ਪੂਰਨ ਸਿੰਘ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੂਰਨ ਸਿੰਘ (1881–1931): ਆਧੁਨਿਕ ਪੰਜਾਬੀ ਸਾਹਿਤ ਦੇ ਇਸ ਵਿਲੱਖਣ ਕਵੀ ਦਾ ਜਨਮ 17 ਫਰਵਰੀ 1881 ਵਿੱਚ ਪਾਕਿਸਤਾਨ ਦੇ ਐਬਟਾਬਾਦ ਜ਼ਿਲ੍ਹੇ ਦੇ ਇੱਕ ਪਿੰਡ ਸਲਹੱਡ ਵਿਖੇ ਹੋਇਆ। ਪਿਤਾ ਸਰਕਾਰੀ ਨੌਕਰੀ ਕਰਦੇ ਸਨ। ਮਾਤਾ ਪਰਮਾ ਦੇਵੀ ਧਾਰਮਿਕ ਵਿਚਾਰਾਂ ਵਾਲੀ ਸੁੱਘੜ ਤੇ ਸੁਸ਼ੀਲ ਔਰਤ ਸੀ। ਸਥਾਨਿਕ ਪਿੰਡ ਤੋਂ ਪ੍ਰਾਇਮਰੀ ਸਿੱਖਿਆ ਹਾਸਲ ਕਰਨ ਉਪਰੰਤ ਉਸ ਨੇ ਰਾਵਲਪਿੰਡੀ ਦੇ ਮਿਸ਼ਨ ਸਕੂਲ ਤੋਂ ਮੈਟ੍ਰਿਕ ਦੀ ਪਰੀਖਿਆ ਪਾਸ ਕਰ ਕੇ ਡੀ.ਏ.ਵੀ. ਕਾਲਜ ਵਿੱਚ ਦਾਖ਼ਲਾ ਲਿਆ। ਪੂਰਨ ਸਿੰਘ ਬੀ.ਏ. ਦੀ ਪੜ੍ਹਾਈ ਦੌਰਾਨ ਹੀ ਭਗਤ ਗੋਕਲ ਚੰਦ ਤੋਂ ਵਜ਼ੀਫ਼ਾ ਪ੍ਰਾਪਤ ਕਰ ਕੇ ਜਪਾਨ ਵਿੱਚ ਉਚੇਰੀ ਪੜ੍ਹਾਈ ਕਰਨ ਲਈ ਗਿਆ। 1903 ਵਿੱਚ ਉਸ ਨੇ ਟੋਕੀਓ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਕੈਮਿਸਟਰੀ ਦੇ ਵਿਦਿਆਰਥੀ ਵਜੋਂ ਪ੍ਰਯੋਗਿਕ ਰਸਾਇਣ- ਵਿਗਿਆਨ ਦੀ ਡਿਗਰੀ ਪ੍ਰਾਪਤ ਕੀਤੀ। ਜਪਾਨ ਵਿੱਚ ਰਹਿੰਦਿਆਂ ਉਸ ਨੇ ਬੁੱਧ ਮੱਤ ਦਾ ਪ੍ਰਭਾਵ ਗ੍ਰਹਿਣ ਕੀਤਾ। 1903 ਵਿੱਚ ਸੁਆਮੀ ਰਾਮ ਤੀਰਥ ਦੇ ਸੰਪਰਕ ਵਿੱਚ ਆਇਆ ਤੇ ਸੰਨਿਆਸੀ ਬਣ ਗਿਆ।
ਜਪਾਨ ਤੋਂ ਵਾਪਸ ਭਾਰਤ ਪਰਤਣ ਉਪਰੰਤ ਪੂਰਨ ਸਿੰਘ ਨੇ ਕਲਕੱਤੇ ਰਹਿ ਕੇ ਕ੍ਰਾਂਤੀਕਾਰੀਆਂ ਨਾਲ ਮਿਲ ਕੇ ਭਾਰਤ ਦੀ ਅਜ਼ਾਦੀ ਦੇ ਸੰਗਰਾਮ ਵਿੱਚ ਭੂਮਿਕਾ ਨਿਭਾਈ। ਬ੍ਰਿਟਿਸ਼ ਸਰਕਾਰ ਵਿਰੁੱਧ ਜੋਸ਼ੀਲੀਆਂ ਤਕਰੀਰਾਂ ਦੇਣ ਕਰ ਕੇ ਉਸ ਨੂੰ ਗਰਿਫ਼ਤਾਰ ਕੀਤਾ ਗਿਆ ਪਰ ਜਲਦੀ ਹੀ ਛੱਡ ਦਿੱਤਾ ਗਿਆ। 1907 ਵਿੱਚ ਉਸ ਨੇ ਫਾਰੈਸਟ ਰਿਸਰਚ ਇੰਸਟੀਚਿਊਟ ਦੇਹਰਾਦੂਨ ਵਿੱਚ ਨੌਕਰੀ ਕੀਤੀ। 1913 ਵਿੱਚ ਸਿੱਖ ਵਿੱਦਿਅਕ ਕਾਨਫਰੰਸ ਸਿਆਲਕੋਟ ਵਿੱਚ ਉਸ ਦਾ ਮੇਲ ਭਾਈ ਵੀਰ ਸਿੰਘ ਨਾਲ ਹੋਇਆ। ਭਾਈ ਵੀਰ ਸਿੰਘ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਗੁਰਮਤਿ ਵਿਚਾਰਧਾਰਾ ਬਾਰੇ ਚਿੰਤਨ ਕੀਤਾ ਅਤੇ ਉਸੇ ਤੋਂ ਉਸ ਨੂੰ ਪੰਜਾਬੀ ਵਿੱਚ ਲਿਖਣ ਲਈ ਪ੍ਰੇਰਨਾ ਮਿਲੀ। ਪੂਰਨ ਸਿੰਘ ਨੇ ਅੰਗਰੇਜ਼ੀ ਅਤੇ ਪੰਜਾਬੀ ਦੋਹਾਂ ਭਾਸ਼ਾਵਾਂ ਵਿੱਚ ਰਚਨਾ ਕੀਤੀ।
ਪੰਜਾਬੀ ਰਚਨਾਵਾਂ ਦੇ ਅੰਤਰਗਤ ਪੰਜਾਬੀ ਵਿੱਚ ਖੁਲ੍ਹੇ ਮੈਦਾਨ, ਖੁਲ੍ਹੇ ਘੁੰਡ, ਖੁਲ੍ਹੇ ਅਸਮਾਨੀ ਰੰਗ ਉਸ ਦੇ ਕਾਵਿ- ਸੰਗ੍ਰਹਿ ਹਨ ਅਤੇ ਖੁਲ੍ਹੇ ਲੇਖ ਨਿਬੰਧ-ਸੰਗ੍ਰਹਿ ਹੈ। ਪ੍ਰੀਤ, ਚੁਪ ਪ੍ਰੀਤ (ਨਾਵਲ) ਅਤੇ ਅਬਚੱਲੀ ਜੋਤ, ਕਲਾ ਤੇ ਕਲਾਧਾਰੀ ਦੀ ਪੂਜਾ, ਬੌਣੇ ਬੂਟੇ, ਸੋਹਣੀ, ਮੌਲਾ ਸ਼ਾਹ ਤੇ ਮੋਇਆਂ ਦੀ ਜਾਗ ਉਸ ਦੀਆਂ ਅਨੁਵਾਦਿਤ ਪੁਸਤਕਾਂ ਹਨ। ਪ੍ਰੋ. ਪੂਰਨ ਸਿੰਘ ਨੇ ਅੰਗਰੇਜ਼ੀ ਵਿੱਚ ਵੀ ਕਾਫ਼ੀ ਸਾਹਿਤ ਰਚਿਆ। Sisters of the Spinning Wheel, Unstrung Beads, An Afternoon with Self, At His Feet, Seven Baskets of Prose Poems, Bride of the Sky, Burning Candle and Temple Tupils ਉਸ ਦੇ ਕਾਵਿ-ਸੰਗ੍ਰਹਿ ਹਨ-The Spirit of Oriental Poetry (ਸਾਹਿਤ ਸਮਾਲੋਚਨਾ) ਅਤੇ The Story of Swami Rama, The Book of Ten Masters, Spirit Born People, Spirit of the Sikh (Vol.III), Waltwhitman and the Sikh Inspiration ਉਸ ਦੁਆਰਾ ਰਚਿਤ ਜੀਵਨੀਆਂ ਹਨ।
ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਤੋਂ ਇਲਾਵਾ ਪੂਰਨ ਸਿੰਘ ਨੇ ਹਿੰਦੀ ਵਿੱਚ ਨਿਬੰਧ ਲਿਖੇ, ਜੋ ਸਰਸਵਤੀ ਪਤ੍ਰਿਕਾ ਵਿੱਚ ਛਪੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਹਨਾਂ ਹਿੰਦੀ ਨਿਬੰਧਾਂ ਦਾ ਕੰਨਿਆਦਾਨ ਤੇ ਹੋਰ ਲੇਖ ਨਾਂ ਹੇਠ ਪੰਜਾਬੀ ਵਿੱਚ ਅਨੁਵਾਦ ਕਰ ਕੇ ਪੁਸਤਕ ਰੂਪ ਵਿੱਚ ਛਾਪਿਆ। ਇਸ ਤੋਂ ਇਲਾਵਾ ਉਸ ਨੇ ਭਾਈ ਵੀਰ ਸਿੰਘ ਦੀਆਂ ਚੋਣਵੀਆਂ ਕਵਿਤਾਵਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਵੀ ਕੀਤਾ। ਉਸ ਨੇ ਸਾਈਮਨ ਕਮਿਸ਼ਨ ਦੇ ਨਾਂ ਇੱਕ ਚਿੱਠੀ ਵੀ ਲਿਖੀ।
ਪੂਰਨ ਸਿੰਘ ਖੁੱਲ੍ਹ ਤੇ ਮਸਤੀ, ਵੇਗ ਤੇ ਜਜ਼ਬਾ, ਸੁਹਪਣ ਤੇ ਸੁਹਜ ਅਤੇ ਮਾਨਵਤਾ ਤੇ ਸਾਂਝੀਵਾਲਤਾ ਦਾ ਕਵੀ ਸੀ। ਉਸ ਦੀ ਕਵਿਤਾ ਛੰਦਾਬੰਦੀ ਦੀ ਕੈਦ ਤੋਂ ਮੁਕਤ ਹੈ, ਉਸ ਨੇ ਸੈਲਾਨੀ ਛੰਦ ਨੂੰ ਆਪਣੇ ਵਿਚਾਰਾਂ ਦਾ ਵਾਹਣ ਬਣਾਇਆ।ਉਸ ਦੀ ਕਵਿਤਾ ਵਿੱਚ ਰਾਗ, ਲੈਅ, ਨਿਰੰਤਰ ਚਾਲ, ਮਿਠਾਸ ਤੇ ਵਲਵਲਾ ਸਭ ਇੱਕੋ ਥਾਂ ਮਿਲਦੇ ਹਨ। ਉਸ ਦੀ ਕਵਿਤਾ ਦਾ ਮੁੱਖ ਸੁਰ ਪਹਿਲਾਂ ਪਹਿਲ ਰੁਮਾਂਟਿਕ ਫਿਰ ਬੌਧਿਕ ਤੇ ਰਹੱਸਵਾਦੀ ਹੈ। ਮਹਿੰਦਰ ਸਿੰਘ ਰੰਧਾਵਾ ਅਨੁਸਾਰ ਉਸ ਦੀ ਕਵਿਤਾ ਵਿੱਚ ‘ਪੰਜਾਬੀ ਦੇ ਮੈਦਾਨਾਂ ਦੀ ਖੁੱਲ੍ਹ, ਸਰ੍ਹੋਂ ਦੇ ਖੇਤਾਂ ਦੀ ਸੁਗੰਧ ਅਤੇ ਪੰਜਾਂ ਦਰਿਆਵਾਂ ਦੇ ਬੇ-ਪ੍ਰਵਾਹ ਵਹਿਣ ਦੀ ਮਸਤੀ ਹੈ’। ਨਵੀਨ ਪੱਛਮੀ ਸੱਭਿਅਤਾ ਤੋਂ ਮੂੰਹ ਮੋੜ ਕੇ ਉਸ ਨੇ ਸਾਦਗੀ ਤੇ ਸਧਾਰਨਤਾ ਨੂੰ ਸਲਾਹਿਆ ਹੈ। ਸੱਭਿਅਤਾ ਦੀਆਂ ਜਕੜਨਾਂ ਤੋਂ ਬਚਣ ਲਈ ਉਹ ਪਸ਼ੂ ਥੀਣ ਨੂੰ ਲੋਚਦਾ। ਪੂਰਨ ਸਿੰਘ ਦੀਆਂ ਸਤਰਾਂ ਹਨ :
ਮੁੜ ਮੁੜ ਲੋਚਾਂ ਪਸ਼ੂ ਥੀਣ ਨੂੰ।
ਮੈਂ ਆਦਮੀ ਬਣ ਬਣ ਥਕਿਆ।
(ਖੁਲ੍ਹੇ ਮੈਦਾਨ)
ਪੂਰਨ ਸਿੰਘ ਇੱਕ ਅਲਬੇਲਾ, ਖ਼ੁੱਦਦਾਰ ਅਤੇ ਆਤਮ- ਵਿਸ਼ਵਾਸੀ ਵਿਅਕਤੀ ਸੀ। ਕਿਸੇ ਦੀ ਅਧੀਨਗੀ ਸਹਿਣ ਕਰਨੀ, ਉਸ ਲਈ ਔਖੀ ਸੀ। ਜੀਵਨ ਵਿੱਚ ਉਸ ਨੇ ਆਪਣੀ ਮਾਂ, ਸੁਆਮੀ ਰਾਮ ਤੀਰਥ ਅਤੇ ਭਾਈ ਵੀਰ ਸਿੰਘ ਦਾ ਪ੍ਰਭਾਵ ਗ੍ਰਹਿਣ ਕੀਤਾ। ਉਸ ਨੇ ਜਪਾਨੀ ਤੇ ਬੌਧੀ ਜੀਵਨ ਵਿਧੀ, ਪੱਛਮੀ ਸਾਹਿਤ ਅਤੇ ਗੁਰਮਤਿ ਦਾ ਪ੍ਰਭਾਵ ਗ੍ਰਹਿਣ ਕਰਦਿਆਂ ਜੀਵਨ ਵਿੱਚ ਜਾਤੀ ਭੇਦ- ਭਾਵ, ਧਾਰਮਿਕ ਸੰਕੀਰਨਤਾ ਅਤੇ ਆਪਣੇ ਪਰਾਏ ਦੇ ਭੇਦ-ਭਾਵ ਤੋਂ ਉਪਰ ਉੱਠ ਕੇ ਸਾਰਾ ਜੀਵਨ ਇੱਕ ਵਿਸ਼ਵ ਮਨੁੱਖ ਬਣ ਕੇ ਜੀਵਿਆ। ਉਸ ਦੀ ਸ਼ਖ਼ਸੀਅਤ ਤੇ ਰਚਨਾ ਦੋਵੇਂ ਵਿਲੱਖਣ ਹਨ। 1930 ਵਿੱਚ ਤਪਦਿਕ ਦੇ ਰੋਗ ਦਾ ਸ਼ਿਕਾਰ ਹੋਣ ਕਾਰਨ 31 ਮਾਰਚ 1931 ਨੂੰ ਦੇਹਰਾਦੂਨ ਵਿਖੇ ਪੂਰਨ ਸਿੰਘ ਦਾ ਦਿਹਾਂਤ ਹੋ ਗਿਆ।
ਲੇਖਕ : ਵੀਰਪਾਲ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 18521, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Pooja rani,
( 2021/02/18 09:5624)
Please Login First