ਪੁਲਿਸ ਅਫ਼ਸਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Police officer_ਪੁਲਿਸ ਅਫ਼ਸਰ: ਭਾਰਤੀ ਸ਼ਹਾਦਤ ਐਕਟ, 1872 ਦੀ ਧਾਰਾ 25 ਵਿਚ ਉਪਬੰਧ ਕੀਤਾ ਗਿਆ ਹੈ ਕਿ ‘‘ਕਿਸੇ ਪੁਲਿਸ ਅਫ਼ਸਰ ਕੋਲ ਕੀਤਾ ਗਿਆ ਇਕਬਾਲ ਕਿਸੇ ਅਪਰਾਧ ਦਾ ਇਲਜ਼ਾਮ ਲਗੇ ਵਿਅਕਤੀ ਦੇ ਖ਼ਿਲਾਫ਼ ਸਾਬਤ ਨਹੀਂ ਕੀਤਾ ਜਾਵੇਗਾ।’’ ਸਾਧਾਰਨ ਤੌਰ ਤੇ ਪੁਲਿਸ ਅਫ਼ਸਰ ਦਾ ਅਰਥ ਉਹ ਹੀ ਲਿਆ ਜਾਣਾ ਚਾਹੀਦਾ ਹੈ ਜੋ ਆਮ ਬੋਲਚਾਲ ਵਿਚ ਉਸ ਦਾ ਲਿਆ ਜਾਂਦਾ ਹੈ। ਲੇਕਿਨ ਸਰਵ ਉੱਚ ਅਦਾਲਤ ਅੱਗੇ ਆਏ ਕੇਸਾਂ ਦੇ ਆਧਾਰ ਤੇ ਇਸ ਸ਼ਬਦ ਦੇ ਅਰਥਾਂ ਵਿਚ ਵਿਸਤਾਰ ਆ ਗਿਆ ਹੈ। ਪੰਜਾਬ ਰਾਜ ਬਨਾਮ ਬਰਕਤ ਰਾਮ (ਏ ਆਈ ਆਰ 1962 ਐਸ ਸੀ 276) ਵਿਚ ਸਰਵ ਉੱਚ ਅਦਾਲਤ ਨੇ ਕਰਾਰ ਦਿੱਤਾ ਸੀ ਕਿ ਭਾਰਤੀ ਸ਼ਹਾਦਤ ਐਕਟ, 1872 ਦੀ ਧਾਰਾ 25 ਵਿਚ ਆਉਂਦੇ ਸ਼ਬਦ  ਪੁਲਿਸ ਅਫ਼ਸਰ ਦੇ ਅਰਥ ਸੰਕੁਚਿਤ ਰੂਪ ਵਿਚ ਨਹੀਂ ਕਢੇ ਜਾਣੇ ਚਾਹੀਦੇ ਸਗੋਂ ਉਸ ਦੇ ਅਰਥ ਵਿਸਤ੍ਰਿਤ ਅਤੇ ਲੋਕ-ਭਾਵਨਾ ਅਨੁਸਾਰ ਕਢੇ ਜਾਣੇ ਚਾਹੀਦੇ ਹਨ। ਪਰ ਨਾਲ ਹੀ ਅਦਾਲਤ ਨੇ ਉਸ ਹੀ ਕੇਸ ਵਿਚ ਕਿਹਾ ਸੀ ਕਿ ਉਸ ਸ਼ਬਦ ਦੇ ਅਰਥ ਇਤਨੇ ਵਿਸ਼ਾਲ ਵੀ ਨਹੀਂ ਲੈਣੇ ਚਾਹੀਦੇ ਕਿ ਉਸ ਨਾਲ ਅਜਿਹੇ ਵਿਅਕਤੀ ਵੀ ਪੁਲਿਸ ਅਫ਼ਸਰ ਸਮਝੇ ਜਾਣ ਜਿਨ੍ਹਾਂ ਨੂੰ ਕੁਝ ਅਜਿਹੇ ਇਖ਼ਤਿਆਰ ਪ੍ਰਦਾਨ ਕੀਤੇ ਗਏ ਹੋਣ ਜਿਨ੍ਹਾਂ ਦੀ ਵਰਤੋਂ ਪੁਲਿਸ ਦੁਆਰਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਧਾਰਾ 25 ਦੇ ਪ੍ਰਯੋਜਨਾਂ ਲਈ ਕਿਸੇ ਵਿਅਕਤੀ ਨੂੰ ਪੁਲਿਸ ਅਫ਼ਸਰਾਂ ਵਿਚ ਸ਼ਾਮਲ ਕਰਨ ਦੀ ਕਸਵੱਟੀ ਇਹ ਥਿਰ ਕੀਤੀ ਗਈ ਕਿ ਕੀ ਉਸ ਵਿਅਕਤੀ ਨੂੰ ਪੁਲਿਸ ਅਫ਼ਸਰ ਦੇ ਉਹ ਇਖ਼ਤਿਆਰ ਪ੍ਰਦਾਨ ਕੀਤੇ ਗਏ ਹਨ ਜਾਂ ਕੀ ਉਹ ਉਨ੍ਹਾਂ ਇਖ਼ਤਿਆਰਾਂ ਦੀ ਵਰਤੋਂ ਕਰ ਸਕਦਾ ਹੈ, ਜਿਨ੍ਹਾਂ ਦੇ ਆਧਾਰ ਤੇ ਉਸ ਨੂੰ ਪੁਲਿਸ ਥਾਣੇ ਦਾ ਇਨਚਾਰਜ ਮੰਨਿਆਂ ਜਾ ਸਕਦਾ ਹੋਵੇ। ਦੂਜੇ ਸ਼ਬਦਾਂ ਵਿਚ ਕਸਵਟੀ ਇਹ ਹੋਵੇਗੀ ਕਿ ਕੀ ਉਸ ਨੂੰ ਪ੍ਰਾਪਤ ਇਖ਼ਤਿਆਰ ਅਜਿਹੇ ਹਨ ਜੋ ਉਸ ਦੁਆਰਾ ਦੋਸ਼ੀ ਤੋਂ ਇਕਬਾਲ ਕਰਾਉਣਾ ਸਹਿਲ ਬਣਾਉਂਦੇ ਹਨ? ਇਸ ਕਸਵਟੀ ਅਨੁਸਾਰ ਗੁਜਰਾਤ ਰਾਜ ਬਨਾਮ ਅਨਿਰੁਧ ਸਿੰਘ ਅਤੇ ਇਕ ਹੋਰ (ਏ ਆਈ ਆਰ 1997 ਐਸ ਸੀ 2780) ਵਿਚ ਕਰਾਰ ਦਿੱਤਾ ਗਿਆ ਕਿ ਬੰਬੇ ਸਟੇਟ ਰੀਜ਼ਰਵ ਪੁਲਿਸ ਫ਼ੋਰਸ ਐਕਟ, 1951 ਅਧੀਨ ਨਿਯੁਕਤ ਸੀਨੀਅਰ ਰੀਜ਼ਰਵ ਪੁਲਿਸ ਅਫ਼ਸਰ ਜ਼ਾਬਤਾ ਫ਼ੌਜਦਾਰੀ ਸੰਘਤਾ , ਅਧਿਆਏ XII ਦੇ ਅਰਥਾਂ ਅੰਦਰ ਪੁਲਿਸ ਅਫ਼ਸਰ ਨਹੀਂ ਹੈ ਅਤੇ ਇਸ ਲਈ ਉਸ ਦੁਆਰਾ ਕਲਮਬੰਦ  ਕੀਤਾ ਇਕਬਾਲ ਸ਼ਹਾਦਤ ਐਕਟ ਦੀ ਧਾਰਾ 25 ਦੀ ਮਾਰ ਅਧੀਨ ਨਹੀਂ ਆਉਂਦਾ। ਇਸ ਤਰ੍ਹਾਂ ਸਰਵ ਉੱਚ ਅਦਾਲਤ ਨੇ ਤਫ਼ਤੀਸ਼ ਕਰਨ ਦੇ ਇਖ਼ਤਿਆਰ ਨੂੰ ਕੇਂਦਰੀ ਨੁਕਤਾ  ਸਮਝ ਕੇ ਪੁਲਿਸ ਅਫ਼ਸਰ ਹੋਣ ਜਾਂ ਨ ਹੋਣ ਦੀ ਕਸਵਟੀ ਮੰਨ ਲਈ ਹੈ। ਉਸ  ਕਸਵਟੀ ਅਨੁਸਾਰ ਰਾਜਾ ਰਾਮ ਜਾਇਸਵਾਲ ਬਨਾਮ ਬਿਹਾਰ ਰਾਜ (ਏ ਆਈ ਆਰ 1964 ਐਸ ਸੀ 828) ਵਿਚ ਕਰਾਰ ਦਿੱਤਾ ਗਿਆ ਹੈ ਕਿ ਪੁਲਿਸ ਦੇ ਇਖ਼ਤਿਆਰ ਰਖਦੇ ਹੋਣ ਕਾਰਨ ਐਕਸਾਈਜ਼ ਇਨਸਪੈਕਟਰ ਅਤੇ ਸਬ ਇਨਸਪੈਕਟਰ ਪੁਲਿਸ ਅਫ਼ਸਰ ਹਨ, ਜਿਸ ਕਾਰਨ ਉਨ੍ਹਾਂ ਅੱਗੇ ਕੀਤਾ ਗਿਆ ਇਕਬਾਲ ਸਾਬਤ ਨਹੀਂ ਕੀਤਾ ਜਾ ਸਕਦਾ। ਰਾਮ ਸਿੰਘ ਬਨਾਮ ਮਹਾਰਾਸ਼ਟਰ ਰਾਜ (1999 ਕ੍ਰਿ ਜ 3763) ਵਿਚ ਪੁਲਿਸ ਪਟੇਲ ਨੂੰ ਪੁਲਿਸ ਅਫ਼ਸਰ ਕਰਾਰ ਦਿੱਤਾ ਗਿਆ ਹੈ।

       ਲੇਕਿਨ ਦ ਟੈਰਾਰਿਸਟ ਐਂਡ ਡਿਸਰੱਪਟਿਵ ਐਕਟਿਵਿਟੀਜ਼ (ਪ੍ਰੀਵੈਨਸ਼ਨ) ਐਕਟ, 1987 ਅਧੀਨ ਕੀਤੇ ਗਏ ਇਕਬਾਲ ਉਤੇ ਅਜਿਹੀ ਕੋਈ ਪਾਬੰਦੀ ਨਹੀਂ ਕਿ ਜੇ ਉਹ ਕਿਸੇ ਪੁਲਿਸ ਅਫ਼ਸਰ ਅੱਗੇ ਕੀਤਾ ਜਾਵੇ ਤਾਂ ਉਹ ਇਲਜ਼ਾਮ ਲਗੇ ਵਿਅਕਤੀ ਦੇ ਖ਼ਿਲਾਫ਼ ਸਾਬਤ ਨਹੀਂ ਕੀਤਾ ਜਾ ਸਕਦਾ। ਉਸ ਐਕਟ ਅਧੀਨ ਮਹਾਂਨਗਰ ਸ਼ਹਿਰਾਂ ਵਿਚ ਕੋਈ ਪੁਲਿਸ ਅਫ਼ਸਰ ਜੋ ਡਿਪਟੀ ਸੁਪਰਡੰਟ ਪੁਲਿਸ ਦੇ ਰੈਂਕ ਤੋਂ ਥਲੇ ਨ ਹੋਵੇ, ਮੁਲਜ਼ਮ ਦਾ ਇਕਬਾਲ ਕਲਮਬੰਦ ਕਰ ਸਕਦਾ ਹੈ। ਲੇਕਿਨ ਟਾਡਾ ਅਧੀਨ ਵੀ ਇਕਬਾਲੀਆ ਬਿਆਨ ਮਾਨਤਾ-ਪ੍ਰਾਪਤ ਸਿਧਾਂਤਾਂ ਅਤੇ ਨਿਆਂ ਉਚਿਤ ਢੰਗ ਨਾਲ ਕਲਮਬੰਦ ਕੀਤਾ ਗਿਆ ਹੋਣਾ ਜ਼ਰੂਰੀ ਹੈ। ਇਸ ਸਬੰਧੀ ਸਰਵ ਉੱਚ ਅਦਾਲਤ ਨੇ ਕਰਤਾਰ ਸਿੰਘ ਬਨਾਮ ਪੰਜਾਬ ਰਾਜ (1994 ਕ੍ਰਿ ਲ ਜ 3139) ਵਿਚ ਵਿਸਤਾਰ-ਪੂਰਬਕ ਅਗਵਾਈ ਲੀਹਾਂ ਨਿਸਚਿਤ ਕੀਤੀਆਂ ਹਨ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1343, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.