ਪ੍ਰਾਕ੍ਰਿਤ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਪ੍ਰਾਕ੍ਰਿਤ: ਮੱਧਕਾਲੀ ਭਾਰਤੀ ਆਰੀਆ ਭਾਸ਼ਾ ਪਰਿਵਾਰ 500 ਈ. ਪੂ. ਤੋਂ ਅਰੰਭ ਹੋਇਆ ਮੰਨਿਆ ਜਾਂਦਾ ਹੈ। ਇਸ ਸਮੇਂ ਤੱਕ ਸੰਸਕ੍ਰਿਤ ਭਾਸ਼ਾ ਬੋਲਚਾਲ ਦੀ ਭਾਸ਼ਾ ਨਹੀਂ ਰਹੀ ਸੀ ਸਗੋਂ ਇਸ ਦਾ ਸਥਾਨ ਪ੍ਰਾਕ੍ਰਿਤਾਂ ਨੇ ਲੈ ਲਿਆ। ਪ੍ਰਾਕ੍ਰਿਤ ਭਾਸ਼ਾ ਉਸ ਨੂੰ ਕਿਹਾ ਜਾਂਦਾ ਹੈ ਜਿਸ ਵਿਚ ਲੋਕ ਸੰਸਕ੍ਰਿਤ ਤੋਂ ਬਾਦ ਬੋਲਚਾਲ ਕਰਦੇ ਹਨ। ਪ੍ਰਾਕ੍ਰਿਤਾਂ ਦੇ ਸਮੇਂ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾਂਦਾ ਹੈ। 500 ਈ. ਪੂ. ਤੋਂ ਲੈ ਕੇ ਈਸਵੀ ਸੰਨ ਦੇ ਅਰੰਭ ਤੱਕ ਪਹਿਲਾ ਸਮਾਂ ਹੈ ਇਸ ਸਮੇਂ ਦੀ ਪਰਮੁੱਖ ਪ੍ਰਾਕ੍ਰਿਤ ਪਾਲੀ ਹੈ। ਈਸਵੀ ਸੰਨ ਤੋਂ ਲੈ ਕੇ 500 ਈ. ਤਕ ਦਾ ਸਮਾਂ ਪ੍ਰਾਕ੍ਰਿਤਾਂ ਦਾ ਦੌਰ ਹੈ। ਇਸ ਸਮੇਂ ਸ਼ੋਰਸੈਨੀ, ਮਹਾਂਰਾਸ਼ਟਰੀ ਆਦਿ ਪ੍ਰਾਕ੍ਰਿਤਾਂ ਹੋਂਦ ਵਿਚ ਆਉਂਦੀਆਂ ਹਨ ਅਤੇ 500 ਈ. ਤੋਂ ਲੈ ਕੇ 1000 ਈ. ਤੱਕ ਦਾ ਸਮਾਂ ਅਪਭ੍ਰੰਸ਼ਾਂ ਦਾ ਸਮਾਂ ਹੈ। ਪਾਲੀ ਪ੍ਰਾਕ੍ਰਿਤ ਵਿਚ 41 ਤੋਂ ਲੈ ਕੇ 46 ਤੱਕ ਧੁਨੀਆਂ ਮੰਨੀਆਂ ਗਈਆਂ ਹਨ। ਨਾਸਕੀ ਧੁਨੀ ਨੂੰ ਪਾਲੀ ਵਿਚ ਵੱਖਰੀ ਧੁਨੀ ਮੰਨਿਆ ਗਿਆ ਹੈ। ਪਾਲੀ ਵਿਚ 10 ਸਵਰ ਹਨ (ਏਂ ਤੇ ਓਂ) ਲਘੂ ਸਵਰ ਹਨ ਜੋ ਇਸ ਵਿਚ ਵਿਕਸਤ ਹੋਏ ਅਤੇ ਸੰਸਕ੍ਰਿਤ ਦੇ (ਐ) ਤੇ (ਔ) ਲੋਪ ਹੋ ਗਏ। ਲਹਿੰਦੀ ਪੰਜਾਬੀ ਵਿਚ (ਔ) ਅੱਜ ਵੀ ਨਹੀਂ ਉਚਾਰਿਆ ਜਾਂਦਾ ਅਤੇ ਇਹ ਪੁਰਾਤਨ ਪੰਜਾਬੀ ਵਿਚ ਨਹੀਂ ਮਿਲਦਾ। ਪਾਲੀ ਵਿਚ ਦੋ-ਸੰਧੀ ਸਵਰ ਖਤਮ ਹੋ ਗਏ ਜਦੋਂ ਕਿ ਵੈਦਿਕ ਸੰਸਕ੍ਰਿਤ ਵਿਚ ਇਨ੍ਹਾਂ ਦੀ ਗਿਣਤੀ ਚਾਰ ਅਤੇ ਸੰਸਕ੍ਰਿਤ ਵਿਚ ਦੋ ਸੀ। ਵੈਦਿਕ ਸੰਸਕ੍ਰਿਤ ਵਿਚ (ਲ) ਨਾਲੋਂ ਵੱਖਰੀਆਂ (ਲ਼) ਅਤੇ (ਲ੍ਹ) ਦੋ ਹੋਰ ਧੁਨੀਆਂ ਹਨ ਜੋ ਸੰਸਕ੍ਰਿਤ ਵਿਚ ਨਹੀਂ ਪਰ ਪਾਲੀ ਵਿਚ ਮੌਜੂਦ ਹਨ। ਪਾਲੀ ਵਿਚ ਸਿਰਫ ਇਕ (ਸ) ਧੁਨੀ ਰਹਿ ਗਈ ਜਦੋਂ ਕਿ ਵੈਦਿਕ ਸੰਸਕ੍ਰਿਤ ਵਿਚ ਇਨ੍ਹਾਂ ਦੀ ਗਿਣਤੀ ਤਿੰਨ ਸੀ। ਅਰੰਭ ਵਾਲਾ ਸੰਯੁਕਤ ਵਿਅੰਜਨ ਲੁਪਤ ਹੋ ਗਿਆ ਜਿਵੇਂ : (ਗ੍ਰਾਮ) ਦੀ ਥਾਂ (ਗਾਮ)। ਇਹ ਭਾਸ਼ਾ ਸੰਯੋਗਾਤਮਕ ਹੈ ਭਾਵ ਇਸ ਵਿਚ ਸਬੰਧਕਾਂ ਦੀ ਵਰਤੋਂ ਨਹੀਂ ਹੁੰਦੀ। ਇਸ ਵਿਚ ਤਿੰਨ ਵਚਨਾਂ ਦੀ ਥਾਂ ਦੋ ਵਚਨ ਰਹਿ ਗਏ। ਕਾਰਕਾਂ ਦੀ ਗਿਣਤੀ ਛੇ ਰਹਿ ਗਈ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 6087, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਪ੍ਰਾਕ੍ਰਿਤ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪ੍ਰਾਕ੍ਰਿਤ [ਨਾਂਇ] ਪ੍ਰਾਚੀਨ ਕਾਲ ਵਿੱਚ ਬੋਲੀ ਜਾਣ ਵਾਲ਼ੀ ਭਾਰਤੀ ਜਨ-ਭਾਸ਼ਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6077, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪ੍ਰਾਕ੍ਰਿਤ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪ੍ਰਾਕ੍ਰਿਤ. ਸੰ. प्राकृत. ਵਿ—ਸ੍ਵਾਭਾਵਿਕ. ਕੁਦਰਤੀ। ੨ ਸੰਸਾਰੀ. ਲੌਕਿਕ। ੩ ਸਾਧਾਰਣ. ਮਾਮੂਲੀ । ੪ ਸੰਗ੍ਯਾ—ਸਮੇਂ ਦੇ ਫੇਰ ਅਤੇ ਅਨੇਕ ਭਾਖਾ ਬੋਲਣ ਵਾਲੇ ਲੋਕਾਂ ਦੇ ਮੇਲ ਮਿਲਾਪ ਤੋਂ ਸ੍ਵਾਭਾਵਿਕ ਬਣੀ ਹੋਈ ਇੱਕ ਬੋਲੀ. ਇਹ ਅਸਲ ਸੰਸਕ੍ਰਿਤ ਤੋਂ ਵਿਗੜੀ ਹੋਈ ਭਾ ਹੈ, ਜੋ ਪੁਰਾਣੇ ਸਮੇਂ ਨਾਟਕਾਂ ਵਿੱਚ ਬਹੁਤ ਵਰਤੀ ਜਾਂਦੀ ਸੀ.
ਭਾ ਦੇ ਇਤਿਹਾਸ ਤੋਂ ਪਤਾ ਲਗਦਾ ਹੈ ਕਿ ਰਾਜੇ, ਅਹਿਲਕਾਰ, ਪੰਡਿਤ ਅਤੇ ਪਿੰਡਾਂ ਦੇ ਗਵਾਰ ਅਰ ਨੀਚ ਜਾਤਿ ਦੇ ਲੋਕ ਜਦ ਪਰਸਪਰ ਬਾਤਚੀਤ ਕਰਦੇ ਸਨ, ਤਦ ਇੱਕ ਮਿਸ਼੍ਰਿਤ ਭਾ ਸੁਭਾਵਿਕ ਹੀ ਬਣ ਗਈ.
ਭਾਵੇਂ ਹਿੰਦੀ ਉਰਦੂ ਬੰਗਾਲੀ ਪੰਜਾਬੀ ਆਦਿ ਸਭ ਪ੍ਰਾਕ੍ਰਿਤ ਭਾ ਹਨ, ਪਰ ਖਾਸ ਕਰਕੇ ਉਸ ਬੋਲੀ ਦੀ ਪ੍ਰਾਕ੍ਰਿਤ ਸੰਗ੍ਯਾ ਹੋਈ, ਜੋ ਸੰਸਕ੍ਰਿਤ ਬੋਲਣ ਦੇ ਜ਼ਮਾਨੇ ਤੋਂ ਪਿੱਛੋਂ ਮਿਲੀ ਹੋਈ ਭਾ ਸੀ. ਇਸ ਵਿਚ ਜੈਨੀਆਂ ਦੇ ਬਹੁਤ ਗ੍ਰੰਥ ਲਿਖੇ ਗਏ ਹਨ.
ਪ੍ਰਾਕ੍ਰਿਤ ਵਿੱਚ—अ आ इ ई उ ऊ ए ओ ਇਹ ਅੱਠ ਸ੍ਵਰ
ਅਤੇ क ख ग घ
च छ ज झ
ट ठ ड ढ ण
त थ द ध
प फ ब भ म
य र ल व स ह ਇਹ ੨੮ ਵ੍ਯੰਜਨ ਹਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5827, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First