ਪੜਨਾਂਵ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪੜਨਾਂਵ: ਵਾਕ ਬਣਤਰ ਵਿੱਚ ਨਾਂਵ ਸ਼੍ਰੇਣੀ ਦੇ ਕਿਸੇ ਸ਼ਬਦ ਦੀ ਥਾਂ ਵਰਤੇ ਜਾਣ ਵਾਲੇ ਅਰਥਾਤ ਕਿਸੇ ਨਾਂਵ ਦੇ ਕਾਰਜ ਦੀ ਪੂਰਤੀ ਕਰਨ ਵਾਲੇ ਸ਼ਬਦ ਨੂੰ ਪੜਨਾਂਵ ਕਿਹਾ ਜਾਂਦਾ ਹੈ। ਪੰਜਾਬ ਦੇ ਪੜਨਾਂਵ ਸ਼ਬਦਾਂ ਦਾ ਕੋਈ ਲਿੰਗ ਭੇਦ ਨਹੀਂ ਹੁੰਦਾ, ਇਹਨਾਂ ਦੀ ਰੂਪਬਦਲੀ ਵਚਨ ਅਤੇ ਕਾਰਕ ਵਿਆਕਰਨ ਸ਼੍ਰੇਣੀਆਂ ਲਈ ਹੁੰਦੀ ਹੈ।

 

     ਅਰਥਾਂ ਦੇ ਆਧਾਰ ਉੱਤੇ ਪੜਨਾਂਵ ਸ਼ਬਦਾਂ ਨੂੰ ਸੱਤ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ :

        1.         ਪੁਰਖਵਾਚਕ ਪੜਨਾਂਵ               

        2.        ਅਧਿਕਾਰ ਸੂਚਕ ਪੜਨਾਂਵ

        3.        ਨਿੱਜਵਾਚਕ ਪੜਨਾਂਵ                

        4.        ਨਿਸ਼ਚੇਵਾਚਕ ਪੜਨਾਂਵ

        5.        ਅਨਿਸ਼ਚੇਵਾਚਕ ਪੜਨਾਂਵ

        6.        ਸੰਬੰਧਵਾਚਕ ਪੜਨਾਂਵ

        7.        ਪ੍ਰਸ਼ਨਵਾਚਕ ਪੜਨਾਂਵ

     ਵਿਆਕਰਨ ਸ਼੍ਰੇਣੀ ਪੁਰਖ (ਪਹਿਲਾ ਪੁਰਖ ਅਰਥਾਤ ਉੱਤਮ ਪੁਰਖ, ਦੂਜਾ ਪੁਰਖ ਅਰਥਾਤ ਮੱਧਮ ਪੁਰਖ ਅਤੇ ਤੀਜਾ ਪੁਰਖ ਅਰਥਾਤ ਅਨਯ ਪੁਰਖ) ਲਈ ਵਰਤੇ ਜਾਣ ਵਾਲੇ ਪੜਨਾਂਵ ਨੂੰ ਪੁਰਖਵਾਚਕ ਪੜਨਾਂਵ ਕਿਹਾ ਜਾਂਦਾ ਹੈ। ਇਸ ਸ਼੍ਰੇਣੀ ਦੇ ਪੜਨਾਂਵਾਂ ਦੀ ਰੂਪਬਦਲੀ ਦਾ ਵੇਰਵਾ ਤਾਲਿਕਾ 1 ਵਿੱਚ ਦਿੱਤਾ ਗਿਆ ਹੈ।

     ਪੰਜਾਬੀ ਦੇ ਪਹਿਲੇ ਪੁਰਖ ਅਤੇ ਦੂਜੇ ਪੁਰਖ ਦੇ ਪੜਨਾਂਵਾਂ ਵਿੱਚ ਲੱਛਣਾਂ ਦੀ ਸਾਂਝ ਹੈ ਪਰ ਤੀਜੇ ਪੁਰਖ ਦੇ ਪੜਨਾਂਵ ਇਹਨਾਂ ਨਾਲੋਂ ਕੁਝ ਨਵੇਕਲੇ ਲੱਛਣਾਂ ਵਾਲੇ ਹਨ। ਤੀਜੇ ਪੁਰਖ ਦੇ ਪੜਨਾਂਵਾਂ ਨਾਲ ਸੰਬੰਧਕ ‘ਨੇ’ ਦੀ ਵਰਤੋਂ ਕੀਤੀ ਜਾਂਦੀ ਹੈ, ਇਹਨਾਂ ਦੀ ਵਰਤੋਂ ਗ਼ੈਰ-ਮਨੁੱਖਾ ਨਾਂਵਾਂ ਲਈ ਵੀ ਕੀਤੀ ਜਾਂਦੀ ਹੈ ਅਤੇ ਇਹਨਾਂ ਦੇ ਇੱਕਵਚਨੀ ਅਤੇ ਬਹੁਵਚਨੀ ਰੂਪਾਂ ਵਿੱਚ ਵੱਖਰਾ ਨਹੀਂ। ਪਹਿਲੇ ਅਤੇ ਦੂਜੇ ਪੁਰਖਾਂ ਦੇ ਪੜਨਾਂਵਾਂ ਦਾ ਅਜਿਹਾ ਵਰਤਾਰਾ ਨਹੀਂ ਹੈ।

ਤਾਲਿਕਾ ਨੰ. 1

ਪਹਿਲੇ ਅਤੇ

ਦੂਜੇ ਪੁਰਖ ਦੇ ਕਾਰਕੀ ਰੂਪ

ਪਹਿਲਾ ਪੁਰਖ

ਦੂਜਾ ਪੁਰਖ

ਤੀਜਾ ਪੁਰਖ

ਤੀਜੇ ਪੁਰਖ ਦੇ ਕਾਰਕੀ ਰੂਪ

ਇੱਕ-    ਵਚਨ

ਬਹੁਵਚਨ

ਇੱਕ-    ਵਚਨ

ਬਹੁਵਚਨ

ਇੱਕਵਚਨ

ਬਹੁਵਚਨ

ਨੇੜਲਾ

ਦੁਰਾਡਾ

ਨੇੜਲਾ

ਦੁਰਾਡਾ

ਸਧਾਰਨ

ਮੈਂ

ਅਸੀਂ/ਆਪਾਂ

ਤੂੰ

ਤੁਸੀਂ/ਤੁਸਾਂ

ਇਹ

ਉਹ

ਇਹ

 ਉਹ

ਸਧਾਰਨ

ਸੰਪਰਦਾਨ

ਮੈਨੂੰ

ਸਾਨੂੰ

ਤੈਨੂੰ

ਤੁਹਾਨੂੰ

 

 

 

 

 

 

 

 

 

 

ਇਹ/ਇਸ

ਉਹ/ਉਸ

ਇਹਨਾਂ

ਉਹਨਾਂ

ਸੰਬੰਧਕੀ

ਅਪਾਦਾਨ

ਮੈਥੋਂ

ਸਾਥੋਂ/ਤੈਥੋਂ

ਤੁਹਾਥੋਂ

 

 

 

 

 

 

     ਪੁਰਖਵਾਚੀ ਪੜਨਾਂਵਾਂ ਨਾਲ ਸੰਬੰਧਕ ‘ਦੇ’ ਦੀ ਵਰਤੋਂ ਨਾਲ ਬਣੇ ਰੂਪ ਅਧਿਕਾਰ ਜਾਂ ਮਲਕੀਅਤ ਦਾ ਸੰਕੇਤ ਕਰਦੇ ਹਨ। ਇਹਨਾਂ ਨੂੰ ਅਧਿਕਾਰਪੂਰਵਕ ਪੜਨਾਂਵ ਕਿਹਾ ਜਾ ਸਕਦਾ ਹੈ: ਮੈਂ + ਦਾ = ਮੇਰਾ, ਤੁਸੀਂ + ਦਾ = ਤੁਹਾਡਾ ਆਦਿ। ਇਹਨਾਂ ਦਾ ਵੇਰਵਾ ਤਾਲਿਕਾ 2 ਵਿੱਚ ਦਿੱਤਾ ਗਿਆ ਹੈ।

ਤਾਲਿਕਾ ਨੰ. 2

 

ਪੁਲਿੰਗ 

ਇਲਿੰਗ

 

ਇੱਕਵਚਨ

ਬਹੁਵਚਨ

ਇੱਕਵਚਨ

ਬਹੁਵਚਨ

ਪਹਿਲਾ ਪੁਰਖ

ਮੇਰਾ/ਸਾਡਾ

ਮੇਰੇ/ਸਾਡੇ

ਮੇਰੀ/ਸਾਡੀ

ਮੇਰੀਆਂ/ਸਾਡੀਆਂ

ਦੂਜਾ ਪੁਰਖ

ਤੇਰਾ/ਤੁਹਾਡਾ

ਤੇਰੇ/ਤੁਹਾਡੇ

ਤੇਰੀ/ਤੁਹਾਡੀ

ਤੇਰੀਆਂ/ਤੁਹਾਡੀਆਂ

  1. ਮੋਹਣ ਦੀ ਕਿਤਾਬ ਤਾਂ ਨਵੀਂ ਹੈ ਪਰ ਤੁਹਾਡੀ ਪੁਰਾਣੀ ਹੈ।

     ਕਿਸੇ ਨਾਂਵ ਜਾਂ ਪੜਨਾਂਵ ਨਾਲ ਆ ਕੇ ਉਸ ਦੀ ਨਿੱਜਤਾ ਨੂੰ ਉਭਾਰਨ ਵਾਲਾ ਪੜਨਾਂਵ ਨਿੱਜਵਾਚਕ ਪੜਨਾਂਵ ਅਖਵਾਉਂਦਾ ਹੈ। ਪੰਜਾਬੀ ਵਿੱਚ ਨਿੱਜਵਾਚਕ ਪੜਨਾਂਵ ‘ਆਪ’ ਹੈ ਜੋ ਆਪੇ, ਆਪੋ, ਆਪਸ, ਆਪਣਾ ਆਦਿ ਰੂਪਾਂ ਵਿੱਚ ਵਰਤਿਆ ਜਾਂਦਾ ਹੈ। ਨਿੱਜਵਾਚਕ ਪੜਨਾਂਵ ਜਾਂ ਤਾਂ ਕਿਰਿਆ ਦੇ ਕਰਤਾ ਨੂੰ ਮਹੱਤਤਾ ਪ੍ਰਦਾਨ ਕਰਦਾ ਹੈ: ਵਾਕ (2), (3) ਅਤੇ ਜਾਂ ਕਿਰਿਆ ਦੇ ਕਰਤਾ ਅਤੇ ਕਰਮ ਨੂੰ ਇੱਕੋ ਧਿਰ ਵਜੋਂ ਪੇਸ਼ ਕਰਦਾ ਹੈ :

     ਵਾਕ (4), (5)

          2.       ਤੁਸੀਂ ਆਪ ਉੱਥੇ ਜਾਇਓ।

          3.       ਇਹ ਤਸਵੀਰ ਬਲਕਾਰ ਨੇ ਆਪ ਬਣਾਈ ਸੀ।

          4.       ਮੈਨੂੰ ਆਪਣੇ-ਆਪ ਉੱਤੇ ਬਹੁਤ ਗੁੱਸਾ ਆਇਆ।

          5.       ਮੁੰਡੇ ਆਪਸ ਵਿੱਚ ਲੜ ਪਏ।

     ਨਿਸ਼ਚਿਤ ਦੂਰੀ ਉੱਤੇ ਸਥਿਤ ਨਾਂਵ ਲਈ ਵਰਤੇ ਜਾਣ ਵਾਲੇ ਪੜਨਾਂਵ ਨੂੰ ਨਿਸ਼ਚੇਵਾਚਕ ਪੜਨਾਂਵ ਆਖਦੇ ਹਨ। ਤੀਜੇ ਪੁਰਖ ਦੇ ਪੜਨਾਂਵ ਨਿਸ਼ਚੇਵਾਚਕ ਪੜਨਾਂਵਾਂ ਵਜੋਂ ਵੀ ਵਰਤੇ ਜਾਂਦੇ ਹਨ। ਪੰਜਾਬੀ ਵਿੱਚ ‘ਇਹ’ ਅਤੇ ‘ਉਹ’ ਤੋਂ ਇਲਾਵਾ ‘ਆਹ’ ਅਤੇ ‘ਔਹ’ ਇਸ ਸ਼੍ਰੇਣੀ ਦੇ ਪੜਨਾਂਵ ਹਨ। ਇਹਨਾਂ ਦੁਆਰਾ ਦੂਰੀ ਦਾ ਸੰਕੇਤ ਹੇਠ ਲਿਖੇ ਅਨੁਸਾਰ ਕੀਤਾ ਜਾਂਦਾ ਹੈ :

                 1.         ਇਹ :   ਬੁਲਾਰੇ ਅਤੇ ਸ੍ਰੋਤੇ ਦੋਹਾਂ ਦੇ ਨੇੜੇ।

                 2.         ਉਹ :    ਬੁਲਾਰੇ ਅਤੇ ਸ੍ਰੋਤੇ ਤੋਂ ਇੱਕੋ ਜਿਹੀ ਥੋੜ੍ਹੀ ਦੂਰੀ ਉੱਤੇ।

                 3.         ਔਹ :    ਬੁਲਾਰੇ ਅਤੇ ਸ੍ਰੋਤੇ ਦੋਹਾਂ ਤੋਂ ਬਹੁਤ ਦੂਰੀ ਉੱਤੇ।

                 4.         ਆਹ :   ਬੁਲਾਰੇ ਦੇ ਨੇੜੇ।

     ਉਹ ਪੜਨਾਂਵ ਜੋ ਕਿਸੇ ਵਿਸ਼ੇਸ਼ ਨਾਂਵ ਦਾ ਬੋਧ ਨਾ ਕਰਵਾਏ ਅਤੇ ਜਾਂ ਕਿਸੇ ਨਾਂਵ ਦੀ ਗਿਣਤੀ-ਮਿਣਤੀ ਬਾਰੇ ਨਿਸ਼ਚੇਜਨਕ ਜਾਣਕਾਰੀ ਨਾ ਦੇਵੇ, ਉਸ ਨੂੰ ਅਨਿਸ਼ਚੇਵਾਚਕ ਪੜਨਾਂਵ ਆਖਿਆ ਜਾਂਦਾ ਹੈ। ਪੰਜਾਬੀ ਵਿੱਚ ਕੋਈ ਅਤੇ ਕਈ ਅਜਿਹੇ ਪੜਨਾਂਵ ਹਨ, ਇਹਨਾਂ ਦਾ ਸੰਬੰਧਕੀ ਰੂਪ ‘ਕਿਸੇ’ ਹੈ। ਇਹਨਾਂ ਦੀ ਇੱਕਹਿਰੀ ਵਰਤੋਂ (ਵਾਕ (6), (7)) ਵਿੱਚ ਵੀ ਮਿਲਦੀ ਹੈ, ਦੋਹਰੀ (ਵਾਕ (8), (9)) ਵਿੱਚ ਵੀ;

          6.       ਇਸ ਦੁਨੀਆ ਵਿੱਚ ਕਈ ਆਏ ਅਤੇ ਕਈ ਚਲੇ ਗਏ।

          7.       ਕਿਸੇ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਸੀ।

          8.       ਕਿਸੇ ਨਾ ਕਿਸੇ ਨੂੰ ਜ਼ਰੂਰ ਇਨਾਮ ਮਿਲੇਗਾ।

          9.       ਕਿਸੇ-ਕਿਸੇ ਨੇ ਹੀ ਇਹ ਪ੍ਰਸ਼ਨ ਹੱਲ ਕੀਤਾ ਹੈ।

     ਜਿਹੜਾ ਪੜਨਾਂਵ ਆਪਣੇ ਉਪਵਾਕ ਦੀਆਂ ਹੱਦਾਂ ਤੋਂ ਬਾਹਰਲੇ ਉਪਵਾਕ ਵਿੱਚ ਵਿਚਰਦੇ ਨਾਂਵ ਨਾਲ ਸੰਬੰਧ ਰੱਖਦਾ ਹੋਵੇ, ਉਸ ਨੂੰ ਸੰਬੰਧਵਾਚਕ ਪੜਨਾਂਵ ਕਿਹਾ ਜਾਂਦਾ ਹੈ। ਪੰਜਾਬੀ ਵਿੱਚ ‘ਜੋ’ ਅਤੇ ‘ਜਿਹੜਾ’ ਇਸ ਕਿਸਮ ਦੇ ਪੜਨਾਂਵ ਹਨ ਅਤੇ ‘ਜਿਸ’, ‘ਜਿਨ੍ਹਾਂ`, ‘ਇਹਨਾਂ` ਦੇ ਸੰਬੰਧੀ ਰੂਪ ਹਨ। ਸੰਬੰਧਵਾਚਕ ਪੜਨਾਂਵ ਦੀ ਵਰਤੋਂ ਪਰਾਧੀਨ ਉਪਵਾਕ ਵਿੱਚ ਹੁੰਦੀ ਹੈ ਅਤੇ ਉਸ ਨਾਲ ਸੰਬੰਧਿਤ ਨਾਂਵ ਦੀ ਸਵਾਧੀਨ ਉਪਵਾਕ ਵਿੱਚ;

                   10.      ਜਿਹੜਾ ਸਭ ਤੋਂ ਅੱਗੇ ਬੈਠਾ ਹੈ ਉਹ ਮੋਹਣ ਦਾ ਭਰਾ ਹੈ।

     ਸੰਬੰਧਵਾਚਕ ਪੜਨਾਂਵ ਦੀ ਥਾਂ ਉਸ ਨਾਲ ਸੰਬੰਧਿਤ ਨਾਂਵ ਰੱਖਣ ਨਾਲ ਵਾਕ ਬਣਤਰ ਸਧਾਰਨ ਹੋ ਜਾਂਦੀ ਹੈ।

          11.      ਮੋਹਣ ਦਾ ਭਰਾ ਸਭ ਤੋਂ ਅੱਗੇ ਬੈਠਾ ਹੈ।

     ਪ੍ਰਸ਼ਨਵਾਚੀ ਵਾਕ ਵਿੱਚ ਵਰਤੇ ਗਏ ਜਿਸ ਪੜਨਾਂਵ ਦੇ ਸੰਬੰਧ ਵਿੱਚ ਸ੍ਰੋਤੇ ਦਾ ਉੱਤਰ ਕੋਈ ਨਾਂਵ ਸ਼ਬਦ ਹੋਵੇ, ਉਸ ਨੂੰ ਪ੍ਰਸ਼ਨਵਾਚਕ ਪੜਨਾਂਵ ਆਖਦੇ ਹਨ। ਪੰਜਾਬੀ ਵਿੱਚ ਕੌਣ, ਕਿਹੜਾ ਅਤੇ ਕੀ ਪ੍ਰਸ਼ਨਵਾਚਕ ਪੜਨਾਂਵ ਹਨ। ‘ਕੌਣ’ ਦਾ ਸੰਬੰਧਕੀ ਰੂਪ ‘ਕਿਸ’ ਹੈ ਅਤੇ ਇਸ ਦੀ ਵਰਤੋਂ ਮਾਨਵੀ ਨਾਂਵਾਂ ਲਈ ਹੀ ਕੀਤੀ ਜਾਂਦੀ ਹੈ। ਇੱਕਵਚਨੀ ਰੂਪ ਲਈ ਇੱਕਹਿਰੀ ਅਤੇ ਬਹੁਵਚਨੀ ਰੂਪ ਲਈ ਦੋਹਰੀ:

                   12.      ਤੁਹਾਨੂੰ ਮਿਲਣ ਵਾਸਤੇ ਕੌਣ ਆਇਆ ਸੀ?

                             - ਜੋਧਾ ਸਿੰਘ

                   13.      ਤੁਹਾਨੂੰ ਮਿਲਣ ਵਾਸਤੇ ਕੌਣ-ਕੌਣ ਆਇਆ ਸੀ?

                             - ਜੋਧਾ ਸਿੰਘ ਅਤੇ ਰਾਮਲਾਲ

                   14.      ਉਹਨਾਂ ਵਿੱਚੋਂ ਇਹ ਕਿਤਾਬ ਕਿਸ ਨੇ ਪੜ੍ਹੀ ਹੈ?

                             - ਹਰਨਾਮ ਨੇ

                   15.      ਉਹਨਾਂ ਵਿੱਚੋਂ ਇਹ ਕਿਤਾਬ ਕਿਸ-ਕਿਸ ਨੇ ਪੜ੍ਹੀ ਹੈ?

                   - ਬਲਕਾਰ, ਕਰਤਾਰ ਅਤੇ ਸੁਰਿੰਦਰ ਨੇ

     ‘ਕਿਹੜਾ’ ਪੰਜਾਬੀ ਦਾ ਅਜਿਹਾ ਪ੍ਰਸ਼ਨਵਾਚਕ ਪੜਨਾਂਵ ਹੈ, ਜੋ ਹੋਰ ਆਧੁਨਿਕ ਭਾਰਤ-ਆਰੀਆ ਭਾਸ਼ਾਵਾਂ ਵਿੱਚ ਨਹੀਂ ਮਿਲਦਾ। ਇਹ ਸਜੀਵ ਅਤੇ ਨਿਰਜੀਵ ਦੋਵਾਂ ਕਿਸਮਾਂ ਦੇ ਨਾਂਵਾਂ ਲਈ ਵਰਤਿਆ ਜਾਂਦਾ ਹੈ।

                   16.      ਇਹਨਾਂ ਮੁੰਡਿਆਂ ਵਿੱਚੋਂ ਕਿਹੜਾ ਸਭ ਤੋਂ ਵੱਧ ਲਾਇਕ ਹੈ? (ਮੁੰਡਾ: ਸਜੀਵ)

          17.      ਇਹਨਾਂ ਕਿਤਾਬਾਂ ਵਿੱਚੋਂ ਤੁਹਾਨੂੰ ਕਿਹੜੀ ਵਧੇਰੇ ਪਸੰਦ ਹੈ? (ਕਿਤਾਬ: ਨਿਰਜੀਵ)

     ਪ੍ਰਸ਼ਨਵਾਚਕ ਪੜਨਾਂਵ ‘ਕੀ’ ਦੀ ਵਰਤੋਂ ਕੇਵਲ ਨਿਰਜੀਵ ਨਾਂਵਾਂ ਲਈ ਹੀ ਕੀਤੀ ਜਾਂਦੀ ਹੈ। ਬਹੁਵਚਨੀ ਰੂਪ ਲਈ ਇਸ ਦੀ ਦੋਹਰੀ ਵਰਤੋਂ ਕੀਤੀ ਜਾਂਦੀ ਹੈ। (ਵਾਕ (19)) ਜਾਂ ਇਸ ਨਾਲ ਸ਼ਬਦ ‘ਕੁਝ’ ਦੀ ਵਰਤੋਂ ਕੀਤੀ ਜਾਂਦੀ ਹੈ (ਵਾਕ 20))।

                   18.      ਤੁਸੀਂ ਕੀ ਕਰ ਰਹੇ ਹੋ?                         (ਇੱਕਵਚਨ)

                   19.      ਇੱਥੋਂ ਤੁਸਾਂ ਕੀ-ਕੀ ਖ਼ਰੀਦਿਆ ਹੈ?              (ਬਹੁਵਚਨ)

                    20.     ਇੱਥੋਂ ਤੁਸਾਂ ਕੀ ਕੁਝ ਖ਼ਰੀਦਿਆ ਹੈ?             (ਬਹੁਵਚਨ)

ਪੁਰਖਵਾਚੀ ਪੜਨਾਂਵਾਂ ਵਿੱਚੋਂ ਪਹਿਲੇ ਅਤੇ ਦੂਜੇ ਪੁਰਖ ਦੇ ਪੜਨਾਂਵਾਂ ਅਤੇ ਪ੍ਰਸ਼ਨਵਾਚਕ ਪੜਨਾਂਵਾਂ ਵਿੱਚੋਂ ‘ਕੌਣ’ ਨੂੰ ਛੱਡ ਕੇ ਬਾਕੀ ਸਾਰੇ ਜੇ ਕਿਸੇ ਨਾਂਵ ਤੋਂ ਪਹਿਲਾਂ ਵਰਤੇ ਜਾਣ ਤਾਂ ਉਹ ਵਿਸ਼ੇਸ਼ਣ ਵਜੋਂ ਵਿਚਰਦੇ ਹਨ। (ਵੇਖੋ ਵਿਸ਼ੇਸ਼ਣ)


ਲੇਖਕ : ਵੇਦ ਅਗਨੀਹੋਤਰੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 34291, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਪੜਨਾਂਵ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਪੜਨਾਂਵ: ਪੜਨਾਂਵ ਸ਼ਰੇਣੀ ਦੇ ਸ਼ਬਦਾਂ ਦੀ ਤਾਦਾਦ ਸੀਮਤ ਹੈ। ਇਸ ਲਈ ਇਨ੍ਹਾਂ ਨੂੰ ਸੀਮਤ ਜਾਂ ਬੰਦ ਸ਼ਬਦ-ਸ਼ਰੇਣੀ ਦੇ ਮੈਂਬਰਾਂ ਦੀ ਸੂਚੀ ਵਿਚ ਰੱਖਿਆ ਜਾਂਦਾ ਹੈ। ਇਹ ਸ਼ਬਦ ਵਾਕਾਤਮਕ ਕਾਰਕ ਵਿਚ ਨਾਂਵ ਦੀ ਥਾਂ ’ਤੇ ਵਿਚਰ ਕੇ ਨਾਂਵ ਦੇ ਕਾਰਜ ਨੂੰ ਪੂਰਿਆਂ ਕਰਦੇ ਹਨ। ਇਨ੍ਹਾਂ ਸ਼ਬਦਾਂ ਵਿਚ ਕੋਈ ਲਿੰਗ ਭੇਦ ਨਹੀਂ ਹੁੰਦਾ ਅਤੇ ਇਨ੍ਹਾਂ ਦੇ ਲਿੰਗ ਦਾ ਪਤਾ ਕਿਰਿਆ ਦੇ ਰੂਪ ਤੋਂ ਲਗਦਾ ਹੈ ਜਿਵੇਂ : ਉਹ ਜਾਂਦਾ ਹੈ, ਉਹ ਜਾਂਦੀ ਹੈ। ਤਾਦਾਦ ਦੇ ਪੱਖ ਤੋਂ ਭਾਵੇਂ ਇਨ੍ਹਾਂ ਸ਼ਬਦਾਂ ਨੂੰ ਸੀਮਤ ਸ਼ਰੇਣੀ ਦੀ ਲਿਸਟ ਵਿਚ ਰੱਖਿਆ ਜਾਂਦਾ ਹੈ ਪਰ ਇਨ੍ਹਾਂ ਦੀ ਵਰਤੋਂ ਦਾ ਘੇਰਾ ਕਾਫੀ ਵਿਸ਼ਾਲ ਹੈ। ਪੜਨਾਂਵ ਸ਼ਬਦਾਂ ਨੂੰ ਵਿਆਕਰਨਕ ਇਕਾਈ ‘ਪੁਰਖ’ ਅਨੁਸਾਰ ਵੰਡਿਆ ਜਾਂਦਾ ਹੈ। ਪਹਿਲੇ ਭਾਗ ਵਿਚ ਪਹਿਲੇ ਅਤੇ ਦੂਜੇ ਪੁਰਖ ਦੇ ਸੂਚਕ ਪੜਨਾਂਵ ਸ਼ਬਦਾਂ ਨੂੰ ਰੱਖਿਆ ਜਾਂਦਾ ਹੈ। ਇਹ ਸ਼ਬਦ ਵਚਨ ਦੇ ਪੱਖ ਤੋਂ ਇਕ ਵਚਨ ਅਤੇ ਬਹੁਵਚਨ ਦੇ ਸੂਚਕ ਹੁੰਦੇ ਹਨ ਅਤੇ ਸਧਾਰਨ, ਸਬੰਧਕੀ, ਸੰਪਰਦਾਨ ਅਤੇ ਅਪਾਦਾਨ ਕਾਰਕ ਅਨੁਸਾਰ ਰੂਪਾਂਤਰਤ ਹੁੰਦੇ ਹਨ। ‘ਮੈਂ’ ਅਤੇ ‘ਤੂੰ’ ਮੂਲ ਪੜਨਾਂਵ ਹਨ। ਵਚਨ ਅਤੇ ਕਾਰਕ ਅਨੁਸਾਰ ਇਹ ‘ਅਸੀਂ, ਤੁਸੀਂ, ਮੈਨੂੰ, ਸਾਨੂੰ, ਤੈਨੂੰ, ਤੁਹਾਨੂੰ, ਮੈਥੋਂ, ਸਾਥੋਂ, ਤੈਥੋਂ, ਤੁਹਾਥੋਂ’ ਅਨੁਸਾਰ ਰੂਪਾਂਤਰਤ ਹੁੰਦੇ ਹਨ। ਦੂਜੇ ਭਾਗ ਵਿਚ ਤੀਜਾ ਪੁਰਖ-ਸੂਚਕ ਪੜਨਾਂਵ ਨੂੰ ਰੱਖਿਆ ਜਾਂਦਾ ਹੈ। ਇਸ ਭਾਗ ਵਿਚ ‘ਇਹ’ ਅਤੇ ‘ਉਹ’ ਦੋ ਮੂਲ ਪੜਨਾਂਵ ਸ਼ਬਦ ਹਨ ਜੋ ਵਚਨ ਦੇ ਪੱਖ ਤੋਂ ਇਕ ਵਚਨ ਅਤੇ ਬਹੁ-ਵਚਨ ਦੇ ਸੂਚਕ ਹੁੰਦੇ ਹਨ ਅਤੇ ਸਧਾਰਨ, ਸਬੰਧਕੀ, ਸੰਪਰਦਾਨ ਅਤੇ ਅਪਾਦਾਨ ਕਾਰਕ ਲਈ ਰੂਪਾਂਤਰਤ ਹੁੰਦੇ ਹਨ। ਇਨ੍ਹਾਂ ਪੜਨਾਂਵ ਸ਼ਬਦਾਂ ਦੀ ਇਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਇਹ ਸ਼ਬਦ ਪੁਰਖ ਦੀ ਨੇੜਲੀ ਦੁਰਾਡੀ, ਦਿਸਦੀ ਅਤੇ ਅਦਿਸ ਸਥਿਤੀ ਦੀ ਸੂਚਨਾ ਪਰਦਾਨ ਕਰਦੇ ਹਨ। ‘ਉਹ’ ਦੁਰਾਡੇ ਦਾ ਸੂਚਕ ਹੈ ਅਤੇ ‘ਇਹ’ ਨੇੜਲੇ ਦਾ ਸੂਚਕ ਹੈ। ਵਚਨ ਅਤੇ ਕਾਰਕ ਅਨੁਸਾਰ ਇਹ, ‘ਉਹ-ਇਹ, ਉਹਨਾਂ-ਇਹਨਾਂ, ਉਹ ਨੂੰ-ਇਹ ਨੂੰ, ਉਹਨਾਂ ਨੂੰ-ਇਹਨਾਂ ਨੂੰ, ਉਹ ਨੇ-ਇਹ ਨੇ, ਉਹਨਾਂ ਨੇ, ਇਹਨਾਂ ਨੇ, ਉਹਤੋਂ-ਇਹਤੋਂ, ਉਹਨਾਂ ਤੋਂ, ਇਹਨਾਂ ਤੋਂ’ ਅਨੁਸਾਰ ਰੂਪਾਂਤਰਤ ਹੁੰਦੇ ਹਨ।

        ‘ਮੈਂ, ਤੂੰ, ਉਹ\ਉਸ’ ਪੜਨਾਂਵ ਸ਼ਬਦ ਜਦੋਂ ਸਬੰਧ-ਵਾਚਕ ਕਾਰਕ ਅਨੁਸਾਰ ਰੂਪਾਂਤਰਤ ਹੁੰਦੇ ਹਨ ਤਾਂ ਇਨ੍ਹਾਂ ਦੀ ਰੂਪਾਵਲੀ ਬਣਦੀ ਹੈ ਜੋ ਲਿੰਗ, ਵਚਨ, ਕਾਰਕ ਅਤੇ ਪੁਰਖ ਦੇ ਸੂਚਕ ਹੁੰਦੇ ਹਨ, ਜਿਵੇਂ : ਮੈਂਮੇਰਾ, ਮੇਰੀ, ਮੇਰੀਆਂ....। ਵਾਕਾਤਮਕ ਪੱਧਰ ’ਤੇ ਇਹ ਸ਼ਬਦ ਪੜਨਾਂਵ ਵਜੋਂ ਨਹੀਂ ਵਿਚਰਦੇ ਸਗੋਂ ਇਹ ਵਿਸ਼ੇਸ਼ਣ ਵਰਗਾ ਕਾਰਜ ਕਰਦੇ ਹਨ ਅਤੇ ਵਿਸ਼ੇਸ਼ਣ ਵਾਂਗ ਹੀ ਰੂਪਾਂਤਰਤ ਹੁੰਦੇ ਹਨ। ਸੁਤੰਤਰ ਵਾਕੰਸ਼ ਦੀ ਥਾਂ ਵਾਕੰਸ਼ ਦੇ ਹਿੱਸੇ ਵਜੋਂ ਹੀ ਵਿਚਰਦੇ ਹਨ : ਮੇਰਾ ਮੁੰਡਾ, ਸਾਡਾ ਘਰ, ਉਸ ਦਾ ਪੁੱਤਰ। ਇਸ ਪਰਕਾਰ ਦੀ ਸਥਿਤੀ ਵਿਚ ਵਿਚਰਨ ਵਾਲੇ ਪੜਨਾਂਵ ਸ਼ਬਦਾਂ ਨੂੰ ਸੰਕੇਤ-ਸੂਚਕ ਜਾਂ Demonstrative Pronoun ਨਾਂ ਦਿੱਤਾ ਜਾਂਦਾ ਹੈ।

        ਪਰੰਪਰਾਵਾਦੀ ਵਿਆਕਰਨਾਂ ਵਿਚ ਪੜਨਾਂਵ ਸ਼ਬਦਾਵਲੀ ਨੂੰ ਅਰਥ ਦੇ ਪੱਖ ਤੋਂ ਵੰਡਿਆ ਜਾਂਦਾ ਹੈ : ਪੁਰਖ-ਵਾਚਕੳਤਮ ਪੁਰਖ ‘ਮੈਂ’ ਤੇ ਇਸ ਦੇ ਰੂਪ, ਮੱਧਮ ਪੁਰਖ ‘ਤੂੰ’ ਤੇ ਇਸ ਦੇ ਰੂਪ ਅਤੇ ਅਨਯ ਪੁਰਖ ‘ਉਹ’ ਤੇ ਇਸ ਦੇ ਰੂਪ। ਨਿਜ-ਵਾਚਕ ਪੜਨਾਂਵ : ਆਪ-ਆਪਣਾ ਅਤੇ ਇਸ ਦੀ ਰੂਪਾਵਲੀ। ‘ਆਪ’ ਦੀ ਵਰਤੋਂ ਲਈ ਕਈ ਵਾਰ ਪੂਰਕ ਨਾਂਵ ਦੀ ਥਾਂ ਹੁੰਦੀ ਹੈ : ਮੈਂ ਆਪ ਸ਼ਹਿਰ ਗਿਆ। ‘ਆਪ’ ਅਤੇ ‘ਖੁਦ’ ਦੋਹਾਂ ਦੀ ਵਿਕਲਪੀ ਵਰਤੋਂ ਕੀਤੀ ਜਾਂਦੀ ਹੈ। ਅਨਿਸ਼ਚਤ ਪੜਨਾਂਵ ਵਿਚ ਉਨ੍ਹਾਂ ਸ਼ਬਦਾਂ ਨੂੰ ਰੱਖਿਆ ਜਾਂਦਾ ਹੈ ਜਿਨ੍ਹਾਂ ਸ਼ਬਦਾਂ ਦੀ ਦੋਹਰੀ ਮੈਂਬਰਸ਼ਿਪ ਹੈ ਭਾਵ ਇਹ ਪੜਨਾਂਵ ਵਜੋਂ ਅਤੇ ਵਿਸ਼ੇਸ਼ਕ ਵਜੋਂ ਵੀ ਵਰਤੇ ਜਾਂਦੇ ਹਨ, ਕੋਈ-ਕਈ, ਕਿਸੇ-ਕਈ, ਕੁਝ ਇਕ-ਇਕਨਾ, ਸਭ-ਸਭਨਾਂ ਆਦਿ ਸ਼ਬਦਾਂ ਨੂੰ ਇਨ੍ਹਾਂ ਨਾਲ ਰੱਖਿਆ ਜਾਂਦਾ ਹੈ ਜਿਵੇਂ : ਕੋਈ ਆਦਮੀ ਨਹੀਂ ਬਚਿਆ, ਕੋਈ ਕੀ ਕਰ ਸਕਦਾ ਹੈ? ਇਹ ਸ਼ਬਦ ਕਈ ਵਾਰ ਜੁੱਟਾਂ ਵਿਚ ਵਰਤੇ ਜਾਂਦੇ ਹਨ, ਜਿਵੇਂ : ਕੋਈ ਕੋਈ, ਕੁਝ ਕੁਝ, ਹਰ ਕੋਈ, ਸਭ ਕੁਝ ਆਦਿ। ਜੋ-ਜਿਸ, ਜਿਨ-ਜਿਨ੍ਹਾਂ, ਤਿਨ-ਤਿਨ੍ਹਾਂ ਅਤੇ ਜਿਹੜਾ ਦੀ ਰੂਪਾਵਲੀ ਨੂੰ ਸਬੰਧ-ਵਾਚਕ ਪੜਨਾਵਾਂ ਵਿਚ ਰੱਖਿਆ ਜਾਂਦਾ ਹੈ ਜਿਵੇਂ : ਜੋ ਕਰਦਾ ਹੈ ਸੋ ਭਰਦਾ ਹੈ। ‘ਕੌਣ, ਕਿਸ, ਕਿਨ੍ਹਾਂ, ਕੀ’ ਆਦਿ ਸ਼ਬਦਾਂ ਨੂੰ ਪ੍ਰਸ਼ਨ-ਵਾਚਕ ਪੜਨਾਵਾਂ ਵਿਚ ਰੱਖਿਆ ਜਾਂਦਾ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 34261, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਪੜਨਾਂਵ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੜਨਾਂਵ [ਨਾਂਪੁ] ਭਾਵਿ ਨਾਂਵ ਦੀ ਥਾਂ ਆਉਣ ਵਾਲ਼ਾ ਸ਼ਬਦ (ਜਿਵੇਂ ਮੈਂ, ਉਹ ਆਦਿ)


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 34251, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.