ਪੰਚ ਖ਼ਾਲਸਾ ਦੀਵਾਨ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਪੰਚ ਖ਼ਾਲਸਾ ਦੀਵਾਨ: ਚੀਫ਼ ਖ਼ਾਲਸਾ ਦੀਵਾਨ ਨਾਲ ਜਦੋਂ ਸਿੱਧਾਂਤਿਕ ਤੌਰ ’ਤੇ ਬਾਬੂ ਤੇਜਾ ਸਿੰਘ ਭਸੌੜ (ਵੇਖੋ) ਵਾਲੇ ਦੀ ਨ ਨਿਭ ਸਕੀ, ਤਾਂ ਉਸ ਨੇ ਸੰਨ 1907 ਈ. ਨੂੰ ਵਿਸਾਖੀ ਦੇ ਅਵਸਰ’ਤੇ ਦਮਦਮਾ ਸਾਹਿਬ ਵਿਚ ਇਕੱਠ ਕੀਤਾ ਅਤੇ ਸਿੰਘ ਸਭਾ ਭਸੌੜ ਦੀ ਥਾਂ ‘ਪੰਚ ਖ਼ਾਲਸਾ ਦੀਵਾਨ’ ਦੀ ਸਥਾਪਨਾ ਕੀਤੀ। ਇਸ ਇਕਤਰਤਾ ਵਿਚ ਭਾਈ ਰਣਧੀਰ ਸਿੰਘ, ਭਾਈ ਕਾਨ੍ਹ ਸਿੰਘ ਨਾਭਾ , ਡਾ. ਨੱਥਾ ਸਿੰਘ, ਭਾਈ ਵਸਾਵਾ ਸਿੰਘ ਅਤੇ ਸ. ਬਚਨ ਸਿੰਘ ਵਕੀਲ ਉਚੇਚੇ ਤੌਰ’ਤੇ ਸ਼ਾਮਲ ਹੋਏ। ਇਸ ਦੀਵਾਨ ਦੇ ਵਿਕਾਸ- ਕਾਰਜ ਵਿਚ ਬਾਬੂ ਤੇਜਾ ਸਿੰਘ ਨੇ ਇਤਨੀ ਰੁਚੀ ਲਈ ਕਿ ਉਸ ਦਾ ਆਪਣਾ ਪਿੰਡ ਹੀ ਪੰਚ ਖ਼ਾਲਸਾ ਦੀਵਾਨ ਦੀਆਂ ਸਰਗਰਮੀਆਂ ਦਾ ਕੇਂਦਰ-ਸਥਾਨ ਬਣ ਗਿਆ। ਇਸ ਦੀਵਾਨ ਦੇ ਮੁੱਖ ਆਸ਼ੇ ਇਸ ਪ੍ਰਕਾਰ ਹਨ—ਭਰਮਾਂ ਦਾ ਖੰਡਨ, ਸਿੱਖ ਸੰਸਕਾਰਾਂ ਦੀ ਸੁਰਜੀਤੀ, ਇਸਤਰੀਆਂ ਦਾ ਦਸਤਾਰ ਸਜਾਉਣਾ, ਸਿੰਘਾਂ ਦੀ ਦਾੜ੍ਹੀ ਖੁਲ੍ਹੀ ਰਹਿਣੀ, ਲੜਕੀਆਂ ਵਿਚ ਵਿਦਿਆ ਪ੍ਰਚਾਰ , ਗੁਰਮੁਖੀ ਦਾ ਪ੍ਰਚਾਰ, ਪਦ-ਛੇਦ ਕਰਕੇ ਬਾਣੀ ਛਾਪਣਾ, ਦਸਮ ਗ੍ਰੰਥ ਦੀ ਬਾਣੀ ਵਿਚੋਂ ਕੇਵਲ ਦਸਮ ਗੁਰੂ ਦੀ ਆਪਣੀ ਬਾਣੀ ਦਾ ਪ੍ਰਚਾਰ ਕਰਨਾ , ਰਾਗਮਾਲਾ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਨ ਸ਼ਾਮਲ ਕਰਨਾ, ਇਸਤਰੀਆਂ ਨੂੰ ਵੀ ਮਰਦਾਂ ਵਾਂਗ ਖੰਡੇ ਦਾ ਅੰਮ੍ਰਿਤ ਛਕਾਉਣਾ ਅਤੇ ਸਿੱਖਾਂ ਵਿਚੋਂ ਭੇਦ-ਭਾਵ ਖ਼ਤਮ ਕਰਕੇ ਸਭ ਜਾਤੀਆਂ ਵਾਲਿਆਂ ਨੂੰ ਇਕੋ ਬਾਟੇ ਵਿਚ ਅੰਮ੍ਰਿਤ ਛਕਾਉਣਾ ਆਦਿ। ਹਰ ਪੰਥਕ ਸਮਸਿਆ ਬਾਰੇ ਖੁਲ੍ਹੀ ਵਿਚਾਰ-ਚਰਚਾ ਕੀਤੀ ਜਾਂਦੀ, ਜੋ ਕਈ ਕਈ ਦਿਨ ਚਲਦੀ। ਇਸ ਤਰ੍ਹਾਂ ਪੰਥਕ ਫ਼ੈਸਲਿਆਂ ਬਾਰੇ ਕਿਸੇ ਪ੍ਰਕਾਰ ਦੀ ਕੋਈ ਕਾਹਲ ਨ ਕੀਤੀ ਜਾਂਦੀ। ਭਾਈ ਕਾਨ੍ਹ ਸਿੰਘ ਨੇ ਇਸ ਦੀਵਾਨ ਦੀ ਸਫਲਤਾ ਲਈ ਬਹੁਤ ਕੰਮ ਕੀਤਾ। ਬਾਬੂ ਤੇਜਾ ਸਿੰਘ ਅਤੇ ਗਿਆਨੀ ਲਾਲ ਸੰਗਰੂਰ ਵਾਲੇ ਇਸ ਦੀਵਾਨ ਦੇ ਪ੍ਰਚਾਰ ਲਈ ਟ੍ਰੈਕਟ ਲਿਖਦੇ ਸਨ। ਇਸ ਦੀਵਾਨ ਵਿਚ ਜਾਗੀਰਦਾਰਾਂ ਜਾਂ ਰਈਸਾਂ ਦੀ ਥਾਂ ਗ਼ਰੀਬ ਅਤੇ ਪਛੜੀਆਂ ਹੋਈਆਂ ਜਾਤੀਆਂ ਦੇ ਸਿੱਖਾਂ ਦੇ ਅਧਿਕ ਦਰਸ਼ਨ ਹੁੰਦੇ ਹਨ। ਇਸ ਤਰ੍ਹਾਂ ਚੀਫ਼ ਖ਼ਾਲਸਾ ਦੀਵਾਨ ਸਰਕਾਰ ਪੱਖੀ ਸੀ ਅਤੇ ਪੰਥ ਖ਼ਾਲਸਾ ਦੀਵਾਨ ਪੰਥ ਪੱਖੀ ਸੀ। ਪੰਚ ਖ਼ਾਲਸਾ ਦੀਵਾਨ ਵਾਲੇ ਆਪਣੇ ਜੱਥੇ ਨੂੰ ‘ਖ਼ਾਲਸਾ ਪਾਰਲੀਮੈਂਟ’ ਵੀ ਕਹਿੰਦੇ ਸਨ। ਇਸ ਨਾਂ ਤੋਂ ਚੀਫ਼ੀਆਂ ਨੂੰ ਬਹੁਤ ਚਿੜ੍ਹ ਸੀ। ਮਹਾਰਾਜਾ ਪਟਿਆਲਾ ਰਾਹੀਂ ਅੰਗ੍ਰੇਜ਼ ਸਰਕਾਰ ਨੇ ਇਸ ਨਾਂ ਨੂੰ ਛਡਣ ਜਾਂ ਬਦਲਣ ਲਈ ਪੰਚ ਖ਼ਾਲਸਾ ਵਾਲਿਆਂ ਉਤੇ ਬਹੁਤ ਜ਼ੋਰ ਪਾਇਆ, ਪਰ ਉਹ ਆਪਣੇ ਇਸ ਪੰਚਾਇਤੀ ਜਾਂ ਜਮਹੂਰੀ ਨਾਂ ਨੂੰ ਬਦਲਣ ਲਈ ਤਿਆਰ ਨ ਹੋਏ।
ਇਸ ਦੀਵਾਨ ਨੇ ਸੰਨ 1917 ਈ. ਵਿਚ ਪੰਜਾਬੀ ਨੂੰ ਅਦਾਲਤੀ ਭਾਸ਼ਾ ਬਣਾਉਣ ਦਾ ਮਤਾ ਪਾਸ ਕੀਤਾ। ਫਿਰ ਸੰਨ 1918 ਈ. ਵਿਚ ਪੁਜਾਰੀ ਸੁਧਾਰ ਮਤਾ ਪਾਸ ਕੀਤਾ। ਇਹੀ ਮਤਾ, ਅਸਲ ਵਿਚ, ਗੁਰਦੁਆਰਾ ਸੁਧਾਰ ਲਹਿਰ ਦਾ ਮੁਢ ਬੰਨ੍ਹਦਾ ਹੈ। ਇਸ ਸੁਧਾਰਵਾਦੀ ਪਹੁੰਚ ਤੋਂ ਇਲਾਵਾ ਇਸ ਦੀਵਾਨ ਨੇ ਇਸਤਰੀਆਂ ਦੀ ਵਿਦਿਆ ਵਲ ਉਚੇਚਾ ਧਿਆਨ ਦਿੱਤਾ। ਸੰਨ 1909 ਈ. ਵਿਚ ‘ਵਿਦਿਆ ਭੰਡਾਰ ਆਸ਼ਰਮ ’ ਸ਼ੁਰੂ ਕੀਤਾ ਜਿਸ ਰਾਹੀਂ ਸੈਂਕੜੇ ਸਿੱਖ ਬੱਚੀਆਂ ਨੇ ਤਾਲੀਮ ਹਾਸਲ ਕੀਤੀ। ਇਸ ਉਦਮ ਨਾਲ ਸਿੱਖਾਂ ਵਿਚ ਇਸਤਰੀ ਵਿਦਿਆ ਸੰਬੰਧੀ ਇਕ ਲਹਿਰ ਹੀ ਚਲ ਪਈ। ਸੰਨ 1924 ਈ. ਵਿਚ ‘ਖ਼ਾਲਸਾ ਪਾਰਲੀਮੈਂਟ ਗਜ਼ਟ ’, ਸੰਨ 1925 ਈ. ਵਿਚ ‘ਪੰਚ ਖ਼ਾਲਸਾ ਸਮਾਚਾਰ’ ਅਤੇ ‘ਕਕਾਰ ਬਹਾਦਰ’ ਨਾਂ ਦੀਆਂ ਪਤ੍ਰਿਕਾਵਾਂ ਜਾਰੀ ਕੀਤੀਆਂ ਗਈਆਂ। 29 ਅਗਸਤ 1933 ਈ. ਨੂੰ ਬਾਬੂ ਤੇਜਾ ਸਿੰਘ ਦਾ ਦੇਹਾਂਤ ਹੋ ਗਿਆ। ਉਸ ਤੋਂ ਬਾਦ ਬਾਬੂ ਜੀ ਦੇ ਪੁੱਤਰ ਡਾ. ਰਣ ਸਿੰਘ ਨੇ ਇਸ ਦੀਵਾਨ ਦੇ ਕੰਮ ਨੂੰ ਜਾਰੀ ਰਖਿਆ। ਪਰ ਬਾਬੂ ਜੀ ਦੇ ਦੇਹਾਂਤ ਨਾਲ ਇਸ ਦੀਵਾਨ ਦੀ ਰੂਹ ਉਡ ਗਈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1682, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First