ਪ੍ਰੇਮ ਪ੍ਰਕਾਸ਼ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪ੍ਰੇਮ ਪ੍ਰਕਾਸ਼ (1932): ਪੰਜਾਬੀ ਕਹਾਣੀ ਸੰਸਾਰ ਵਿੱਚ ਪ੍ਰੇਮ ਪ੍ਰਕਾਸ਼ ਇੱਕ ਮਾਣਯੋਗ ਕਹਾਣੀਕਾਰ ਦੇ ਤੌਰ ਤੇ ਸਥਾਪਿਤ ਹੈ। ਉਸ ਦੇ ਕਹਾਣੀ ਖੇਤਰ ਵਿੱਚ ਪ੍ਰਵੇਸ਼ ਨਾਲ ਪੰਜਾਬੀ ਕਹਾਣੀ ਇੱਕ ਨਵਾਂ ਮੋੜ ਕੱਟਦੀ ਹੈ। ਉਸ ਨੇ ਅਰੰਭ ਵਿੱਚ ਪ੍ਰਗਤੀਵਾਦੀ ਲਹਿਰ ਦਾ ਪ੍ਰਭਾਵ ਕਬੂਲ ਕੀਤਾ ਪਰ ਛੇਤੀ ਹੀ ਉਸ ਨੂੰ ਸਮਾਜਵਾਦੀ ਯਥਾਰਥਵਾਦ ਅਧੂਰਾ ਲੱਗਣ ਲੱਗ ਪਿਆ ਅਤੇ ਉਹ ਮੱਧ-ਵਰਗੀ ਮਨੁੱਖ ਦੇ ਮਨ ਦੀਆਂ ਤਹਿਆਂ ਫਰੋਲਣ ਤੇ ਰਿਸ਼ਤਿਆਂ ਦੇ ਸੱਚ ਦੀ ਤਲਾਸ਼ ਵਿੱਚ ਜੁੱਟ ਗਿਆ। ਰਿਸ਼ਤਿਆਂ ਦੇ ਇਸ ਸੱਚ ਦੀ ਤਲਾਸ਼ ਦੇ ਅਮਲ ਵਿੱਚ ਹੀ ਉਸ ਦੀ ਦ੍ਰਿਸ਼ਟੀ ਇਸਤਰੀ-ਪੁਰਸ਼ ਸੰਬੰਧਾਂ ਦੇ ਰਹੱਸ ਨੂੰ ਸਮਝਣ ਤੇ ਪੇਸ਼ ਕਰਨ ਦੇ ਬਿੰਦੂ ਉੱਤੇ ਟਿੱਕ ਗਈ। ਗਹਿਰੇ ਮਨੋ- ਵਿਗਿਆਨਿਕ ਵਿਸ਼ਲੇਸ਼ਣ ਵਾਲੀ ਇਹ ਵੱਖਰੇ ਰੰਗ ਦੀ ਕਹਾਣੀ ਪ੍ਰੇਮ ਪ੍ਰਕਾਸ਼ ਦੀ ਆਪਣੀ ਵਿਸ਼ੇਸ਼ ਪਹਿਚਾਣ ਵੀ ਬਣੀ ਅਤੇ ਇਸ ਨੇ ਸਮੁੱਚੀ ਪੰਜਾਬੀ ਕਹਾਣੀ ਨੂੰ ਇੱਕ ਨਵਾਂ ਮੋੜ ਵੀ ਦਿੱਤਾ।
ਪ੍ਰੇਮ ਪ੍ਰਕਾਸ਼ ਦਾ ਜਨਮ 7 ਅਪ੍ਰੈਲ 1932 ਨੂੰ ਪਿਤਾ ਸ੍ਰੀ ਰਾਮ ਪ੍ਰਸਾਦ ਤੇ ਮਾਤਾ ਸ੍ਰੀਮਤੀ ਦਯਾਵੰਤੀ ਦੇ ਘਰ ਖੰਨਾ, ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ। ਮੁਢਲੀ ਸਕੂਲੀ ਸਿੱਖਿਆ ਭਾਦਸੋਂ ਅਤੇ ਦਸਵੀਂ ਖੰਨੇ ਤੋਂ ਕੀਤੀ। ਅਗਲੀ ਸਿੱਖਿਆ ਉਸ ਨੇ ਪ੍ਰਾਈਵੇਟ ਤੌਰ ਤੇ ਨੌਕਰੀ ਕਰਦਿਆਂ ਹੀ ਪ੍ਰਾਪਤ ਕੀਤੀ। ਜਲੰਧਰ ਦਸ ਕੁ ਸਾਲ ਸਕੂਲ ਅਧਿਆਪਨ ਕਰਨ ਤੋਂ ਬਾਅਦ ਪਹਿਲਾਂ ਉਰਦੂ ਅਖ਼ਬਾਰ ਮਿਲਾਪ ਵਿੱਚ ਅਤੇ ਫਿਰ ਹਿੰਦ ਸਮਾਚਾਰ ਵਿੱਚ ਬਤੌਰ ਉਪ ਸੰਪਾਦਕ ਸੇਵਾ ਕੀਤੀ। 1990 ਵਿੱਚ ਉਹ ਪੱਤਰਕਾਰੀ ਦੇ ਇਸ ਕਿੱਤੇ ਤੋਂ ਸੇਵਾ-ਮੁਕਤ ਹੋ ਗਿਆ। ਪ੍ਰੇਮ ਪ੍ਰਕਾਸ਼ ਕੁਝ ਸਮਾਂ ਨਕਸਲਵਾੜੀ ਲਹਿਰ ਨਾਲ ਵੀ ਜੁੜਿਆ ਪਰ ਛੇਤੀ ਇਸ ਤੋਂ ਪਿੱਛੇ ਹੱਟ ਗਿਆ। 1970 ਵਿੱਚ ਉਸ ਨੇ ਲਕੀਰ ਨਾਮ ਦਾ ਸਾਹਿਤਿਕ ਪਰਚਾ ਇਸੇ ਲਹਿਰ ਤੋਂ ਪ੍ਰਭਾਵਿਤ ਹੋ ਕੇ ਕੱਢਣਾ ਸ਼ੁਰੂ ਕੀਤਾ ਸੀ, ਜੋ ਕੁਝ ਵਕਫੇ ਉਪਰੰਤ ਫਿਰ ਜਾਰੀ ਹੈ।
ਪ੍ਰੇਮ ਪ੍ਰਕਾਸ਼ ਨੇ ਮੁੱਖ ਰੂਪ ਵਿੱਚ ਕਹਾਣੀ ਰਚਨਾ ਕਰ ਕੇ ਹੀ ਆਪਣਾ ਸਾਹਿਤਿਕ ਨਾਮ ਕਮਾਇਆ ਹੈ। ਉਸ ਦੇ ਕਹਾਣੀ-ਸੰਗ੍ਰਹਿ ਇਸ ਪ੍ਰਕਾਰ ਹਨ-ਕੱਚਕੜੇ (1966), ਨਮਾਜੀ (1971), ਮੁਕਤੀ (1980), ਸ਼ਵੇਤਾਂਬਰ ਨੇ ਕਿਹਾ ਸੀ (1983), ਪ੍ਰੇਮ ਕਹਾਣੀਆਂ (1986- ਚੋਣਵੀਆਂ ਕਹਾਣੀਆਂ), ਕੁਝ ਅਣ ਕਿਹਾ ਵੀ (1990), ਰੰਗਮੰਚ ਤੇ ਭਿਖਸ਼{ (1995), ਕਥਾ ਅਨੰਤ (1995 - ਸਮੁੱਚੀਆਂ ਕਹਾਣੀਆਂ), ਚੋਣਵੀਆਂ ਕਹਾਣੀਆਂ (2000) ਤੇ ਸੁਣਦੈਂ ਖਲੀਫ਼ਾ (2002)। ਪ੍ਰੇਮ ਪ੍ਰਕਾਸ਼ ਸਮਾਜਿਕ ਵਰਜਨਾਵਾਂ ਤੋੜਨ ਵਾਲੇ ਨੌਜਵਾਨ ਕਹਾਣੀਕਾਰਾਂ ਨੂੰ ਵਿਸ਼ੇਸ਼ ਰੂਪ ਵਿੱਚ ਉਭਾਰਦਾ ਰਿਹਾ ਹੈ। ਇਸ ਮਕਸਦ ਦੀ ਪੂਰਤੀ ਲਈ ਉਸ ਨੇ ਚੌਥੀ ਕੂਟ (1998) ਨਾਂ ਦਾ ਚਰਚਿਤ ਕਹਾਣੀ-ਸੰਗ੍ਰਹਿ ਸੰਪਾਦਿਤ ਕੀਤਾ। ਮੁਹੱਬਤਾਂ (2002), ਗੰਢਾਂ (2003) ਤੇ ਜੁਗਲਬੰਦੀਆਂ (2005) ਉਸ ਦੇ ਤਿੰਨ ਹੋਰ ਸੰਪਾਦਿਤ ਕਹਾਣੀ-ਸੰਗ੍ਰਹਿ ਹਨ ਜਿਨ੍ਹਾਂ ਰਾਹੀਂ ਉਹ ਅਜਿਹੇ ਰੰਗ ਵਾਲੀ ਹੀ ਪੰਜਾਬੀ ਕਹਾਣੀ ਨੂੰ ਉਭਾਰਨ ਦੀ ਕੋਸ਼ਿਸ਼ ਕਰਦਾ ਹੈ। ਦਸਤਾਵੇਜ਼ (1990), ਉਸ ਦਾ ਇੱਕੋ-ਇੱਕ ਚਰਚਿਤ ਨਾਵਲ ਹੈ, ਜਿਸ ਵਿੱਚ ਨਕਸਲਵਾੜੀ ਲਹਿਰ ਨੂੰ ਵਿਸ਼ਾ-ਵਸਤੂ ਬਣਾਇਆ ਗਿਆ ਹੈ। ਬੰਦੇ ਅੰਦਰ ਬੰਦੇ ਪ੍ਰੇਮ ਪ੍ਰਕਾਸ਼ ਦੀ ਸ੍ਵੈਜੀਵਨੀ ਹੈ। ਤੌਕੀਰ ਚੁਗਤਾਈ ਨਾਲ ਰਲ ਕੇ ਮਲਿਕ-ਏ-ਤਰੰਨਮ ਨੂਰਜਹਾਂ ਦੀ ਲਿਖੀ ਜੀਵਨੀ ਵੀ ਪ੍ਰੇਮ ਪ੍ਰਕਾਸ਼ ਦੇ ਖਾਤੇ ਵਿੱਚ ਹੈ। ਕੁਝ ਅਣਕਿਹਾ ਵੀ ਕਹਾਣੀ-ਸੰਗ੍ਰਹਿ ਉੱਤੇ ਉਸ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਵੱਕਾਰੀ ਪੁਰਸਕਾਰ ਦਿੱਤਾ ਗਿਆ।
ਪ੍ਰੇਮ ਪ੍ਰਕਾਸ਼ ਆਪਣੀ ਸਮੁੱਚੀ ਕਹਾਣੀ-ਰਚਨਾ ਵਿੱਚ ਮਨੁੱਖੀ ਰਿਸ਼ਤਿਆਂ ਨਾਲ ਪਈਆਂ ਮਾਨਸਿਕ ਗੰਢਾਂ ਨੂੰ ਸਮਝਣ ਤੇ ਖੋਲ੍ਹਣ ਦੇ ਯਤਨ ਵਿੱਚ ਰੁੱਝਾ ਪ੍ਰਤੀਤ ਹੁੰਦਾ ਹੈ। ਉਹ ਮਨੁੱਖੀ ਜੀਵਨ ਦੇ ਦਿੱਸਦੇ ਸੱਚ ਦੇ ਪਿੱਛੇ ਕੰਮ ਕਰਦੇ ਵੇਰਵਿਆਂ ਦੀ ਤਲਾਸ਼ ਕਰਦਾ ਹੈ। ਉਸ ਦਾ ਵਿਸ਼ਵਾਸ ਹੈ ਕਿ ਬੰਦਾ ਜਿੰਨਾ ਤੇ ਜਿਹੋ-ਜਿਹਾ ਬਾਹਰੋਂ ਦਿੱਸਦਾ ਹੈ, ਉਸ ਤੋਂ ਵੀਹ ਗੁਣਾਂ ਉਹ ਅੰਦਰ ਹੁੰਦਾ ਹੈ, ਜੋ ਦਿਸਦਾ ਨਹੀਂ। ਉਸ ਨੂੰ ਭਾਰਤੀ ਦਰਸ਼ਨ, ਮਿਥਿਹਾਸ ਤੇ ਸੰਸਕਾਰਾਂ ਦੀ ਡੂੰਘੀ ਸਮਝ ਹੈ। ਇਸੇ ਕਰ ਕੇ ਉਹ ਬੰਗਲਾ, ਲੱਛਮੀ, ਗੋਈ ਜਾਂ ਅਨੁਸ਼ਠਾਨ ਵਰਗੀਆਂ ਕਹਾਣੀਆਂ ਰਾਹੀਂ ਵੱਖ-ਵੱਖ ਜਾਤਾਂ, ਉਪ ਜਾਤਾਂ ਦੇ ਸੱਭਿਆਚਾਰ ਤੇ ਉਪ-ਸੱਭਿਆਚਾਰ ਦੇ ਟਕਰਾਉ ਨੂੰ ਖ਼ੂਬਸੂਰਤੀ ਨਾਲ ਪੇਸ਼ ਕਰ ਸਕਿਆ ਹੈ। ਉਹ ਆਮ ਬੰਦੇ ਦੀ ਸਿੱਧੀ ਕਹਾਣੀ ਲਿਖਣ ਦੀ ਥਾਂ ਅਸਧਾਰਨ ਮਾਨਸਿਕਤਾ ਦੀ ਵਿੰਗੀ ਤੇ ਉਲਝੀ ਹੋਈ ਸਥਿਤੀ ਨੂੰ ਆਪਣੀ ਰਚਨਾ ਦਾ ਆਧਾਰ ਬਣਾਉਂਦਾ ਹੈ। ਉਹ ਅਜਿਹੇ ਪਾਤਰਾਂ ਦੇ ਸੱਭਿਆਚਾਰਿਕ ਵਤੀਰੇ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਉਸ ਦੀ ਭਾਸ਼ਾ ਸਧਾਰਨ ਹੋ ਕੇ ਵੀ ਬਹੁਤ ਗਹਿਰੇ ਅਰਥਾਂ ਦੀ ਸੂਚਕ ਹੁੰਦੀ ਹੈ। ਉਹ ਕਹਾਣੀ ਨੂੰ ਸਹਿਜ ਗਤੀ ਨਾਲ ਤੁਰਨ ਦਿੰਦਾ ਹੈ। ਇੰਞ ਵਿਸ਼ੇ ਦੇ ਪੱਖ ਤੋਂ ਹੀ ਨਹੀਂ ਸਗੋਂ ਵਿਧੀ ਵਿਧਾਨ ਤੇ ਤਕਨੀਕ ਦੇ ਪੱਖ ਤੋਂ ਵੀ ਪੰਜਾਬੀ ਕਹਾਣੀ ਅਮੀਰ ਹੁੰਦੀ ਹੈ।
ਮੁਕਤੀ, ਡੈਡ ਲਾਈਨ, ਸਵੇਤਾਂਬਰ ਨੇ ਕਿਹਾ ਸੀ, ਬੰਗਲਾ, ਮਿਸ਼ਨ ਕੰਪਾਊਂਡ, ਇਹ ਉਹ ਜਸਵੀਰ ਨਹੀਂ, ਕਾਨੀ ਆਦਿ ਪ੍ਰੇਮ ਪ੍ਰਕਾਸ਼ ਦੀਆਂ ਸ਼ਾਹਕਾਰ ਕਹਾਣੀਆਂ ਹਨ।
ਲੇਖਕ : ਸੁਖਵਿੰਦਰ ਸਿੰਘ ਰੰਧਾਵਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5990, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First