ਪਾਰਟੀਕਲਜ਼ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਪਾਰਟੀਕਲਜ਼: ਪਾਰਟੀਕਲਜ਼, ਬੰਦ ਸ਼ਬਦ-ਸ਼ਰੇਣੀ ਦੇ ਸ਼ਬਦ ਹਨ। ਪੰਜਾਬੀ ਵਿਆਕਰਨਾਂ ਵਿਚ ਇਸ ਸ਼ਬਦ-ਸ਼ਰੇਣੀ ਦੇ ਮੈਂਬਰਾਂ ਨੂੰ ਕਿਰਿਆ ਵਿਸ਼ੇਸ਼ਣਾਂ ਜਾਂ ਵਿਸ਼ੇਸ਼ਣਾਂ ਦੀ ਸੂਚੀ ਵਿਚ ਰੱਖਿਆ ਜਾਂਦਾ ਰਿਹਾ ਹੈ ਪਰ ਰੂਪ, ਵਰਤੋਂ ਅਤੇ ਵਾਕਾਤਮਕ ਪੱਖ ਤੋਂ ਇਨ੍ਹਾਂ ਸ਼ਬਦ ਰੂਪਾਂ ਦਾ ਇਨ੍ਹਾਂ ਨਾਲ ਕੋਈ ਮੇਲ ਨਹੀਂ ਬੈਠਦਾ। ਇਨ੍ਹਾਂ ਸ਼ਬਦਾਂ ਦੀ ਸ਼ਰੇਣੀ ਸਥਾਪਤੀ ਵਾਕ ਬਣਤਰ ਵਿਚ ਵਰਤੋਂ ਅਤੇ ਵਾਕਾਤਮਕ ਕਾਰਜ ਦੇ ਅਧਾਰ ’ਤੇ ਕੀਤੀ ਜਾਂਦੀ ਹੈ। ਇਨ੍ਹਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ ਜਿਵੇਂ : (i) ਨਾਂਹ-ਵਾਚਕ ਅਤੇ (ii) ਦਬਾ-ਵਾਚਕ। ਨਾਂਹ-ਵਾਚਕ ਪਾਰਟੀਕਲਜ਼ ਦੇ ਸ਼ਬਦ ਰੂਪ ‘ਨਾ, ਨਹੀਂ’ ਹਨ ਪਰੰਤੂ ਪੰਜਾਬੀ ਦੀਆਂ ਉਪਭਾਸ਼ਾਈ ਵੰਨਗੀਆਂ ਵਿਚ ਮੂਲ ਸ਼ਬਦ ਰੂਪਾਂ ਨਾਲੋਂ ਵੱਖਰੀ ਭਾਂਤ ਦੇ ਸ਼ਬਦ ਰੂਪਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ : ਨਈਂ, ਨਹੀਂਓਂ (ਮਾਝੀ)। ਨਾਂਹ-ਸੂਚਕ ਸ਼ਬਦ ਰੂਪ ਨਾਕਾਰਤਮਕ ਸਥਿਤੀ ਦਾ ਪਰਗਟਾਵਾ ਕਰਦੇ ਹਨ ਜਿਸ ਸ਼ਬਦ ਇਕਾਈ ਤੋਂ ਪਿਛੋਂ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਦਾ ਅਰਥ ਸਕਾਰਾਤਮਕ ਦੀ ਥਾਂ ਨਕਾਰਾਤਮਕ ਹੋ ਜਾਂਦਾ ਹੈ। ਇਨ੍ਹਾਂ ਦੀ ਵਰਤੋਂ ਸ਼ਬਦ ਤੋਂ ਲੈ ਕੇ ਵਾਕ ਤੱਕ ਕੀਤੀ ਜਾਂਦੀ ਹੈ ਜਿਵੇਂ : ‘ਉਹ ਨਹੀਂ ਸਕੂਲ ਜਾਂਦਾ, ਉਹ ਸਕੂਲ ਨਹੀਂ ਜਾਂਦਾ, ਉਹ ਸਕੂਲ ਜਾਂਦਾ ਨਹੀਂ।’ ਨਾਂਹ-ਵਾਚਕ ਸ਼ਬਦ ਰੂਪਾਂ ਦੀ ਵਰਤੋਂ ਵਿਕਲਪੀ ਨਹੀਂ ਹੁੰਦੀ, ਜਿਵੇਂ : ‘ਉਹ ਰੋਟੀ ਨਹੀਂ ਖਾਂਦਾ, ਉਹ ਰੋਟੀ ਨਾ ਖਾਂਦਾ।’ ‘ਨਾ’ ਤੇ ‘ਨਹੀਂ’ ਦੀ ਵਰਤੋਂ ਵਿਕਲਪੀ ਨਹੀਂ। ‘ਨਾ’ ਦੀ ਵਰਤੋਂ ਅਗਿਆਵਾਚੀ ਵਾਕਾਂ ਲਈ ਵੀ ਕੀਤੀ ਜਾਂਦੀ ਹੈ ਜਿਵੇਂ : ਤੂੰ ਘਰ ਨਾ ਜਾਂਦਾ। ਜਿਨ੍ਹਾਂ ਵਾਕਾਂ ਵਿਚ ਨਾਂਹ-ਸੂਚਕਾਂ ਦੀ ਵਰਤੋਂ ਕੀਤੀ ਜਾਂਦੀ ਹੋਵੇ ਉਨ੍ਹਾਂ ਵਿਚ ਸਹਾਇਕ ਕਿਰਿਆ ‘ਹੈ’ ਦੀ ਵਰਤੋਂ ਨਹੀਂ ਹੁੰਦੀ।
ਇਸ ਸ਼ਬਦ-ਸ਼ਰੇਣੀ ਦੇ ਦੂਜੇ ਮੈਂਬਰ ਨੂੰ ‘ਦਬਾ-ਵਾਚਕ’ ਸ਼ਬਦ ਕਿਹਾ ਜਾਂਦਾ ਹੈ। ਵਾਕਾਤਮਕ ਬਣਤਰ ਵਿਚ ‘ਦਬਾ-ਵਾਚਕ’ ਦੀ ਵਰਤੋਂ ਉਸ ਅੰਸ਼ ਤੋਂ ਪਿਛੋਂ ਕੀਤੀ ਜਾਂਦੀ ਹੈ ਜਿਸ ’ਤੇ ਦਬਾ ਦਿੱਤਾ ਜਾਣਾ ਹੋਵੇ। ਰੂਪ ਦੇ ਪੱਖ ਤੋਂ ਇਹ ਸ਼ਬਦ ਇਕਹਿਰੇ ਅਤੇ ਜੁੱਟ ਵਿਚ ਵਿਚਰਦੇ ਹਨ ਜਿਵੇਂ : ‘ਹੀ, ਈ, ਵੀ, ਤਾਂ, ਜੁ, ਕਾਹਦਾ, ਤੇ, ਹਾਂ’ ਆਦਿ ਇਕਹਿਰੇ ਸ਼ਬਦਾਂ ਵਜੋਂ ਵਿਚਰਦੇ ਹਨ ਜਿਵੇਂ : ‘ਉਹ ਸ਼ਹਿਰ ਹੀ ਗਿਐ, ਉਹ ਹੀ ਸ਼ਹਿਰ ਗਿਐ, ਉਹ ਸ਼ਹਿਰ ਜੁ ਗਿਐ, ਉਹ ਜੁ ਸ਼ਹਿਰ ਗਿਐ।’ ‘ਹਾਂ’ ਦੀ ਵਰਤੋਂ ਆਮ ਤੌਰ ’ਤੇ ਵਾਕ ਦੇ ਸ਼ੁਰੂ ਵਿਚ ਹੁੰਦੀ ਹੈ, ‘ਵੀ’ ਦੀ ਵਰਤੋਂ ਆਮ ਤੌਰ ’ਤੇ ਵਾਕ ਦੇ ਵਿਚਕਾਰ ਹੁੰਦੀ ਹੈ। ਵਾਕ ਦੇ ਸ਼ੁਰੂ ਵਿਚ ਕਦੀ ਵੀ ਨਹੀਂ ਪਰ ਵਾਕ ਦੇ ਅਖੀਰ ਤੇ ਕਦੀ ਕਦੀ ਵਿਚਰ ਸਕਦਾ ਹੈ। ‘ਹੈ’ ਵਾਕਾਤਮਕ ਬਣਤਰ ਵਿਚ ਕਿਸੇ ਵੀ ਸਥਾਨ ’ਤੇ ਵਿਚਰ ਸਕਦਾ ਹੈ। ਇਸ ਤੋਂ ਪਹਿਲਾਂ, ਜਾਂ ਪਿਛੋਂ ‘ਤਾਂ’ ਵਿਚਰਦਾ ਹੈ ਅਤੇ ਦੋਵੇਂ ਸ਼ਬਦ ਰੂਪ ਰਲ ਕੇ ਦਬਾ ਦਾ ਕਾਰਜ ਕਰਦੇ ਹਨ। ਦੂਜੇ ਪਾਸੇ ਜਦੋਂ ਦੋ ਸ਼ਬਦ ਰੂਪ ਇਕੋ ਕਾਰਜ ਕਰਦੇ ਹੋਣ ਤਾਂ ਉਨ੍ਹਾਂ ਨੂੰ ਜੁੱਟ ਕਿਹਾ ਜਾਂਦਾ ਹੈ। ਦਬਾ-ਵਾਚਕ ਸ਼ਬਦ ਰੂਪ ਵਾਕ ਵਿਚ ਕਈ ਸਥਾਨਾਂ ’ਤੇ ਇਕੱਠੇ ਅਤੇ ਕਈ ਵਾਰੀ ਖਿਲਰੇ ਹੋਏ ਰੂਪਾਂ ਦੇ ਤੌਰ ’ਤੇ ਵਿਚਰਦੇ ਹਨ, ਜਿਵੇਂ : ਤੇ-ਸਹੀ (ਉਹ ਜਾਵੇ ਤੇ ਸਹੀ, ਉਹ ਜਾਵੇ ਤਾਂ ਸਹੀ ਭਲਾ), ਖਾਂ-ਜਰਾ (ਤੂੰ ਪਿਛੇ ਹਟੀ ਖਾਂ ਜਰਾ), ਖਾਂ-ਭਲਾ (ਤੂੰ ਪਿਛੇ ਹਟੀ ਖਾਂ ਭਲਾ)। ਇਨ੍ਹਾਂ ਜੁੱਟਾਂ ਦੀ ਵਰਤੋਂ ਨੂੰ ਉਲਟਾਇਆ ਨਹੀਂ ਜਾ ਸਕਦਾ, ਜਿਵੇਂ : ਜਰਾ-ਖਾਂ (ਤੂੰ ਪਿਛੇ ਹਟੀਂ ਜਰਾ ਖਾਂ)*।
ਹੀ, ਈ\ਵੀ, ਭੀ\ਤੇ ਆਦਿ ਦੀ ਵਰਤੋਂ ਵਿਕਲਪੀ ਹੋ ਸਕਦੀ ਹੈ, ਜਿਵੇਂ : ਤੇ\ਤਾਂ (ਉਹ ਤੇ ਪੜ੍ਹਦਾ ਨਹੀਂ, ਉਹ ਤਾਂ ਪੜ੍ਹਦਾ ਨਹੀਂ)। ਇਨ੍ਹਾਂ ਸ਼ਬਦ-ਸ਼ਰੇਣੀਆਂ ਬਾਰੇ ਇਕ ਹੋਰ ਗੱਲ ਨੋਟ ਕਰਨ ਵਾਲੀ ਹੈ ਕਿ ਵਾਕਾਤਮਕ ਬਣਤਰ ਵਿਚ ਨਾਂਹ-ਵਾਚਕ ਸ਼ਬਦ ‘ਨਾ, ਨਹੀਂ’ ਆਮ ਤੌਰ ’ਤੇ ਕਿਰਿਆ ਰੂਪਾਂ ਤੋਂ ਪਹਿਲਾਂ ਵਿਚਰਦੇ ਹਨ ਪਰ ਜੇ ਕਿਸੇ ਵਾਕਾਤਮਕ ਬਣਤਰ ਵਿਚ ਨਾਂਹ-ਵਾਚਕ ਅਤੇ ਦਬਾ-ਵਾਚਕ ਦੋਵੇਂ ਸ਼ਬਦ ਰੂਪਾਂ ਦੀ ਵਰਤੋਂ ਹੋਵੇ ਤਾਂ ਨਾਂਹ ਵਾਚਕ ਸ਼ਬਦ ਰੂਪਾਂ ਦੀ ਆਮਦ ਦਬਾ-ਵਾਚਕ ਸ਼ਬਦ ਰੂਪਾਂ ਤੋਂ ਪਿਛੋਂ ਹੁੰਦੀ ਹੈ, ਜਿਵੇਂ :’ਮਰੇ ਆਦਮੀ ਨੂੰ ਉਹ ਵੇਖ ਹੀ ਨਹੀਂ ਸਕਦਾ, ਮਰੇ ਆਦਮੀ ਨੂੰ ਉਹ ਵੇਖ ਨਹੀਂ ਹੀ ਸਕਦਾ*’।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 2858, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First