ਪੋਲੋ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੋਲੋ. Polo. ਚੌਗਾਨ. ਘੋੜੇ ਤੇ ਚੜ੍ਹ ਕੇ ਖਿੱਦੋ ਖੂੰਡੀ ਦਾ ਖੇਡ. ਇਹ ਖੇਲ ਹਿੰਦੁਸਤਾਨੀ ਅਤੇ ਤੁਰਕਾਂ ਤੋਂ ਹੋਰ ਦੇਸ਼ ਵਾਸੀਆਂ ਨੇ ਸਿੱਖਿਆ ਹੈ. ਹਿੰਦੁਸਤਾਨ ਵਿੱਚ ਚੌਗਾਨ (ਪੋਲੋ) ਦਾ ਪਹਿਲਾ ਖੇਲਾਰੀ ਕੁਤਬੁੱਦੀਨ ਐਬਕ ਸੀ. ਇਹ ਪੋਲੋ ਖੇਡਦਾ ਲਹੌਰ ਮੋਇਆ. ਹਿੰਦੁਸਤਾਨੀਆਂ ਤੋਂ General Sherar ਨੇ ਇਹ ਖੇਲ ਸਿੱਖਿਆ, ਜੋ ਸਨ ੧੮੬੯ ਵਿੱਚ ਇੰਗਲੈਂਡ ਵਿੱਚ ਫੈਲਿਆ. ਇਸ ਖੇਲ੍ਹ ਦਾ ਪਹਿਲਾ ਮੈੱਚ Aldershot ਦੇ ਮਕਾਮ ਸਨ ੧੮੭੧ ਵਿੱਚ 10th Hissars ਅਤੇ 9th Lancers ਦੇ ਦਰਮਯਾਨ ਹੋਇਆ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 28642, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪੋਲੋ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਪੋਲੋ :  ਪੋਲੋ ਦੁਨੀਆ ਦੀਆਂ ਪੁਰਾਤਨ ਖੇਡਾਂ ਵਿਚੋਂ ਇਕ ਹੈ। ਇਸ ਖੇਡ ਦੀ ਸ਼ੁਰੂਆਤ ਪਹਿਲੀ ਸ਼ਤਾਬਦੀ ਵਿਚ ਈਰਾਨ ਵਿਚ ਹੋਈ। ਜਦ ਇਹ ਖੇਡ ਈਰਾਨ ਤੋਂ ਤਿੱਬਤ ਪਹੁੰਚੀ ਤਾਂ ਉਥੇ ਇਸ ਨੂੰ ਪੁਲੂ ਦੇ ਨਾਂ ਨਾਲ ਖੇਡਿਆ ਜਾਂਦਾ ਸੀ। ਹੌਲੀ ਹੌਲੀ 'ਪੁਲੂ' ਸ਼ਬਦ 'ਪੋਲੋ' ਵਿਚ ਬਦਲ ਗਿਆ। 'ਪੁਲੂ' ਸ਼ਬਦ ਦਾ ਅਰਥ ਗੇਂਦ ਹੁੰਦਾ ਹੈ। ਕੁਝ ਵਿਦਵਾਨਾਂ ਮੁਤਾਬਕ ਪੋਲੋ ਤੋਂ ਪਹਿਲਾਂ ਇਸ ਦਾ ਨਾਂ 'ਚੋਗਾਨ' ਦੀਆਂ ਪ੍ਰਤੀਯੋਗਤਾਵਾਂ ਆਯੋਜਿਤ ਕੀਤੇ ਜਾਣ ਦੀਆਂ ਉਦਾਹਰਣਾਂ ਵੀ ਮਿਲਦੀਆਂ ਹਨ।

ਇਤਿਹਾਸਕ ਹਵਾਲਿਆਂ ਨੂੰ ਮੁੱਖ ਰਖਦਿਆਂ ਇਸ ਖੇਡ ਦੇ ਭਾਰਤ ਆਉਣ ਦਾ ਸੰਨ 1840 ਦੇ ਨੇੜੇ-ਤੇੜੇ  ਮੰਨਿਆ ਜਾ ਸਕਦਾ ਹੈ ਕਿਉਂਕਿ ਪੋਲੋ ਦਾ ਸਭ ਤੋਂ ਪੁਰਾਣਾ ਕਲੱਬ ਜਿਸ ਨੂੰ 'ਕਾਚਰ ਕਲੱਬ' ਕਿਹਾ ਜਾਂਦਾ, ਆਸਾਮ ਵਿਚ 1859 ਈ. ਵਿਚ ਬਣਾਇਆ ਗਿਆ ਸੀ। ਇਸ ਖੇਡ ਦੇ ਵਿਕਾਸ ਦੀ ਗਤੀ ਦੇ ਧੀਮੇ ਰਹਿਣ ਦਾ ਕਾਰਨ ਇਸ ਦਾ ਮਹਿੰਗੀ ਖੇਡ ਹੋਣਾ ਹੈ। ਇਸੇ ਲਈ ਇਹ ਖੇਡ ਆਮ ਕਰ ਕੇ ਸ਼ਾਹੀ ਮਹਿਲਾਂ ਦੀ ਵਲਗਣ ਤਕ ਹੀ ਸੀਮਤ ਰਹੀ।

ਪੋਲੋ ਘੋੜੇ ਤੇ ਸਵਾਰ ਹੋ ਕੇ ਬੱਲੇ ਤੇ ਗੇਂਦ ਨਾਲ (ਹਾਕੀ ਵਾਂਗ ਹੀ) ਖੇਡੀ ਜਾਂਦੀ ਹੈ। ਇਸ ਦੇ ਬੱਲੇ ਨੂੰ 'ਮੈਲਟ' ਆਖਦੇ ਹਨ। ਇਹ ਖੇਡ ਘਾਹ ਦੇ ਵੱਡਿਆਂ ਮੈਦਾਨਾਂ ਵਿਚ ਖੇਡੀ ਜਾਂਦੀ ਹੈ। ਇਸ ਦੇ ਮੈਦਾਨ ਦੀ ਲੰਬਾਈ 274.32 ਮੀਟਰ (300 ਗਜ਼) ਅਤੇ ਚੌੜਾਈ 146.3 ਮੀਟਰ (160 ਗਜ਼) ਹੁੰਦੀ ਹੈ। ਮੈਦਾਨ ਦੇ ਦੋਹੀਂ ਪਾਸੀ 7.3 ਮੀਟਰ (8 ਗਜ਼) ਚੌੜੇ ਦੋ ਗੋਲ ਪੋਸਟ ਹੁੰਦੇ ਹਨ। ਗੇਂਦ ਨੂੰ ਗੋਲ ਪੋਸਟ ਵਿਚੋਂ ਦੀ ਬੱਲੇ ਦੁਆਰਾ ਬਾਹਰ ਕੱਢਣਾ ਹੁੰਦਾ ਹੈ ਤੇ ਇਕ ਵਾਰ ਗੇਂਦ ਇਸ ਗੋਲ ਪੋਸਟ ਵਿਚੋਂ ਬਾਹਰ ਨਿਕਲਣ ਨਾਲ ਇਕ ਗੋਲ ਮੰਨਿਆ ਜਾਂਦਾ ਹੈ। ਇਸ ਖੇਡ ਵਿਚ ਦੋ ਟੀਮਾਂ ਹੁੰਦੀਆਂ ਹਨ ਅਤੇ ਦੋਨੋਂ ਪਾਸੀਂ ਚਾਰ-ਚਾਰ ਖਿਡਾਰੀ ਹੁੰਦੇ ਹਨ।

ਖੇਡਦੇ ਸਮੇਂ ਘੋੜਸਵਾਰ ਖਿਡਾਰੀ ਮੈਦਾਨ ਦੇ ਇਕ ਪਾਸੇ ਤੋਂ, ਬੱਲੇ ਦੁਆਰਾ ਗੇਂਦ ਨੂੰ ਦੂਜੇ ਪਾਸੇ ਲਿਜਾਂਦੇ ਹਨ। ਪੋਲੋ ਦਾ ਵਧੀਆ ਖਿਡਾਰੀ ਬਣਨ ਲਈ ਪਹਿਲਾਂ ਵਧੀਆ ਘੋੜਸਵਾਰ ਬਣਨਾ ਪੈਂਦਾ ਹੈ।

ਇਸ ਖੇਡ ਨੂੰ 6, 7 ਅਤੇ 8 ਚੱਕਰਾਂ ਵਿਚ ਵੰਡਿਆ ਹੁੰਦਾ ਹੈ ਤੇ ਪ੍ਰਤੀ ਚੱਕਰ 7.1/2 ਮਿੰਟ ਦਾ ਸਮਾਂ ਰੱਖਿਆ ਜਾਂਦਾ ਹੈ। ਹਰ ਚੱਕਰ ਦੇ ਪਿੱਛੋਂ ਕੁਝ ਸਮਾਂ ਆਰਾਮ ਕਰਨ ਲਈ ਮਿਥਿਆ ਹੁੰਦਾ ਹੈ।

ਸੰਸਾਰ ਦੀ ਸਭ ਤੋਂ ਪਹਿਲੀ ਹਾਥੀ ਪੋਲੋ (ਹਾਥੀ ਤੇ ਸਵਾਰ ਹੋ ਕੇ ਖੇਡਣਾ) ਜੈਪੁਰ (ਰਾਜਸਥਾਨ) ਵਿਚ ਸੰਨ 1976 ਵਿਚ ਖੇਡੀ ਗਈ ਸੀ ਜਿਸ ਨੂੰ ਪੰਜਾਹ ਹਜ਼ਾਰ ਤੋਂ ਜ਼ਿਆਦਾ ਦਰਸ਼ਕਾਂ ਨੇ ਵੇਖਿਆ। ਜੈਪੁਰ ਵਿਚ ਹੀ ਇਸ ਪਿੱਛੋਂ ਹੋਰ ਨਵੀਂ ਪਿਰਤ ਆਉਣ ਦੇ ਮਕਸਦ ਨਾਲ ਊਠ ਪੋਲੋ (ਊਠ ਤੇ ਸਵਾਰ ਹੋ ਕੇ ਖੇਡਣਾ) ਖੇਡੀ ਗਈ ਹੈ। ਹੁਣ ਤਾਂ ਭਾਰਤ ਸਮੇਤ ਕਈ ਦੇਸ਼ਾਂ ਵਿਚ ਸਾਈਕਲ ਪੋਲੋ (ਸਾਈਕਲ ਤੇ ਸਵਾਰ ਹੋ ਕੇ ਖੇਡਣਾ) ਅਤੇ ਵਾਟਰ ਪੋਲੋ ਵੀ ਸ਼ੁਰੂ ਹੋ ਗਈ ਹੈ। ਪੋਲੋ ਦੀ ਸਭ ਤੋਂ ਵੱਡੀ ਟਰਾਫ਼ੀ 'ਬੰਗਲੌਰ ਹੈਂਡੀਕੈਪ ਪੋਲੋ ਟੂਰਨਾਮੈਂਟ ਟਰਾਫ਼ੀ' ਹੈ। ਇਸ ਟਰਾਫ਼ੀ ਦੇ 6 ਫੁਟ ਉੱਚੇ ਕਪ ਨੂੰ ਕੋਲੰਜ ਦੇ ਰਾਜੇ ਨੇ ਭੇਟ ਕੀਤਾ ਸੀ।

ਦਿੱਲੀ ਵਿਖੇ 'ਕੁਤਬ ਮੀਨਾਰ' ਬਣਾਉਣ ਵਾਲੇ ਬਾਦਸ਼ਾਹ, ਕੁਤਬਦੀਨ ਐਬਕ ਦੀ ਮੌਤ ਵੀ ਪੋਲੋ ਖੇਡਦੇ ਸਮੇਂ ਘੋੜੇ ਤੋਂ ਡਿੱਗ ਕੇ ਹੋਈ ਸੀ।

     ਪੋਲੋ ਉਲਿੰਪਿਕ ਖੇਡਾਂ ਦੀ ਸੂਚੀ ਵਿਚ ਵੀ ਸ਼ਾਮਲ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 17304, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-21-11-51-07, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਟ੍ਰਿ. -5 ਮਾਰਚ, 1992

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.