ਪਸ਼ੂ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਸ਼ੂ (ਨਾਂ,ਪੁ) ਢੋਰ; ਡੰਗਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11895, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪਸ਼ੂ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਸ਼ੂ [ਨਾਂਪੁ] ਡੰਗਰ , ਹੈਵਾਨ; ਮੂਰਖ ਆਦਮੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11879, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਸ਼ੂ ਸਰੋਤ : ਡਾ.ਸੁਰਜੀਤ ਸਿੰਘ ਢਿੱਲੋਂ, ਸਾਬਕਾ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪਸ਼ੂ ਖ਼ੁਸ਼ਕ ਵਾਤਾਵਰਣ ਅਨੁਕੂਲ ਭਲੀ ਪ੍ਰਕਾਰ ਢੱਲੇ ਹੋਏ ਰੀੜ੍ਹ-ਸਹਿਤ ਪ੍ਰਾਣੀ ਹਨ, ਜਿਨ੍ਹਾਂ ਦੀ ਸ਼੍ਰੇਣੀ ਲਈ ਮੈਮੇਲੀਆ (Mammalia) ਦਾ ਸਿਰਲੇਖ ਵਰਤਿਆ ਜਾਂਦਾ ਹੈ। ਜਿਸ ਲਾਤੀਨੀ ਸ਼ਬਦ ਨੂੰ ਮੁੱਖ ਰੱਖਕੇ ਇਨ੍ਹਾਂ ਦੀ ਸ਼੍ਰੇਣੀ ਨੂੰ ਨਾਮ ਅਰਪਣ ਕੀਤਾ ਗਿਆ, ਉਹ ਹੈ ਮੈਮਾ (mamma), ਜਿਸ ਦਾ ਅਰਥਛਾਤੀ ’ ਹੈ। ਸਾਰੇ ਪਸ਼ੂ ਆਪਣੀ ਸੰਤਾਨ ਨੂੰ ਛਾਤੀ ਚੋਂ ਦੁੱਧ ਚੁੰਘਾ ਚੁੰਘਾ ਪਾਲਦੇ ਹਨ। ਪਸ਼ੂਆਂ ਦੇ ਸਰੀਰ ਰੋਮਾਂ ਨਾਲ ਕਜੇ ਹੋਏ ਹਨ ਅਤੇ ਪੰਛੀਆਂ ਵਾਂਗ , ਇਨ੍ਹਾਂ ਦਾ ਵੀ ਸਥਿਰ ਸਰੀਰਕ ਤਾਪਮਾਨ ਹੈ। ਇਨ੍ਹਾਂ ਪ੍ਰਾਣੀਆਂ ਦੀ, ਸੰਤਾਨ ਦੇ ਪ੍ਰਸੰਗ 'ਚ, ਉੱਤਮ ਵਿਵਸਥਾ ਹੈ। ਇਹ ਬੱਚਿਆਂ ਨੂੰ ਕੁੱਖੋਂ ਜਨਮ ਦਿੰਦੇ ਹਨ ਅਤੇ ਫਿਰ ਦੁੱਧ ਚੁੰਘਾ–ਚੁੰਘਾ ਇਨ੍ਹਾਂ ਦੀਆਂ ਮਾਵਾਂ ਇਨ੍ਹਾਂ ਨੂੰ ਪਾਲਦੀਆਂ ਰਹਿੰਦੀਆਂ ਹਨ। ਅਸੀਂ ਆਪ ਵੀ ਇਸੇ ਸ਼੍ਰੇਣੀ ਚੋਂ ਹਾਂ।

ਅਜਿਹੇ ਪਸ਼ੂ ਵੀ ਹਨ, ਜਿਹੜੇ ਬੱਚਿਆਂ ਨੂੰ ਜਨਮ ਨਹੀਂ ਦਿੰਦੇ, ਅੰਡੇ ਦਿੰਦੇ ਹਨ। ਇਹ ਪਸ਼ੂ ਹਨ ਪਲੈਟਿਪਸ (platypus) ਅਤੇ ਐਕਿਡਨਾ (echidna) ਅਤੇ ਇਹ ਕੇਵਲ ਆਸਟ੍ਰੇਲੀਆ ਵਿਖੇ ਵਿਚਰਦੇ ਹਨ। ਆਸਟ੍ਰੇਲੀਆ ਵਿਖੇ ਇਕ ਦੂਜਾ ਅਨੋਖਾ ਪਸ਼ੂ ਵੀ ਰਹਿ ਰਿਹਾ ਹੈ, ਕੰਗਾਰੂ। ਇਹ ਪਸ਼ੂ ਅਧਪ੍ਰਗਤ ਬੱਚਿਆਂ ਨੂੰ ਜਨਮ ਦੇ ਕੇ, ਫਿਰ ਇਨ੍ਹਾਂ ਨੂੰ ਪੇਟ ਉਪਰ ਬਣੀ ਥੈਲੀ ਅੰਦਰ ਰੱਖਕੇ ਪਾਲਦਾ ਹੈ। ਥੈਲੀ ਅੰਦਰ ਵਿਚਰਦੇ ਹੋਏ ਅਧਪ੍ਰਗਤ ਅਰਧ ਵਿਕਸਿਤ ਬੱਚੇ ਚੂਚੀਆਂ ਚੋਂ ਦੁੱਧ ਪੀ-ਪੀ ਸਰੀਰਕ ਪ੍ਰਗਤੀ ਦੇ ਬਾਕੀ ਪੜਾਅ ਪਾਰ ਕਰਦੇ ਹਨ।

ਆਮ ਵਿਖਾਈ ਦੇ ਰਹੇ ਪਸ਼ੂ ਆਉਲ ਵਾਲੇ ਪਸ਼ੂ ਹਨ, ਜਿਨ੍ਹਾਂ ਦੀ ਕੁੱਖ ਅੰਦਰ ਪਲਦਾ ਹੋਇਆ ਭਰੂਣ , ਸਰੀਰਕ ਪ੍ਰਗਤੀ ਦੇ ਸਾਰੇ ਪੜਾਅ ਪਾਰ ਕਰਨ ਉਪਰੰਤ, ਬੱਚੇ ਜਾਂ ਵਛੜੇ ਦੇ ਰੂਪ ’ਚ ਜਨਮ ਲੈਂਦਾ ਹੈ। ਕੁੱਖ ਅੰਦਰ ਪ੍ਰਗਤ ਹੋ ਰਹੇ ਭਰੂਣ ਦਾ ਆਉਲ ਦੁਆਰਾ ਮਾਂ ਦੇ ਲਹੂ ਨਾਲ ਸਬੰਧ ਬਣਿਆ ਰਹਿੰਦਾ ਹੈ। ਬਣੇ ਇਸ ਸਬੰਧ ਕਾਰਨ ਭਰੂਣ ਖ਼ੁਰਾਕ ਪ੍ਰਾਪਤ ਕਰਦਾ ਰਹਿੰਦਾ ਹੈ, ਸ੍ਵਾਸ ਲੈਂਦਾ ਰਹਿੰਦਾ ਹੈ ਅਤੇ ਉਪਜ ਰਹੇ ਰਸਾਇਣਕ ਫੂਹੜ ਦਾ ਨਿਪਟਾਰਾ ਕਰਦਾ ਰਹਿੰਦਾ ਹੈ। ਇਸ ਪ੍ਰਕਾਰ, ਕੁੱਖ 'ਚ ਪਲ ਰਿਹਾ ਬੱਚਾ , ਜੀਵਨ ਨਾਲ ਜੁੜੀਆਂ ਕਿਰਿਆਵਾਂ ਪੂਰੀਆਂ ਕਰਨ ਲਈ ਮਾਂ ਦੇ ਫੇਫੜੇ , ਜਿਗਰ, ਗੁਰਦੇ ਆਦਿ ਹੀ ਵਰਤਦਾ ਹੈ।

ਪਸ਼ੂਆਂ ਦੇ ਭਿੰਨ-ਭਿੰਨ ਵਰਗ ਭਿੰਨ ਭਿੰਨ ਸਹਿਜਵਾਸਾਂ 'ਚ ਵਿਚਰਦੇ ਹਨ ਅਤੇ ਇਨ੍ਹਾਂ ਨੇ ਭਿੰਨ -ਭਿੰਨ ਵਿਚਰਨ-ਢੰਗ ਅਪਣਾ ਰਖੇ ਹਨ। ਛਛੂੰਦਰਾਂ ਅਤੇ ਝਾਹੇ ਦਿਨੇਂ ਤਾਂ ਖੱਡਾਂ ਅੰਦਰ ਲੁਕੇ ਰਹਿੰਦੇ ਹਨ ਅਤੇ ਰਾਤੀਂ ਇਹ ਕੀੜਿਆਂ-ਪਤੰਗਿਆਂ ਨਾਲ ਪੇਟ ਭਰਨ ਲਈ ਬਾਹਰ ਆਉਂਦੇ ਹਨ। ਚਮਗਿਦੜਾਂ ਦਾ ਵੀ ਇਹੋ ਹਾਲ ਹੈ, ਜਿਹੜੇ ਦਿਨੇ ਰੁੱਖਾਂ ਦੀਆਂ ਟਹਿਣੀਆਂ ਨਾਲ ਉਲਟੇ ਟੰਗੇ ਰਹਿੰਦੇ ਹਨ ਅਤੇ ਰਾਤੀਂ ਕੀੜੇ-ਪਤੰਗੇ ਸਮੇਟਣ ਲਈ ਅਤੇ ਰੁੱਖਾਂ ਦੇ ਫਲ ਚਖਣ ਲਈ ਹਰਕਤ 'ਚ ਆ ਜਾਂਦੇ ਹਨ। ਇਹੋ ਅਜਿਹੇ ਪਸ਼ੂ ਹਨ, ਜਿਹੜੇ ਉਡ ਸਕਦੇ ਹਨ। ਇਨ੍ਹਾਂ ਦੀ ਵਖੀ ਅਤੇ ਬਾਂਹ ਵਿਚਕਾਰ ਤਣੀ ਹੋਈ ਪਤਲੀ ਚਮੜੀ ਉਡਣ ਲਈ ਪਰ ਦਾ ਕੰਮ ਕਰਦੀ ਹੈ। ਇਨ੍ਹਾਂ ਨੂੰ ਹਨੇਰੇ 'ਚ ਦਿਖਾਈ ਤਾਂ ਘੱਟ-ਵੱਧ ਹੀ ਦਿੰਦਾ ਹੈ, ਪਰ ਰਾਹ ਵਿਚਲੇ ਅੜਤਲਿਆਂ ਨੂੰ ਅਨੁਭਵ ਕਰਨ ਲਈ ਇਹ ਧੁਨੀ ਦੀ ਪਰਤਵੀਂ ਗੂੰਜ ਦਾ ਉਪਯੋਗ ਕਰਦੇ ਰਹਿੰਦੇ ਹਨ।

ਵਣਾਂ ਅੰਦਰ ਵਿਚਰਦੇ ਅਤੇ ਅਤੀ ਆਲਸੀ ਜੀਵਨ ਭੋਗਦੇ ਸਲੌਥ ਜਿਸ ਵਰਗ ਦੇ ਪਸ਼ੂ ਹਨ, ਉਸੇ ਵਰਗ 'ਚ ਸ਼ਾਮਲ ਹਨ, ਕੰਡਿਆਲੀਆਂ ਸੇਹਾਂ ਅਤੇ ਸਖਤ ਪਚਰੀਆਂ ਜੜੇ ਸਰੀਰ ਵਾਲੇ ਪੈਂਗੋਲਿਨ (pangolin)। ਜਿਨ੍ਹਾਂ ਪਸ਼ੂਆਂ ਦੀਆਂ ਟੰਗਾਂ ਦੇ ਸਿਰਿਆਂ ਉਪਰ ਖੁਰ ਹਨ, ਉਹ ਸਾਰੇ ਇਕ ਵਰਗ 'ਚ ਸ਼ਾਮਲ ਹਨ। ਇਸੇ ਵਰਗ ਦੇ ਇਕ ਧੜੇ 'ਚ ਘੋੜਾ , ਗਧਾ , ਗੈਂਡਾ ਆਦਿ ਸ਼ਾਮਲ ਹਨ, ਜਿਨ੍ਹਾਂ ਦੇ ਇਕ ਇਕ ਖੁਰ ਹੈ, ਜਦ ਕਿ ਇਸੇ ਵਰਗ ਦੇ ਦੂਜੇ ਧੜੇ 'ਚ ਸੂਰ , ਗਾਂ , ਮੱਝ , ਭੇੜ , ਬਕਰੀ , ਹਿਰਨ ਆਦਿ ਸ਼ਾਮਲ ਹਨ, ਜਿਨ੍ਹਾਂ ਦੀਆਂ ਦੋ ਦੋ ਖੁਰਾਂ ਵਾਲੀਆਂ ਟੰਗਾਂ ਹਨ। ਭਾਰੀ ਜੁੱਸੇ ਵਾਲੇ ਹਾਥੀਆਂ ਦਾ ਆਪਣਾ ਵੱਖਰਾ ਵਰਗ ਹੈ, ਜਿਨ੍ਹਾਂ ਦਾ ਨੱਕ ਲੰਬਾ ਹੋ ਕੇ ਸੁੰਡ ਬਣ ਗਿਆ ਹੈ ਅਤੇ ਸੂਏ ਕੁੰਢੇ ਹੁੱਡਾਂ 'ਚ ਬਦਲ ਗਏ ਹਨ। ਇਹੋ ਹੁੱਡ ਅਣਮੋਲ ਹਾਥੀ-ਦੰਦ ਹਨ, ਜਿਨ੍ਹਾਂ ਕਾਰਨ ਮੋਏ ਹਾਥੀ ਦਾ ਮੁੱਲ ਜਿਉਂਦੇ ਹਾਥੀ ਨਾਲੋਂ ਵੱਧ ਪੈਂਦਾ ਹੈ।

ਸ਼ਿਕਾਰੀ ਪਸ਼ੂਆਂ ਦਾ ਵੱਖਰਾ ਵਰਗ ਹੈ, ਜਿਸ 'ਚ ਸ਼ੇਰ, ਬਾਘ , ਚੀਤੇ, ਬਘਿਆੜ ਆਦਿ ਸ਼ਾਮਲ ਹਨ। ਇਨ੍ਹਾਂ ਪਸ਼ੂਆਂ ਦੇ ਤਿੱਖੇ ਦੰਦ ਅਤੇ ਤਿੱਖੀਆਂ ਨਹੁੰਦਰਾਂ ਹਨ। ਕੁੱਤੇ , ਬਿੱਲੀਆਂ ਅਤੇ ਰਿੱਛ ਇਨ੍ਹਾਂ ਦੇ ਸਬੰਧੀ ਪਸ਼ੂ ਹਨ, ਜਦ ਕਿ ਜਲ ਵਾਸੀ ਸੀਲ ਅਤੇ ਵਾਲਰਸ ਵੀ ਇਨ੍ਹਾਂ ਚੋਂ ਹੀ ਹਨ।

ਜਲ 'ਚ ਵਿਚਰਦੇ ਪਸ਼ੂਆਂ ਦਾ ਇਕ ਹੋਰ ਵੱਖਰਾ ਵਰਗ ਹੈ, ਜਿਸ 'ਚ ਦਰਿਆਈ ਘੋੜਾ, ਹਿੱਪੋ ਅਤੇ ਵ੍ਹੇਲਾਂ ਸ਼ਾਮਲ ਹਨ। ਵ੍ਹੇਲਾਂ ਅਤੀ ਪ੍ਰਭਾਵਸ਼ੀਲ ਜੁੱਸੇ ਅਤੇ ਆਕਾਰ ਦੀਆਂ ਮਾਲਿਕ ਹਨ। ਨੀਲੀ ਵ੍ਹੇਲ ਤਾਂ ਸੰਸਾਰ 'ਚ ਵਿਚਰ ਰਹੇ ਅਤੇ ਵਿਚਰ ਚੁੱਕੇ ਸਾਰੇ ਪ੍ਰਾਣੀਆਂ ਚੋਂ ਸਿਰਕੱਢ ਹੈ : ਇਸ ਦੇ ਸਰੀਰ ਦਾ 200 ਟੰਨ ਵਜ਼ਨ ਹੈ।

ਪਸ਼ੂਆਂ ਦਾ ਇਕ ਅਤੀ ਅਨੋਖਾ ਵਰਗ ਹੈ, ਜਿਸ ਨੂੰ ਪ੍ਰਾਈਮੇਟਿਸ (Primates) ਸੱਦਿਆ ਜਾਂਦਾ ਹੈ ਅਤੇ ਜਿਸ 'ਚ ਸ਼ਾਮਲ ਹਨ ਲੰਗੂਰ , ਬਾਂਦਰ , ਬਣਮਾਨਸ ਅਤੇ ਅਸੀਂ ਆਪ, ਭਾਵ ਮਨੁੱਖ। ਪ੍ਰਾਈਮੇਟਿਸ ਲਾਤੀਨੀ ਸ਼ਬਦ ਹੈ, ਜਿਸ ਦੇ ਅਰਥ ਹਨ ‘ਉਚ ਕੋਟੀ ’ ਦੇ ਅਤੇ ਉਚ ਕੋਟੀ ਦੇ ਇਹ ਸਾਰੇ ਪ੍ਰਾਣੀ, ਸਿਵਾਏ ਮਨੁੱਖ ਦੇ, ਵਣਾਂ ਦੇ ਵਾਸੀ ਹਨ ਅਤੇ ਇਨ੍ਹਾਂ ਦਾ ਵਧੇਰੇ ਸਮਾਂ ਰੁੱਖਾਂ ਉਪਰ ਹੀ ਬੀਤਦਾ ਹੈ ਅਤੇ ਰੁੱਖਾਂ ਤੋਂ ਹੀ ਇਹ ਆਪਣੀ ਖ਼ੁਰਾਕ ਪ੍ਰਾਪਤ ਕਰਦੇ ਹਨ। ਇਨ੍ਹਾਂ ਦਾ, ਹੋਰਨਾਂ ਪਸ਼ੂਆਂ ਦੇ ਟਾਕਰੇ, ਵਧੀਆ ਦਿਮਾਗ਼ ਹੈ, ਵਧੀਆ ਨਿਗਾਹ ਹੈ ਅਤੇ ਇਨ੍ਹਾਂ ਦੀਆਂ ਛੋਹਲੀਆਂ ਹਰਕਤਾਂ ਹਨ। ਮਨੁੱਖ ਤਾਂ ਆਪਣੇ ਦਿਮਾਗ਼ ਦੇ ਸਿਰ ਤੇ, ਆਪਣੇ ਸਾਥੀਆਂ ਨਾਲੋਂ ਵਿਛੜ ਕੇ, ਕਿਧਰੇ ਦੀ ਕਿਧਰੇ ਪੁੱਜ ਗਿਆ ਹੈ।


ਲੇਖਕ : ਡਾ. ਸੁਰਜੀਤ ਸਿੰਘ ਢਿੱਲੋਂ,
ਸਰੋਤ : ਡਾ.ਸੁਰਜੀਤ ਸਿੰਘ ਢਿੱਲੋਂ, ਸਾਬਕਾ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 11533, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.