ਪੈਪਸੂ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਪੈਪਸੂ (ਪ੍ਰਦੇਸ਼): ਇਸ ਤੋਂ ਭਾਵ ਹੈ ‘ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ’। ਇਹ ਯੂਨੀਅਨ 5 ਮਈ 1948 ਈ. ਨੂੰ ਬਣਾਈ ਗਈ। ਇਸ ਵਿਚ ਪੂਰਬੀ ਪੰਜਾਬ ਦੀਆਂ ਅੱਠ ਰਿਆਸਤਾਂ ਨੂੰ ਸ਼ਾਮਲ ਕੀਤਾ ਗਿਆ। ਇਨ੍ਹਾਂ ਰਿਆਸਤਾਂ ਦੇ ਨਾਂ ਇਸ ਪ੍ਰਕਾਰ ਹਨ— ਪਟਿਆਲਾ, ਜੀਂਦ , ਨਾਭਾ , ਕਪੂਰਥਲਾ , ਫ਼ਰੀਦਕੋਟ , ਕਲਸੀਆ, ਮਲੇਰਕੋਟਲਾ ਅਤੇ ਨਾਲਾਗੜ੍ਹ। ਇਨ੍ਹਾਂ ਵਿਚੋਂ ਪਹਿਲੀਆਂ ਛੇ ਸਿੱਖ ਰਿਆਸਤਾਂ 18ਵੀਂ ਸਦੀ ਵਿਚ ਹੋਂਦ ਵਿਚ ਆਈਆਂ, ਜਦ ਕਿ ਮਲੇਰਕੋਟਲਾ ਰਿਆਸਤ 15ਵੀਂ ਸਦੀ ਵਿਚ ਸ਼ੇਰਵਾਨੀ ਅਫ਼ਗ਼ਾਨਾਂ ਦੁਆਰਾ ਸਥਾਪਿਤ ਕੀਤੀ ਗਈ ਸੀ। ਇਨ੍ਹਾਂ ਵਿਚੋਂ ਸਭ ਤੋਂ ਪੁਰਾਣੀ ਰਿਆਸਤ ਹੈ ਨਾਲਾਗੜ੍ਹ ਜੋ ਬਾਰ੍ਹਵੀਂ ਸਦੀ ਦੇ ਸ਼ੁਰੂ ਵਿਚ ਕਾਇਮ ਹੋਈ ਸੀ। ਇਸ ਯੂਨੀਅਨ ਨੂੰ ਬਣਾਉਣ ਦਾ ਉਦੇਸ਼ ਇਹ ਸੀ ਕਿ ਇਨ੍ਹਾਂ ਰਿਆਸਤਾਂ ਨੂੰ ਵੱਡੇ ਖੇਤਰ ਦਾ ਰੂਪ ਦੇ ਕੇ ਇਸ ਦੀ ਪ੍ਰਬੰਧਕੀ ਵਿਵਸਥਾ ਨੂੰ ਉਪਯੁਕਤ ਬਣਾਇਆ ਜਾ ਸਕੇ। ਇਸ ਯੂਨੀਅਨ ਦਾ ਉਦਘਾਟਨ ਸਰਦਾਰ ਪਟੇਲ ਨੇ 15 ਜੁਲਾਈ 1948 ਈ. ਨੂੰ ਕੀਤਾ ਅਤੇ 20 ਅਗਸਤ 1948 ਈ. ਨੂੰ ਮਹਾਰਾਜਾ ਯਾਦਵਿੰਦਰ ਸਿੰਘ ਨੇ ਰਾਜ ਪ੍ਰਮੁਖ ਦਾ ਕਾਰਜ-ਭਾਰ ਸੰਭਾਲਿਆ। ਇਸ ਨੂੰ ਅੱਠ ਜ਼ਿਲ੍ਹਿਆਂ ਵਿਚ ਵੰਡਿਆ ਗਿਆ —ਪਟਿਆਲਾ, ਬਰਨਾਲਾ, ਬਠਿੰਡਾ, ਫਤਹਿਗੜ੍ਹ ਸਾਹਿਬ, ਸੰਗਰੂਰ, ਕਪੂਰਥਲਾ, ਮੁਹਿੰਦਰਗੜ੍ਹ ਅਤੇ ਕੋਹਿਸਤਾਨ। ਕਪੂਰਥਲਾ ਰਿਆਸਤ ਦੇ ਮਹਾਰਾਜਾ ਜਗਤਜੀਤ ਸਿੰਘ ਨੂੰ ਉਪ-ਰਾਜ ਪ੍ਰਮੁਖ ਦੀ ਪਦਵੀ ਦਿੱਤੀ ਗਈ। ਪਰ ਮੰਤਰੀ- ਮੰਡਲ ਬਣਾਉਣ ਵੇਲੇ ਕਈ ਕਠਿਨਾਈਆਂ ਪੈਦਾ ਹੋ ਗਈਆਂ। ਆਖ਼ਿਰ 20 ਅਗਸਤ 1948 ਈ. ਨੂੰ ਸ. ਗਿਆਨ ਸਿੰਘ ਰਾੜੇਵਾਲਾ ਅਧੀਨ ਨਿਗਰਾਨ ਸਰਕਾਰ ਬਣਾਈ ਗਈ। ਕਈ ਯਤਨਾਂ ਤੋਂ ਬਾਦ 13 ਜਨਵਰੀ 1949 ਈ. ਨੂੰ ਸ. ਗਿਆਨ ਸਿੰਘ ਰਾੜੇਵਾਲੇ ਨੂੰ ਮੁੱਖ ਮੰਤਰੀ ਬਣਾ ਕੇ ਮੰਤਰੀ- ਮੰਡਲ ਬਣਾਇਆ ਗਿਆ। ਪਰ ਫਿਰ ਵੀ ਮੰਤਰੀ-ਮੰਡਲ ਦੀ ਟੁਟ-ਭੰਨ ਚਲਦੀ ਰਹੀ ।
ਸੰਨ 1952 ਈ. ਦੀਆਂ ਚੋਣਾਂ ਵਿਚ ਕਿਸੇ ਵੀ ਰਾਜਨੈਤਿਕ ਪਾਰਟੀ ਨੂੰ ਬਹੁਮਤ ਪ੍ਰਾਪਤ ਨ ਹੋ ਸਕਿਆ। ਆਜ਼ਾਦ ਉਮੀਦਵਾਰਾਂ ਦੀ ਸਹਾਇਤਾ ਨਾਲ ਪਹਿਲਾਂ ਕਾਂਗ੍ਰਸ ਨੇ ਸਰਕਾਰ ਲਈ ਹੱਕ ਜਤਾਇਆ ਅਤੇ ਬਾਦ ਵਿਚ ਅਕਾਲੀ ਦਲ ਨੇ ਯੂਨਾਈਟਿਡ ਫ੍ਰੰਟ ਦੀ ਹਕੂਮਤ ਬਣਾਈ। ਪਰ ਮਾਰਚ 1953 ਈ. ਵਿਚ ਉਹ ਟੁਟ ਗਈ। ਤਦਉਪਰੰਤ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਗਿਆ। ਸੰਨ 1954 ਈ. ਵਿਚ ਅੰਤਰਿਮ ਚੋਣਾਂ ਹੋਈਆਂ ਜਿਸ ਵਿਚ ਕਾਂਗ੍ਰਸ ਨੂੰ ਬਹੁਮਤ ਪ੍ਰਾਪਤ ਹੋਇਆ। ਪਹਿਲਾਂ ਕਰਨਲ ਰਘੁਬੀਰ ਸਿੰਘ ਮੁੱਖ ਮੰਤਰੀ ਬਣਿਆ ਅਤੇ ਸੰਨ 1955 ਈ. ਵਿਚ ਉਸ ਦੀ ਮ੍ਰਿਤੂ ਤੋਂ ਬਾਦ ਬ੍ਰਿਸ਼ਭਾਨ ਨੂੰ ਮੁੱਖ ਮੰਤਰੀ ਬਣਾਇਆ ਗਿਆ। ਸੰਨ 1953 ਈ. ਵਿਚ ਹਿੰਦ ਸਰਕਾਰ ਵਲੋਂ ਸਥਾਪਿਤ ਕੀਤੇ ਸਟੇਟਸ ਰੀਆਰਗਨਾਈਜ਼ੇਸ਼ਨ ਕਮਿਸ਼ਨ ਦੀ ਸਿਫ਼ਾਰਿਸ਼’ਤੇ 1 ਨਵੰਬਰ 1956 ਈ. ਨੂੰ ਪੈਪਸੂ ਨੂੰ ਪੰਜਾਬ ਵਿਚ ਸਮੋ ਦਿੱਤਾ ਗਿਆ। ਇਸ ਤਰ੍ਹਾਂ ਪੰਜਾਬ ਦੀਆਂ ਰਿਆਸਤਾਂ ਦੀ ਹੋਂਦ ਸਥਾਈ ਤੌਰ ’ਤੇ ਖ਼ਤਮ ਹੋ ਗਈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8307, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਪੈਪਸੂ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਪੈਪਸੂ : 15 ਅਗਸਤ, 1947 ਨੂੰ ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਸਿੱਖਾਂ ਦੀ ਮੁੱਖ ਸ਼ਿਕਾਇਤ ਉਸੇ ਤਰ੍ਹਾਂ ਕਾਇਮ ਰਹੀ। ਉਨ੍ਹਾਂ ਕੋਲ ਇਸ ਧਰਤੀ ਉੱਤੇ ਕੋਈ ਵੀ ਅਜਿਹੀ ਥਾਂ ਨਾ ਰਹੀ ਜਿਥੇ ਉਨ੍ਹਾਂ ਦੇ ਰਾਜਸੀ ਅਤੇ ਸਭਿਆਚਾਰਕ ਪ੍ਰਗਟਾਵੇ ਦੀ ਪੂਰੀ ਗੁੰਜਾਇਸ਼ ਹੋਵੇ । ਸਿੱਖਾਂ ਦੇ ਅਜਿਹੇ ਭਾਵਾਂ ਨੂੰ ਮਹਿਸੂਸ ਕਰਦਿਆਂ ਹੋਇਆਂ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਸਰਦਾਰ ਵਲਭ ਭਾਈ ਪਟੇਲ ਨੇ ਪੂਰਬੀ ਪੰਜਾਬ ਦੇ ਵਿਚਕਾਰ ਸਿੱਖ ਬਹੁਗਿਣਤੀ ਵਾਲਾ ਰਾਜ-ਪੈਪਸੂ ਸਥਾਪਤ ਕਰ ਦਿੱਤਾ । ਸਰਦਾਰ ਪਟੇਲ, ਇੰਡੀਅਨ ਸਟੇਟਸ ਵਿਭਾਗ ਦੇ ਵੀ ਇੰਚਾਰਜ ਸਨ । ਉਨ੍ਹਾਂ ਨੇ ਮਈ, 1948 ਵਿਚ ਪਟਿਆਲਾ ਅਤੇ ਈਸਟ ਪੰਜਾਬ ਸਟੇਟਸ ਯੂਨੀਅਨ (ਪੈਪਸੂ) ਦਾ ਐਲਾਨ ਕਰ ਦਿੱਤਾ । ਇਸ ਰਾਜ ਵਿਚ ਪਟਿਆਲਾ, ਨਾਭਾ, ਜੀਂਦ, ਕਪੂਰਥਲਾ, ਫ਼ਰੀਦਕੋਟ, ਮਲੇਰਕੋਟਲਾ ਅਤੇ ਨਾਲਾਗੜ੍ਹ ਸ਼ਾਮਲ ਸਨ। ਪਟਿਆਲਾ ਦੇ ਮਹਾਰਾਜਾ ਯਾਦਵਿੰਦਰ ਸਿੰਘ ਨੂੰ ਰਾਜਪ੍ਰਮੁੱਖ ਬਣਾ ਦਿੱਤਾ ਗਿਆ ਅਤੇ ਗਿਆਨ ਸਿੰਘ ਰਾੜੇਵਾਲੇ ਨੂੰ ਮੁੱਖ ਮੰਤਰੀ ਬਣਾਇਆ ਗਿਆ । ਪੈਪਸੂ ਵਿਚ ਸਿੱਖਾਂ ਦੀ ਬਹੁਗਿਣਤੀ ਸੀ । ਜਲਦੀ ਹੀ ਪਿੱਛੋਂ ਗਿਆਨ ਸਿੰਘ ਰਾੜੇਵਾਲੇ ਨੂੰ ਹਟਾ ਕੇ ਯੂ. ਐਨ. ਰਾਓ ਨੂੰ ਪੈਪਸੂ ਦਾ ਐਡਮਿਨਿਸਟਰੇਟਰ ਨਿਯੁਕਤ ਕਰ ਦਿੱਤਾ ਗਿਆ । ਸੰਨ 1952 ਦੀਆਂ ਚੋਣਾਂ ਵਿਚ ਇਥੇ ਕਾਂਗਰਸ ਨੇ ਆਪਣੀ ਸਰਕਾਰ ਕਾਇਮ ਕਰ ਲਈ ਤੇ ਕਰਨਲ ਰਘਬੀਰ ਸਿੰਘ ਮੁੱਖ ਮੰਤਰੀ ਬਣ ਗਿਆ । ਪਿੱਛੋਂ ਕੁਝ ਸਮੇਂ ਲਈ ਬ੍ਰਿਸ਼ਭਾਨ ਮੁੱਖ ਮੰਤਰੀ ਰਿਹਾ । ਸੰਨ 1956 ਵਿਚ ਪੰਜਾਬ ਅਤੇ ਪੈਪਸੂ ਨੂੰ ਇਕੱਠਾ ਕਰ ਦਿੱਤਾ ਗਿਆ ।
ਲੇਖਕ : ਡਾ. ਭਗਤ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5373, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-08-03-40-56, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First