ਪਿੰਜੌਰ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਪਿੰਜੌਰ (ਕਸਬਾ): ਹਰਿਆਣਾ ਪ੍ਰਾਂਤ ਵਿਚ ਕਾਲਕਾ ਨਗਰ ਦੇ ਨੇੜੇ ਕਾਲਕਾ-ਚੰਡੀਗੜ੍ਹ ਸੜਕ ਉਤੇ ਵਸਿਆ ਇਕ ਇਤਿਹਾਸਿਕ ਕਸਬਾ , ਜੋ ਕਦੇ ਪਟਿਆਲਾ ਰਿਆਸਤ ਵਿਚ ਸ਼ਾਮਲ ਸੀ ਅਤੇ ਜਿਥੇ ਇਕ ਸੁੰਦਰ ਬਾਗ਼ ਬਣਿਆ ਹੋਇਆ ਹੈ। ਕੁਝ ਇਤਿਹਾਸਕਾਰਾਂ ਅਨੁਸਾਰ ਇਸ ਨੂੰ ਫ਼ਿਰੋਜ਼ਸ਼ਾਹ ਤੁਗ਼ਲਕ ਨੇ ਬਣਵਾਇਆ ਸੀ ਅਤੇ ਕੁਝ ਲੇਖਕਾਂ ਨੇ ਇਸ ਨੂੰ ਔਰੰਗਜ਼ੇਬ ਬਾਦਸ਼ਾਹ ਦੇ ਇਕ ਅਹਿਲਕਾਰ ਫ਼ਿਦਾਈਖ਼ਾਨ ਨੇ ਆਪਣੀ ਜਾਗੀਰ ਵਿਚ ਉਸਰਵਾਇਆ ਸੀ। ਇਸ ਨੂੰ ਪਹਿਲਾਂ ‘ਮੁਗ਼ਲ ਗਾਰਡਨ’ ਕਿਹਾ ਜਾਂਦਾ ਸੀ, ਪਰ ਪਟਿਆਲਾ-ਪਤਿ ਮਹਾਰਾਜਾ ਯਾਦਵਿੰਦਰ ਸਿੰਘ ਦੇ ਸੰਨ 1974 ਈ. ਵਿਚ ਹੋਏ ਦੇਹਾਂਤ ਵੇਲੇ ਇਸ ਬਾਗ਼ ਨੂੰ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ।
ਇਸ ਬਾਗ਼ ਦੇ ਨੇੜੇ ਕਦੇ ਧਾਰਾ-ਮੰਡਪ ਨਾਂ ਦੇ ਯੋਗੀਆਂ ਦਾ ਡੇਰਾ ਸੀ। ਗੁਰੂ ਨਾਨਕ ਦੇਵ ਜੀ ਇਸ ਪਾਸੇ ਦੀ ਆਪਣੀ ਉਦਾਸੀ ਵੇਲੇ ਸੰਨ 1517 ਈ. ਵਿਚ ਇਥੇ ਆਏ ਸਨ ਅਤੇ ਯੋਗੀਆਂ ਨਾਲ ਗੋਸਟਿ ਕਰਕੇ ਹਠ-ਸਾਧਨਾ ਦੀ ਥਾਂ ਨਾਮ-ਸਾਧਨਾ ਦੀ ਅਹਿਮੀਅਤ ਨੂੰ ਦਰਸਾਇਆ ਸੀ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਪਹਿਲਾਂ ਇਥੇ ਇਕ ਥੜਾ ਸਾਹਿਬ ਸੀ, ਜਿਸ ਉਤੇ ਇਕ ਛੋਟਾ ਜਿਹਾ ਮੰਜੀ ਸਾਹਿਬ ਬਣਵਾਇਆ ਗਿਆ। ਪਟਿਅਲਾ-ਪਤਿ ਮਹਾਰਾਜਾ ਕਰਮ ਸਿੰਘ ਨੇ ਆਪਣੇ ਰਾਜ- ਕਾਲ ਵਿਚ ਇਸ ਗੁਰੂ-ਧਾਮ ਦੀ ਸੁੰਦਰ ਇਮਾਰਤ ਬਣਵਾਈ, ਜੋ ਹੁਣ ‘ਗੁਰਦੁਆਰਾ ਪਹਿਲੀ ਪਾਤਿਸ਼ਾਹੀ ਮੰਜੀ ਸਾਹਿਬ’ ਵਜੋਂ ਪ੍ਰਸਿੱਧ ਹੈ। ਇਥੇ ਹਰ ਸਾਲ ਵਿਸਾਖ ਸੁਦੀ ੩ ਨੂੰ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਮੰਨਾਉਣ ਵਜੋਂ ਮੇਲਾ ਲਗਦਾ ਹੈ। ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ ਅਤੇ ਇਸ ਦੀ ਵਿਵਸਥਾ ਗੁਰਦੁਆਰਾ ਨਾਢਾ ਸਾਹਿਬ ਦੀ ਕਮੇਟੀ ਕਰਦੀ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8981, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਪਿੰਜੌਰ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਪਿੰਜੌਰ : ਹਰਿਆਣਾ ਰਾਜ ਦਾ ਇਕ ਕਸਬਾ ਹੈ ਜਿਹੜਾ ਚੰਡੀਗੜ੍ਹ-ਕਾਲਕਾ ਸੜਕ ਉੱਤੇ ਚੰਡੀਗੜ੍ਹ ਤੋਂ ਲਗਭਗ 20 ਕਿ.ਮੀ. ਦੂਰ ਘੱਗਰ ਦੀਆਂ ਸਹਾਇਕ ਨਦੀਆਂ ਕੌਸ਼ਲਿਆ ਅਤੇ ਛੱਜਰ ਦੇ ਸੰਗਮ ਉੱਤੇ ਵਾਕਿਆ ਹੈ। ਇਸ ਦੀ ਬਹੁਤੀ ਪ੍ਰਸਿੱਧੀ ਇਥੋਂ ਦੇ ਮੁਗ਼ਲ ਬਾਗ਼ਾਂ ਕਰ ਕੇ ਹੈ ਜਿਨ੍ਹਾਂ ਨੂੰ ਅੱਜਕੱਲ੍ਹ ਪਿੰਜੌਰ ਗਾਰਡਨਜ਼ ਵੀ ਕਿਹਾ ਜਾਂਦਾ ਹੈ। ਇਸ ਥਾਂ ਦੇ ਇਤਿਹਾਸ ਸਬੰਧੀ ਇਹ ਕਿਹਾ ਜਾਂਦਾ ਹੈ ਕਿ ਇਸ ਦਾ ਪੁਰਾਣਾ ਨਾਂ ਪੰਚਪੁਰਾ ਸੀ ਅਤੇ ਇਸ ਦਾ ਸਬੰਧ ਪੰਜ ਪਾਂਡਵਾਂ ਨਾਲ ਜੋੜਿਆ ਜਾਂਦਾ ਹੈ। ਇਹ ਕਿਹਾ ਜਾਂਦਾ ਹੈ ਕਿ ਪਾਂਡਵ ਭਰਾ ਆਪਣੇ ਬਾਰਾਂ ਵਰ੍ਹੇ ਦੇ ਬਨਵਾਸ ਦਾ ਕਾਫ਼ੀ ਸਮਾਂ ਇਥੇ ਹੀ ਰਹੇ।
ਅਜੋਕੇ ਬਾਗ਼ ਦੀ ਨੀਂਹ ਸਤਾਰ੍ਹਵੀਂ ਸਦੀ ਵਿਚ ਔਰੰਗਜ਼ੇਬ ਦੇ ਦੁੱਧ-ਭਰਾ ਅਤੇ ਉਸ ਸਮੇਂ ਪੰਜਾਬ ਦੇ ਗਵਰਨਰ ਫ਼ਿਦਾਈ ਖ਼ਾਨ ਕੋਕਾ ਨੇ ਰੱਖੀ। ਉਸ ਨੇ ਬੜੀ ਰੀਝ ਨਾਲ ਇਹ ਬਾਗ਼ ਬਣਵਾਇਆ ਪਰ ਕਿਹਾ ਜਾਂਦਾ ਹੈ ਕਿ ਆਸ-ਪਾਸ ਦੇ ਰਾਜਿਆਂ ਨੇ ਆਪਣੇ ਰਾਜ ਖੁੱਸਣ ਦੇ ਡਰੋਂ ਗਿੱਲ੍ਹੜ ਰੋਗ ਨਾਲ ਪੀੜਤ ਔਰਤਾਂ ਨੂੰ ਕਿਸੇ ਤਰੀਕੇ ਗਵਰਨਰ ਦੇ ਮਹਿਲ ਵਿਚ ਭੇਜਣਾ ਸ਼ੁਰੂ ਕੀਤਾ। ਬੇਗ਼ਮਾਂ ਇਸ ਰੋਗ ਦਾ ਕਾਰਨ ਸੁਣ ਕੇ ਭੈ-ਭੀਤ ਹੋ ਗਈਆਂ ਅਤੇ ਨਤੀਜੇ ਵੱਜੋਂ ਇਹ ਇਲਾਕਾ ਹੀ ਛੱਡ ਕੇ ਚਲੀਆਂ ਗਈਆਂ। ਫ਼ਿਦਾਈ ਖ਼ਾਨ ਦੇ ਚਲੇ ਜਾਣ ਨਾਲ ਇਹ ਇਲਾਕਾ ਪਹਿਲਾਂ ਭਿਵਾਨਾ ਦੇ ਰਾਜਾ ਅਤੇ ਫ਼ਿਰ ਸਿਰਮੌਰ ਦੇ ਰਾਜਾ ਅਧੀਨ ਚਲਾ ਗਿਆ ਅਤੇ ਬਾਗ਼ ਦੀ ਹਾਲਤ ਵੀ ਖ਼ਰਾਬ ਹੋ ਗਈ। ਮੁੜ ਇਸ ਬਾਗ਼ ਨੂੰ ਖੁਸ਼ਹਾਲ ਕਰਨ ਦਾ ਸਿਹਰਾ ਪਟਿਆਲਾ ਰਿਆਸਤ ਦੇ ਸ਼ਾਸਕਾਂ ਸਿਰ ਹੈ ਜਿਨ੍ਹਾਂ ਨੇ ਚੌਖਾ ਪੈਸਾ ਖਰਚ ਕੇ ਇਸ ਨੂੰ ਨਵਾਂ ਰੂਪ ਦਿੱਤਾ। ਇਹ ਹੁਣ ਸੈਲਾਨੀਆਂ ਲਈ ਇਕ ਪ੍ਰਸਿੱਧ ਕੇਂਦਰ ਬਣ ਗਿਆ ਹੈ। ਪਟਿਆਲਾ ਰਿਆਸਤ ਦੇ ਮਹਾਰਾਜਾ ਯਾਦਵਿੰਦਰ ਸਿੰਘ ਦੇ ਨਾਂ ਉੱਪਰ ਇਸ ਮੁਗ਼ਲ ਬਾਗ਼ ਦਾ ਨਾਂ ਬਦਲ ਕੇ 'ਯਾਦਵਿੰਦਰਾ ਗਾਰਡਨਜ਼' ਰੱਖ ਦਿੱਤਾ ਗਿਆ ਸੀ।
ਇਸ ਬਾਗ਼ ਦਾ ਮੁੱਖ-ਦੁਆਰ ਪੂਰਬ ਵੱਲ ਹੈ। ਕਈ ਟੈਰਿਸਾਂ ਵਿਚ ਬਣੇ ਇਸ ਬਾਗ਼ ਦਾ ਮੁੱਖ ਦੁਆਰ ਸਭ ਤੋਂ ਉੱਪਰਲੀ ਟੈਰਿਸ (ਪੌੜੀ) ਤੇ ਹੈ ਜਿਹੜਾ ਕਿ ਆਮ ਮੁਗ਼ਲ ਬਾਗਾਂ ਦੇ ਨਮੂਨੇ ਦੇ ਉਲਟ ਹੈ ਕਿਉਂਕਿ ਬਾਕੀ ਦੇ ਅਜਿਹੇ ਬਾਗਾਂ ਵਿਚ ਮੁੱਖ-ਦੁਆਰ ਸਭ ਤੋਂ ਹੇਠਲੀ ਟੈਰਿਸ ਤੇ ਰੱਖਿਆ ਹੁੰਦਾ ਹੈ। ਇਸ ਅੱਗੇ ਬਾਰਾਦਰੀ ਹੈ ਜਿਸ ਦੀ ਛੱਤ ਗੋਲਾਈਦਾਰ ਅਤੇ ਦੋਹਾਂ ਪਾਸਿਆਂ ਵੱਲ ਛੋਟੇ ਗੁੰਬਦ ਬਣੇ ਹਨ। ਇਸ ਬਾਰਾਦਰੀ ਤੋਂ ਅੱਗੇ 'ਪਰਦਾ ਬਾਗ਼' ਹੈ ਜੋ ਵਿਸ਼ੇਸ਼ ਤੌਰ ਤੇ ਬੇਗ਼ਮਾਂ ਲਈ ਬਣਵਾਇਆ ਗਿਆ ਸੀ। ਇਥੇ ਵਿਚਕਾਰ ਵਹਿੰਦਾ ਪਾਣੀ ਇਕ ਵਾਧਰੇ ਛੱਜੇ ਤੋਂ ਹੇਠਾਂ ਡਿੱਗਦਾ ਹੈ ਜਿਸ ਹੇਠ ਛੇ ਕਤਾਰਾਂ ਵਿਚ ਪੰਦਰਾਂ-ਪੰਦਰਾਂ ਆਲੇ ਬਣੇ ਹਨ ਜਿਨ੍ਹਾਂ ਵਿਚ ਦੀਵੇ ਬਾਲ ਕੇ ਰੱਖੇ ਜਾਂਦੇ ਸਨ। ਇਹ ਨਮੂਨਾ ਆਗਰੇ ਦੇ ਰਾਮ ਬਾਗ਼ ਵਿਖੇ ਬਾਬਰ ਨੇ ਬਣਵਾਇਆ ਸੀ।
ਦੂਜੀ ਪੱਧਰ (ਟੈਰਿਸ) ਦੇ ਪੱਛਮ ਵੱਲ ਪ੍ਰਸਿੱਧ ਮਹਿਲ 'ਰੰਗ ਮਹਿਲ' ਹੈ। ਇਹ ਇਸ ਬਾਗ਼ ਦੇ ਪਹਿਲੇ ਦੋ ਚਬੂਤਰਿਆਂ/ਪੌੜੀਆਂ/ਟੈਰਿਸ ਨੂੰ ਹੇਠਲੇ ਬਾਕੀ ਬਾਗ਼ ਨਾਲੋਂ ਬੜੀ ਖੂਬਸੂਰਤੀ ਨਾਲ ਨਿਖੇੜਦਾ ਹੈ। ਇਸ ਮਹਿਲ ਦੀਆਂ ਕੰਧਾਂ ਉੱਪਰ ਚਿੱਤਰਕਾਰੀ ਆਗਰਾ ਅਤੇ ਦਿੱਲੀ ਦੀਆਂ ਮੁਗ਼ਲ ਇਮਾਰਤਾਂ ਵਾਂਗ ਹੀ ਸੀ। ਛੱਤ ਉੱਪਰ ਕਸ਼ਮੀਰੀ ਸੁਨਹਿਰੀ ਪਾਲਿਸ਼ ਅਤੇ ਦਰਵਾਜ਼ਿਆਂ ਉੱਪਰ ਗੁਲਦਸਤੇ ਚਿਤਰੇ ਹੋਏ ਸਨ। ਪਟਿਆਲਾ ਦੇ ਮਹਾਰਾਜਾ ਨੇ ਇਥੇ ਕਾਫ਼ੀ ਮੁਰੰਮਤ ਕਰਵਾਈ ਜਿਸ ਨਾਲ ਮੁਗ਼ਲ ਛਾਪ ਕੁਝ ਘੱਟ ਹੋ ਗਈ ਹੈ। ਇਸ ਲਈ ਇਨ੍ਹਾਂ ਕੰਧਾਂ ਦੀ ਚਿੱਤਰਕਾਰੀ ਆਧੁਨਿਕ ਢੰਗ ਵਿਚ ਤਬਦੀਲ ਹੁੰਦੀ ਜਾ ਰਹੀ ਹੈ।
ਚੌਥੇ ਟੈਰਿਸ ਉੱਤੇ ਇਕ ਪਾਣੀ ਦਾ ਤਲਾਅ ਹੈ ਜਿਸ ਦੇ ਦੱਖਣੀ ਕੰਢੇ ਉੱਪਰ ਇਕ ਛੋਟਾ ਜਿਹਾ ਜਲ-ਮਹਿਲ ਸੀ ਜੋ ਹੁਣ ਇਕ ਰੈਸਤੋਰਾਂ ਵੱਜੋਂ ਵਰਤਿਆ ਜਾਂਦਾ ਹੈ। ਇਸ ਦੇ ਚਾਰ ਪਾਸੇ ਫੁਹਾਰੇ ਚਲਦੇ ਹਨ। ਇਸ ਸਾਰੇ ਬਾਗ਼ ਵਿਚ ਰੁੱਖ ਅਤੇ ਫੁੱਲਦਾਰ ਪੌਦੇ ਬੜੇ ਸੁਹਣੇ ਢੰਗ ਨਾਲ ਲਗਾਏ ਹੋਏ ਹਨ।
ਇਸ ਸਾਰੇ ਬਾਗ਼ ਦੇ ਆਸ ਪਾਸ ਕਿੰਗਰੇਦਾਰ ਕੰਧ ਹੈ ਜਿਸ ਦੀ ਹਰ ਨੁੱਕਰ ਉੱਪਰ ਇਕ ਅੱਠਭੁਜਾ ਮੀਨਾਰ ਬਣਿਆ ਹੋਇਆ ਹੈ। ਇਹ ਕੰਧ ਬਹੁਤ ਉੱਚੀ ਬਣੀ ਹੋਈ ਹੈ ਜਿਸ ਕਾਰਨ ਬਾਹਰੋਂ ਕੋਈ ਵੀ ਇਸ ਬਾਗ਼ ਦੀ ਸੁੰਦਰਤਾ ਦੇਖ ਜਾਂ ਮਹਿਸੂਸ ਨਹੀਂ ਕਰ ਸਕਦਾ।
ਪਿੰਜੌਰ ਵਿਚ ਇਕ ਛੋਟਾ ਜਿਹਾ ਤਲਾਅ ਹੈ ਜਿਸ ਨੂੰ ਧਾਰਾ ਮੰਡਲ ਕਿਹਾ ਜਾਂਦਾ ਹੈ। ਇਸ ਦੇ ਇਕ ਪਾਸੇ ਮੰਦਰ ਬਣਿਆ ਹੋਇਆ ਹੈ। ਇਹ ਵੀ ਪਾਂਡਵਾਂ ਦੇ ਜੀਵਨ ਨਾਲ ਸਬੰਧਤ ਹੈ। ਇਥੇ ਵਿਸਾਖੀ ਦੇ ਦਿਨ ਭਾਰੀ ਮੇਲਾ ਲੱਗਦਾ ਹੈ। ਪਿੰਜੌਰ ਵਿਖੇ ਹੀ ਇਕ ਜੰਗਲਾਤ ਸਿਖਲਾਈ ਸੰਸਥਾ ਵੀ ਸਥਾਪਤ ਕੀਤੀ ਗਈ ਹੈ। ਇਥੇ ਇਕ ਸਿਵਲ ਹਸਪਤਾਲ, ਇਕ ਪਸ਼ੂ-ਹਸਪਤਾਲ ਅਤੇ ਇਕ ਡੀਜ਼ਲ ਇੰਜਨ ਦੀ ਵਰਕਸ਼ਾਪ ਵੀ ਹੈ। ਨੇੜੇ ਹੀ ਹਿੰਦੁਸਤਾਨ ਮਸ਼ੀਨ ਟੂਲਜ਼ ਫੈਕਟਰੀ (ਐਚ.ਐਮ.ਟੀ.) ਦੀ ਇਕ ਸ਼ਾਖਾ ਵੀ ਹੈ।
ਆਬਾਦੀ – 8,013 (1991)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5518, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-19-01-11-26, ਹਵਾਲੇ/ਟਿੱਪਣੀਆਂ: ਹ. ਪੁ. –ਮੁਗਲ ਮੈਨਿਉਮੈਂਟਸ ਇਨ ਪੰਜਾਬ ਐਂਡ ਹਰਿਆਣਾ : 14 ਡਿ. ਸੈ. ਹੈਂ. ਬੁ-ਅੰਬਾਲਾ : 13 ; ਇਪ. ਗ. ਇੰਡ. 20 : 148, ਪੰ. ਰੰਧਾਵਾ : 514-516.
ਵਿਚਾਰ / ਸੁਝਾਅ
Please Login First