ਪ੍ਰਤਾਪ ਸਿੰਘ ਕੈਰੋਂ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਪ੍ਰਤਾਪ ਸਿੰਘ ਕੈਰੋਂ (1901-1965 ਈ.): ਪੰਜਾਬ ਦੇ ਇਕ ਕਾਮਯਾਬ ਮੁੱਖ ਮੰਤਰੀ ਵਜੋਂ ਯਸ਼ ਖਟਣ ਵਾਲੇ ਸ. ਪ੍ਰਤਾਪ ਸਿੰਘ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਕੈਰੋਂ ਪਿੰਡ ਵਿਚ ਸ. ਨਿਹਾਲ ਸਿੰਘ (ਵੇਖੋ) ਦੇ ਘਰ 1 ਅਕਤੂਬਰ 1901 ਈ. ਨੂੰ ਹੋਇਆ। ਆਪਣੇ ਪਿੰਡ ਦੇ ਸਕੂਲ ਵਿਚ ਪੜ੍ਹਨ ਤੋਂ ਬਾਦ ਇਹ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਚ ਦਾਖ਼ਲ ਹੋਇਆ, ਪਰ ਪੜ੍ਹਾਈ ਵਿਚੇ ਛਡ ਕੇ ਅਮਰੀਕਾ ਚਲਾ ਗਿਆ। ਇਸ ਨੇ ਖੇਤਾਂ ਅਤੇ ਫੈਕਟਰੀਆਂ ਵਿਚ ਕੰਮ ਕਰਕੇ ਪੜ੍ਹਾਈ ਕੀਤੀ ਅਤੇ ਰਾਜਨੀਤੀ ਵਿਸ਼ੇ ਵਿਚ ਐਮ.ਏ. ਕਰਕੇ ਭਾਰਤ ਦੀ ਆਜ਼ਾਦੀ ਲਈ ਸਰਗਰਮ ਸੰਸਥਾਵਾਂ ਅਤੇ ਪਾਰਟੀਆਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ। ਇਸ ਨੂੰ ਅਮਰੀਕਾ ਦੇ ਜੀਵਨ ਢੰਗ ਅਤੇ ਕੈਲੇਫੋਰਨੀਆ ਦੇ ਖੇਤਾਂ ਅਤੇ ਬਾਗ਼ ਬਾਗ਼ੀਚਿਆਂ ਨੇ ਬਹੁਤ ਪ੍ਰਭਾਵਿਤ ਕੀਤਾ। ਸੰਨ 1929 ਈ. ਵਿਚ ਦੇਸ਼ ਪਰਤ ਕੇ ਇਸ ਨੇ ਉਥੋਂ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸੁਤੰਤਰ ਹਕੂਮਤ ਦੀ ਕਾਇਮੀ ਦੀ ਕਲਪਨਾ ਸ਼ੁਰੂ ਕਰ ਦਿੱਤੀ। ਇਸ ਨੇ ਪਹਿਲਾਂ ਅਕਾਲੀ ਦਲ ਵਿਚ ਕੰਮ ਕੀਤਾ ਅਤੇ ‘ਅਕਾਲੀ ’ ਅਖ਼ਬਾਰ ਦਾ ਸੰਪਾਦਕ ਵੀ ਰਿਹਾ। ਸੰਨ 1930 ਈ. ਵਿਚ ਇਹ ਕਾਂਗ੍ਰਸ ਪਾਰਟੀ ਵਿਚ ਸ਼ਾਮਲ ਹੋ ਗਿਆ। ਸੰਨ 1932 ਈ. ਵਿਚ ਕਾਂਗ੍ਰਸ ਦੁਆਰਾ ਚਲਾਏ ਸਿਵਲ ਨਾ-ਫ਼ੁਰਮਾਨੀ ਅੰਦੋਲਨ ਵਿਚ ਭਾਗ ਲੈਣ ਕਾਰਣ ਪਕੜਿਆ ਗਿਆ ਅਤੇ ਪੰਜ ਸਾਲ ਕੈਦ ਭੁਗਤਣੀ ਪਈ। ਸੰਨ 1937 ਈ. ਵਿਚ ਅਕਾਲੀ ਟਿਕਟ’ਤੇ ਇਹ ਪੰਜਾਬ ਲੈਜਿਸਲੇਟਿਵ ਅਸੈਂਬਲੀ ਦਾ ਮੈਂਬਰ ਚੁਣਿਆ ਗਿਆ।
ਸੰਨ 1941 ਤੋਂ 1946 ਈ. ਤਕ ਇਹ ਪੰਜਾਬ ਕਾਂਗ੍ਰਸ ਦਾ ਜਨਰਲ ਸਕੱਤਰ ਰਿਹਾ ਅਤੇ ਬਾਦ ਵਿਚ ਪ੍ਰਧਾਨ ਵੀ ਰਿਹਾ। ਸੰਨ 1942 ਈ ਵਿਚ ਕਾਂਗ੍ਰਸ ਵਲੋਂ ਚਲਾਏ ‘ਭਾਰਤ ਛੋੜੋ ਅੰਦੋਲਨ’ ਵਿਚ ਸ਼ਾਮਲ ਹੋਇਆ ਅਤੇ ਜੇਲ੍ਹ ਜਾਣਾ ਪਿਆ। ਸੰਨ 1946 ਈ. ਵਿਚ ਇਹ ਕਾਨਸਟੀਚੂਐਂਟ ਅਸੈਂਬਲੀ ਲਈ ਚੁਣਿਆ ਗਿਆ। ਸੰਨ 1946 ਈ. ਤੋਂ 1953 ਈ. ਤਕ ਇਹ ਕਾਂਗ੍ਰਸ ਕਾਰਜਕਾਰੀ ਕਮੇਟੀ ਦਾ ਮੈਂਬਰ ਵੀ ਰਿਹਾ। ਦੇਸ਼ ਦੀ ਆਜ਼ਾਦੀ ਤੋਂ ਬਾਦ ਸੰਨ 1947 ਤੋਂ 1949 ਈ. ਤਕ ਅਤੇ ਫਿਰ 1952 ਤੋਂ 1964 ਈ. ਤਕ ਪਹਿਲਾਂ ਇਹ ਪੰਜਾਬ ਸਰਕਾਰ ਦਾ ਵਿਕਾਸ ਮੰਤਰੀ ਰਿਹਾ ਅਤੇ ਬਾਦ ਵਿਚ ਮੁੱਖ ਮੰਤਰੀ ਬਣਿਆ। ਇਸ ਨੇ ਪੱਛਮੀ ਪੰਜਾਬ ਤੋਂ ਉਜੜ ਕੇ ਆਏ ਲੱਖਾਂ ਲੋਕਾਂ ਨੂੰ ਮੁੜ ਕੇ ਵਸਾਉਣ ਵਿਚ ਬੜੀ ਉਸਾਰੂ ਭੂਮਿਕਾ ਨਿਭਾਈ। ਇਸ ਨੇ ਪੰਜਾਬ ਵਿਚ ਚੱਕਬੰਦੀ ਕਰਕੇ ਇਕ ਨਵੇਂ ਅਤੇ ਪ੍ਰਗਤੀਸ਼ੀਲ ਪੰਜਾਬ ਦੀ ਨੀਂਹ ਰਖੀ ਅਤੇ ਕੁਝ ਸਾਲਾਂ ਵਿਚ ਹੀ ਪੰਜਾਬ ਨੂੰ ਅੰਨ-ਦਾਤਾ ਬਣਾ ਦਿੱਤਾ। ਇਸ ਨੇ ਹਰ ਨਵੀਂ ਸਕੀਮ ਨੂੰ ਲਾਗੂ ਕਰਕੇ ਪੰਜਾਬ ਦੇ ਪਿੰਡਾਂ ਦਾ ਮੁਹਾਂਦਰਾ ਬਦਲਣ ਦਾ ਉਦਮ ਕੀਤਾ। ਪ੍ਰਸ਼ਾਸ਼ਨਿਕ ਵਿਵਸਥਾ ਨੂੰ ਵੀ ਪਰੰਪਰਾਗਤ ਲੀਹਾਂ ਤੋਂ ਹਟਾ ਕੇ ਨਵਾਂ ਰੂਪ ਦਿੱਤਾ। ਸਚਮੁਚ ਇਸ ਨੇ ਪੰਜਾਬ ਨੂੰ ਆਪਣੇ ਸੁਪਨਿਆਂ ਅਨੁਸਾਰ ਢਾਲ ਦਿੱਤਾ।
ਸੰਨ 1964 ਈ .ਵਿਚ ਵਿਰੋਧੀ ਧੜੇ ਵਾਲਿਆਂ ਦੇ ਲਗਾਏ ਦੋਸ਼ਾਂ ਦੀ ਪੜਤਾਲ ਲਈ ਸਥਾਪਿਤ ਕੀਤੇ ਗਏ ਕਮਿਸ਼ਨ ਦੀ ਰਿਪੋਰਟ ਵਿਚ ਭਾਵੇਂ ਇਸ ਦੇ ਵਿਰੁੱਧ ਕੋਈ ਖ਼ਾਸ ਦੋਸ਼ ਸਥਾਪਿਤ ਨ ਹੋ ਸਕਿਆ, ਫਿਰ ਵੀ ਇਸ ਨੇ 21 ਜੂਨ 1964 ਈ. ਨੂੰ ਮੁੱਖ ਮੰਤਰੀ ਪਦ ਤੋਂ ਤਿਆਗ-ਪੱਤਰ ਦੇ ਦਿੱਤਾ। 6 ਫਰਵਰੀ 1965 ਈ. ਨੂੰ ਜਦੋਂ ਇਹ ਕਾਰ ਰਾਹੀਂ ਦਿੱਲੀ ਤੋਂ ਪੰਜਾਬ ਆ ਰਿਹਾ ਸੀ , ਤਾਂ ਜੀ.ਟੀ.ਰੋਡ ਉਤੇ ਰਸੋਈ ਪਿੰਡ ਦੇ ਨੇੜੇ ਇਸ ਦੀ ਕਾਰ ਨੂੰ ਰੋਕ ਕੇ ਤਿੰਨ ਹੋਰ ਸਾਥੀਆਂ ਸਮੇਤ ਇਸ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਗਿਆ। ਇਸ ਤਰ੍ਹਾਂ ਪੰਜਾਬ ਦੇ ਇਕ ਉਤਮ ਪ੍ਰਸ਼ਾਸਕ ਅਤੇ ਹਿਤੈਸ਼ੀ ਦੀ ਜੀਵਨ-ਲੀਲਾ ਖ਼ਤਮ ਕਰ ਦਿੱਤੀ ਗਈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4870, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First