ਪਰਾਇਆ ਹੱਕ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਪਰਾਇਆ ਹੱਕ: ਇਥੇ ‘ਹੱਕ ’ ਤੋਂ ਭਾਵ ਹੈ ਅਧਿਕਾਰ , ਕਿਸੇ ਵਸਤੂ ਉਤੇ ਦਾਹਵੇ ਜਾਂ ਮਾਲਕੀਅਤ ਦੀ ਭਾਵਨਾ। ਇਸ ਤਰ੍ਹਾਂ ‘ਪਰਾਇਆ ਹੱਕ’ ਤੋਂ ਕਿਸੇ ਵਸਤੂ ਉਤੇ ਕਿਸੇ ਹੋਰ ਦਾ ਸ੍ਵਤਵ ਸਪੱਸ਼ਟ ਹੁੰਦਾ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਪਰਾਏ ਹੱਕ ਨੂੰ ਮਾਰਨਾ ਇਕ ਵੱਡਾ ਅਪਰਾਧ ਸਮਝਿਆ ਗਿਆ ਹੈ। ਬਾਣੀਕਾਰਾਂ ਨੇ ਮਨੁੱਖ ਨੂੰ ਪੰਜ ਵਿਕਾਰਾਂ ਤੋਂ ਬਚਣ ਦੇ ਨਾਲ ਨਾਲ ਹੋਰ ਵੀ ਕਈ ਮਾੜੇ ਕਰਮਾਂ ਤੋਂ ਦੂਰ ਰਹਿਣ ਦੀ ਸਿਖਿਆ ਦਿੱਤੀ ਹੈ। ਇਨ੍ਹਾਂ ਮਾੜੇ ਕਰਮਾਂ ਵਿਚੋਂ ਇਕ ਹੈ ਪਰਾਇਆ ਹੱਕ ਮਾਰਨਾ। ਇਹ ਇਕ ਸਮਾਜਿਕ ਅਨਿਆਂ ਹੈ ਜਿਸ ਵਿਚ ਕੋਈ ਵਿਅਕਤੀ ਜ਼ਬਰਦਸਤੀ ਛਲ-ਕਪਟ ਨਾਲ ਜਾਂ ਰਿਸ਼ਵਤ ਦੁਆਰਾ ਪਰਾਏ ਹੱਕ ਨੂੰ ਮਾਰਨ ਦਾ ਯਤਨ ਕਰਦਾ ਹੈ। ਅਜਿਹਾ ਕਰਨਾ ਮਨੁੱਖ ਮਨ ਦੀ ਕਮਜ਼ੋਰੀ ਹੈ। ਇਸ ਕਮਜ਼ੋਰੀ ਤੋਂ ਬਚਣ ਲਈ ‘ਮਾਝ ਕੀ ਵਾਰ ਮ.੧’ ਵਿਚ ਗੁਰੂ ਨਾਨਕ ਦੇਵ ਜੀ ਨੇ ਸਪੱਸ਼ਟ ਸ਼ਬਦਾਂ ਵਿਚ ਤਾਕੀਦ ਕਰਦਿਆਂ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਤਾੜਨਾ ਕੀਤੀ ਹੈ—ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ। ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ। ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ। ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ। ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ। (ਗੁ.ਗ੍ਰੰ.141)।
ਪਰਾਇਆ ਹੱਕ ਮਾਰਨ ਦੀਆਂ ਕਈ ਜੁਗਤਾਂ ਹੋ ਸਕਦੀਆਂ ਹਨ, ਜਿਵੇਂ ਕਿਸੇ ਤੋਂ ਬਲ ਪੂਰਵਕ ਮਾਰ-ਕਾਟ ਕਰਕੇ ਕੁਝ ਖੋਹਣਾ, ਵਢੀ ਲੈਣਾ , ਛਲ-ਕਪਟ ਨਾਲ ਕੁਝ ਹਾਸਲ ਕਰਨਾ, ਆਦਿ। ਗੁਰੂ ਨਾਨਕ ਦੇਵ ਜੀ ਨੇ ‘ਮਾਝ ਕੀ ਵਾਰ’ ਵਿਚ ਕਿਹਾ ਹੈ ਕਿ ਜਿਵੇਂ ਲਹੂ ਲਗਣ ਨਾਲ ਬਸਤ੍ਰ ਗੰਦਾ ਹੋ ਜਾਂਦਾ ਹੈ, ਉਸੇ ਤਰ੍ਹਾਂ ਮਨੁੱਖ ਦਾ ਲਹੂ ਪੀਣ ਵਾਲੇ ਅਰਥਾਤ ਧਕੇ ਨਾਲ ਕਿਸੇ ਦਾ ਹੱਕ ਮਾਰਨ ਵਾਲੇ ਵਿਅਕਤੀ ਦਾ ਮਨ ਪਲੀਤ ਹੋ ਜਾਂਦਾ ਹੈ— ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ। ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ। (ਗੁ.ਗ੍ਰੰ.140)।
ਵੱਢੀ ਲੈਣਾ ਜਾਂ ਰਿਸ਼ਵਤ ਲੈਣਾ ਵੀ ਪਰਾਇਆ ਹੱਕ ਮਾਰਨਾ ਹੈ। ਇਸ ਸੰਬੰਧ ਵਿਚ ਰਾਮਕਲੀ ਰਾਗ ਵਿਚ ਗੁਰੂ ਨਾਨਕ ਦੇਵ ਜੀ ਨੇ ਵਢੀ ਲੈ ਕੇ ਹਕੁ ਗਵਾਏ ਦੀ ਚੇਤਾਵਨੀ ਦੀ ਪੁਸ਼ਟੀ ਕਰਦਿਆਂ ਮਾਰੂ ਰਾਗ ਦੇ ਸੋਲਹਿਆਂ ਵਿਚ ਕਿਹਾ ਹੈ ਕਿ ਰਿਸ਼ਵਤ ਲੈ ਕੇ ਜੋ ਝੂਠੀਆਂ ਗਵਾਹੀਆਂ ਦਿੰਦੇ ਹਨ, ਉਨ੍ਹਾਂ ਦੇ ਗਲ ਵਿਚ ਦੁਰਬੁੱਧੀ ਦਾ ਫੰਧਾ ਪਿਆ ਹੋਇਆ ਹੈ—ਲੈ ਕੈ ਵਢੀ ਦੇਨਿ ਉਗਾਹੀ ਦੁਰਮਤਿ ਕਾ ਗਲਿ ਫਾਹਾ ਹੇ। (ਗੁ.ਗ੍ਰੰ.1032)।
ਛਲ ਕਪਟ ਨਾਲ ਪਰਾਇਆ ਮਾਲ ਹਥਿਆਉਣਾ ਪਰਾਏ ਹੱਕ ਉਤੇ ਅਧਿਕਾਰ ਜਮਾਉਣਾ ਹੈ। ਇਸ ਸੰਬੰਧ ਵਿਚ ਸੰਤ ਕਬੀਰ ਜੀ ਨੇ ਮਨੁੱਖ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਅਨੇਕ ਪ੍ਰਕਾਰ ਦੇ ਕਪਟ-ਪ੍ਰਪੰਚ ਦੁਆਰਾ ਇਕੱਠਾ ਕੀਤਾ ਧਨ ਭਾਵੇਂ ਕੋਈ ਮਨੁੱਖ ਪਰਿਵਾਰ ਵਾਲਿਆਂ ਨੂੰ ਲਿਆ ਦੇਵੇ, ਪਰ ਉਸ ਨੂੰ ਨਹੀਂ ਭੁਲਣਾ ਚਾਹੀਦਾ ਕਿ ਅੰਤ ਨੂੰ ਉਸੇ ਨੂੰ ਜਵਾਬ ਦੇਣਾ ਹੋਵੇਗਾ, ਅਰਥਾਤ ਉਸ ਨੂੰ ਆਪਣੇ ਮਾੜੇ ਕ੍ਰਿਤ ਦੀ ਸਜ਼ਾ ਭੋਗਣੀ ਪਵੇਗੀ—ਬਹੁ ਪਰਪੰਚ ਕਰਿ ਪਰ ਧਨੁ ਲਿਆਵੈ। ਸੁਤ ਦਾਰਾ ਪਹਿ ਆਨਿ ਲੁਟਾਵੈ। ਮਨ ਮੇਰੇ ਭੂਲੇ ਕਪਟੁ ਨ ਕੀਜੈ। ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ। (ਗੁ.ਗ੍ਰੰ.656)।
ਗੁਰੂ ਅਰਜਨ ਦੇਵ ਜੀ ਨੇ ਵੀ ਉਪਰੋਕਤ ਤੱਥ ਦੀ ਪੁਸ਼ਟੀ ਕਰਦਿਆਂ ਮਾਰੂ ਰਾਗ ਵਿਚ ਕਿਹਾ ਹੈ ਕਿ ਦੁਰਾਚਾਰੀ ਮਨੁੱਖ ਪਰਾਈਆਂ ਵਸਤੂਆਂ ਖੋਹ ਖੋਹ ਕੇ ਇਕੱਠੀਆਂ ਕਰਨ ਵਿਚ ਰੁਝਿਆ ਰਹਿੰਦਾ ਹੈ, ਪਰ ਦੁਨੀਆ ਦੇ ਲੋਭ ਰੂਪੀ ਟੋਏ ਵਿਚ ਪਏ ਨੂੰ ਇਹ ਖ਼ਿਆਲ ਨਹੀਂ ਰਹਿੰਦਾ ਕਿ ਮਰਣ ਉਪਰੰਤ ਉਸ ਨੂੰ ਇਸ ਦਾ ਫਲ ਭੋਗਣਾ ਪਵੇਗਾ—ਖੁਸਿ ਖੁਸਿ ਲੈਦਾ ਵਸਤੁ ਪਰਾਈ। ਵੇਖੈ ਸੁਣੇ ਤੇਰੈ ਨਾਲਿ ਖੁਦਾਈ। ਦੁਨੀਆ ਲਬਿ ਪਇਆ ਖਾਤ ਅੰਦਰਿ ਅਗਲੀ ਗਲ ਨ ਜਾਣੀਆ। (ਗੁ.ਗ੍ਰੰ.1020)।
ਸਪੱਸ਼ਟ ਹੈ ਕਿ ਗੁਰਬਾਣੀ ਵਿਚ ਪਰਾਏ ਹੱਕ ਨੂੰ ਮਾਰਨਾ ਬਹੁਤ ਮਾੜਾ ਸਮਝਿਆ ਗਿਆ ਹੈ ਅਤੇ ਜਿਗਿਆਸੂ ਨੂੰ ਅਜਿਹਾ ਨ ਕਰਨ ਲਈ ਸਚੇਤ ਕੀਤਾ ਗਿਆ ਹੈ। ਮਾਰੂ ਰਾਗ ਵਿਚ ਗੁਰੂ ਅਰਜਨ ਦੇਵ ਜੀ ਨੇ ਮਨੁੱਖ ਨੂੰ ਸਮਝਾਇਆ ਹੈ ਕਿ ਸਦਾ ਹੱਕ-ਹਲਾਲ ਦੀ ਕਮਾਈ ਕਰਨੀ ਚਾਹੀਦੀ ਹੈ ਕਿਉਂਕਿ ਇਸ ਨਾਲ ਮਨ ਦੀ ਮੈਲ ਉਤਰ ਜਾਂਦੀ ਹੈ, ਦਿਲ ਸਵੱਛ ਹੋ ਜਾਂਦਾ ਹੈ—ਹਕੁ ਹਲਾਲੁ ਬਖੋਰਹੁ ਖਾਣਾ। ਦਿਲ ਦਰੀਆਉ ਧੋਵਹੁ ਮੈਲਾਣਾ। (ਗੁ.ਗ੍ਰੰ.1084)। ਸਚ ਪੁਛੋ ਤਾਂ ਪਰਮਾਤਮਾ ਨਾਲ ਅਭੇਦ ਹੋਣ ਦੀ ਪਹਿਲੀ ਪੌੜੀ ਮਨ ਦੀ ਪਵਿੱਤਰਤਾ ਹੀ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2736, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First