ਪੰਚਤੰਤਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪੰਚਤੰਤਰ: ਕਥਾ-ਸਾਹਿਤ ਦਾ ਪੰਚਤੰਤਰ ਇੱਕ ਮੌਲਿਕ, ਪ੍ਰਾਚੀਨ ਅਤੇ ਪ੍ਰਸਿੱਧ ਨੀਤੀ ਕਥਾ-ਸੰਗ੍ਰਹਿ ਹੈ। ਪੰਚਤੰਤਰ ‘ਪੰਚ’ ਅਤੇ ‘ਤੰਤਰ’ ਦੋ ਸ਼ਬਦਾਂ ਦਾ ਸੁਮੇਲ ਹੈ। ਪੰਚ ਦਾ ਕੋਸ਼ੀ ਅਰਥ ਹੈ ‘ਪੰਜ’ ਅਤੇ ਤੰਤਰ ਦਾ ਅਰਥ ਹੈ ‘ਧਾਗਾ, ਤਾਣਾ-ਬਾਣਾ, ਵਿਹਾਰ ਦੇ ਨੇਮ, ਸ਼੍ਰੇਣੀ, ਅਧਿਆਇ ਜਾਂ ਖੰਡ ਆਦਿ’।ਇਸ ਤਰ੍ਹਾਂ ਪੰਜ ਖੰਡਾਂ ਜਾਂ ਅਧਿਆਵਾਂ ਦੀਆਂ ਇਹ ਸਮੁੱਚੀਆਂ ਕਹਾਣੀਆਂ ਨੀਤੀਆਂ ਦੇ ਰੂਪ ਵਿੱਚ ਪੰਚਤੰਤਰ ਗ੍ਰੰਥ ਵਿੱਚ ਦਰਜ ਹਨ। ‘ਨੀਤੀ’ ਦਾ ਅਰਥ ਇੱਕ ਖ਼ਾਸ ਤਰ੍ਹਾਂ ਦੇ ਗੁਣ, ਵਿਧੀ ਜਾਂ ਚਾਲ ਤੋਂ ਹੁੰਦਾ ਹੈ। ਸਮਾਜ ਅਤੇ ਰਾਜ-ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਜਿਹੜੀਆਂ ਵਿਧੀਆਂ ਜਾਂ ਨੇਮ ਹੁੰਦੇ ਹਨ, ਉਹ ਅਸਲ ਵਿੱਚ ‘ਨੀਤੀਆਂ’ ਹੀ ਹੁੰਦੇ ਹਨ।ਇਸ ਗ੍ਰੰਥ ਦੇ ਲੇਖਕ ਪੰਡਤ ਵਿਸ਼ਣੂ ਸ਼ਰਮਾ ਨੇ ਇਹ ਸੰਗ੍ਰਹਿ ਦੱਖਣ ਦੇਸ ਵਿੱਚ ‘ਮਹਿਲਾ ਰੋਪ’ ਨਗਰ ਵਿੱਚ ਰਹਿੰਦੇ ਇੱਕ ਦਾਨੀ ਰਾਜੇ ਅਮਰ ਸ਼ਕਤੀ ਦੇ ਕਹਿਣ ਤੇ ਰਚਿਆ, ਉਸ ਨੇ ਮੰਦਬੁੱਧੀ ਅਤੇ ਉਜੱਡ ਰਾਜਕੁਮਾਰਾਂ-ਬਹੁਸ਼ਕਤੀ, ਉਗਰਸ਼ਕਤੀ ਅਤੇ ਅਨੰਤਸ਼ਕਤੀ ਨੂੰ ਪਰਜਾ ਦੇ ਲਾਇਕ ਬਣਾਉਣ ਲਈ ਕਈ ਵਿਦਵਾਨਾਂ ਨੂੰ ਸੱਦਿਆ। ਰਾਜੇ ਦੀ ਚਿੰਤਾ ਸੁਣ ਕੇ ਇੱਕ ਵਿਦਵਾਨ ਬੋਲਿਆ, “ਰਾਜਕੁਮਾਰਾਂ ਨੂੰ ਬਾਰਾਂ ਸਾਲ ਵਿਆਕਰਨ ਪੜ੍ਹਾਈ ਜਾਵੇ। ਫਿਰ ਅਗਲੇ ਬਾਰਾਂ ਸਾਲ ਤਕ ਮੰਨੂ ਦੇ ਬਣਾਏ ਕਨੂੰਨ ਪੜ੍ਹਾਏ ਜਾਣ। ਫਿਰ ਉਹਨਾਂ ਨੂੰ ਚਾਣਕਿਆ ਦੁਆਰਾ ਲਿਖਿਆ ਅਰਥ- ਸ਼ਾਸਤਰ ਪੜ੍ਹਾਇਆ ਜਾਵੇ ਜਿਸ ਵਿੱਚ ਚਾਣਕਿਆ ਨੇ ਵਪਾਰ, ਧਨ ਅਤੇ ਰਾਜ ਪ੍ਰਬੰਧ ਨੂੰ ਸਫਲਤਾ-ਪੂਰਬਕ ਚਲਾਉਣ ਦੇ ਭੇਦ ਦੱਸੇ ਹਨ।” ਇਹ ਸੁਣ ਕੇ ਰਾਜਾ ਬੋਲਿਆ, “ਇਹ ਸਾਰੀਆਂ ਗੱਲਾਂ ਨੂੰ ਤਾਂ ਬਹੁਤ ਸਮਾਂ ਲੱਗੇਗਾ। ਇਸ ਲਈ ਅਜਿਹੀ ਵਿਧੀ ਲੱਭੋ ਤਾਂ ਜੋ ਇਹਨਾਂ ਨੂੰ ਥੋੜ੍ਹੇ ਤੋਂ ਥੋੜ੍ਹੇ ਸਮੇਂ ਵਿੱਚ ਵੱਧ ਤੋਂ ਵੱਧ ਚੰਗੇਰੀ ਸਿੱਖਿਆ ਮਿਲ ਸਕੇ।”

     ਰਾਜੇ ਦੇ ਸੁਮੱਤੀ ਨਾਂ ਦੇ ਇੱਕ ਮੰਤਰੀ ਨੇ ਰਾਜੇ ਨੂੰ ਸਲਾਹ ਦਿੱਤੀ ਕਿ ਉਸ ਦੇ ਰਾਜਕੁਮਾਰਾਂ ਨੂੰ ਕੇਵਲ ਪੰਡਤ ਵਿਸ਼ਣੂ ਸ਼ਰਮਾ ਹੀ ਸੰਸਕ੍ਰਿਤ ਦਾ ਗਿਆਨਵਾਨ ਬਣਾ ਸਕਦਾ ਹੈ।

     ਅਮਰ ਸ਼ਕਤੀ ਨੇ ਵਿਸ਼ਣੂ ਸ਼ਰਮਾ ਨੂੰ ਆਪਣੇ ਪੁੱਤਰਾਂ ਨੂੰ ਨੀਤੀ ਵਿੱਦਿਆ ਸਿਖਾਉਣ ਲਈ ਬੇਨਤੀ ਕਰਦਿਆਂ ਕਿਹਾ ਕਿ ਉਹ ਉਸ ਨੂੰ ਖ਼ੁਸ਼ ਹੋ ਕੇ ਸੌ ਪਿੰਡ ਇਨਾਮ ਵਜੋਂ ਭੇਟ ਕਰ ਦੇਵੇਗਾ। ਪੰਡਤ ਵਿਸ਼ਣੂ ਸ਼ਰਮਾ ਨੇ ਰਾਜੇ ਅਮਰ ਸ਼ਕਤੀ ਦੀ ਇਹ ਗੱਲ ਸੁਣ ਕੇ ਆਖਿਆ ਕਿ ਉਹ ਅੱਸੀ ਸਾਲ ਦਾ ਬੁੱਢਾ ਵਿਅਕਤੀ ਹੈ। ਇਸ ਉਮਰ ਵਿੱਚ ਉਸ ਨੂੰ ਕਿਸੇ ਕਿਸਮ ਦੇ ਧਨ ਦੀ ਲਾਲਸਾ ਨਹੀਂ ਹੈ। ਹਾਂ, ਉਸ ਦੀ ਇੱਛਾ ਪੂਰਤੀ ਵਾਸਤੇ ਉਹ ਕੋਸ਼ਿਸ਼ ਕਰੇਗਾ ਕਿ ਛੇ ਮਹੀਨਿਆਂ ਦੇ ਸਮੇਂ ਦੇ ਵਿੱਚ ਹੀ ਉਹਨਾਂ ਰਾਜਕੁਮਾਰਾਂ ਨੂੰ ਨੀਤੀਵਾਨ ਵਿਦਵਾਨ ਬਣਾ ਦੇਵੇ। ਜੇ ਉਹ ਅਜਿਹਾ ਨਾ ਕਰ ਸਕਿਆ ਤਾਂ ਪਰਮਾਤਮਾ ਉਸ ਨੂੰ ਸੁਰਗਾਂ ਵਿੱਚ ਵਾਸਾ ਨਾ ਦੇਵੇ। ਪੰਡਤ ਵਿਸ਼ਣੂ ਸ਼ਰਮਾ ਨੇ ਉਹ ਕੁਝ ਕਰ ਵਿਖਾਇਆ ਜੋ ਉਸ ਨੇ ਪ੍ਰਤਿਗਿਆ ਕੀਤੀ ਸੀ। ਦਿਨ ਰਾਤ ਇੱਕ ਕਰ ਕੇ ਉਸ ਵਿਦਵਾਨ ਨੇ ਪੰਚਤੰਤਰ ਨਾਮੀ ਗ੍ਰੰਥ ਦੀ ਰਚਨਾ ਕੀਤੀ। ਇਹਨਾਂ ਘੜੀਆਂ ਗਈਆਂ ਨੀਤੀ ਕਹਾਣੀਆਂ ਨੂੰ ਪੰਚਤੰਤਰ ਵਿੱਚ ਪੰਚ ਤੰਤਰਾਂ ਭਾਵ ਪੰਜ ਖੰਡਾਂ-ਮਿੱਤਰ ਭੇਦ, ਮਿੱਤਰ ਮੇਲ ਅਤੇ ਕਾਂ ਅਤੇ ਉੱਲੂ ਦੀ ਕਹਾਣੀ, ਲਭਦ-ਪ੍ਰਨਾਸ਼ ਅਰਥਾਤ ਲੱਭੀ ਹੋਈ ਵਸਤੂ ਦਾ ਨਾਸ ਅਤੇ ਬਿਨਾ ਸੋਚੇ ਸਮਝੇ ਕੀਤੇ ਜਾਣ ਵਾਲੇ ਕੰਮਾਂ ਦਾ ਨਤੀਜਾ ਵਜੋਂ ਜਾਣਿਆ ਜਾਂਦਾ ਹੈ।

     ਪੰਚਤੰਤਰ ਦੀ ਰਚਨਾ ਦਾ ਸਮਾਂ ਵਿਵਾਦਗ੍ਰਸਤ ਹੈ ਪਰੰਤੂ ਖ਼ਿਆਲ ਕੀਤਾ ਜਾਂਦਾ ਹੈ ਕਿ ਇਸ ਦੀ ਰਚਨਾ 300 ਈ. ਤੋਂ 500 ਈ. ਵਿਚਕਾਰ ਹੋਈ ਹੈ। ਕੁਝ ਵਿਦਵਾਨਾਂ ਨੇ ਇਸ ਗ੍ਰੰਥ ਦੀ ਰਚਨਾ ਦਾ ਸਮਾਂ ਅੱਠਵੀਂ ਈਸਵੀ ਦਾ ਮੱਧ ਦੱਸਿਆ ਹੈ। ਇਸ ਦੀ ਪੁਸ਼ਟੀ ਵਾਸਤੇ ਉਹਨਾਂ ਦਾ ਵਿਗਿਆਨਿਕ ਮੱਤ ਇਹ ਹੈ ਕਿ ਪੰਚਤੰਤਰ ਦੇ ਪਹਿਲੇ ਹਿੱਸੇ ‘ਮਿੱਤਰ-ਭੇਦ’ ਵਿੱਚ ਦਾਮੋਦਰ ਗੁਪਤ ਦੀ ਰਚਨਾ ਕੁਟਿਨੀਮਤ ਦਾ ਜ਼ਿਕਰ ਆਉਂਦਾ ਹੈ।ਦਾਮੋਦਰ ਗੁਪਤ ਅਠਵੀਂ ਈਸਵੀ ਦਾ ਕਵੀ ਹੋਣ ਕਾਰਨ ਪੰਚਤੰਤਰ ਨੂੰ ਵੀ ਇਸੇ ਕਾਲ ਦੀ ਹੀ ਰਚਨਾ ਮੰਨਿਆ ਜਾਂਦਾ ਹੈ। ਇਹ ਅਜਿਹਾ ਨੀਤੀ ਗ੍ਰੰਥ ਹੈ ਜਿਹੜਾ ਭਾਰਤ ਦੀ ਹਰ ਜ਼ਬਾਨ ਵਿੱਚ ਹੀ ਨਹੀਂ ਸਗੋਂ ਪੱਛਮੀ ਦੇਸਾਂ ਦੀਆਂ ਬਹੁਤ ਸਾਰੀਆਂ ਜ਼ਬਾਨਾਂ ਵਿੱਚ ਵੀ ਅਨੁਵਾਦ ਹੋ ਚੁੱਕਾ ਹੈ। ਈਸਾਈ ਧਰਮ ਦੇ ਗ੍ਰੰਥ ਬਾਈਬਲ ਨੂੰ ਛੱਡ ਕੇ ਇਸ ਗ੍ਰੰਥ ਨੂੰ ਵਿਸ਼ਵ-ਪ੍ਰਸਿੱਧੀ ਦੇ ਗ੍ਰੰਥਾਂ ਵਿੱਚ ਦੂਜਾ ਸਥਾਨ ਹਾਸਲ ਹੈ। ਮੂਲ ਭਾਸ਼ਾ ਸੰਸਕ੍ਰਿਤ ਵਿੱਚ ਲਿਖੇ ਗਏ ਇਸ ਗ੍ਰੰਥ ਦਾ ਸਭ ਤੋਂ ਪਹਿਲਾਂ ਅਨੁਵਾਦ ਨੌਸ਼ੇਰਵਾ ਦੇ ਰਾਜਪਾਟ ਸਮੇਂ ਪਹਿਲਵੀ ਭਾਸ਼ਾ ਵਿੱਚ ਹੋਇਆ। ਪਹਿਲਵੀ ਤੋਂ ਬਾਅਦ ਸੁਪ੍ਰਸਿੱਧ ਜਰਮਨ ਵਿਦਵਾਨ ਬੇਨੇਫੀ ਅਤੇ ਹਰਟਲ ਨੇ ਜਰਮਨੀ ਭਾਸ਼ਾ ਵਿੱਚ ਇਸ ਦਾ ਅਨੁਵਾਦ ਕੀਤਾ। ਇਹਨਾਂ ਵਿਦਵਾਨਾਂ ਨੇ ਇਹ ਸਿੱਧ ਕੀਤਾ ਕਿ ਯੂਰਪ ਦੀਆਂ ਸੰਸਾਰ ਪ੍ਰਸਿੱਧ ਕਹਾਣੀਆਂ ਦਾ ਮੂਲ ਪੰਚਤੰਤਰ ਦੀਆਂ ਕਹਾਣੀਆਂ ਹੀ ਹਨ। ਸਾਰੀਆਂ ਯੂਰਪੀਅਨ ਭਾਸ਼ਾਵਾਂ ਵਿੱਚ ਅਨੁਵਾਦ ਕੀਤੇ ਗਏ ਇਸ ਗ੍ਰੰਥ ਦਾ ਨਾਂ ਪਿਲਪ ਦਾ ਗਲਪ (Pilpay's Fables) ਵਜੋਂ ਪ੍ਰਸਿੱਧ ਹੈ। ਗਰੀਕ, ਹਿਬਰੂ, ਆਰਮੇਈਕ, ਸਪੇਨੀ ਅਤੇ ਇਤਾਲਵੀ ਆਦਿ ਭਾਸ਼ਾਵਾਂ ਵਿੱਚ ਇਹੋ ਕਹਾਣੀਆਂ ਥੋੜ੍ਹੇ ਬਹੁਤੇ ਫ਼ਰਕ ਨਾਲ ਪ੍ਰਸਿੱਧ ਹੋਈਆਂ। ਆਸੁਰੀ, ਅਰਬੀ, ਯੂਨਾਨੀ ਅਤੇ ਲਾਤੀਨੀ ਭਾਸ਼ਾਵਾਂ ਵਿੱਚ ਵੀ ਇਹ ਅਨੁਵਾਦਿਤ ਹੋਇਆ। ਅੱਠਵੀਂ ਸਦੀ ਦੇ ਮੱਧ ਵਿੱਚ ਇਹ ਅਰਬੀ ਜ਼ਬਾਨ ਵਿੱਚ ਅਨੁਵਾਦ ਕੀਤਾ ਗਿਆ। ਉਰਦੂ ਅਤੇ ਤੁਰਕੀ ਵਿੱਚ ਇਹ ਹਮਾਯੂੰਨਾਮਾ ਨਾਂ ਹੇਠ ਛਪਿਆ। ਤੇਰ੍ਹਵੀਂ ਸਦੀ ਵਿੱਚ ਕਪੂਆ ਰਾਜੇ ਦੇ ਕਹਿਣ ’ਤੇ ਹਿਬਰੂ ਅਨੁਵਾਦ ਦੀ ਨਕਲ ਅਨੁਸਾਰ ਇਸ ਗ੍ਰੰਥ ਦਾ ਅਨੁਵਾਦ ਲਾਤੀਨੀ ਜ਼ਬਾਨ ਵਿੱਚ ਹੋਇਆ। ਸਰ ਨਾਰਥ ਨੇ ਇਸ ਨੂੰ ਅੰਗਰੇਜ਼ੀ ਭਾਸ਼ਾ ਵਿੱਚ 1570 ਵਿੱਚ ਤਰਜਮਾਇਆ ਜਦ ਕਿ ਫ਼ਾਰਸੀ ਵਿੱਚ ਇਸ ਦਾ ਅਨੁਵਾਦ 1644 ਵਿੱਚ ਹੋਇਆ। ਸੀਰੀਅਨ, ਰੂਸੀ, ਸਲਾਵ, ਡੈਨਿਸ਼, ਡੱਚ, ਆਈਸ ਲੈਂਡੀਅਨ, ਚੈਕ, ਹੰਗਰੀਅਨ, ਪੋਲਿਸ਼ ਅਤੇ ਸਵੀਡਿਸ਼ ਆਦਿ ਭਾਸ਼ਾਵਾਂ ਵਿੱਚ ਵੀ ਇਹ ਅਨੂਪਮ ਗ੍ਰੰਥ ਅਨੁਵਾਦ ਹੋ ਚੁੱਕਾ ਹੈ। ਹਿੰਦੁਸਤਾਨ ਦੀਆਂ ਲਗਪਗ ਸਾਰੀਆਂ ਜ਼ਬਾਨਾਂ ਵਿੱਚ ਇਸ ਗ੍ਰੰਥ ਦਾ ਅਨੁਵਾਦ ਹੋ ਚੁੱਕਾ ਹੈ। ਹਿੰਦੀ ਵਿੱਚ ਇਸ ਨੀਤੀ ਗ੍ਰੰਥ ਵਿਚਲੀਆਂ ਬਹੁਤ ਸਾਰੀਆਂ ਕਹਾਣੀਆਂ ਵੀਹਵੀਂ ਸਦੀ ਦੇ ਦੂਜੇ ਮੱਧ ਵਿੱਚ ਅਨੁਵਾਦਿਤ ਹੋਈਆਂ। ਪੰਜਾਬੀ ਵਿੱਚ ਇਸ ਦਾ ਅਨੁਵਾਦ ਗੁਰਬਚਨ ਸਿੰਘ ਭੁੱਲਰ, ਹੈਨਰੀ, ਵਿਨੀਤਾ ਅਗਰਵਾਲ, ਮੁਖਤਿਆਰ ਸਿੰਘ ਸਿਵੀਆ, ਦੇਵਰਾਜ ਸ਼ਰਮਾ, ਨਰਿੰਦਰ ਸਿੰਘ ਦੁੱਗਲ ਨੇ ਕੀਤਾ ਹੈ।

     ਪੰਚਤੰਤਰ ਦੇ ਪੰਜੇ ਅਧਿਆਵਾਂ ਦੀਆਂ ਨੀਤੀ- ਕਹਾਣੀਆਂ ਪਸ਼ੂ-ਪੰਛੀਆਂ ਉਪਰ ਆਧਾਰਿਤ ਹਨ। ਇਹ ਨੀਤੀ ਉਪਦੇਸ਼ ਪ੍ਰਧਾਨ ਹਨ। ਇਹਨਾਂ ਵਿੱਚ ਧਰਮ, ਅਰਥ, ਕਾਮ ਆਦਿ ਵਿਸ਼ਿਆਂ ਦੇ ਨਾਲ-ਨਾਲ ਨੈਤਿਕਤਾ, ਰਾਜਨੀਤੀ, ਸਦਾਚਾਰ ਅਤੇ ਵਿਹਾਰਿਕ ਗਿਆਨ ਨੂੰ ਬੜੇ ਆਕਰਸ਼ਿਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਥਾ ਜੁਗਤੀ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ।ਇਸੇ ਕਾਰਨ ਪ੍ਰਸਿੱਧ ਪੱਛਮੀ ਵਿਦਵਾਨ ਸਰ ਵਿਲੀਅਮ ਜੋਨਜ਼ ਨੇ ਇਹਨਾਂ ਕਹਾਣੀਆਂ ਨੂੰ ਸਭ ਤੋਂ ਪੁਰਾਣੀਆਂ ਤਾਂ ਨਹੀਂ ਪਰੰਤੂ ਉੱਤਮ ਜ਼ਰੂਰ ਆਖਿਆ ਹੈ।

     ਇਹ ਗ੍ਰੰਥ ਪੰਜ ਉਪਾਵਾਂ-ਸਾਮ, ਦਾਨ, ਦਾਮ, ਦੰਡ ਅਤੇ ਭੇਦ ਬਾਰੇ ਗਿਆਨ ਦਿੰਦਾ ਹੈ। ਰਾਜੇ ਦੇ ਰਾਜਕੁਮਾਰਾਂ ਨੇ ਇਹਨਾਂ ਨੀਤੀ ਕਹਾਣੀਆਂ ਤੋਂ ਸਾਮ (ਪਿਆਰ ਨਾਲ), ਦਾਨ (ਬਖਸ਼ਿਸ਼ ਨਾਲ), ਦਾਮ (ਪੈਸੇ ਦੇ ਕੇ ਖ਼ਰੀਦਣ), ਦੰਡ (ਮਾਰ ਕੁਟਾਈ ਜਾਂ ਸਜ਼ਾ ਨਾਲ) ਅਤੇ ਭੇਦ (ਆਪਸ ਵਿੱਚ ਫੁੱਟ ਪੁਆਉਣ ਨਾਲ) ਨੀਤੀਆਂ ਵਰਤ ਕੇ ਵੈਰੀ ਨੂੰ ਆਪਣੇ ਵੱਸ ਵਿੱਚ ਕੀਤਾ ਤੇ ਸਫਲਤਾ ਪ੍ਰਾਪਤ ਕੀਤੀ। ਇਸ ਪ੍ਰਕਾਰ ਇਸ ਗ੍ਰੰਥ ਦੀ ਹਰੇਕ ਕਹਾਣੀ ਵਿੱਚੋਂ ਕੋਈ ਨਾ ਕੋਈ ਨੀਤੀ ਉਘੜਦੀ ਹੈ ਜੋ ਸਮਾਜਿਕ ਅਤੇ ਰਾਜਨੀਤਿਕ ਸੂਝ-ਬੂਝ ਸਿਖਾਉਂਦੀ ਹੈ। ਵਿਸ਼ਵਾਸ, ਮਨ ਦੀ ਦ੍ਰਿੜ੍ਹਤਾ, ਖ਼ੁਸ਼ਹਾਲ ਵਾਤਾਵਰਨ ਦੀ ਸਿਰਜਣਾ, ਸੱਚੀ-ਸੁੱਚੀ ਘਾਲਣਾ, ਦੋਸਤੀ ਅਤੇ ਗਿਆਨ ਦੀਆਂ ਕਹਾਣੀਆਂ ਇਸ ਦੀਆਂ ਖ਼ਾਸ ਵਿਸ਼ੇਸ਼ਤਾਵਾਂ ਹਨ। ਜੀਵਨ ਦੇ ਸੁਚੱਜੇ ਵਿਹਾਰ ਦੀ ਸਿੱਖਿਆ ਦੇਣ ਵਾਸਤੇ ਲਗਪਗ ਹਰ ਕਹਾਣੀ ਦੇ ਅਰੰਭ ਵਿੱਚ ਉਸ ਦਾ ਸਿੱਟਾ ਦਿੱਤਾ ਗਿਆ ਅਤੇ ਜਿਵੇਂ ਤੀਜੇ ਅਧਿਆਇ ‘ਕਾਂ ਤੇ ਉੱਲੂ ਦੀ ਕਹਾਣੀ’ ਦੇ ਅਰੰਭ ਵਿੱਚ ਅੰਕਿਤ ਹੈ, ‘ਜਿਹੜਾ ਪਹਿਲਾਂ ਵੈਰੀ ਹੋਏ ਅਤੇ ਪਿੱਛੋਂ ਮਿੱਤਰ ਬਣ ਜਾਵੇ, ਉਸ ਦਾ ਕੋਈ ਵੀ ਭਰੋਸਾ ਨਹੀਂ ਕਰਨਾ ਚਾਹੀਦਾ; ਜਿਵੇਂ ਕਾਂ ਦੀ ਲਾਈ ਹੋਈ ਅੱਗ ਨਾਲ ਉੱਲੂਆਂ ਨਾਲ ਭਰੀ ਹੋਈ ਗੁਫ਼ਾ ਸੜ ਕੇ ਸੁਆਹ ਹੋ ਗਈ।’

     ਪੰਚਤੰਤਰ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਨੀਤੀ ਗ੍ਰੰਥ ਦੀਆਂ ਕਹਾਣੀਆਂ ਨੇ ਸੰਸਾਰ ਦੀਆਂ ਕਹਾਣੀਆਂ ਨੂੰ ਪ੍ਰਭਾਵਿਤ ਕੀਤਾ ਹੈ। ਇਹਨਾਂ ਨੀਤੀ ਕਹਾਣੀਆਂ ਵਿੱਚ ਜਨੌਰ ਪਾਤਰ ਮਨੁੱਖਾਂ ਵਾਂਗ ਆਪਣੇ ਕਾਰਜ ਕਰਦੇ ਹਨ ਅਤੇ ਹਾਵ-ਭਾਵ ਪ੍ਰਗਟਾਉਂਦੇ ਹਨ। ਇਹਨਾਂ ਰਾਹੀਂ ਹੀ ਮਨੁੱਖੀ ਸੰਘਰਸ਼, ਪਿਆਰ-ਮੁਹੱਬਤ ਅਤੇ ਸੰਧੀ ਵਰਗੇ ਜਜ਼ਬੇ ਪ੍ਰਗਟ ਹੁੰਦੇ ਹਨ। ਇਹਨਾਂ ਕਹਾਣੀਆਂ ਦੀ ਵਿਸ਼ੇਸ਼ਤਾ ਇਹ ਵੀ ਹੈ ਇਹ ਲੜੀਦਾਰ ਹਨ, ਭਾਵ ਇੱਕ ਕਹਾਣੀ ਵਿੱਚੋਂ ਦੂਜੀ ਕਹਾਣੀ ਅਤੇ ਦੂਜੀ ਵਿੱਚੋਂ ਤੀਜੀ ਕਹਾਣੀ ਨਿਕਲਦੀ ਰਹਿੰਦੀ ਹੈ। ਇਸ ਨਾਲ ਬੱਚਿਆਂ ਦੀ ਜਿਗਿਆਸਾ/ਉਤਸੁਕਤਾ ਹੋਰ ਵਧੇਰੇ ਵਧਦੀ ਜਾਂਦੀ ਹੈ। ਪਦ ਅਤੇ ਗਦ (ਵਾਰਤਕ) ਵਿੱਚ ਲਿਖੀਆਂ ਹੋਣ ਕਾਰਨ ਇਹ ਕਹਾਣੀਆਂ ਪਾਠਕ ਜਾਂ ਸ੍ਰੋਤੇ ਨੂੰ ਅਨੰਦ ਦਿੰਦੀਆਂ ਹਨ। ਪਸ਼ੂ-ਪੰਛੀਆਂ ਨਾਲ ਵਾਪਰਦੀਆਂ ਘਟਨਾਵਾਂ, ਉਹਨਾਂ ਦੇ ਕਾਰ-ਵਿਹਾਰ ਅਤੇ ਵਾਰਤਾਲਾਪ ਅਨੋਖੀ ਸੰਤੁਸ਼ਟੀ ਦਿੰਦੇ ਹਨ। ਇਸ ਪ੍ਰਕਾਰ ਇਹ ਗ੍ਰੰਥ ਅੱਜ ਵੀ ਮਾਨਵ ਦੇ ਚਰਿੱਤਰ ਦੀ ਵਾਸਤਵਿਕ ਤਸਵੀਰ ਪੇਸ਼ ਕਰਨ ਦੇ ਸਮਰੱਥ ਹੈ।

     ਪੰਚਤੰਤਰ ਦੇ ਮਹੱਤਵ ਬਾਰੇ ਇੱਕ ਧਾਰਨਾ ਪ੍ਰਸਿੱਧ ਹੈ ਕਿ ਜੋ ਵੀ ਵਿਅਕਤੀ ਇਸ ਨੀਤੀ-ਸ਼ਾਸਤਰ ਨੂੰ ਨਿਤਨੇਮ ਨਾਲ ਪੜ੍ਹਦਾ ਸੁਣਦਾ ਹੈ, ਉਸ ਨੂੰ ਦੇਵਤਿਆਂ ਦਾ ਰਾਜਾ ਇੰਦਰ ਵੀ ਨਹੀਂ ਹਰਾ ਸਕਦਾ। ਇਸ ਦੇ ਮਹੱਤਵ ਨੂੰ ਸੰਜੀਵਨੀ ਬੂਟੀ ਦੇ ਸਮਾਨ ਮੰਨਿਆ ਗਿਆ ਹੈ। ਇਸ ਸੰਬੰਧ ਵਿੱਚ ਜੁੜੀ ਇੱਕ ਕਥਾ ਇਉਂ ਵੀ ਮਿਲਦੀ ਹੈ:

     ਈਰਾਨ ਦੇ ਬਾਦਸ਼ਾਹ ਖ਼ੁਸਰੋ ਦੇ ਮੰਤਰੀ ਅਤੇ ਰਾਜਵੈਦ ਬੁਰਜੁਏ ਨੇ ਕਿਸੇ ਧਾਰਮਿਕ ਪੁਸਤਕ ਵਿੱਚ ਪੜ੍ਹਿਆ ਸੀ ਕਿ ਕਿਸੇ ਪਹਾੜ ਤੋਂ ਸੰਜੀਵਨੀ ਬੂਟੀ ਮਿਲਦੀ ਹੈ ਜਿਸ ਨਾਲ ਮੁਰਦੇ ਵੀ ਜ਼ਿੰਦਾ ਹੋ ਜਾਂਦੇ ਹਨ। ਉਹ 550 ਈ. ਵਿੱਚ ਭਾਰਤ ਆਇਆ ਅਤੇ ਲੱਖ ਯਤਨ ਕਰਨ ਦੇ ਬਾਵਜੂਦ ਵੀ ਇਸ ਔਸ਼ਧੀ ਨੂੰ ਪ੍ਰਾਪਤ ਨਾ ਕਰ ਸਕਿਆ। ਕਿਸੇ ਵਿਦਵਾਨ ਅੱਗੇ ਉਸ ਨੇ ਆਪਣੀ ਸਮੱਸਿਆ ਰੱਖੀ। ਉਸ ਦੀ ਸਮੱਸਿਆ ਸੁਣ ਕੇ ਵਿਦਵਾਨ ਬੋਲਿਆ, ‘ਜਿਵੇਂ ਤੁਸੀਂ ਕਿਸੇ ਧਾਰਮਿਕ ਪੁਸਤਕ ਵਿੱਚ ਸੰਜੀਵਨੀ ਬੂਟੀ ਬਾਰੇ ਪੜ੍ਹਿਆ ਹੈ, ਉਹ ਠੀਕ ਹੈ ਪਰ ਅਸਲ ਵਿੱਚ ਵਿਦਵਾਨ ਹੀ ਉਹ ਪਰਬਤ ਹੈ ਜਿੱਥੇ ਗਿਆਨ ਰੂਪੀ ਸੰਜੀਵਨੀ ਬੂਟੀ ਪੈਦਾ ਹੁੰਦੀ ਹੈ ਜਿਸ ਦੀ ਵਰਤੋਂ ਕਰਨ ਨਾਲ ਮੂਰਖ ਰੂਪੀ ਮ੍ਰਿਤਕ ਵਿਅਕਤੀ ਫਿਰ ਜ਼ਿੰਦਾ ਹੋ ਸਕਦਾ ਹੈ। ਇਸ ਤਰ੍ਹਾਂ ਦਾ ਅੰਮ੍ਰਿਤ ਸਾਡੇ ਪੰਚਤੰਤਰ ਨਾਂ ਦੇ ਗ੍ਰੰਥ ਵਿੱਚੋਂ ਮਿਲ ਸਕਦਾ ਹੈ। ਬੁਰਜੁਏ ਪੰਚਤੰਤਰ ਦੀ ਇੱਕ ਕਾਪੀ ਕਰਵਾ ਕੇ ਆਪਣੇ ਨਾਲ ਲੈ ਗਿਆ ਅਤੇ ਆਪਣੀ ਭਾਸ਼ਾ ਵਿੱਚ ਅਨੁਵਾਦ ਕਰ ਕੇ ਬਾਦਸ਼ਾਹ ਨੂੰ ਭੇਟ ਕੀਤਾ, ਜਿਸ ਨਾਲ ਬਾਦਸ਼ਾਹ ਬਹੁਤ ਖ਼ੁਸ਼ ਹੋਇਆ। ਇਸੇ ਤਰ੍ਹਾਂ ਜਦੋਂ ਸੰਸਕ੍ਰਿਤ ਦੇ ਪ੍ਰਸਿੱਧ ਵਿਦਵਾਨ ਵਿੰਟਰ ਨਿਤਸ ਨੂੰ ਪ੍ਰਸ਼ਨ ਕੀਤਾ ਗਿਆ ਕਿ ਸੰਸਾਰ ਨੂੰ ਭਾਰਤ ਵਰਸ਼ ਦੀ ਕੀ ਦੇਣ ਹੈ ਤਾਂ ਉਹਨਾਂ ਨੇ ਝਟਪਟ ਉਤਰ ਦਿੱਤਾ ਸੀ, ਪੰਚਤੰਤਰ। ਸਦੀਆਂ ਪੁਰਾਣੀ ਰਚਨਾ ਹੋਣ ਦੇ ਬਾਵਜੂਦ ਅੱਜ ਵੀ ਪੰਚਤੰਤਰ ਦਾ ਮਹੱਤਵ ਉਨਾਂ ਹੀ ਬਣਿਆ ਹੋਇਆ ਹੈ।


ਲੇਖਕ : ਦਰਸ਼ਨ ਸਿੰਘ ਆਸ਼ਟ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5085, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਪੰਚਤੰਤਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੰਚਤੰਤਰ [ਨਾਂਪੁ] ਸੰਸਕ੍ਰਿਤ ਵਿੱਚ ਲਿਖੀ ਇੱਕ ਪ੍ਰਸਿੱਧ ਨੀਤੀ-ਕਥਾਵਾਂ ਦੀ ਪੁਸਤਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5075, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.