ਪਰਾਧੀਨ ਉਪਵਾਕ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਪਰਾਧੀਨ ਉਪਵਾਕ: ਉਪਵਾਕ ਇਕ ਵਿਆਕਰਨਕ ਇਕਾਈ ਹੈ। ਉਪਵਾਕ ਦੋ ਪਰਕਾਰ ਦੀਆਂ ਵਾਕਾਤਮਕ ਬਣਤਰਾਂ ਵਿਚ ਵਿਚਰਦੇ ਹਨ। ਇਨ੍ਹਾਂ ਦੋ ਪਰਕਾਰ ਦੀਆਂ ਬਣਤਰਾਂ ਨੂੰ ਸਾਵੀਆਂ ਅਤੇ ਅਸਾਵੀਆਂ ਵਾਕਾਤਮਕ ਬਣਤਰਾਂ ਦਾ ਨਾਂ ਦਿੱਤਾ ਜਾਂਦਾ ਹੈ। ਸਾਵੀਆਂ ਬਣਤਰਾਂ ਵਿਚ ਸੰਯੁਕਤ ਵਾਕਾਂ ਨੂੰ ਰੱਖਿਆ ਜਾਂਦਾ ਹੈ ਜਦੋਂ ਕਿ ਅਸਾਵੀਆਂ ਬਣਤਰਾਂ ਵਿਚ ਮਿਸ਼ਰਤ ਵਾਕਾਂ ਨੂੰ ਰੱਖਿਆ ਜਾਂਦਾ ਹੈ। ਵਾਕਾਂ ਵਿਚ ਵਿਚਰਨ, ਕਾਰਜ ਅਤੇ ਬਣਤਰ ਦੇ ਅਧਾਰ ’ਤੇ ਉਪਵਾਕਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ ਜਿਵੇਂ : (i) ਸਵਾਧੀਨ ਉਪਵਾਕ ਅਤੇ (ii) ਪਰਾਧੀਨ ਉਪਵਾਕ। ਇਕ ਸੰਯੁਕਤ ਵਾਕ ਦੀ ਬਣਤਰ ਵਿਚ ਦੋ ਜਾਂ ਦੋ ਤੋਂ ਵੱਧ ਸਵਾਧੀਨ ਉਪਵਾਕ ਵਿਚਰਦੇ ਹਨ। ਸਵਾਧੀਨ ਉਪਵਾਕ ਸੰਯੁਕਤ ਵਾਕਾਂ ਦੀ ਬਣਤਰ ਤੋਂ ਬਾਹਰ ਇਕ ਸਧਾਰਨ ਵਾਕ ਦੇ ਤੌਰ ’ਤੇ ਵਿਚਰ ਸਕਣ ਦੀ ਸਮਰੱਥਾ ਰੱਖਦੇ ਹਨ। ਸਵਾਧੀਨ ਉਪਵਾਕ ਦੇ ਲੱਛਣ\ਤੱਤ ਸਧਾਰਨ ਵਾਕਾਂ ਵਾਲੇ ਹੀ ਹੁੰਦੇ ਹਨ। ਸਵਾਧੀਨ ਉਪਵਾਕ ਇਕ ਸੰਯੁਕਤ ਵਾਕ ਵਿਚ ‘ਤੇ, ਅੇ, ਜਾਂ, ਜਾਂ ਫਿਰ’ ਆਦਿ ਯੋਜਕਾਂ ਨਾਲ ਜੁੜੇ ਹੁੰਦੇ ਹਨ। ਦੂਜੇ ਪਾਸੇ ਮਿਸ਼ਰਤ ਵਾਕਾਂ ਦੀ ਬਣਤਰ ਵਿਚ ਵਿਚਰਨ ਵਾਲੇ ਉਪਵਾਕ ਦੋ ਪਰਕਾਰ ਦੇ ਹੁੰਦੇ ਹਨ : ਸਵਾਧੀਨ ਅਤੇ ਪਰਾਧੀਨ। ਇਕ ਮਿਸ਼ਰਤ ਵਾਕ ਦੀ ਬਣਤਰ ਵਿਚ ਘੱਟੋ ਘੱਟ ਇਕ ਸਵਾਧੀਨ ਅਤੇ ਇਕ ਪਰਾਧੀਨ ਉਪਵਾਕ ਵਿਚਰਦਾ ਹੈ। ਪਰਾਧੀਨ ਉਪਵਾਕ ਮਿਸ਼ਰਤ ਵਾਕ ਦੀ ਬਣਤਰ ਵਿਚ ਸਵਾਧੀਨ ਉਪਵਾਕ ਤੋਂ ਬਿਨਾਂ ਵਿਚਰ ਸਕਣ ਦੀ ਸਮਰੱਥਾ ਨਹੀਂ ਰੱਖਦਾ ਜਿਵੇਂ : ‘ਜਿਹੜਾ ਮੁੰਡਾ ਕੱਲ੍ਹ ਆਇਆ ਸੀ, ਉਹ ਮੇਰਾ ਭਰਾ ਲਗਦਾ ਹੈ।’ ਇਸ ਵਾਕ ਵਿਚ ਪਹਿਲਾ ਉਪਵਾਕ ਪਰਾਧੀਨ ਹੈ ਅਤੇ ਦੂਜਾ ਉਪਵਾਕ ਸਵਾਧੀਨ ਹੈ। ਦੂਜਾ ਉਪਵਾਕ ਇਕੱਲੇ ਤੌਰ ’ਤੇ ਸਧਾਰਨ ਵਾਕ ਵਜੋਂ ਵਿਚਰ ਸਕਦਾ ਹੈ ਜਦੋਂ ਕਿ ਪਹਿਲਾ ਨਹੀਂ ਵਿਚਰ ਸਕਦਾ। ਪਰਾਧੀਨ ਉਪਵਾਕ ਤਿੰਨ ਪਰਕਾਰ ਦੇ ਹੁੰਦੇ ਹਨ, ਜਿਵੇਂ : (i) ਸੰਯੋਜਕੀ ਉਪਵਾਕ (ii) ਕਿ-ਉਪਵਾਕ (ਨਾਂਵ ਉਪਵਾਕ) ਅਤੇ (iii) ਕਿਰਿਆ ਵਿਸ਼ੇਸ਼ਣੀ ਉਪਵਾਕ। ਉਨ੍ਹਾਂ ਉਪਵਾਕਾਂ ਨੂੰ ਸੰਯੋਜਕੀ ਉਪਵਾਕਾਂ ਦੇ ਘੇਰੇ ਵਿਚ ਰੱਖਿਆ ਜਾਂਦਾ ਹੈ ਜਿਨ੍ਹਾਂ ਦੀ ਬਣਤਰ ਵਿਚ ‘ਜੋ, ਜਿਹੜਾ’ ਵਰਗ ਦੇ ਸੰਯੋਜਕ ਵਿਚਰਦੇ ਹਨ। ਪਰੰਪਰਾਵਾਦੀ ਵਿਆਕਰਨਾਂ ਵਿਚ ਇਸ ਪਰਕਾਰ ਦੇ ਉਪਵਾਕਾਂ ਨੂੰ ਵਿਸ਼ੇਸ਼ਣੀ ਉਪਵਾਕਾਂ ਵਿਚ ਰੱਖਿਆ ਜਾਂਦਾ ਹੈ। ਇਸ ਭਾਂਤ ਦੇ ਮਿਸ਼ਰਤ ਵਾਕਾਂ ਵਿਚ ਸੰਯੋਜਕੀ ਉਪਵਾਕ ਉਹ ਕਾਰਜ ਕਰਦੇ ਹਨ ਜੋ ਕਾਰਜ ਇਕ ਸਧਾਰਨ ਵਾਕ ਵਿਚ ਵਿਸ਼ੇਸ਼ਣੀ ਵਾਕੰਸ਼ ਕਰਦਾ ਹੈ ਜਿਵੇਂ : ‘ਉਹ ਸ਼ਹਿਰ ਉਜੜ ਗਿਆ ਜੋ ਪੁਰਾਣੀ ਸਭਿਅਤਾ ਦਾ ਪਰਤੀਕ ਸੀ।’ ਇਸ ਵਾਕ ਵਿਚ ‘ਜੋ’ ਨਾਲ ਸ਼ੁਰੂ ਹੋਣ ਵਾਲਾ ਉਪਵਾਕ ਪਰਾਧੀਨ ਉਪਵਾਕ ਹੈ। ਕਿ-ਉਪਵਾਕਾਂ ਵਾਲੇ ਮਿਸ਼ਰਤ ਵਾਕਾਂ ਵਿਚ ‘ਕਿ’ ਨਾਲ ਸ਼ੁਰੂ ਹੋਣ ਵਾਲੇ ਉਪਵਾਕ ਪਰਾਧੀਨ ਹੁੰਦੇ ਹਨ। ਇਹ ਉਪਵਾਕ ਕਿਸੇ ਸਧਾਰਨ ਵਾਕ ਵਿਚ ਨਾਂਵ ਵਾਕੰਸ਼ ਵਜੋਂ ਕਾਰਜ ਕਰਦੇ ਹਨ। ਇਨ੍ਹਾਂ ਦੀ ਬਣਤਰ ਵਿਚ ‘ਕਿ’ ਖਾਰਜ ਕਰ ਦਿੱਤਾ ਜਾਵੇ ਤਾਂ ਬਾਕੀ ਬਚੇ ਉਪਵਾਕ, ਸਵਾਧੀਨ ਉਪਵਾਕ ਵਜੋਂ ਵਿਚਰਨ ਲੱਗ ਪੈਂਦੇ ਹਨ। ਇਸ ਪਰਕਾਰ ਦੇ ਉਪਵਾਕ, ਵਾਕ ਦੇ ਪਹਿਲੇ ਸਥਾਨ ’ਤੇ ਨਹੀਂ ਵਿਚਰ ਸਕਦੇ ਜਿਵੇਂ : ‘ਮੈਂ ਸੁਣਿਆ ਹੋਇਆ ਦੀ ਕਿ ਸਾਂਗਲੇ ਇਕ ਪਹਾੜੀ ਹੈ।’ ਤੀਜੀ ਪਰਕਾਰ ਦੇ ਪਰਾਧੀਨ ਉਪਵਾਕ ਕਿਸੇ ਮਿਸ਼ਰਤ ਵਾਕ ਦੀ ਬਣਤਰ ਵਿਚ ਕਿਰਿਆ ਵਿਸ਼ੇਸ਼ਣੀ ਉਪਵਾਕ ਵਜੋਂ ਕਾਰਜ ਕਰਦੇ ਹਨ। ਇਸ ਭਾਂਤ ਦੇ ਕਿਰਿਆ ਵਿਸ਼ੇਸ਼ਣੀ ਉਪਵਾਕਾਂ ਦੀ ਬਣਤਰ ਜ-ਵਰਗ ਦੇ ਕਿਰਿਆ ਵਿਸ਼ੇਸ਼ਣਾਂ ਜਾਂ ਕਿਉਂਕਿ, ਭਾਵੇਂ, ਸਗੋਂ, ਜੇ ਆਦਿ ਸ਼ਬਦਾਂ ’ਤੇ ਨਿਰਭਰ ਹੁੰਦੀ ਹੈ, ਜਿਵੇਂ : ‘ਜਿਥੇ ਘਟੀਆਪਣ ਦਾ ਅਹਿਸਾਸ ਹੋਵੇ ਉਥੇ ਹਸਦ ਹੁੰਦਾ ਹੈ।’


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 5353, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.