ਪਦ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਦ (ਨਾਂ,ਪੁ) 1 ਪੈਰ; ਚਰਨ; 2 ਪਦਵੀ; ਦਰਜਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 29947, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਪਦ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਦ 1 [ਨਾਂਪੁ] ਪੈਰ , ਚਰਨ; ਪਦਵੀ , ਅਹੁਦਾ, ਦਰਜਾ 2 [ਨਾਂਪੁ] ਛੰਦ ਦਾ ਚਰਨ, ਕਵਿਤਾ, ਕੋਈ ਵਿਸ਼ੇਸ਼ ਅਰਥ ਰੱਖਣ ਵਾਲ਼ਾ ਸ਼ਬਦ ਜਾਂ ਸ਼ਬਦ-ਸਮੂਹ; ਮੰਤਰ , ਜਾਪ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 29931, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪਦ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਦ. ਸੰ. पद्. ਧਾ—ਖੜਾ ਰਹਿਣਾ, ਜਾਣਾ, ਪ੍ਰਾਪਤ ਹੋਣਾ, ਮਿਲਣਾ, ਪੈਦਾ ਕਰਨਾ, ਤਰੱਕੀ ਪਾਉਣਾ, ਢੂੰਡਣਾ (ਖੋਜਣਾ). ੨ ਸੰਗ੍ਯਾ— ਪੈਰ. ਚਰਨ. “ਸਹਸ ਪਦ ਬਿਮਲ.” (ਸੋਹਿਲਾ) ੩ ਚਰਨ ਦਾ ਚਿੰਨ੍ਹ. ਖੋਜ। ੪ ਦਰਜਾ. ਰੁਤਬਾ. “ਮਿਰਤਕ ਪਿੰਡਿ ਪਦ ਮਦ ਨਾ, ਅਹਿਨਿਸ ਏਕ ਅਗਿਆਨ ਸੁ ਨਾਗਾ.” (ਸ੍ਰੀ ਬੇਣੀ) “ਖੋਜੈ ਪਦ ਨਿਰਬਾਨਾ.” (ਗਉ ਮ: ੯) ੫ ਸ਼ਬਦ “ਬਾ ਪਦ ਪ੍ਰਿਥਮ ਬਖਾਨਕੈ ਪੁਨ ਨਕਾਰ ਪਦ ਦੇਹੁ.” (ਸਨਾਮਾ) ਬਾ ਸ਼ਬਦ ਪਿੱਛੋਂ ਨ ਦੇਣ ਤੋਂ ਬਾਨ (ਤੀਰ) ਬਣਿਆ। ੬ ਛੰਦ ਦਾ ਚਰਣ। ਤੁਕ ਅਥਵਾ ਤੁਕ ਦਾ ਹਿੱਸਾ ।
੭ ਪਦ੍ਯ ਕਾਵ੍ਯ. ਛੰਦ. ਜੋ ਕਾਵ੍ਯ ਵਰਣ , ਗਣ ਅਤੇ ਮਾਤ੍ਰਾ ਦੇ ਨਿਯਮ ਵਿੱਚ ਆਜਾਵੇ, ਉਸ ਦੀ ਪਦ ਸੰਗ੍ਯਾ ਹੈ, ਪਰ ਕਵੀਆਂ ਨੇ ਵਿਨੁਪਦ ਦੀ ਥਾਂ ਪਦ ਸ਼ਬਦ ਵਿਸ਼ੇ ਵਰਤਿਆ ਹੈ. ਸੂਰਦਾਸ ਆਦਿ ਪ੍ਰਸਿੱਧ ਭਗਤਾਂ ਦੇ ਛੰਦ, ਪਦ ਨਾਮ ਤੋਂ ਪ੍ਰਸਿੱਧ ਹਨ. ਸ੍ਰੀ ਗੁਰੂ ਗ੍ਰੰਥਸਾਹਿਬ ਦੇ ਛੰਦ ਭੀ ਪਦ ਕਹੇ ਜਾਂਦੇ ਹਨ, ਜੈਸੇ— ਦੁਪਦਾ, ਚਉਪਦਾ, ਅੱਠ ਪਦਾਂ ਦਾ ਸਮੁਦਾਯ ਅਸਟਪਦੀ ਆਦਿ. ਦੇਖੋ, ਗੁਰੁਛੰਦ ਦਿਵਾਕਰ। ੮ ਪੁਰਾਣਾਂ ਅਨੁਸਾਰ ਦਾਨ ਦੇ ਅੰਗ— ਵਸਤ੍ਰ, ਗਹਿਣੇ , ਅੰਨ , ਪਾਤ੍ਰ ਆਦਿ ਸਾਮਾਨ. ਦੇਖੋ, ਤੇਰਹਿ ਪਦ। ੯ ਮੰਤ੍ਰ. ਜਪ. “ਸੋ ਪਦ ਰਵਹੁ ਜਿ ਬਹੁਰਿ ਨ ਰਵਨਾ.” (ਗਉ ਕਬੀਰ)। ੧੦ ਫ਼ਾ ਰ. ਹਿ਼ਫ਼ਾਤ। ੧੧ ਵਿ— ਰਕ. ਮੁਹ਼ਾਫ਼ਿ। ੧੨ ਪ੍ਰਦ (ਦੇਣ ਵਾਲਾ) ਦੀ ਥਾਂ ਭੀ ਪਦ ਸ਼ਬਦ ਆਇਆ ਹੈ— “ਜੀਵਨ ਪਦ ਨਾਨਕ ਪ੍ਰਭੁ ਮੇਰਾ.” (ਮਾਰੂ ਮ ੫) “ਸਗਲ ਸਿਧਿਪਦੰ.” (ਗੂਜ ਜੈਦੇਵ) ਸਿੱਧਿਪ੍ਰਦ। ੧੩ ਸ਼ਸਤ੍ਰਨਾਮਮਾਲਾ ਵਿੱਚ ਪਿਤ ਸ਼ਬਦ ਦੀ ਥਾਂ ਅਜਾਣ ਲਿਖਾਰੀ ਨੇ ਕਈ ਥਾਂ ਪਦ ਸ਼ਬਦ ਲਿਖ ਦਿੱਤਾ ਹੈ. ਦੇਖੋ, ਅੰਗ ੨੩੧ ਅਤੇ ਵਿਸ਼ੇ ਨਿਰਣਾ “ਰਿਪੁਸਮੁਦ੍ਰ ਪਿਤਕਾਨ ਅਰਿ” ਦੀ ਵ੍ਯਾਖ੍ਯਾ ਵਿੱਚ। ੧੪ ਵ੍ਯਾਕਰਣ ਅਨੁਸਾਰ ਕਰਤਾ ਕ੍ਰਿਯਾ ਕਰਮ ਵਾਚਕ ਸ਼ਬਦ.2
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 29412, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪਦ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਪਦ (ਸੰ.। ਸੰਸਕ੍ਰਿਤ ਪਦ=ਪੈਰ, ਦਰਜਾ) ੧. ਪੈਰ। ਯਥਾ-‘ਸਹਸ ਪਦ ਬਿਮਲ ਨਨ ਏਕ ਪਦ’।
੨. ਪਦਵੀ , ਦਰਜਾ। ਦੇਖੋ, ‘ਪਦ ਮਦ ਨਾ’
੩. ਅਵਸਥਾ, ਹਾਲਤ। ਯਥਾ-‘ਲਾਲਚ ਕਰੈ ਜੀਵਨ ਪਦ ਕਾਰਨ ’। ਤਥਾ-‘ਪਰਮ ਪਦ’। ਦੇਖੋ, ‘ਨਾਗਾ’
੪. ਉਹ ਹਾਲਤ ਜੋ ਹਾਲਤਾਂ ਤੇ ਦਸ਼ਾ ਤੋਂ ਪਰੇ ਹੈ, ਯਥਾਰਥ-ਉਸ ਨੂੰ ਜਨਾਉਣ ਵਾਸਤੇ ਬੀ ਲਫ਼ਜ਼ -ਪਦ- ਵਰਤ ਲੈਂਦੇ ਹਨ। ਯਥਾ-‘ਨਿਰਭੈ ਪਦ ਪਾਵੈ’। ਤਥਾ-‘ਚਉਥੈ ਪਦ ਮਹਿ ਜਨ ਕੀ ਜਿੰਦੁ ’। ਯਥਾ-‘ਸੋ ਪਦੁ ਰਵਹੁ ਜਿ ਬਹੁਰਿ ਨ ਰਵਨਾ’।
੫. ਲਫਜ਼, ਸ਼ਬਦ। ਯਥਾ-‘ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ’।
੬. ਛੰਦਾਂ ਦੇ ਹਿੱਸਿਆਂ ਦਾ ਨਾਮ ਬੀ ਪਦ ਹੈ, ਜਿਨ੍ਹਾਂ ਨੂੰ ਕਾਵ੍ਯ ਵਾਲੇ ਚਰਨ ਬੀ ਕਹਿੰਦੇ ਹਨ। ਦੇਖੋ , ‘ਪਦਾ, ਪਦੇ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 29320, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਪਦ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪਦ : ਵੇਖੋ ‘ਗੀਤ–ਕਾਵਿ’, ‘ਚਉਪਦੇ’
ਗੀਤ /ਗੀਤ ਕਾਵਿ : ਸੰਗੀਤ ਭਰਪੂਰ ਕਾਵਿ ਨੂੰ ‘ਗੀਤ’ ਕਿਹਾ ਜਾਂਦਾ ਹੈ। ਇਹ ਕਾਵਿ ਦੇ ਚਹੁੰ ਭੇਦਾਂ ਵਿਚੋਂ ਇਕ ਹੈ, ਬਾਕੀ ਤਿੰਨ ਹਨ––ਮੁਕਤਕ, ਪ੍ਰਬੰਧ ਤੇ ਦ੍ਰਿਸ਼ਯ–ਕਾਵਿ। ਗੀਤ ਵਿਚ ਕਵੀ ਦੀ ਵਿਅਕਤੀਗਤ ਤੇ ਅੰਦਰਲੀ ਭਾਵਨਾ ਉਭਰ ਕੇ ਪ੍ਰਗਟ ਹੋਈ ਹੁੰਦੀ ਹੈ। ਕਈਆਂ ਦਾ ਵਿਚਾਰ ਹੈ ਕਿ ਗੀਤ ਵਿਚ ਕੇਵਲ ਇਕ ਵਿਚਾਰ, ਭਾਵਨਾ ਜਾਂ ਸਥਿਤੀ ਦੀ ਪ੍ਰਧਾਨਤਾ ਹੁੰਦੀ ਹੈ। ਪ੍ਰਭਾਵ ਦੀ ਏਕਤਾ ਇਸ ਦਾ ਦੂਜਾ ਗੁਣ ਹੈ, ਇਸ ਲਈ ਆਮ ਤੌਰ ਤੇ ਗੀਤ ਬਹੁਤ ਲੰਮੇ ਨਹੀਂ ਹੁੰਦੇ। ਲੋਕ–ਗੀਤ (ਵੇਖੋ ) ਵੀ ਗੀਤਾਂ ਦੀ ਇਕ ਭਾਂਤ ਆਖੀ ਜਾ ਸਕਦਾ ਹੈ।
ਕਲਪਨਾ–ਚਿਤ੍ਰ ਤੇ ਮਾਨਵੀਕਰਣ ਨਾਲ ਗੀਤਾਂ ਵਿਚ ਨਵੀਂ ਜਾਨ ਤੇ ਸੁੰਦਰਤਾ ਆ ਜਾਂਦੀ ਹੈ। ਭਾਵੁਕਤਾ ਤੇ ਅਪਾਰ ਕਾਲਪਨਿਕਤਾ ਨੂੰ ਗੀਤ ਦੇ ਹੋਰ ਵਿਸ਼ੇਸ਼ ਅੰਗ ਕਿਹਾ ਜਾ ਸਕਦਾ ਹੈ।
ਪਹਿਲਾਂ ਗੀਤਾਂ ਵਿਚ ਠੁਮਰੀਆਂ, ਪਦ, ਦਾਦਰੇ, ਆਦਿ ਹੁੰਦੇ ਹਨ ਪਰ ਹੁਣ ਇਸ ਦੀਆਂ ਅਨੇਕ ਵੰਨਗੀਆਂ ਮਿਲਦੀਆਂ ਹਨ। ਪਤ੍ਰ–ਗੀਤ, ਵਿਅੰਗ ਗੀਤ, ਸੋਗ–ਗੀਤ, ਵਰਗ–ਭਾਵਨਾ ਗੀਤ, ਰਾਸ਼ਟਰੀ ਗੀਤ ਆਦਿ ਇਸ ਦੇ ਕਈ ਭੇਦ ਉਪਭੇਦ ਮੰਨੇ ਜਾ ਸਕਦੇ ਹਨ।
ਪੁਰਾਣੇ ਗੀਤਾਂ ਨੂੰ ਇਲਾਕੇ, ਲੈਅ–ਪੱਧਤੀ, ਸੰਗੀਤ ਜਾਂ ਜਾਂਤਾਂ ਅਨੁਸਾਰ ਕਈ ਭੇਦਾਂ ਵਿਚ ਵੰਡਿਆ ਜਾਂਦਾ ਰਿਹਾ ਹੈ, ਜਿਵੇਂ ਗੂਜਰੀ, ਸੋਰਠ, ਗੋਂਡ ਆਦਿ । ਚਾਚਰ ਚੌਰਾਹੇ ਉੱਤੇ ਗਾਏ ਜਾਣ ਵਾਲੇ–ਲੋਗ ਗੀਤ ਸਨ; ਇਹ ਰਾਜਸਥਾਨੀ ਭਾਸ਼ਾ ਦਾ ਲੋਕ–ਕਾਵਿ ਰੂਪ ਹੈ। ਪਰ ਅੱਜ ਦਾ ਆਧੁਨਿਕ ਭਾਰਤੀ ਗੀਤ ਆਪਣੇ ਰੂਪ–ਵਿਧਾਨ ਵਜੋਂ ਪੱਛਮ ਦੇ ਲਿਰਿਕ (lyric) ਦਾ ਰਿਣੀ ਹੈ। ਅੰਗ੍ਰੇਜ਼ੀ ਦਾ ਲਿਰਿਕ ਉਹ ਗੀਤ ਹੈ ਜੋ ਲਾਇਰ (lyre) ਜਾਂ ਕਿਸੇ ਤਾਰਾਂ ਵਾਲੇ ਸਾਜ਼, ਵੀਣਾ ਆਦਿ ਨਾਲ ਗਾਇਆ ਜਾ ਸਕੇ। ਸਾਡੇ ਆਧੁਨਿਕ ਭਾਰਤੀ ਗੀਤਾ ਵੀ ਇਸ ਪਰਿਭਾਸ਼ਾ ਉੱਤੇ ਪੂਰੇ ਉਤਰਦੇ ਹਨ। ਇਸ ਲਈ ਇਨ੍ਹਾਂ ਨੂੰ ਕਈਆਂ ਨੇ ਗੀਤ ਦੀ ਥਾਂ ਵੈਣਿਕ ਜਾਂ ਸਰੋਦੀ ਵੀ ਕਿਹਾ ਹੈ।
ਪੱਛਮੀ ਆਲੋਚਕਾਂ ਨੇ ਗੀਤ ਦਾ ਸਭ ਤੋਂ ਪਹਿਲਾ ਲੱਛਣ ਸੰਗੀਤਾਤਮਕਤਾ ਮੰਨਿਆ ਹੈ। ਸੁਰ ਤੇ ਤਾਲ ਸੰਗੀਤਾਤਮਕਤਾ ਦੀ ਜਾਨ ਹੁੰਦੇ ਹਨ। ਦੂਜੇ ਇਸ ਵਿਚ ਤੀਬਰ ਭਾਵ ਪੂਰਣਤਾ ਹੋਣੀ ਜ਼ਰੂਰੀ ਹੈ, ਕਿਉਂਕਿ ਕਿ ਭਾਵ–ਆਵੇਸ਼ ਜਦੋਂ ਉੱਚ–ਕੋਟੀ ਦਾ ਹੁੰਦਾ ਹੈ ਤਾਂ ਇਸ ਦੀ ਅਭਿਵਿਅਕਤੀ ਲਈ ਗੀਤ ਹੀ ਵਧੇਰੇ ਯੋਗ ਹੈ।
ਗੀਤ–ਅੰਤਰਮੁਖੀ(subjective) ਹੁੰਦਾ ਹੈ (ਵੇਖੋ ‘ਕਾਵਿ–ਅੰਤਰਮੁਖੀ’) ਤੇ ਇਸ ਦੀ ਦ੍ਰਿਸ਼ਟੀ ਜਾਂ ਭਾਵ–ਭੂਮੀ ਨਿਸ਼ਚਿਤ ਤੇ ਸੀਮਿਤ ਹੁੰਦੀ ਹੈ। ਸ਼ੁੱਧ ਭਾਵ, ਰੋਮਾਂਟਿਕ ਕਲਪਨਾ ਆਦਿ ਗੀਤਾ ਦੀਆਂ ਜ਼ਰੂਰੀ ਲੋੜਾਂ ਹਨ ਤੇ ਇਸ ਵਿਚ ਤਰਕਸ਼ੀਲਤਾ ਜਾਂ ਨਿਆਇਮੂਕਲਤਾ ਨੂੰ ਕੋਈ ਥਾਂ ਨਹੀਂ ਪ੍ਰਾਪਤ ਹੈ।
ਗੀਤ ਕਵੀ ਦੀ ਆਤਮ–ਅਭਿਵਿਅਕਤੀ ਹੈ ਪਰ ਆਤਮ–ਕਥਾ ਨਹੀਂ, ਕਿਉਂਕਿ ਇਹ ਕਵੀ ਦੇ ਹਿਰਦੇ ਦੇ ਇਕ ਵਿਸ਼ੇਸ਼ ਜਜ਼ਬੇ ਨੂੰ ਚਿਤਰਦਾ ਹੈ, ਸਾਰੇ ਹਿਰਦੇ ਨੂੰ ਨਹੀਂ, ਜੋ ਕਿ ਅਨੇਕ ਭਾਵਾਂ ਦਾ ਭੰਡਾਰ ਹੈ।
ਗੀਤ–ਕਾਵਿ ਵਿਚ ਬਾਕੀ ਕਾਵਿ ਵਾਂਗ ਰਸਾਤਮਕਤਾ, ਸਰਲਤਾ, ਭਾਵ–ਆਵੇਸ਼–ਪੂਰਣਤਾ ਤੇ ਮਨੋਵੇਗਾਂ ਦਾ ਕਲਪਨਾਮਈ ਪ੍ਰਵਾਹ ਹੋਣਾ ਜ਼ਰੂਰੀ ਹੈ।
ਕਈ ਗੀਤਾਂ ਵਿਚ ਨਾਟਕੀਅਤਾ ਨੂੰ ਵੀ ਲਿਆਂਦਾ ਜਾ ਸਕਦਾ ਹੈ। ਕਥੋਪਕਥਨ, ਪ੍ਰਸ਼ਨੋਤਰ ਆਦਿ ਵੀ ਕਈ ਢੰਗ ਹਨ ਜੋ ਗੀਤਾਂ ਵਿਚ ਭਲੀ ਭਾਂਤ ਨਿਭ ਸਕਦੇ ਹਨ ਪਰ ਉਪਰੋਕਤ ਨਾਟਕੀਅਤਾ ਵਿਚ ਕਵੀ ਦਾ ਨਿੱਜਤਵ ਅੱਖੋਂ ਉਹਲੇ ਨਾ ਹੋਵੇ।
ਗੀਤ ਵਿਚ ਕਿਸੇ ਪਛਾਣ ਜਾਂ ਭੂਮਿਕਾ ਦੀ ਗੁੰਜਾਇਸ਼ ਨਹੀਂ ਹੈ। ਇਸ ਦਾ ਆਰੰਭ ਝਟਪਟਾ ਤੇ ਨਾਟਕੀ ਹੁੰਦਾ ਹੈ। ਗੀਤ ਵਿਚ ਜ਼ਜਬਾ ਜਿਉਂ ਹੀ ਸਿੱਖਰ ਨੂੰ ਛੂੰਹਦਾ ਹੈ, ਤਾਂ ਗੀਤ ਸਮਾਪਤ ਹੋ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਹੀ ਇਹ ਆਪਣੇ ਪ੍ਰਭਾਵ ਨੂੰ ਸਥਾਈ ਤੇ ਪੱਕਾ ਕਰ ਸਕੇਗਾ।
ਗੀਤ ਵਿਚ ਕੋਈ ਵਾਧੂ ਉਕਤੀ, ਕੋਈ ਉਪਦੇਸ਼ ਜਾਂ ਬ੍ਰਿਤਾਂਤ ਨਹੀਂ ਹੋਣੇ ਚਾਹੀਦੇ ਸਗੋਂ ਗੀਤ ਦੀ ਹਰ ਸਤਰ ਭਾਵ ਅਥਵਾ ਅਰਥ ਨਾਲ ਗਰਭਿਤ ਹੋਵੇ।
ਗੀਤ ਦੇ ਹਰ ਬੰਦ ਦੇ ਅੰਤ ਵਿਚ ਵਾਰ ਵਾਰ ਆਉਣ ਵਾਲੀ ਪੰਕਤੀ ਨੂੰ ਟੇਕ, ਅੰਤਰਾ ਜਾਂ ਰਹਾਉਂ ਆਖਿਆ ਜਾਂਦਾ ਹੈ।
ਗੀਤ ਰਚਨਾ ਦੇ ਕੋਹੀ ਲੰਮੇ ਚੌੜੇ ਅਸੂਲ ਨਹੀਂ ਥਾਪੇ ਜਾ ਸਕਦੇ ਕਿਉਂਕਿ ਇਸ ਵਿਚ ਰੋਮਾਂਚ ਤੇ ਸੁੰਤਤਰਤਾ ਦੀਆਂ ਉਡਾਰੀਆਂ ਹੁੰਦੀਆਂ ਹਨ ਪਰ ਇੰਨਾ ਆਖਿਆ ਜਾ ਸਕਦਾ ਹੈ ਕਿ ਗੀਤ ਵਿਚ ਭਾਵ ਜਾਗ੍ਰਤ ਕਰਨ ਤੇ ਇਸ ਨੂੰ ਵਿਕਾਸ ਬਖ਼ਸ਼ਣ ਦੀ ਯੋਗਤਾ ਹੋਵੇ।
ਗੀਤ ਵਿਚ ਆਮ ਤੌਰ ਤੇ ਸੰਕੇਤਾਂ ਤੇ ਇਸ਼ਾਰਿਆਂ ਤੋਂ ਕੰਮ ਲਿਆ ਜਾਂਦਾ ਹੈ। ਕਈਆਂ ਨੇ ਇਸੇ ਲਈ ਇਹ ਵੀ ਕਿਹਾ ਹੈ ਕਿ ਗੀਤ ਦੀ ਇਕ ਅਤਿ ਸੰਕੁਚਿਤ ਕੈਨਵਸ ਹੁੰਦੀ ਹੈ ਤੇ ਇਸ ਵਿਚ ਬਹੁਤੇ ਵਿਸਤਾਰ ਸਮਾ ਨਹੀਂ ਸਕਦੇ।
ਪੰਜਾਬੀ ਗੀਤ–ਕਾਵਿ ਦੇ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਸਾਨੂੰ ਪਤਾ ਲਗੇਗਾ ਕਿ ‘ਗੀਤ ਸ਼ਬਦਾ ਕੋਈ ਨਵਾਂ ਨਹੀਂ ਹੈ ਸਗੋਂ ਸਿੱਖ ਗੁਰੂ ਸਾਹਿਬਾਨ ਦੁਆਰਾ ਰਚਿਤ ਕਾਵਿ ਵਿਚ ਵੀ ਇਹ ਸ਼ਬਦ ਕਈ ਵਾਰ ਆਇਆ ਹੈ, ਜਿਵੇਂ :
ਗਿਆਨ ਵਿਹੂਣਾ ਗਾਵੈ ਗੀਤ। –(ਵਾਰ ਸਾਰੰਗ, ਮ.੧)
ਸਹੀਆ ਮੰਗਲ ਗਾਵਹੀ ਗੀਤ ਗੋਬਿੰਦ ਅਲਾਇ। –(ਬਾਰਮਾਹ, ਮਾਝ ਮ.੫)
ਗੀਤ ਨਾਦ ਹਰਖ ਚਤੁਰਾਈ। –( ਪ੍ਰਭਾਤੀ, ਮ. ੧)
ਗੁਰੂ ਸਾਹਿਬਾਨ ਦੁਆਰਾ ਰਚਿਤ ਸ਼ਬਦਾਂ (ਵੇਖੋ ‘ਸ਼ਬਦ’) ਤੇ ਪਦਿਆਂ ਨੂੰ ਅਸੀਂ ਗੀਤ ਆਖ ਸਕਦੇ ਹਾਂ। ਪੰਜਾਬੀ ਲੋਕ–ਗੀਤ (ਵੇਖੋ ‘ਲੋਕ ਗੀਤ’) ਤਾਂ ਢੇਰ ਪੁਰਾਣੇ ਹਨ। ਆਧੁਨਿਕ ਕਾਨ ਵਿਚ ਅੰਮ੍ਰਿਤਾ ਪ੍ਰੀਤਮ ਤੇ ਪ੍ਰੋ. ਮੋਹਨ ਸਿੰਘ ਨੇ ਅਨੇਕ ਗੀਤ ਰਚੇ ਹਨ। ਕਵੀ ਦਰਬਾਰ ਵਿਚ ਪ੍ਰਸਿੱਧਤਾ ਪ੍ਰਾਪਤ ਕਰ ਚੁੱਕੇ ਗੀਤਕਾਰਾਂ ਵਿਚ ਅਸੀਂ ਮੁਹੰਮਦ ਰਮਜ਼ਾਨ ਹਮਦਮ, ਵਿਧਾਤਾ ਸਿੰਘ ਤੀਰ, ਫ਼ੀਰੋਜ਼ ਦੀਨ ਸ਼ਰਫ਼, ਬਰਕਤ ਰਾਮ ਯੁਮਨ , ਕਰਤਾਰ ਸਿੰਘ ਬਲੱਗਣ, ਨੰਦ ਲਾਲ ਨੂਰਪੁਰੀ, ਦਰਸ਼ਨ ਸਿੰਘ ਆਵਾਰਾ, ਗੁਰਦਿੱਤ ਸਿੰਘ ਕੁੰਦਨ, ਗੁਰਦੇਵ ਸਿੰਘ ਮਾਨ, ਸ਼ਿਵ ਕੁਮਾਰ ਬਟਾਵਲਵੀ, ਇੰਦਰਜੀਤ ਸਿੰਘ ਤੁਲਸੀ, ਸੁਰਜੀਤ ਪਾਤਰ ਆਦਿ ਦੇ ਨਾਂ ਲੈ ਸਕਦੇ ਹਾਂ।
ਲੇਖਕ : ਡਾ. ਗੁਰਦੇਵ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 22758, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First