ਪਾਪ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਾਪ (ਨਾਂ,ਪੁ) ਧਰਮ ਦੇ ਵਿਰੁੱਧ ਕੀਤਾ ਗਿਆ ਕਰਮ; ਗ਼ੁਨਾਹ; ਕੁਕਰਮ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7798, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪਾਪ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਾਪ [ਨਾਂਪੁ] ਅਨੈਤਿਕ ਕਾਰਜ , ਗ਼ੈਰਸਦਾਚਾਰੀ ਕੰਮ , ਗੁਨਾਹ, ਜੁਰਮ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7792, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਾਪ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪਾਪ: ਗੁਰਮਤਿ ਵਿਚ ਪੁੰਨ ਦੇ ਵਿਪਰੀਤ ਕਰਮ ਨੂੰ ‘ਪਾਪ’ ਕਿਹਾ ਗਿਆ ਹੈ। ਸਥੂਲ ਰੂਪ ਵਿਚ ‘ਪਾਪ’ ਅਜਿਹੇ ਕਰਮ ਦਾ ਲਖਾਇਕ ਹੈ ਜਿਸ ਤੋਂ ਮਨੁੱਖ ਨੂੰ ਆਪਣੇ ਆਪ ਨੂੰ ਬਚਾਉਣਾ ਚਾਹੀਦਾ ਹੈ। ਸਮਾਜ ਦੇ ਸਥਾਪਿਤ ਆਚਾਰ , ਅਖ਼ਲਾਕ ਜਾਂ ਨੈਤਿਕਤਾ , ਈਸ਼ਵਰੀ ਨਿਯਮਾਂ, ਇਸ਼ਟ ਜਾਂ ਧਰਮ ਪ੍ਰਤਿ ਪ੍ਰਵਾਨਿਤ ਕਰਤੱਵਾਂ ਆਦਿ ਦੀ ਉਲੰਘਣਾ ਆਮ ਤੌਰ ’ਤੇ ‘ਪਾਪ’ ਸਮਝੀ ਜਾਂਦੀ ਹੈ। ਪਾਪ ਦੀ ਕਲਪਨਾ ਜਾਂ ਮਾਨਤਾ ਦੀ ਸਥਾਪਨਾ ਸਾਰਿਆਂ ਧਰਮਾਂ, ਦੇਸ਼ਾਂ ਜਾਂ ਜਾਤੀਆਂ ਵਿਚ ਹੋਈ ਹੈ।

ਮਨੁੱਖ ਦੇ ਮਨ ਵਿਚ ਪਾਪ ਦੀ ਕਲਪਨਾ ਕਦੋਂ ਸ਼ੁਰੂ ਹੋਈ, ਇਸ ਬਾਰੇ ਪ੍ਰਮਾਣਿਕ ਤੌਰ’ਤੇ ਕੁਝ ਕਹਿ ਸਕਣਾ ਸਰਲ ਨਹੀਂ। ਇਸ ਦਾ ਸੰਬੰਧ ਵਿਸ਼ਵਾਸ ਨਾਲ ਜੁੜਿਆ ਹੋਇਆ ਹੈ। ਕੋਈ ਕਰਮ ਕਿਸੇ ਦੇਸ਼ ਜਾਂ ਜਾਤਿ ਲਈ ਪੁੰਨ ਹੈ ਤਾਂ ਕਿਸੇ ਹੋਰ ਵਿਚ ਪਾਪ ਵੀ ਸਮਝਿਆ ਜਾ ਸਕਦਾ ਹੈ। ਮੁੱਖ ਤੋਰ’ਤੇ ਪਾਪ ਦਾ ਸੰਬੰਧ ਧਰਮ-ਸ਼ਾਸਤ੍ਰ ਨਾਲ ਹੈ। ਬੌਧ -ਮਤ ਵਿਚ ਨਿਖਿਧ ਕਰਮ ਕਰਨਾ ਅਤੇ ਕਰਨ-ਯੋਗ ਕਰਮ ਨ ਕਰਨਾ ‘ਪਾਪ’ ਹੈ। ਵੇਦਾਂਤ ਅਨੁਸਾਰ ਧਰਮ ਤੋਂ ਉਲਟ ਸ਼ਾਸਤ੍ਰਾਂ ਵਿਚ ਵਰਜਿਤ ਕਰਮਾਂ ਨੂੰ ਕਰਨ ਨਾਲ ਪੈਦਾ ਹੋਣ ਵਾਲੇ ਅਧਰਮ, ਆਤਮਾ ਦੇ ਨਾਲ ਜੁੜੇ ਰਹਿ ਕੇ ਜਨਮਾਂਤਰਾਂ ਵਿਚ ਦੁਖਦਾਈ ਪਾਪ ਦੇ ਰੂਪ ਵਿਚ ਪ੍ਰਗਟ ਹੁੰਦੇ ਹਨ। ਸਾਂਖੑਯ -ਮਤ ਵਾਲੇ ਮਨੁੱਖ ਵਿਚ ਰਜੋ ਗੁਣ ਦੇ ਵਾਧੇ ਨੂੰ ਪਾਪ ਮੰਨਦੇ ਹਨ।

ਪਾਪਾਂ ਦੀ ਗਿਣਤੀ ਸਮੇਂ ਸਮੇਂ ਵਧਦੀ ਰਹੀ ਹੈ। ਇਨ੍ਹਾਂ ਸਾਰਿਆਂ ਲਈ ਵਰਗ-ਵੰਡ ਵੀ ਕੀਤੀ ਗਈ ਹੈ। ਹਿੰਦੂ ਧਰਮ ਵਿਚ ਮੁੱਖ ਤੌਰ’ਤੇ ਪੰਜ ਪਾਪ-ਵਰਗ ਮੰਨੇ ਗਏ ਹਨ—ਮਹਾ-ਪਾਪ, ਅਤਿ-ਪਾਪ, ਪਾਤਕ, ਪ੍ਰਸੰਗਿਕ ਅਤੇ ਉਪ-ਪਾਤਕ। ‘ਮਹਾਭਾਰਤ ’ ਵਿਚ ਦਸੇ ਗਏ ਦਸ ਮਹਾ -ਪਾਪ ਇਸ ਪ੍ਰਕਾਰ ਹਨ—ਹਿੰਸਾ, ਚੋਰੀ , ਪਰ-ਤ੍ਰੀਆ- ਗਮਨ ਕਰਨਾ, ਝੂਠ ਬੋਲਣਾ, ਕੌੜਾ ਬੋਲ ਉਚਰਨਾ, ਚੁਗ਼ਲੀ ਕਰਨਾ, ਪ੍ਰਣ ਤੋੜਨਾ, ਬੁਰਾ ਸੋਚਣਾ, ਨਿਰਦਈ ਹੋਣਾ, ਪੁੰਨਦਾਨ ਤੋਂ ਫਲ ਦੀ ਇੱਛਾ ਕਰਨਾ। ‘ਮਨੁ-ਸਮ੍ਰਿਤੀ’ (ਅ.11) ਵਿਚ ਮਹਾ-ਪਾਪਾਂ ਦੀ ਗਿਣਤੀ ਪੰਜ ਹੈ—ਬ੍ਰਹਮ- ਹਤਿਆ, ਸੁਰਾਪਾਨ, ਚੋਰੀ, ਪਰ-ਇਸਤਰੀ-ਗਮਨ ਅਤੇ ਅਜਿਹੇ ਪਾਪ ਕਰਨ ਵਾਲਿਆਂ ਦੇ ਸੰਪਰਕ ਵਿਚ ਆਉਣਾ। ਸਿੱਖ ਧਰਮ ਵਿਚ ਰਹਿਤਨਾਮਿਆਂ ਵਿਚ ਪਾਪਾਂ ਦੀ ਕਾਫ਼ੀ ਗਿਣਤੀ ਦਿੱਤੀ ਹੋਈ ਹੈ। ਹਰ ਪ੍ਰਕਾਰ ਦੀ ਕੁਰਹਿਤ ਸਿੱਖਾਂ ਲਈ ‘ਪਾਪ’ ਹੈ।

ਇਸਲਾਮ ਵਾਲਿਆਂ ਨੇ ਮੁੱਖ ਤੌਰ’ਤੇ ਦੋ ਪ੍ਰਕਾਰ ਦੇ ਪਾਪ (ਗੁਨਾਹ) ਮੰਨੇ ਹਨ—ਲਘੂ-ਪਾਪ ਅਤੇ ਮਹਾ-ਪਾਪ। ਮਹਾ-ਪਾਪਾਂ ਦੀ ਸੂਚੀ ਕੁਝ ਇਸ ਪ੍ਰਕਾਰ ਹੈ—ਰੱਬ ਦੇ ਬਰਾਬਰ ਕਿਸੇ ਹੋਰ ਨੂੰ ਮੰਨਣਾ, ਵਿਭਚਾਰ ਕਰਨਾ, ਜਾਣ ਬੁਝ ਕੇ ਕਤਲ ਕਰਨਾ, ਚੋਰੀ, ਗ਼ੈਰ-ਕੁਦਰਤੀ ਸੰਭੋਗ, ਸ਼ਰਾਬਨੋਸ਼ੀ, ਝੂਠੀ ਗਵਾਹੀ, ਯਤੀਮਾਂ ਨਾਲ ਧੋਖਾ , ਜਾਦੂ-ਟੂਣਾ, ਰੋਜ਼ਾ ਰਖਣ ਜਾਂ ਨਮਾਜ਼ ਗੁਜ਼ਾਰਨ ਵਿਚ ਅਵੇਸਲਾ ਹੋਣਾ ਆਦਿ। ਮਾਰੂ ਰਾਗ ਵਿਚ ਗੁਰੂ ਅਰਜਨ ਦੇਵ ਜੀ ਨੇ ਇਨ੍ਹਾਂ ਪਾਪਾਂ ਦੀ ਹਾਲਤ’ਤੇ ਪ੍ਰਕਾਸ਼ ਪਾਇਆ ਹੈ—ਪਾਪ ਕਰੇਦੜ ਸਰਪਰ ਮੁਠੇ ਅਜਰਾਈਲ ਫੜੇ ਫੜਿ ਕੁਠੇ ਦੋਜਕਿ ਪਾਏ ਸਿਰਜਣਹਾਰੈ ਲੇਖਾ ਮੰਗੈ ਬਾਣੀਆ (ਗੁ.ਗ੍ਰੰ.1019-20)।

ਈਸਾਈ-ਮਤ ਵਿਚ ਦੋ ਤਰ੍ਹਾਂ ਦੇ ਪਾਪਾਂ ਦੀ ਗੱਲ ਹੋਈ ਹੈ—ਆਦਿ-ਪਾਪ ਅਤੇ ਵਿਅਕਤੀਗਤ-ਪਾਪ। ਆਦਿ -ਪਾਪ ਦਾ ਸੰਬੰਧ ਆਦਮ ਅਤੇ ਹਵਾ ਨਾਲ ਜਾ ਜੁੜਦਾ ਹੈ ਜਿਸ ਕਰਕੇ ਉਨ੍ਹਾਂ ਨੂੰ ਧਰਤੀ ਉਤੇ ਸੁਟਿਆ ਗਿਆ ਸੀ। ਸਾਰੇ ਮਨੁੱਖ ਉਸੇ ਪਾਪ ਦੇ ਭਾਗੀ ਬਣ ਕੇ ਜਨਮ ਲੈਂਦੇ ਹਨ। ਇਸ ਤੋਂ ਛੁਟਕਾਰਾ ਈਸਾਈ-ਮਤ ਵਿਚ ਦੀਖਿਅਤ ਹੋਣ ਨਾਲ ਹੀ ਸੰਭਵ ਹੈ। ਵਿਅਕਤੀਗਤ-ਪਾਪ ਆਪਣੀ ਸੁਤੰਤਰ ਇੱਛਾ ਦੀ ਦੁਰਵਰਤੋਂ ਦੁਆਰਾ ਜਾਣ-ਬੁਝ ਕੇ ਈਸ਼ਵਰੀ ਇੱਛਾ ਦੇ ਵਿਰੁੱਧ ਆਚਰਣ ਕਰਨ ਨਾਲ ਹੁੰਦੇ ਹਨ।

ਸਮੁੱਚੇ ਤੌਰ’ਤੇ ਧਰਮ ਆਧਾਰਿਤ ਮਰਯਾਦਾ, ਨੈਤਿਕਤਾ ਅਤੇ ਈਸ਼ਵਰੀ ਨਿਯਮਾਂ ਦੇ ਵਿਰੁੱਧ ਕੀਤਾ ਹੋਇਆ ਕਰਮ ‘ਪਾਪ’ ਹੈ। ਇਸ ਤਰ੍ਹਾਂ ਚੰਗਾ ਕਰਮ ਪੁੰਨ ਹੈ ਅਤੇ ਮਾੜਾ ਕਰਮ ਪਾਪ ਹੈ। ਕਰਮ ਦੇ ਇਨ੍ਹਾਂ ਦੋਹਾਂ ਰੂਪਾਂ ਦੇ ਆਧਾਰ’ਤੇ ਸ੍ਰਿਸ਼ਟੀ ਦਾ ਚੱਕਰ ਜਾਂ ਆਵਾਗਵਣ ਦੀ ਪ੍ਰਕ੍ਰਿਆ ਚਲਦੀ ਹੈ। ਇਨ੍ਹਾਂ ਦੋਹਾਂ ਦੀਆਂ ਸੀਮਾਵਾਂ ਤੋਂ ਉੱਚਾ ਉਠਣ’ਤੇ ਹੀ ਪਰਮਾਤਮਾ ਦਾ ਮੇਲ ਸੰਭਵ ਹੈ। ਗੁਰੂ ਅਮਰਦਾਸ ਅਨੁਸਾਰ—ਕਾਇਆ ਅੰਦਰਿ ਪਾਪੁ ਪੁੰਨੁ ਦੁਇ ਭਾਈ ਦੁਹੀ ਮਿਲਿ ਕੈ ਸ੍ਰਿਸਟਿ ਉਪਾਈ ਦੋਵੈ ਮਾਰਿ ਜਾਇ ਇਕਤੁ ਘਰਿ ਆਵੈ ਗੁਰਮਤਿ ਸਹਜਿ ਸਮਾਵਣਿਆ (ਗੁ.ਗ੍ਰੰ.126)। ਪਾਪ-ਨਿਵਾਰਣ ਦਾ ਗੁਰੂ ਨਾਨਕ ਦੇਵ ਜੀ ਅਨੁਸਾਰ ਇਕੋ ਸਾਧਨ ਹੈ—ਭਰੀਐ ਮਤਿ ਪਾਪਾ ਕੈ ਸੰਗਿ ਓਹੁ ਧੋਪੈ ਨਾਵੈ ਕੈ ਰੰਗਿ(ਗੁ.ਗ੍ਰੰ.4)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7402, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਪਾਪ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਪਾਪ (ਸੰ.। ਸੰਸਕ੍ਰਿਤ) ਗੁਨਾਹ, ਅਪ੍ਰਾਧ , ਦੋਖ , ਮਾੜਾ ਕੰਮ। ਯਥਾ-‘ਪਰਹਰਿ ਪਾਪੁ ਪਛਾਣੈ ਆਪੁ’। ਤਥਾ-‘ਪਾਪ ਖੰਡਨ ਪ੍ਰਭ ਤੇਰੋ ਨਾਮੁ ’।

ਦੇਖੋ, ‘ਪਾਪ ਗਰਹ ’,‘ਪਾਪ ਰਤ ਕਰ ਝਾਰ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7403, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.