ਪ੍ਰੇਮਚੰਦ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪ੍ਰੇਮਚੰਦ (1880–1936): ਹਿੰਦੀ ਸਾਹਿਤ ਵਿੱਚ ਪ੍ਰੇਮਚੰਦ ਉਪਨਿਆਸ ਸਮਰਾਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਪ੍ਰੇਮਚੰਦ ਦਾ ਅਸਲੀ ਨਾਂ ਧਨਪਤਰਾਇ ਸੀ। ਉਸ ਦਾ ਜਨਮ 1880 ਨੂੰ ਬਨਾਰਸ ਦੇ ਨੇੜੇ ਲਮਹੀ ਪਿੰਡ ਵਿੱਚ ਪਿਤਾ ਮੁਨਸ਼ੀ ਅਜਾਇਬਰਾਇ ਅਤੇ ਮਾਤਾ ਆਨੰਦੀ ਦੇਵੀ ਦੇ ਘਰ ਹੋਇਆ। ਪ੍ਰੇਮਚੰਦ ਦੇ ਬਾਪ-ਦਾਦੇ ਖੇਤੀ ਕਰਦੇ ਸਨ ਪਰੰਤੂ ਖੇਤੀ ਦੀ ਆਮਦਨ ਤੋਂ ਘਰ ਦਾ ਖ਼ਰਚ ਨਾ ਚੱਲ ਸਕਣ ਕਾਰਨ ਉਸ ਦੇ ਪਿਤਾ ਨੇ ਡਾਕਖ਼ਾਨੇ ਵਿੱਚ ਕਲਰਕ ਦੀ ਨੌਕਰੀ ਕਰ ਲਈ। ਪੇਸ਼ੇ ਤੋਂ ਕਿਰਸਾਣ ਨਾ ਹੋਣ `ਤੇ ਵੀ ਉਹਨਾਂ ਦੇ ਘਰ ਦਾ ਵਾਤਾਵਰਨ ਕਿਰਸਾਣਾਂ ਜਿਹਾ ਸਾਦਾ ਅਤੇ ਰਹਿਣ-ਸਹਿਣ ਨਿਮਨ ਮੱਧ-ਵਰਗ ਦਾ ਸੀ। ਬਚਪਨ ਵਿੱਚ ਹੀ ਉਸ ਦੀਆਂ ਤਿੰਨ ਭੈਣਾਂ ਵਿੱਚੋਂ ਦੋ ਦੀ ਮੌਤ ਹੋ ਗਈ ਅਤੇ ਮਾਤਾ ਦਾ ਵੀ ਦਿਹਾਂਤ ਹੋ ਗਿਆ। ਘਰ ਦੀ ਗ਼ਰੀਬੀ ਅਤੇ ਮਾਤਾ ਦੇ ਪਿਆਰ ਤੋਂ ਵਾਂਝੇ ਰਹੇ ਪ੍ਰੇਮਚੰਦ ਨੂੰ ਬਚਪਨ ਤੋਂ ਹੀ ਕਠਨਾਈਆਂ ਦਾ ਸਾਮ੍ਹਣਾ ਕਰਨਾ ਪਿਆ। ਬਚਪਨ ਤੋਂ ਹੀ ਉਸ ਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ ਅਤੇ ਉਸ ਨੂੰ ਉਰਦੂ ਦੀ ਸਿੱਖਿਆ ਦਿੱਤੀ ਗਈ। 13 ਵਰ੍ਹੇ ਦੀ ਉਮਰ ਵਿੱਚ ਹੀ ਉਸ ਨੇ ਉਰਦੂ ਦੀਆਂ ਅਨੇਕ ਕਿਤਾਬਾਂ ਪੜ੍ਹ ਲਈਆਂ ਸਨ। ਹਨੇਰੀ ਕੋਠੜੀ ਵਿੱਚ ਉਹ ਤੇਲ ਦੀ ਕੁੱਪੀ ਜਲਾ ਕੇ ਪੜ੍ਹਦਾ ਸੀ। ਘਰ ਦੀ ਗ਼ਰੀਬੀ ਕਾਰਨ ਮਿਹਨਤ ਕਰ ਕੇ ਪੈਸੇ ਕਮਾਉਂਦਾ ਅਤੇ ਨਾਵਲ ਅਤੇ ਹੋਰ ਕਿਤਾਬਾਂ ਪੜ੍ਹਦਾ। ਉਹ ਟਿਊਸ਼ਨਾਂ ਪੜ੍ਹਾਉਂਦਾ ਅਤੇ ਨਾਲ-ਨਾਲ ਆਪਣੀ ਪੜ੍ਹਾਈ ਵੀ ਕਰਦਾ। ਗ਼ਰੀਬੀ ਕਾਰਨ ਉਸ ਨੂੰ ਕਈ ਵਾਰ ਮਹਾਜਨਾਂ (ਸ਼ਾਹੂਕਾਰਾਂ) ਤੋਂ ਪੈਸੇ ਉਧਾਰ ਲੈ ਕੇ ਭਾਰੀ ਵਿਆਜ ਚੁਕਾਉਣਾ ਪਿਆ। ਇਸੇ ਕਾਰਨ ਉਸ ਨੂੰ ਮਹਾਜਨੀ ਵਪਾਰ ਦਾ ਏਨਾ ਅਨੁਭਵ ਹੋਇਆ ਕਿ ਉਸ ਨੇ ਆਪਣੇ ਸਾਹਿਤ ਵਿੱਚ ਇਸ ਦਾ ਏਨਾ ਸਜੀਵ ਚਿਤਰਨ ਕੀਤਾ ਹੈ। 1910 ਵਿੱਚ ਇੰਟਰ ਦੀ ਪਰੀਖਿਆ ਪਾਸ ਕੀਤੀ ਅਤੇ ਇਸ ਤੋਂ ਪਹਿਲਾਂ ਹੀ ਉਸ ਨੇ 18 ਰੁਪਏ ਮਹੀਨੇ `ਤੇ ਸਕੂਲ ਵਿੱਚ ਅਧਿਆਪਕ ਦੀ ਨੌਕਰੀ ਕਰ ਲਈ ਸੀ।
ਅਨੇਕ ਕਸ਼ਟ ਸਹਿੰਦੇ ਹੋਏ ਵੀ ਉਸ ਨੇ ਆਪਣੇ ਜੀਵਨ ਵਿੱਚ ਉੱਚੇ ਆਦਰਸ਼ ਅਪਣਾਏ। ਆਪਣੀ ਮਤੇਈ ਮਾਂ ਤੋਂ ਮਿਲੀ ਬਦਸਲੂਕੀ ਦੇ ਬਾਵਜੂਦ ਪ੍ਰੇਮਚੰਦ ਨੇ ਆਪਣੇ ਮਤੇਏ ਭਰਾ ਮਹਿਤਾਬ ਰਾਇ ਦਾ ਸੱਕੇ ਤੋਂ ਵੀ ਵੱਧ ਧਿਆਨ ਰੱਖਿਆ ਅਤੇ ਉਸ ਉਪਰ ਆਪਣੇ ਵਿਤ ਤੋਂ ਵੱਧ ਖ਼ਰਚਾ ਕੀਤਾ।
ਆਪਣੀ ਪਤਨੀ ਦੇ ਭੈੜੇ ਸੁਭਾਅ ਤੋਂ ਤੰਗ ਆ ਕੇ ਪ੍ਰੇਮਚੰਦ ਉਸ ਤੋਂ ਅੱਡ ਹੋ ਗਿਆ ਅਤੇ ਉਸ ਨੇ ਬਾਲ ਵਿਧਵਾ ਸ਼ਿਵਰਾਣੀ ਦੇਵੀ ਨਾਲ ਵਿਆਹ ਕਰਵਾਇਆ। ਸ਼ਿਵਰਾਣੀ ਦੇਵੀ ਉਸ ਦੀ ਸੱਚੀ ਜੀਵਨ ਸਾਥੀ ਸਾਬਤ ਹੋਈ।
ਸ਼ੁਰੂ ਵਿੱਚ ਪ੍ਰੇਮਚੰਦ ਉਰਦੂ ਵਿੱਚ ਲਿਖਦਾ ਸੀ। ਬਾਅਦ ਵਿੱਚ ਉਸ ਨੇ ਹਿੰਦੀ ਵਿੱਚ ਲਿਖਣਾ ਅਰੰਭ ਕੀਤਾ। ਉਸ ਦੀ ਪਹਿਲੀ ਮੌਲਿਕ ਕਹਾਣੀ ‘ਸੰਸਾਰ ਦਾ ਅਨਮੋਲ ਰਤਨ` 1907 ਵਿੱਚ ਛਪੀ। ਫਿਰ ਉਸ ਦਾ ਪਹਿਲਾ ਉਰਦੂ ਕਹਾਣੀ-ਸੰਗ੍ਰਹਿ ਸੋਜ਼ੇ ਵਤਨ (1908) ਪ੍ਰਕਾਸ਼ਿਤ ਹੋਇਆ। ਇਸ ਵਿੱਚ ਰਾਸ਼ਟਰੀ ਭਾਵਨਾ ਭਰਪੂਰ ਕਹਾਣੀਆਂ ਹੋਣ ਕਾਰਨ ਅੰਗਰੇਜ਼ ਸਰਕਾਰ ਨੇ ਇਸ ਦੀਆਂ ਸਾਰੀਆਂ ਕਾਪੀਆਂ ਜ਼ਬਤ ਕਰ ਲਈਆਂ। ਸਰਕਾਰ ਕੋਲੋਂ ਧਮਕੀਆਂ ਮਿਲਣ ਕਾਰਨ ਉਸ ਨੇ ‘ਪ੍ਰੇਮਚੰਦ’ ਨਾਂ ਤੇ ਲਿਖਣਾ ਸ਼ੁਰੂ ਕਰ ਦਿੱਤਾ। 1917 ਤੋਂ ਉਸ ਦੇ ਅਨੇਕ ਕਹਾਣੀ-ਸੰਗ੍ਰਹਿ-ਸਪਤ ਸਰੋਜ (1917), ਨਵਨਿਧੀ (1918), ਪ੍ਰੇਮ ਪੂਰਣਿਮਾ (1918), ਬੜੇ ਘਰ ਕੀ ਬੇਟੀ, ਲਾਲ ਫੀਤਾ, ਨਮਕ ਕਾ ਦਾਰੋਗਾ (1921), ਪ੍ਰੇਮ ਪਚੀਸੀ (1923), ਪ੍ਰੇਮ ਪ੍ਰਸੂਨ (1924), ਪ੍ਰੇਮਦ੍ਵਾਦਸ਼ੀ, ਪ੍ਰੇਮ ਪ੍ਰਤਿਮਾ, ਪ੍ਰੇਮ ਪ੍ਰਮੋਦ (1926), ਪ੍ਰੇਮ ਤੀਰਥ, ਪਾਂਚ ਫੂਲ, ਪ੍ਰੇਮ ਚਤੁਰਥੀ, ਪ੍ਰੇਮ ਪ੍ਰਤਿਗਿਆ (1929), ਸਪਤ ਸੁਮਨ, ਪ੍ਰੇਮ ਪੰਚਮੀ (1930), ਪ੍ਰੇਰਣਾ, ਸਮਰ ਯਾਤਰਾ (1932), ਪੰਚ ਪ੍ਰਸੂਨ (1934), ਨਵਜੀਵਨ (1935) ਆਦਿ ਛਪੇ। ਸਰਸਵਤੀ ਪ੍ਰੇਮ ਬਨਾਰਸ ਵੱਲੋਂ ਪ੍ਰੇਮਚੰਦ ਦੀਆਂ 300 ਦੇ ਲਗਪਗ ਕਹਾਣੀਆਂ ਦਾ ਸੰਗ੍ਰਹਿ ਮਾਨਸਰੋਵਰ ਨਾਂ ਹੇਠ ਅੱਠ ਭਾਗਾਂ ਵਿੱਚ ਛਪਿਆ। 1900 ਤੋਂ 1906 ਤੱਕ ਉਸ ਨੇ ਤਿੰਨ ਨਾਵਲ ਰੂਠੀ ਰਾਨੀ, ਵਰਦਾਨ ਅਤੇ ਪ੍ਰਤਿਗਿਆ ਲਿਖੇ। ਇਸ ਤੋਂ ਬਾਅਦ ਸੇਵਾਸਦਨ (1916), ਪ੍ਰੇਸਾਸ਼੍ਰਮ (1918), ਰੰਗਭੂਮੀ (1918), ਨਿਰਮਲਾ (1923), ਕਾਯਾਕਲਪ (1928), ਗਵਨ (1930), ਕਰਮਭੂਮੀ (1932), ਗੋਦਾਨ (1936) ਉਸ ਦੇ ਬਹੁਤ ਪ੍ਰਸਿੱਧ ਅਤੇ ਲੋਕ-ਪ੍ਰਿਆ ਨਾਵਲ ਛਪੇ। ਉਸ ਦਾ ਅਖੀਰਲਾ ਨਾਵਲ ਮੰਗਲਸੂਤਰ 1936 ਵਿੱਚ ਉਸ ਦੀ ਮੌਤ ਹੋਣ ਕਾਰਨ ਅਪੂਰਨ ਰਿਹਾ।
ਪ੍ਰੇਮਚੰਦ ਉੱਚ-ਕੋਟੀ ਦਾ ਕਹਾਣੀਕਾਰ ਅਤੇ ਨਾਵਲਕਾਰ ਹੋਣ ਦੇ ਨਾਲ-ਨਾਲ ਨਾਟਕਕਾਰ, ਨਿਬੰਧ- ਕਾਰ, ਜੀਵਨੀ ਲੇਖਕ, ਅਨੁਵਾਦਕ ਅਤੇ ਪੱਤਰਾਂ ਦਾ ਸੰਪਾਦਕ ਵੀ ਸੀ। ਸੰਗ੍ਰਾਮ (1923), ਕਰਬਲਾ (1924), ਪ੍ਰੇਮ ਕੀ ਵੇਦੀ (1933) ਉਸ ਦੇ ਨਾਟਕ ਹਨ। ਮਹਾਤਮਾ ਸ਼ੇਖ ਸਾਦੀ (1918), ਦੁਰਗਾਦਾਸ (1938), ਕਲਮ, ਤਲਵਾਰ ਔਰ ਤਿਆਗ ਉਸ ਦੁਆਰਾ ਲਿਖੀਆਂ ਜੀਵਨੀਆਂ ਅਤੇ ਜੀਵਨ ਸਾਰ ਆਤਮ ਕਥਾ ਹੈ। ਸੁਖਦਾਸ, ਤਾਲਸਤਾਏ ਦੀਆਂ ਕਹਾਣੀਆਂ, ਅਹੰਕਾਰ, ਆਜ਼ਾਦ ਕਥਾ, ਹੜਤਾਲ, ਚਾਂਦੀ ਕੀ ਡਿਬੀਆ ਅਤੇ ਨਿਯਾਯ ਉਸ ਦੀਆਂ ਅਨੁਵਾਦ ਕੀਤੀਆਂ ਰਚਨਾਵਾਂ ਹਨ। ਉਸ ਨੇ ਬਾਲਾਂ ਲਈ ਸਾਹਿਤ ਵੀ ਲਿਖਿਆ। ਮਨਮੋਦਕ, ਕੁੱਤੇ ਕੀ ਕਹਾਣੀ, ਜੰਗਲ ਕੀ ਕਹਾਣੀਆਂ ਅਤੇ ਰਾਮ ਚਰਚਾ ਉਸ ਦੀਆਂ ਕੁਝ ਪ੍ਰਮੁਖ ਬਾਲ ਰਚਨਾਵਾਂ ਹਨ। ਜ਼ਮਾਨਾ, ਜਾਗਰਣ, ਮਰਯਾਦਾ, ਮਾਧੁਰੀ, ਹੰਸ ਆਦਿ ਪੱਤ੍ਰਿਕਾਵਾਂ ਦਾ ਸੰਪਾਦਨ ਉਸ ਨੇ ਕੀਤਾ।
ਪ੍ਰੇਮਚੰਦ ਨੇ ਸਮਾਜਿਕ ਅਤੇ ਰਾਜਨੀਤਿਕ ਦੋਨਾਂ ਹੀ ਤਰ੍ਹਾਂ ਦੀਆਂ ਕਹਾਣੀਆਂ ਅਤੇ ਨਾਵਲ ਲਿਖੇ। ਇਹਨਾਂ ਵਿੱਚ ਕਿਰਸਾਣਾਂ, ਮਜ਼ਦੂਰਾਂ, ਪੇਂਡੂਆਂ ਦੀ ਗ਼ਰੀਬੀ ਅਤੇ ਦੁਰਦਸ਼ਾ ਦਾ ਵਰਣਨ ਹੈ। ਉਸ ਨੇ ਵੇਸ਼ਯਾ ਜੀਵਨ, ਨਾਰੀ ਦੁਰਦਸ਼ਾ, ਬਾਲ ਵਿਆਹ, ਵਿਧਵਾ ਦੁਰਦਸ਼ਾ, ਅਨਮੇਲ ਵਿਆਹ, ਊਚ-ਨੀਚ, ਜਾਤ-ਪਾਤ ਨਾਲ ਜੁੜੀਆਂ ਧਾਰਮਿਕ, ਰਾਜਨੀਤਿਕ, ਆਰਥਿਕ ਅਤੇ ਉਦਯੋਗਿਕ ਅਨੇਕਾਂ ਸਮੱਸਿਆਵਾਂ ਦਾ ਪ੍ਰਤਿਪਾਦਨ ਆਪਣੀਆਂ ਰਚਨਾਵਾਂ ਵਿੱਚ ਕੀਤਾ। ਦੇਸ਼ ਦੀ ਅਜ਼ਾਦੀ ਦੀ ਲੜਾਈ, ਦੇਸੀ ਰਿਆਸਤਾਂ ਦੇ ਅੰਦੋਲਨ, ਦੇਸ਼ਭਗਤਾਂ ਦੇ ਬਲੀਦਾਨ, ਜਨਜਾਗਰਨ ਆਦਿ ਦਾ ਚਿਤਰਨ ਵੀ ਉਸ ਨੇ ਆਪਣੀਆਂ ਰਚਨਾਵਾਂ ਵਿੱਚ ਕੀਤਾ ਹੈ।
ਪ੍ਰੇਮਚੰਦ ਦਾ ਕਥਾ-ਸਾਹਿਤ ਹਿੰਦੀ ਕਥਾ-ਸਾਹਿਤ ਦੇ ਸਫ਼ਰ ਵਿੱਚ ਮੀਲ ਪੱਥਰ ਹੈ। ਉਸ ਨੇ ਪਹਿਲੀ ਵਾਰ ਹਿੰਦੀ ਸਾਹਿਤ ਨੂੰ ਰੋਚਕ, ਕਲਾਤਮਿਕ, ਯਥਾਰਥਵਾਦੀ ਅਤੇ ਆਦਰਸ਼ਿਕ ਕਹਾਣੀਆਂ ਅਤੇ ਨਾਵਲ ਦਿੱਤੇ। ਉਸ ਦਾ ਸਾਹਿਤ ਨਵੀਆਂ ਰਾਹਾਂ ਉਲੀਕਣ ਵਾਲਾ ਅਤੇ ਉੱਚ- ਕੋਟੀ ਦਾ ਹੈ। ਉਸ ਨੇ ਆਉਣ ਵਾਲੇ ਸਾਹਿਤਕਾਰਾਂ ਨੂੰ ਨਵਾਂ ਰਾਹ ਵਿਖਾਇਆ। ਪ੍ਰੇਮਚੰਦ ਦਾ ਸਾਹਿਤ ਸਧਾਰਨ ਪਾਠਕਾਂ ਦੀ ਸਮਝ ਵਿੱਚ ਆਉਣ ਵਾਲਾ, ਲੋਕ-ਪ੍ਰਿਆ ਸਮਾਜ ਉਸਾਰੂ ਅਤੇ ਰਾਸ਼ਟਰੀ ਭਾਵਨਾਵਾਂ ਨਾਲ ਭਰਪੂਰ ਹੈ ਅਤੇ ਭਾਸ਼ਾ ਸਧਾਰਨ, ਸਰਲ, ਮੁਹਾਵਰੇਦਾਰ ਹੁੰਦੇ ਹੋਏ ਵੀ ਸਜੀਵ ਅਤੇ ਉੱਚ-ਕੋਟੀ ਦੀ ਸਾਹਿਤਿਕ ਹੈ। ਉਸ ਦੀਆਂ ਕਹਾਣੀਆਂ ਅਤੇ ਨਾਵਲ ਕਲਾ ਦੀ ਕਸੌਟੀ `ਤੇ ਉੱਚ ਸ਼੍ਰੇਣੀ ਦੇ ਸਿੱਧ ਹੋਏ ਹਨ। ਪ੍ਰੇਮ ਚੰਦ ਵੱਲੋਂ ਰਚਿਤ ਸਾਹਿਤ ਉੱਤੇ ਅਨੇਕ ਆਲੋਚਨਾਵਾਂ ਅਤੇ ਖੋਜ ਗ੍ਰੰਥ ਰਚੇ ਗਏ। ਉਹ ਯੁੱਗਦ੍ਰਸ਼ਟਾ ਅਤੇ ਭਵਿੱਖਦ੍ਰਸ਼ਟਾ ਦਾ ਸਾਹਿਤਕਾਰ ਸੀ।
ਲੇਖਕ : ਆਈ. ਡੀ. ਜੌਹਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2719, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First