ਪਤੰਜਲੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪਤੰਜਲੀ: ਕਸ਼ਮੀਰ ਜਾਂ ਉੱਤਰ ਪ੍ਰਦੇਸ਼ ਵਿੱਚ ਜੰਮਿਆ ਤਕਸ਼ਿਲਾ ਤੋਂ ਸਿੱਖਿਆ ਪ੍ਰਾਪਤ ਈਸਾ ਤੋਂ ਦੋ ਸ਼ਤਾਬਦੀ ਪੂਰਵ, ਪਾਟਲੀਪੁੱਤਰ ਸਮਰਾਟ ਸੁੰਗ ਵੰਸ਼ ਪੁੰਨਯਮਿਤਰ ਦਾ ਸਮਕਾਲੀ, ਪਾਣਿਨੀ ਅਤੇ ਕਾਤਿਆਇਨ ਤੋਂ ਬਾਅਦ ਮੁਨੀ-ਤਿਕੜੀ ਦਾ ਤੀਜਾ ਅਤੇ ਪਰੰਪਰਾ ਦੇ ਅਨੁਸਾਰ ਸਭ ਤੋਂ ਜ਼ਿਆਦਾ ਪ੍ਰਮਾਣਿਕ ਵਿਆਕਰਨਕਾਰ ਪਤੰਜਲੀ ਹੋਇਆ ਹੈ ਜਿਸਨੇ ਅਸ਼ਟਾਧਿਆਈ ਦੇ 1689 ਸੂਤਰਾਂ ਦੀ ਸਮੀਖਿਆ ਅਤੇ ਵਿਆਖਿਆ ਗ੍ਰੰਥ ਮਹਾਭਾਸ਼ ਦੀ ਰਚਨਾ ਕੀਤੀ ਜੋ ਭਾਰਤੀ ਵਿਆਕਰਨ ਸ਼ਾਸਤਰ ਦੀ ਉਚਤਮ ਅਤੇ ਅਤਿ ਮਹੱਤਵਪੂਰਨ ਰਚਨਾ ਹੈ। ਮਹਾਭਾਸ਼ ਦੀ ਰਚਨਾ ਪਤੰਜਲੀ ਨੇ ਪ੍ਰਾਕ੍ਰਿਤ ਭਾਸ਼ਾਵਾਂ ਦੇ ਵਿਕਾਸ ਅਤੇ ਵਿਸਤਾਰ ਦੇ ਪ੍ਰਸੰਗ ਵਿੱਚ ਸੰਸਕ੍ਰਿਤ ਭਾਸ਼ਾ ਨੂੰ ਚਮਕਾਉਣ ਲਈ ਕਾਤਿਆਇਨੀ ਵਾਰਤਿੱਕ ਸੂਤਰ (ਸੰਖੇਪ ਟਿੱਪਣੀ) ਅਤੇ ਕਾਤਿਆਇਨੀ ਚਿੰਤਨ ਪ੍ਰਕਿਰਿਆ ਨੂੰ ਆਧਾਰ ਬਣਾ ਕੇ ਸ਼ਾਸਤਰੀ ਵਿਵੇਚਨ ਪੱਧਤੀ ਅਨੁਸਾਰ ਬੇਹੱਦ ਸਰਲ, ਸਰਸ ਭਾਸ਼ਾ ਵਿੱਚ ਕੀਤੀ ਅਤੇ ਜਿਸ ਨੇ ਉਸ ਦੀ ਸਰਬਗਿਆਨ-ਸੰਪੰਨ ਵਿਦਵਤਾ ਨੂੰ ਵਿਸ਼ਵ ਦੇ ਬੌਧਿਕ ਜਗਤ ਵਿੱਚ ਅੱਜ ਵੀ ਪ੍ਰਸਿੱਧ ਕੀਤਾ ਹੋਇਆ ਹੈ। ਪਤੰਜਲੀ ਮੁਨੀ ਨੇ ਆਪਣੇ ਸਮੇਂ ਦੀਆਂ ਵੱਖ-ਵੱਖ ਵਿਆਕਰਨ ਸ਼ਾਖਾਵਾਂ ਵਿੱਚ ਪ੍ਰਚਲਿਤ ਅਤੇ ਵੱਖ-ਵੱਖ ਅਚਾਰੀਆਂ ਦੁਆਰਾ ਵਿਕਾਸੀਆਂ ਅਤੇ ਵਰਤੀਆਂ ਵਿਆਕਰਨ ਵਿਸ਼ਲੇਸ਼ਣ ਪੱਧਤੀਆਂ ਨੂੰ ਆਧਾਰ ਬਣਾ ਕੇ ਪਾਣਿਨੀ ਸੂਤਰਾਂ ਦੇ ਲਖ-ਲਖਣ ਸੰਗੀਤ (ਧੁਨੀ ਅਤੇ ਅਰਥ ਵਿਚਕਾਰ ਸਿੱਧੇ ਸੰਬੰਧ ਨਾਲ ਪੈਦਾ ਹੋਈ ਇੱਕਸੁਰਤਾ) ਅਤੇ ਲਖਣ-ਸਮਰੱਥਾ (ਸ਼ਬਦ ਦੀ ਧੁਨੀ ਤੋਂ ਹੀ ਅਰਥ ਪ੍ਰਗਟ ਕਰਨ ਦੀ ਸਮਰੱਥਾ, ਜਿਵੇਂ ‘ਕਾਂ’ ਪੰਛੀ ਦੀ ਅਵਾਜ਼ ਤੋਂ ਉਸ ਦਾ ਨਾਂ ‘ਕਾਂ’ ਹੈ) ਆਦਿ ਗੁਣਾਂ ਅਤੇ ਗੁਣਘਾਟ ਦੀ ਕਾਤਿਆਇਨ ਕਥਨ ਅਤੇ ਲੋਕ-ਵਿਵਹਾਰ ਦੇ ਪ੍ਰਸੰਗ ਵਿੱਚ ਸਮੀਖਿਆ ਅਤੇ ਵਿਆਖਿਆ ਕੀਤੀ। ਇਸ ਕੋਸ਼ਿਸ਼ ਵਿੱਚ ਉਸ ਨੇ-1. ਕਈ ਵਿਆਕਰਨ ਸਿਧਾਂਤਾਂ ਦਾ ਵਿਵੇਚਨ ਕੀਤਾ ਜਿਵੇਂ ਕਿ ਵਰਨ-ਸਮਤਾ, ਸ਼ਬਦ ਅਤੇ ਸ਼ਬਦਾਰਥ-ਸੰਬੰਧ ਆਦਿ, 2. ‘ਪਰਿਭਾਸ਼ਾ’ ਜਿਹੇ ਸਿਧਾਂਤਾਂ ਦੀ ਪਹਿਲੀ ਵਾਰ ਸਪਸ਼ਟ ਰੂਪ ਨਾਲ ਸਥਾਪਨਾ ਕੀਤੀ ਜੋ ਵਿਆਕਰਨ ਦੇ ਹੀ ਨਹੀਂ ਬਲਕਿ ਆਮ ਸ਼ਾਸਤਰ-ਪ੍ਰਤਿਪਾਦਨ ਵਿਧੀ ਦੇ ਸਿਧਾਂਤ ਹਨ ਅਤੇ ਇਸ ਅਨੁਸਾਰ ਹੁਣ ਚਿੰਤਨ ਪ੍ਰਕਿਰਿਆ ਮਾਨਕ ਸਿਧਾਂਤ ਹਨ, 3. ਸੰਸਕ੍ਰਿਤ ਭਾਸ਼ਾ ਦੇ ਸ਼ਿਸ਼ਟ-ਵਿਵਹਾਰ ਪਰਕ ‘ਸਾਧੂ’ (ਮਾਨਕ) ਰੂਪ ਨੂੰ ਸਥਾਪਿਤ ਕੀਤਾ ਜੋ ਅੱਜ ਵੀ ਉਹੋ ਜਿਹਾ ਹੀ ਬਣਿਆ ਹੋਇਆ ਹੈ, 4. ਵਿਆਕਰਨ ਨੂੰ ਸਰਬੋਤਮ, ਤੱਥ- ਆਧਾਰਿਤ, ਅਨੁਭਵ-ਸਿੱਧ ਵਰਣਨਾਤਮਿਕ ਸ਼ਾਸਤਰ ਬਣਾਉਣ ਦੇ ਨਾਲ-ਨਾਲ ਵਿਆਕਰਨ ਦੀਆਂ ਮਾਨਤਾਵਾਂ ਅਤੇ ਸ਼੍ਰੇਣੀਆਂ ਦਾ ਸਤ੍ਹਾ ਅਤੇ ਗਿਆਨ ਮੀਮਾਂਸਾ ਦੇ ਪ੍ਰਸੰਗ ਵਿੱਚ ਵਿਸ਼ਲੇਸ਼ਣ ਕਰ ਕੇ ਵਿਆਕਰਨ ਦੇ ਦਾਰਸ਼ਨਿਕ ਪੂਰਵਾਧਾਰ ਨੂੰ ਸਪਸ਼ਟ ਕੀਤਾ; 5. ਸ਼ਾਸਤਰ ਦੀ ਅਰਥ-ਨਿਰਧਾਰਨ ਪੱਧਤੀ ਨੂੰ ਸਥਾਪਿਤ ਕੀਤਾ।

     ਪਤੰਜਲੀ ਮੁਨੀ ਤੋਂ ਵਿਆਕਰਨ-ਟੀਕਾ ਪਰੰਪਰਾ ਸ਼ੁਰੂ ਹੋਈ ਅਤੇ ਸ਼ਾਸਤਰ ਦਾ ਗਿਆਨ ਹੋਰ ਵੀ ਵਧਿਆ। ਇਸੇ ਤਰ੍ਹਾਂ ਵਿਆਕਰਨ ਦਰਸ਼ਨ ਵਿੱਚ ਪਤੰਜਲੀ ਭਰਤਰੀਹਰੀ ਦੇ ਰਚੇ ਵਿਆਕਰਨ ਦਰਸ਼ਨ ਦਾ ਵੀ ਪਰਿਵਰਤਿਕ ਹੋਇਆ ਹੈ।

     ਵਿਆਕਰਨਕਾਰ ਪਤੰਜਲੀ ਹੀ ਭਾਰਤੀ ਆਸਤਿਕ ਦਰਸ਼ਨ ਵਿੱਚ ਪੰਜਵੇਂ ਦਰਸ਼ਨ ‘ਯੋਗ’ ਦੇ ਮੂਲ ਸੂਤਰ ਯੋਗ ਸੂਤਰ ਅਤੇ ਆਯੁਰਵੇਦ ਦੇ ਨਿਦਾਨ ਸੂਤਰ ਚਰਕ ਸੰਹਿਤਾ ਦੇ ਕਰਤਾ ਵੀ ਮੰਨੇ ਜਾਂਦੇ ਹਨ। ਤਿੰਨ ਸ਼ਾਸਤਰਾਂ ਦਾ ਗਿਆਨ ਅਤੇ ਉਹਨਾਂ ਦੇ ਮੂਲ ਸੂਤਰਾਂ ਦੀ ਵਿਆਖਿਆ ਜਾਂ ਰਚਨਾ ਨਾਲ ਪਤੰਜਲੀ ਭਾਰਤੀ ਬੌਧਿਕ ਜਗਤ ਵਿੱਚ ਹੀ ਨਹੀਂ ਬਲਕਿ ਸੰਸਾਰ ਵਿੱਚ ਅਦੁੱਤੀ ਹੈ। ਸਿਰਫ਼ ਯੂਨਾਨੀ ਚਿੰਤਕ ਅਰਸਤੂ ਦਾ ਨਾਂ ਉਸ ਨਾਲ ਲਿਆ ਜਾ ਸਕਦਾ ਹੈ। ਜਿਵੇਂ ਪਤੰਜਲੀ ਨੇ ਗਿਆਨ-ਧਨ ਦੀ ਰੱਖਿਆ ਕੀਤੀ, ਭਾਰਤੀ ਜਨ-ਮਾਨਸ ਉਸ ਨੂੰ ਸ਼ੇਸ਼ਨਾਗ ਦਾ ਅਵਤਾਰ ਮੰਨਦਾ ਹੈ ਅਤੇ ਚਿਦੰਬਰਮ ਦੇ ਵਿਸ਼ਾਲ ਸ਼ਿਵ ਮੰਦਰ ਵਿੱਚ ਉਸ ਨੂੰ ਇਸੇ ਤਰ੍ਹਾਂ ਪੱਥਰ ਵਿੱਚ ਮੂਰਤੀਮਾਨ ਕੀਤਾ ਗਿਆ ਹੈ।


ਲੇਖਕ : ਕਪਿਲ ਕਪੂਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3208, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਪਤੰਜਲੀ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਪਤੰਜਲੀ :  ਇਹ ਯੋਗ ਸ਼ਾਸਤਰ ਦਾ ਬਾਨੀ ਸੀ । ਇਸ ਦੇ ਨਾਂ ਤੇ ਹੀ ਯੋਗ ਸ਼ਾਖਾ ਨੂੰ ਪਾਤੰਜਲ ਵੀ ਕਿਹਾ ਜਾਂਦਾ ਹੈ । ਇਸ ਨੇ ਪਾਣਿਨੀ ਦੇ ਵਿਆਕਰਣ ਅਤੇ ਕਾਤਯਾਯਨ ਦੁਆਰਾ ਲਿਖੀਆਂ ਵਾਰਤਕਾਂ ਦੇ ਉੱਤਰ ਵਿਚ ਮਹਾਭਾਸ਼ ਦੀ ਰਚਨਾ ਕੀਤੀ ਸੀ ।

ਇਕ ਦੰਦ ਕਥਾ ਅਨੁਸਾਰ ਇਸ ਦਾ ਨਾਂ ਪਤੰਜਲੀ ਇਸ ਕਰ ਕੇ ਪਿਆ ਕਿਉਂਕਿ ਇਹ ਸਵਰਗ ਤੋਂ ਇਕ ਛੋਟੇ ਸੱਪ ਦੇ ਰੂਪ ਵਿਚ ਪਾਣਿਨੀ ਦੇ ਹੱਥ ਵਿਚ ਡਿਗਿਆ ਸੀ (ਪਤ-ਡਿਗਣਾ, ਅੰਜਲੀ-ਹਥੇਲੀ)।  ਇਸ ਦਾ ਸਮਾਂ ਅਨਿਸ਼ਚਿਤ ਹੈ । ਕੁਝ ਵਿਦਵਾਨ ਇਸ ਦਾ ਸਮਾਂ 200 ਈ. ਪੂ. ਮੰਨਦੇ ਹਨ ਪਰ ਪੱਛਮੀ ਵਿਦਵਾਨ 25 ਈ. ਪੂ. ਨਿਸਚਿਤ ਕਰਦੇ ਹਨ ।

ਇਸ ਦੇ ਯੋਗ ਸ਼ਾਸਤਰ ਨੂੰ ਅਸ਼ਟਾਂਗ ਯੋਗ ਵੀ ਆਖਿਆ ਜਾਂਦਾ ਹੈ ਜਿਸ ਦੇ ਅੱਠ ਅੰਗ ਹਨ – (1) ਯਮ, (2) ਨਿਯਮ (3) ਆਸਣ, (4) ਪ੍ਰਾਣਾਯਾਮ, (5) ਪ੍ਰਤਯਹਾਰ, (6) ਧਾਰਣਾ, (7) ਧਿਆਨ (8) ਸਮਾਧੀ । ਇਸ ਯੋਗ ਨੂੰ ਰਾਜਯੋਗ ਵੀ ਆਖਿਆ ਜਾਂਦਾ ਹੈ ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1659, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-13-03-31-29, ਹਵਾਲੇ/ਟਿੱਪਣੀਆਂ: ਹ. ਪੁ. –ਹਿੰ. ਮਿ. ਕੋ. : 339; ਹਿੰਦੂ ਧਰਮ ਕੋਸ਼

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.