ਪ੍ਰੇਮ ਸੁਮਾਰਗ ਗ੍ਰੰਥ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਪ੍ਰੇਮ ਸੁਮਾਰਗ ਗ੍ਰੰਥ: ਇਸ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਾਈ ਰਣਧੀਰ ਸਿੰਘ ਦੁਆਰਾ ਸੰਪਾਦਿਤ ਸੰਸਕਰਣ ਪ੍ਰਕਾਸ਼ਿਤ ਹੋ ਚੁਕਿਆ ਹੈ। ਇਸ ਦਾ ਇਕ ਨਾਮਾਂਤਰ ‘ਪਰਮ ਮਾਰਗ ਗ੍ਰੰਥ ’ ਵੀ ਹੈ ਜੋ ਪੁਰਾਤਨ ਹੱਥ-ਲਿਖਿਤਾਂ ਦੇ ਰੂਪ ਵਿਚ ਲਿਖਿਆ ਮਿਲਦਾ ਹੈ। ਇਸ ਦਾ ਕਰਤ੍ਰਿਤਵ ਸੰਦਿਗਧ ਹੈ। ਇਸ ਦੇ ਰਚਨਾ-ਕਾਲ ਬਾਰੇ ਵੀ ਵਿਦਵਾਨ ਇਕ-ਮਤ ਨਹੀਂ ਹਨ। ਸੰਪਾਦਕ ਨੇ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਨਿਕਟ ਉਤਰਵਰਤੀ ਰਚਨਾ ਮੰਨਿਆ ਹੈ। ਡਾ. ਤਰਲੋਚਨ ਸਿੰਘ ਬੇਦੀ ਇਸ ਨੂੰ ਅਠਾਰ੍ਹਵੀਂ ਸਦੀ ਦੀ ਰਚਨਾ ਦਸਦੇ ਹਨ। ਡਾ. ਪਿਆਰ ਸਿੰਘ ਨੇ ਇਸ ਨੂੰ ਸਿੱਖ-ਕਾਲ ਦੇ ਮੁੱਢਲੇ ਦੌਰ ਦੀ ਰਚਨਾ ਸਿੱਧ ਕਰਨ ਦਾ ਯਤਨ ਕੀਤਾ ਹੈ। ਪਿਆਰਾ ਸਿੰਘ ਪਦਮ ਅਨੁਸਾਰ ਇਹ ਰਚਨਾ ਸਿੱਖ ਮਿਸਲਾਂ ਦੀ ਚੜ੍ਹਦੀ ਕਲਾ ਵੇਲੇ 1765 ਈ. ਦੇ ਲਾਗੇ-ਚਾਗੇ ਜਾਂ ਜ਼ਰਾ ਪਿਛੋਂ ਲਿਖੀ ਗਈ ਸੀ। ਪਰ ਇਸ ਦੇ ਪਹਿਲੇ ਅਧਿਆਇ ਵਿਚ ‘ਸੰਤ ਖ਼ਾਲਸਾ ’ ਦੇ ਉੱਲੇਖ ਤੋਂ ਇਹ ਅਪ੍ਰੈਲ 1857 ਈ. ਤੋਂ ਬਾਦ ਦੀ ਰਚਨਾ ਸਿੱਧ ਹੁੰਦੀ ਹੈ, ਜਦੋਂ ਬਾਬਾ ਰਾਮ ਸਿੰਘ ਨਾਮਧਾਰੀ ਨੇ ਸਿੱਖਾਂ ਵਿਚ ਅੰਮ੍ਰਿਤ ਛਕਾਉਦ ਦੀ ਪੁਨਰ-ਵਿਵਸਥਾ ਕਰਕੇ ‘ਸੰਤ ਖ਼ਾਲਸਾ’ ਦਾ ਸਿਰਜਨ ਕੀਤਾ ਸੀ।
ਸੰਪਾਦਕ ਨੇ ਇਸ ਨੂੰ ‘ਬੁਧਿ ਬਿਬੇਕ ’ ਰਹਿਤਨਾਮੇ ’ਤੇ ਆਧਾਰਿਤ ਦਸਿਆ ਹੈ। ‘ਬੁਧਿ ਬਿਬੇਕ’ ਦਾ ਮੂਲ ਰੂਪ ਕਾਲ-ਕਵਲਿਤ ਹੋ ਚੁਕਿਆ ਹੈ, ਇਸ ਲਈ ਭਾਈ ਰਣਧੀਰ ਸਿੰਘ ਦੇ ਕਥਨ ਨੂੰ ਸੰਪੁਸ਼ਟ ਨਹੀਂ ਕੀਤਾ ਜਾ ਸਕਦਾ। ਹਾਂ, ਇਕ ਗੱਲ ਸਪੱਸ਼ਟ ਹੈ ਕਿ ਇਸ ਰਚਨਾ ਵਿਚ ਥਾਂ ਪਰ ਥਾਂ ਕ੍ਰਮਵਾਰ ਅੰਕ ਦਿੱਤੇ ਮਿਲਦੇ ਹਨ, ਜੋ ਇਹ ਸੰਕੇਤ ਕਰਦੇ ਹਨ ਕਿ ਇਹ ਕਿਸੇ ਕਾਵਿ-ਰਚਨਾ ਦਾ ‘ਭਾਵ-ਪ੍ਰਕਾਸ਼ਨੀ ਟੀਕਾ ’ ਹੈ। ਇਸ ਦੇ ਸ਼ੁਰੂ ਵਿਚ ‘ਸ੍ਰੀ ਮੁਖ ਵਾਕ ਪਾਤਿਸ਼ਾਹੀ ੧੦’ ਜਾਂ ‘ਪਾਤਿਸ਼ਾਹੀ ੧੦’ ਉਕਤੀ ਲਿਖੀ ਮਿਲਦੀ ਹੈ ਅਤੇ ਇਸ ਤਰ੍ਹਾਂ ਲੇਖਕ ਨੇ ਇਸ ਦੇ ਕੱਥ ਨੂੰ ਗੁਰੂ ਗੋਬਿੰਦ ਸਿੰਘ ਉਚਰਿਤ ਪ੍ਰਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਇਸ ਸੰਬੰਧੀ ਅੰਦਰਲੇ ਤੱਥਾਂ ਤੋਂ ਪੁਸ਼ਟੀ ਨਹੀਂ ਹੁੰਦੀ। ਇਸ ਦਾ ਲੇਖਕ ਦਸਵੇਂ ਗੁਰੂ ਸਾਹਿਬ ਤੋਂ ਕੋਈ ਭਿੰਨ ਵਿਅਕਤੀ ਹੈ ਜੋ ਗੁਰੂ ਸਾਹਿਬ ਤੋਂ ਘਟੋ ਘਟ ਡੇਢ ਸੌ ਸਾਲ ਬਾਦ ਹੋਇਆ ਸੀ।
ਇਸ ਰਚਨਾ ਵਿਚ ਕਿਸੇ ਸਿੱਖ ਨੂੰ ਜਨਮ ਤੋਂ ਮਰਨ ਤਕ ਜੋ ਮਰਯਾਦਾ ਪਾਲਣੀ ਚਾਹੀਦੀ ਹੈ, ਉਸ ਦਾ ਦਸਾਂ ਅਧਿਆਵਾਂ (92 ਬਚਨਾਂ) ਵਿਚ ਸਿਲਸਿਲੇਵਾਰ ਬ੍ਰਿੱਤਾਂਤ ਦਿੱਤਾ ਗਿਆ ਹੈ ਜੋ ਕ੍ਰਮਵਾਰ ਇਸ ਪ੍ਰਕਾਰ ਹੈ—ਪ੍ਰਾਣੀ ਦੀ ਨਿੱਤ ਕ੍ਰਿਆ ਤੇ ਰਹਿਤ, ਅੰਮ੍ਰਿਤ ਛਕਣ ਛਕਾਉਣ ਦੀ ਵਿਧੀ, ਜਨਮ-ਸੰਸਕਾਰ ਵਿਧੀ, ਆਨੰਦ ਵਿਵਾਹ, ਸੰਤਾਨ, ਲੰਗਰ ਪ੍ਰਸਾਦ ਦੀ ਵਿਧੀ, ਨਿੱਤ ਕ੍ਰਿਆ ਤੇ ਕਾਰ-ਵਿਹਾਰ, ਮ੍ਰਿਤਕ ਸੰਸਕਾਰ, ਖ਼ਾਲਸਾ ਰਾਜ-ਵਿਧਾਨ, ਸਿੱਖਾਂ ਦੀ ਕਿਰਤ-ਕਮਾਈ ਦੀ ਵੰਡ ਤੇ ਹੋਰ ਸਿੱਖ ਕਾਨੂੰਨ, ਅਤੇ ਸਹਿਜ ਜੋਗ-ਮਾਰਗ। ਇਸ ਤਰ੍ਹਾਂ ਜੀਵਨ ਦੇ ਲਗਭਗ ਸਾਰੇ ਮਹੱਤਵਪੂਰਣ ਪੱਖਾਂ ਉਤੇ ਪ੍ਰਕਾਸ਼ ਪਾ ਦਿੱਤਾ ਗਿਆ ਹੈ। ਇਸ ਵਿਚ ਰਾਜ ਕਰਨ ਵਾਲੇ ਲਈ ਪ੍ਰਬੰਧਕੀ ਸੂਚਨਾ ਤੋਂ ਇਲਾਵਾ ਰਾਜਨੀਤੀ ਦਾ ਵੀ ਬੋਧ ਕਰਾਇਆ ਗਿਆ ਹੈ। ਇਹ ਸਾਰਾ ਵਿਵਰਣ ਲੇਖਕ ਦੀ ਵਿਸ਼ਾਲ ਵਾਕਫ਼ੀਅਤ ਦਾ ਅਨੁਭਵ ਕਰਾਉਂਦਾ ਹੈ, ਜੋ ਧਰਮ ਕਰਮ ਤੋਂ ਲੈ ਕੇ ਰਾਜ- ਦਰਬਾਰੀ ਕਾਰਵਾਈ ਅਤੇ ਫ਼ਾਰਸੀ ਆਦਿ ਭਾਸ਼ਾ ਦਾ ਜਾਣਕਾਰ ਹੈ।
ਖ਼ਾਲਸਾ ਰਾਜ-ਵਿਧਾਨ ਦਾ ਵਿਵਰਣ ਉਪਲਬਧ ਹੋਣ ਕਾਰਣ ਇਸ ਦੇ ਸਿੱਖ-ਕਾਲ ਦੀ ਰਚਨਾ ਹੋਣ ਦਾ ਭਰਮ ਪੈਂਦਾ ਹੈ, ਪਰ ਵਾਸਤਵ ਵਿਚ ਖ਼ਾਲਸਾ ਰਾਜ ਦੇ ਖੁਸ ਜਾਣ ਦੇ ਕਾਰਣਾਂ ਜਾਂ ਉਸ ਨੂੰ ਬਰਬਾਦੀ ਵਲ ਲੈ ਜਾਣ ਵਾਲੇ ਨੁਕਸਾਂ ਦੇ ਸੰਦਰਭ ਵਿਚ ਪੁਨਰ-ਕਲਪਿਤ ਸਿੱਖ- ਰਾਜ ਦਾ ਨਵਾਂ ਵਿਧਾਨ ਪੇਸ਼ ਕਰਨ ਦਾ ਉਦਮ ਕੀਤਾ ਗਿਆ ਹੈ। ਇਸ ਪ੍ਰਕਾਰ ਦੇ ਉਦਮ ਪਿਛੇ ਨਾਮਧਾਰੀ ਬਾਬਾ ਰਾਮ ਸਿੰਘ ਦੀ ਮਨੋਸਥਿਤੀ ਕੰਮ ਰਹੀ ਪ੍ਰਤੀਤ ਹੁੰਦੀ ਹੈ, ਕਿਉਂਕਿ ਉਹ ਸਿੱਖ-ਰਾਜ ਦੀਆਂ ਘਾਟਾਂ ਅਤੇ ਤਰੁਟੀਆਂ ਤੋਂ ਵਾਕਫ਼ ਸਨ ਅਤੇ ਉਨ੍ਹਾਂ ਨੂੰ ਦੂਰ ਕਰਨ ਲਈ ਹੀ ਆਪ ਦੇ ਮਨ ਵਿਚ ਰਾਜਨੈਤਿਕ ਚੇਤਨਾ ਵਿਕਸਿਤ ਹੋਈ ਸੀ।
ਇਹ ਰਚਨਾ ਆਪਣੀਆਂ ਹੋਰ ਸਮਕਾਲੀ ਰਚਨਾਵਾਂ ਨਾਲੋਂ ਪੰਜਾਬੀ ਵਲ ਅਧਿਕ ਝੁਕੀ ਹੋਈ ਹੈ, ਸਾਧ ਭਾਸ਼ਾ ਜਾਂ ਹਿੰਦਵੀ ਦਾ ਵੀ ਕਿਤੇ ਕਿਤੇ ਪ੍ਰਭਾਵ ਪਿਆ ਹੈ। ਜਿਥੇ ਰਾਜ ਪ੍ਰਬੰਧ ਨਾਲ ਸੰਬੰਧਿਤ ਬ੍ਰਿੱਤਾਂਤ ਆਇਆ ਹੈ, ਉਥੇ ਅਰਬੀ-ਫ਼ਾਰਸੀ ਦੀ ਪ੍ਰਬੰਧਕੀ ਸ਼ਬਦਾਵਲੀ ਦੀ ਵਰਤੋਂ ਹੋਈ ਮਿਲ ਜਾਂਦੀ ਹੈ। ਚੂੰਕਿ ਇਹ ਸਾਰਾ ਵਿਵਰਣ ਸਾਧਾਰਣ ਲੋਕਾਂ ਲਈ ਹੈ, ਇਸ ਲਈ ਇਸ ਦੀ ਭਾਸ਼ਾ ਆਮ ਬੋਲਚਾਲ ਦੀ ਪੰਜਾਬੀ ਹੈ ਜਿਸ ਵਿਚ ਕਿਸੇ ਪ੍ਰਕਾਰ ਦੀ ਕੋਈ ਰਸਾਤਮਕਤਾ ਨਹੀਂ ਮਿਲਦੀ ਕਿਉਂਕਿ ਸਾਹਿਤਿਕ ਸੋਹਜ ਦਾ ਅਭਾਵ ਹੈ। ਉਦਾਹਰਣ ਲਈ :
ਅਰੁ ਸਭ ਤੇ ਵਡੀ ਰਹਿਤ ਏਹੁ ਹੈ ਜੋ ਮਿਥਿਆ ਨਾ ਬੋਲੇ। ਮਰਦੁ ਹੋਇ ਕੈ ਪਰਨਾਰੀ ਕਾ ਸੰਗ ਨਾ ਕਰੇ, ਇਸਤਰੀ ਹੋਇ ਕੈ ਪਰਾਏ ਮਰਦੁ ਨੋ ਨਾ ਵੇਖੇ। ਲੋਭ ਨਾ ਕਰੈ, ਕ੍ਰੋਧ ਨ ਕਰੈ, ਅਹੰਕਾਰ ਨਾ ਕਰੈ, ਬਹੁਤ ਮੋਹ ਨਾ ਕਰੈ, ਨਿੰਦਿਆ ਨਾ ਕਰੈ ਅਰੁ ਅਸਤੁ ਵੀ ਨਾ ਬੋਲੈ। ਅਰੁ ਐਸਾ ਸਤੁ ਵੀ ਨਾ ਬੋਲੈ ਜੋ ਕਿਸੈ ਦਾ ਬੁਰਾ ਹੋਂਦਾ ਅਰੁ ਕੁਛ ਕਰੈ ਸੁਮਤਿ ਹੀ ਕਰੈ ਅਰੁ ਅੰਤ ਕਾਲ ਨਦਰਿ ਕਰ ਦੇਖੈ ਅਰੁ ਆਪਣਾ ਚਲਣਾ ਇਸ ਮ੍ਰਿਤ ਮੰਡਲ ਤੇ ਸਾਸਿ ਸਾਸਿ ਚਿਤਾਰੈ, ਭੂਲੈ ਨਾਹੀਂ ਭਉ ਕਰੈ ਜੋ ਇਹਨਾ ਸਾਸਾ ਹੀ ਤੇ ਕਿਤੇ ਸਾਸਿ ਚਲਨਾ ਹੈ। ਕੋਈ ਸਾਸੁ ਬਿਰਥਾ ਚਲਣੈ ਦੇਵੈ ਨਾਹੀ। ਦੁਖਾਵੈ ਕਿਸੇ ਕੋ ਨਾਹੀ। ਮੁਖ ਤੇ ਮਿਠਾ ਬੋਲੈ। ਜੇ ਕੋਈ ਬੁਰਾ ਭਲਾ ਕਹੈ, ਮਨ ਬਿਖੈ ਲਿਆਵੈ ਨਾਹੀ। ਭਾਵੈ ਕੋਈ ਆਦਰੁ ਕਰੈ ਭਾਵੈ ਕੋਈ ਅਨਾਦਰ ਕਰੈ। ਹਰਖ ਸੋਗ ਕਿਸੀ ਬਾਤ ਕਾ ਨਾ ਕਰੈ, ਪਰਾਏ ਦਰਬੁ ਕਉ ਅੰਗੀਕਾਰੁ ਨਾ ਕਰੈ, ਧਰਮ ਕੀ ਕਿਰਤਿ ਕਰਿ ਖਾਇ। ਦਾਤਾ ਗੁਰੂ ਬਾਬਾ ਅਕਾਲ ਪੁਰਖੁ ਹੈ ਹੋਰਤਿ ਕਿਤੈ ਵਲਿ ਦੇਖੈ ਨਾ ਹੀ। ...
(ਪ੍ਰਿਥਮ ਧਿਆਉ)।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2789, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First