੋਂ ਕਢ ਸਕਦਾ ਸੀ ਅਤੇ ਸਤਿਵੰਤੀ ਹੋਣਾ ਸਾਬਤ ਕਰਨ ਲਈ ਉਸ ਨੂੰ ਅਗਨੀ ਪਰੀਖਿਆ ਦੇਣ ਲਈ ਵੀ ਕਹਿ ਸਕਦਾ ਸੀ। ਉਹ ਪਤਨੀ ਨੂੰ ਜੂਏ ਦੇ ਦਾਅ ਉਤੇ ਵੀ ਲਾ ਸਕਦਾ ਸੀ।

       ਪਰ ਨਾਲ ਹੀ ਮੰਨਿਆ ਜਾਂਦਾ ਰਿਹਾ ਹੈ ਕਿ ਆਪਣੇ ਵਿਤ ਅਨੁਸਾਰ ਪਤਨੀ ਦਾ ਭਰਣ-ਪੋਖਣ ਕਰਨ, ਉਸ ਨੂੰ ਘਰ ਬਾਹਰ ਦੇਣ, ਉਸ ਪ੍ਰਤੀ ਵਿਆਹਕ ਫ਼ਰਜ਼ਾਂ ਦੀ ਪੂਰਤੀ ਵਿਚ ਵਫ਼ਾਦਾਰ ਰਹਿਣ ਅਤੇ ਪਰਾਈ ਇਸਤਰੀ ਨਾਲ ਸੰਜੋਗ ਨ ਕਰਨ ਲਈ ਪਤੀ ਪ੍ਰਤੀਬੱਧ ਹੁੰਦਾ ਹੈ। ਪਤਨੀ ਦਾ ਵੀ ਇਹ ਫ਼ਰਜ਼ ਹੈ ਕਿ ਉਹ ਪਰਾਏ ਮਰਦ ਨਾਲ ਸੰਜੋਗ ਨਾ ਕਰੇ ਅਤੇ ਇਸ ਤਰ੍ਹਾਂ ਸਤਿਵੰਤੀ ਰਹੇ

       ਪਤੀ ਨੂੰ ਪਰਿਵਾਰ ਦਾ ਮੁੱਖੀ ਸਮਝਿਆ ਜਾਂਦਾ ਹੈ। ਭਾਵੇਂ ਸ਼ਰਾਬੀ ਹੋਵੇ ਅਤੇ ਘਰ ਦਾ ਕੰਮ ਪਤਨੀ ਚਲਾਉਂਦੀ ਹੋਵੇ ਤਦ ਵੀ ਮੁੱਖੀ ਪਤੀ ਹੀ ਰਹਿੰਦਾ ਹੈ ਅਤੇ ਬੱਚੇ ਤੇ ਪਤਨੀ ਉਸ ਦੇ ਕੰਟਰੋਲ ਅਧੀਨ ਹੁੰਦੇ ਹਨ।

       ਪਤਨੀ ਆਪਣੇ ਪਤੀ ਦੇ ਟਾਰਟਸ ਅਰਥਾਤ ਸਿਵਲ ਦੋਸ਼ਾਂ ਲਈ ਪਹਿਲਾਂ ਵੀ ਜਵਾਬਦਿਹ ਸੀ ਅਤੇ ਹੁਣ ਵੀ ਹੈ। ਜੇ ਪਤਨੀ ਪਤੀ ਦੀ ਹਾਜ਼ਰੀ ਵਿਚ ਕੋਈ ਜੁਰਮ ਕਰਦੀ ਹੈ ਤਾਂ ਪਤੀ ਉਸ ਲਈ ਜ਼ਿੰਮੇਵਾਰ ਸਮਝਿਆ ਜਾਂਦਾ ਹੈ, ਪਰ ਇਹ ਗੱਲ ਦੇਸ਼ਦ੍ਰੋਹ ਅਤੇ ਜੁਰਮ ਨੂੰ ਲਾਗੂ ਨਹੀਂ ਹੁੰਦੀ।

       ਜਿਥੋਂ ਤਕ ਸੰਪਤੀ ਦਾ ਸਵਾਲ ਹੈ, ਪਹਿਲਾਂ ਪਤਨੀ ਅਚੁੱਕਵੀ ਜਾਇਦਾਦ ਦੀ ਸੀਮਤ ਮਾਲਕ ਹੋ ਸਕਦੀ ਸੀ, ਪਰ ਹਿੰਦੂ ਉਤਰ ਅਧਿਕਾਰ ਐਕਟ 1956 ਦੇ ਪਾਸ ਹੋਣ ਤੋਂ ਪਿਛੋਂ ਉਹ ਪੂਰਣ ਮਾਲਕ ਬਣ ਸਕਦੀ ਹੈ ਅਤੇ ਅਚੁੱਕਵੀਂ ਜਾਇਦਾਦ ਨੂੰ ਵੇਚ ਵਟਾ ਸਕਦੀ ਹੈ ਅਤੇ ਵਸੀਅਤ ਦੁਆਰਾ ਵੀ ਅੱਗੇ ਦੇ ਸਕਦੀ ਹੈ।

       ਭਾਰਤ ਵਿਚ ਪਤੀ ਪਤਨੀ ਨੂੰ ਦੋ ਵਖ ਵਖ ਵਿਅਕਤੀਆਂ ਦੇ ਰੂਪ ਵਿਚ ਵੇਖਿਆ ਜਾ ਸਕਦਾ ਹੈ। ਭਾਰਤੀ ਸ਼ਹਾਦਤ ਐਕਟ ਦੀ ਧਾਰਾ 120 ਅਧੀਨ ਪਤੀ ਪਤਨੀ ਦੀਵਾਨੀ ਅਤੇ ਫ਼ੌਜਦਾਰੀ ਮੁਕੱਦਮਿਆਂ ਵਿਚ ਇਕ ਦੂਜੇ ਦੇ ਹੱਕ ਵਿਚ ਜਾਂ ਵਿਰੋਧ ਵਿਚ ਸ਼ਕਤਵਾਨ ਗਵਾਹ ਮੰਨੇ ਗਏ ਹਨ।

       ਆਰ ਬਨਾਮ ਕਲੀਅਰੈਂਸ [(1888) 22 QBD 23] ਵਿਚ ਹੋਏ ਫ਼ੈਸਲੇ ਅਨੁਸਾਰ ਪਤੀ ਆਪਣੀ ਪਤਨੀ ਦੇ ਬਲਾਤਕਾਰ ਦਾ ਅਪਰਾਧੀ ਨਹੀਂ ਹੋ ਸਕਦਾ ਕਿਉਂਕਿ ਪਤਨੀ ਵਿਆਹ ਦੇ ਮੁਆਇਦੇ ਦੁਆਰਾ ਲਿੰਗ-ਭੋਗ ਦੀਆਂ ਕਿਰਿਆਵਾਂ ਦੀ ਇਜਾਜ਼ਤ ਦੇ ਚੁੱਕੀ ਹੁੰਦੀ ਹੈ। ਪਰ ਜਦੋਂ ਅਲਹਿਦਗੀ ਦਾ ਹੁਕਮ ਨਾਫ਼ਜ਼ ਹੋਵੇ ਤਾਂ [ਆਰ ਬਨਾਮ ਕਲਾਰਕ (1949)2 ਆਲ. ਇੰ. ਰਿ. 448] ਉਦੋਂ ਉਹ ਇਸ ਅਪਰਾਧ ਦਾ ਕਸੂਰਵਾਰ ਹੋ ਸਕਦਾ ਹੈ। ਇਸੇ ਤਰ੍ਹਾਂ ਤਲਾਕ ਲਈ ਕੱਚੀ ਡਿਗਰੀ ਤੋਂ ਪਿਛੇ ਵੀ ਪਤੀ ਆਪਣੀ ਪਤਨੀ ਨਾਲ ਬਲਾਤਕਾਰ ਦਾ ਮੁਜਰਮ ਹੋ ਸਕਦਾ ਹੈ। ਸਿਰਫ਼ ਇਹ ਤੱਥ ਕਿ ਪਤਨੀ ਨੇ ਤਲਾਕ ਲਈ ਅਰਜ਼ੀ ਦਿੱਤੀ ਹੋਈ ਹੈ, ਪਤੀ ਨੂੰ ਬਲਾਤਕਾਰ ਦਾ ਅਪਰਾਧੀ ਨਹੀਂ ਬਣਾ ਸਕਦਾ [ਆਰ. ਬਨਾਮ ਮਿਲਰ (1954)2 QB 282]


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3891, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.