ਪੈਂਦਾ ਖ਼ਾਨ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪੈਂਦਾ ਖ਼ਾਨ (ਮ. 1634 ਈ.): ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿਚ ਕਰਤਾਰਪੁਰ ਨਗਰ ਤੋਂ 7 ਕਿ.ਮੀ. ਉਤਰ ਪੂਰਬ ਵਲ ਸਥਿਤ ਪਿੰਡ ਆਲਮਪੁਰ ਦੇ ਇਕ ਅਫ਼ਗ਼ਾਨ ਨਿਵਾਸੀ ਫਤਹਿ ਖ਼ਾਨ ਦਾ ਪੁੱਤਰ , ਜਿਸ ਨੂੰ ਮਾਤਾ-ਪਿਤਾ ਦੇ ਮਰਨ ਉਪਰੰਤ ਆਪਣੇ ਮਾਮੇ ਇਸਮਾਈਲ ਖ਼ਾਨ ਨੇ ਪਾਲਿਆ। ਸਿੱਖ ਇਤਿਹਾਸ ਅਨੁਸਾਰ ਇਕ ਵਾਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿਚ ਦੀਵਾਲੀ ਮੰਨਾਉਣ ਲਈ ਅੰਮ੍ਰਿਤਸਰ ਜਾ ਰਹੀ ਸਿੱਖ ਸੰਗਤ ਨਾਲ ਇਸਮਾਈਲ ਖ਼ਾਨ ਆਪਣੇ ਨੌਜਵਾਨ ਭਾਣਜੇ ਸਹਿਤ ਜਾ ਰਲਿਆ। ਗੁਰੂ ਜੀ ਨੇ ਪੈਂਦੇ ਖ਼ਾਨ ਦਾ ਕਦ-ਕਾਠ ਵੇਖ ਕੇ ਇਸ ਨੂੰ ਆਪਣੇ ਕੋਲ ਰਖ ਕੇ ਸ਼ਸਤ੍ਰ ਵਿਦਿਆ ਵਿਚ ਨਿਪੁਣ ਕੀਤਾ। ਇਸ ਨੇ ਸੰਨ 1628 ਈ. ਵਿਚ ਅੰਮ੍ਰਿਤਸਰ ਵਿਚ ਸ਼ਾਹੀ ਸੈਨਾ ਨਾਲ ਹੋਈ ਗੁਰੂ ਜੀ ਦੀ ਲੜਾਈ ਵਿਚ ਆਪਣੀ ਬਹਾਦਰੀ ਵਿਖਾਈ। ਸੰਨ 1631 ਈ. ਵਿਚ ਜਦੋਂ ਗੁਰੂ ਜੀ ਡਰੌਲੀ ਭਾਈ ਗਏ ਤਾਂ ਇਹ ਉਨ੍ਹਾਂ ਦੇ ਨਾਲ ਸੀ। ਉਥੇ ਮਾਤਾ ਦਮੋਦਰੀ ਦੇ ਦੇਹਾਂਤ ਤੋਂ ਬਾਦ ਗੁਰੂ ਜੀ ਸੰਗਤਾਂ ਨੂੰ ਧਰਮ ਉਪਦੇਸ਼ ਕਰਨ ਲਈ ਮਾਲਵੇ ਵਲ ਚਲੇ ਗਏ ਅਤੇ ਪਰਿਵਾਰ ਨੂੰ ਪੈਂਦੇ ਖ਼ਾਨ ਦੀ ਹਿਫ਼ਾਜ਼ਤ ਵਿਚ ਕਰਤਾਰਪੁਰ ਵਲ ਭੇਜ ਦਿੱਤਾ। ਗੁਰੂ ਜੀ ਦੇ ਪਰਤਣ ਵੇਲੇ ਪੈਂਦੇ ਖ਼ਾਨ ਨੇ ਆਪਣੀ ਪੁੱਤਰੀ ਦਾ ਵਿਆਹ ਪਿੰਡ ਛੋਟਾਮੀਰ ਦੇ ਇਕ ਅਫ਼ਗ਼ਾਨ ਗਭਰੂ ਆਸਮਾਨ ਖ਼ਾਨ ਨਾਲ ਕਰ ਦਿੱਤਾ।

            ਸੰਨ 1635 ਈ. ਦੀ ਵਿਸਾਖੀ ਦੇ ਅਵਸਰ ਉਤੇ ਦੂਰੋਂ ਦੂਰੋਂ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਲਈ ਆਈਆਂ ਅਤੇ ਬਹੁਤ ਸਾਰੀਆਂ ਸੌਗਾਤਾਂ ਭੇਂਟ ਕਰਨ ਲਈ ਲਿਆਉਂਦੀਆਂ। ਚਿਤਰਸੈਨ ਨਾਂ ਦੇ ਇਕ ਅਮੀਰ ਵਪਾਰੀ ਨੇ ਗੁਰੂ ਜੀ ਨੂੰ ਇਕ ਸੁੰਦਰ ਘੋੜਾ , ਇਕ ਚਿੱਟਾ ਬਾਜ਼ , ਸੁੰਦਰ ਪੁਸ਼ਾਕਾ ਅਤੇ ਇਕ ਖੰਡਾ ਭੇਂਟ ਕੀਤਾ। ਗਰੂ ਜੀ ਨੇ ਬਾਜ਼ ਆਪਣੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਨੂੰ ਦੇ ਦਿੱਤਾ ਅਤੇ ਬਾਕੀ ਵਸਤੂਆਂ ਪੈਂਦਾ ਖ਼ਾਨ ਨੂੰ ਬਖ਼ਸ਼ ਦਿੱਤੀਆਂ। ਘਰ ਜਾਣ ’ਤੇ ਗੁਰੂ ਜੀ ਦੁਆਰਾ ਪ੍ਰਦੱਤ ਸਾਰੀਆਂ ਵਸਤੂਆਂ ਇਸ ਤੋਂ ਆਪਣੇ ਜਵਾਈ ਨੇ ਲੈ ਲਈਆਂ। ਉਹ ਨਵਾਂ ਪੁਸ਼ਾਕਾ ਪਾ ਕੇ ਅਤੇ ਖੰਡਾ ਧਾਰਣ ਕਰਕੇ ਘੋੜੇ ਉਤੇ ਸਵਾਰ ਹੋ ਗਿਆ ਅਤੇ ਜੰਗਲ ਵਿਚ ਸ਼ਿਕਾਰ ਨੂੰ ਨਿਕਲ ਪਿਆ। ਉਥੇ ਬਾਬਾ ਗੁਰਦਿੱਤਾ ਵੀ ਸ਼ਿਕਾਰ ਖੇਡ ਰਹੇ ਸਨ। ਉਨ੍ਹਾਂ ਦਾ ਬਾਜ਼ ਆਸਮਾਨ ਖ਼ਾਨ ਦੇ ਕਾਬੂ ਆ ਗਿਆ ਅਤੇ ਉਹ ਉਸ ਨੂੰ ਆਪਣੇ ਘਰ ਲੈ ਆਇਆ। ਗੁਰੂ ਜੀ ਦੁਆਰਾ ਪੁਛੇ ਜਾਣ’ਤੇ ਪੈਂਦਾ ਖ਼ਾਨ ਨੇ ਬਾਜ਼ ਦੇ ਉਸ ਦੇ ਜਵਾਈ ਪਾਸ ਹੋਣ ਤੋਂ ਨਾਂਹ ਕਰ ਦਿੱਤੀ। ਗੁਰੂ ਜੀ ਨੇ ਭਾਈ ਬਿਧੀ ਚੰਦ ਨੂੰ ਛੋਟਾਮੀਰ ਪਿੰਡ ਭੇਜ ਕੇ ਬਾਜ਼ ਸਮੇਤ ਸਾਰੀਆਂ ਪ੍ਰਦਤ ਵਸਤੂਆਂ ਬਰਾਮਦ ਕਰਾ ਲਈਆਂ। ਇਸ ਨਮੋਸ਼ੀ ਤੋਂ ਖਿਝ ਕੇ ਅਤੇ ਆਪਣੇ ਜਵਾਈ ਦੇ ਉਕਸਾਉਣ ਨਾਲ ਪੈਂਦਾ ਖ਼ਾਨ ਨੇ ਜਲੰਧਰ ਦੇ ਫ਼ੌਜਦਾਰ ਦੀ ਸਹਾਇਤਾ ਨਾਲ ਗੁਰੂ ਜੀ ਉਤੇ ਆਕ੍ਰਮਣ ਕਰ ਦਿੱਤਾ। ਤਿੰਨ ਦਿਨ ਹੋਏ ਯੁੱਧ ਦੇ ਅੰਤ ਵਿਚ 28 ਅਪ੍ਰੈਲ 1634 ਈ. ਨੂੰ ਪੈਂਦਾ ਖ਼ਾਨ ਗੁਰੂ ਜੀ ਹਥੋਂ ਕਰਤਾਰਪੁਰ ਦੇ ਰਣ-ਖੇਤਰ ਵਿਚ ਮਾਰਿਆ ਗਿਆ। ਗੁਰੂ ਜੀ ਨੇ ਉਸ ਯੁੱਧ ਵਿਚ ਜੋ ਖੰਡਾ ਵਰਤਿਆ, ਉਸ ਦਾ ਵਜ਼ਨ ਛੇ ਸੇਰ ਦਸਿਆ ਜਾਂਦਾ ਹੈ। ਇਸ ਤਰ੍ਹਾਂ ਪੈਂਦੇ ਖ਼ਾਨ ਨੂੰ ਆਪਣੇ ਸਰਪ੍ਰਸਤ ਪ੍ਰਤਿ ਬੇਵਫ਼ਾਈ ਪ੍ਰਗਟਾ ਕੇ ਪ੍ਰਾਣਾਂ ਤੋਂ ਵੰਚਿਤ ਹੋਣਾ ਪਿਆ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1793, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.